65
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ। 
1 ਹੇ ਸੀਯੋਨ ਵਿੱਚ ਪਰਮੇਸ਼ੁਰ, ਮੈਂ ਤੇਰੀ ਉਸਤਤਿ ਕਰਦਾ ਹਾਂ। 
ਮੈਂ ਉਹ ਚੀਜ਼ਾਂ ਭੇਟ ਕਰਦਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਕੌਲ ਕੀਤਾ ਸੀ। 
2 ਅਸੀਂ ਉਨ੍ਹਾਂ ਗੱਲਾਂ ਬਾਰੇ ਦਸਦੇ ਹਾਂ ਜਿਹੜੀਆਂ ਤੁਸਾਂ ਕੀਤੀਆਂ ਹਨ। ਸਾਡੀਆਂ ਪ੍ਰਾਰਥਨਾ ਸੁਣ, 
ਤੁਸੀਂ ਹਰ ਉਸ ਬੰਦੇ ਦੀਆਂ ਪ੍ਰਾਰਥਨਾ ਸੁਣਦੇ ਹੋ ਜਿਹੜਾ ਤੁਹਾਡੇ ਵੱਲ ਆਉਂਦਾ ਹੈ। 
3 ਜਦੋਂ ਸਾਡੇ ਪਾਪ ਸਾਡੇ ਉੱਤੇ ਭਾਰੀ ਹੋ ਜਾਣ, 
ਤੂੰ ਉਨ੍ਹਾਂ ਪਾਪਾਂ ਨੂੰ ਮੁਆਫ਼ ਕਰ ਦੇਵੀਂ। 
4 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਦੀ ਚੋਣ ਕੀਤੀ। 
ਤੁਸਾਂ ਸਾਨੂੰ ਆਪਣੇ ਮੰਦਰ ਆਉਣ ਅਤੇ ਤੁਹਾਡੀ ਪੂਜਾ ਕਰਨ ਲਈ ਚੁਣਿਆ। 
ਅਤੇ ਅਸੀਂ ਬਹੁਤ ਖੁਸ਼ ਹਾਂ। 
ਸਾਡੇ ਕੋਲ ਤੁਹਾਡੇ ਮੰਦਰ, 
ਤੁਹਾਡੇ ਮਹਿਲ ਵਿੱਚ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ। 
5 ਹੇ ਪਰਮੇਸ਼ੁਰ, ਤੁਸੀਂ ਸਾਨੂੰ ਬਚਾਉਂਦੇ ਹੋ। 
ਜਦੋਂ ਚੰਗੇ ਲੋਕ ਤੈਨੂੰ ਪ੍ਰਾਰਥਨਾ ਕਰਦੇ ਹਨ, 
ਤੂੰ ਉਨ੍ਹਾਂ ਨੂੰ ਸੁਣ ਅਤੇ ਹੈਰਾਨਕੁਨ ਕਾਰੇ ਕਰ। 
ਦੁਨੀਆਂ ਦੇ ਸਾਰੇ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ। 
6 ਪਰਮੇਸ਼ੁਰ ਨੇ ਪਰਬਤਾਂ ਨੂੰ ਆਪਣੀ ਸ਼ਕਤੀ ਨਾਲ ਸਾਜਿਆ, 
ਅਸੀਂ ਉਸਦੀ ਸ਼ਕਤੀ ਆਪਣੇ ਚਾਰ-ਚੁਫ਼ੇਰੇ ਵੇਖਦੇ ਹਾਂ। 
7 ਪਰਮੇਸ਼ੁਰ ਨੇ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕੀਤਾ 
ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਲੋਕਾਂ ਦੇ ਸਮੁੰਦਰ ਬਣਾਏ। 
8 ਦੁਨੀਆਂ ਦੇ ਸਾਰੇ ਲੋਕੀਂ ਉਨ੍ਹਾਂ ਗੱਲਾਂ ਬਾਰੇ ਹੈਰਾਨ ਹਨ ਜੋ ਤੁਸੀਂ ਕਰਦੇ ਹੋਂ। 
ਸੂਰਜ ਦਾ ਚੜ੍ਹ੍ਹਨਾ ਅਤੇ ਛੁਪਨਾ ਸਾਨੂੰ ਕਿੰਨੀ ਖੁਸ਼ੀ ਦਿੰਦਾ ਹੈ। 
9 ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋਂ, 
ਤੁਸੀਂ ਇਸ ਨੂੰ ਸਿੰਜਦੇ ਹੋ ਅਤੇ ਇਸ ਉੱਪਰ ਚੀਜ਼ਾਂ ਉਗਾਉਂਦੇ ਹੋ। 
ਹੇ ਪਰਮੇਸ਼ੁਰ, ਤੁਸੀਂ ਨਦੀਆਂ ਨੂੰ ਪਾਣੀ ਨਾਲ ਭਰਦੇ ਹੋਂ 
ਅਤੇ ਫ਼ਸਲਾਂ ਨੂੰ ਉੱਗਣ ਦੇ ਕਾਬਿਲ ਬਣਾਉਂਦੇ ਹੋ। 
10 ਤੁਸੀਂ ਵਾਹੇ ਹੋਏ ਖੇਤਾਂ ਤੇ ਵਰੱਖਾ ਕਰਦੇ ਹੋ, 
ਤੁਸੀਂ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋ, 
ਤੁਸੀਂ ਵਰੱਖਾ ਨਾਲ ਧਰਤੀ ਨੂੰ ਨਰਮ ਬਣਾਉਂਦੇ ਹੋ, 
ਅਤੇ ਛੋਟੇ ਪੌਦਿਆਂ ਨੂੰ ਉਗਾਉਂਦੇ ਹੋ। 
11 ਤੁਸੀਂ ਨਵਾਂ ਸਾਲ ਚੰਗੀ ਫ਼ਸਲ ਨਾਲ ਸ਼ੁਰੂ ਕਰਦੇ ਹੋ, 
ਤੁਸੀਂ ਗੱਡਿਆ ਨੂੰ ਬਹੁਤ ਸਾਰੀਆਂ ਫ਼ਸਲਾਂ ਨਾਲ ਭਰ ਦਿੰਦੇ ਹੋ। 
12 ਮਾਰੂਥਲ ਅਤੇ ਪਹਾੜ ਘਾਹ ਨਾਲ ਢੱਕੇ ਹੋਏ ਹਨ। 
13 ਚਰਾਦਾਂ ਭੇਡਾਂ ਨਾਲ ਭਰੀਆਂ ਹੋਈਆਂ ਹਨ, 
ਵਾਦੀਆਂ ਅਨਾਜ ਨਾਲ ਭਰੀਆਂ ਹਨ, 
ਹਰ ਕੋਈ ਗਾ ਰਿਹਾ ਹੈ ਅਤੇ ਖੁਸ਼ੀ ਭਰੀਆਂ ਕਿਲਕਾਰੀਆਂ ਮਾਰ ਰਿਹਾ ਹੈ।