66
ਨਿਰਦੇਸ਼ਕ ਲਈ: ਉਸਤਤਿ ਦਾ ਇੱਕ ਗੀਤ। 
1 ਧਰਤੀ ਉਤਲੀ ਹਰ ਸ਼ੈਅ, ਪਰਮੇਸ਼ੁਰ ਅੱਗੇ ਖੁਸ਼ੀ ਨਾਲ ਕੂਕਦੀ ਹੈ। 
2 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ। 
ਉਸਤਤਿ ਦੇ ਗੀਤਾਂ ਨਾਲ ਉਸਦਾ ਸਤਿਕਾਰ ਕਰੋ। 
3 ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ। 
ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ। 
4 ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ, 
ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।” 
5 ਉਨ੍ਹਾਂ ਚੀਜ਼ਾਂ ਵੱਲ ਵੇਖੋ ਜਿਹੜੀਆਂ ਪਰਮੇਸ਼ੁਰ ਨੇ ਸਾਜੀਆਂ। 
ਉਹ ਚੀਜ਼ਾਂ ਸਾਨੂੰ ਹੈਰਾਨ ਕਰਦੀਆਂ ਹਨ। 
6 ਉਸ ਦੇ ਲੋਕ ਤੁਰਕੇ ਦਰਿਆ ਪਾਰ ਕਰ ਗਏ 
ਅਤੇ ਉਨ੍ਹਾਂ ਨੇ ਉਸਦੀ ਕੀਤੀ ਮਹਾਨ ਗੱਲ ਬਾਰੇ ਆਨੰਦ ਮਾਣਿਆ। 
7 ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ; 
ਉਹ ਹਰ ਜਗ਼੍ਹਾ ਲੋਕਾਂ ਨੂੰ ਤੱਕਦਾ ਹੈ। 
ਕੋਈ ਅਜਿਹਾ ਬੰਦਾ ਨਹੀਂ ਜੋ ਉਸ ਦੇ ਖਿਲਾਫ਼ ਵਿਦ੍ਰੋਹ ਕਰ ਸੱਕੇ। 
8 ਲੋਕੋ, ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ; 
ਉਸ ਨੂੰ ਉੱਚੀ-ਉੱਚੀ ਉਸਤਤਿ ਦੇ ਗੀਤ ਗਾਵੋ। 
9 ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ, 
ਅਤੇ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ। 
10 ਪਰਮੇਸ਼ੁਰ ਨੇ ਸਾਡੀ ਪਰੱਖ ਕੀਤੀ, ਜਿਵੇਂ ਲੋਕੀਂ ਚਾਂਦੀ ਅੱਗ ਨਾਲ ਪਰੱਖਦੇ ਹਨ। 
11 ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ, 
ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ। 
12 ਸਾਡੇ ਵੈਰੀਆਂ ਨੂੰ ਸਾਡੇ ਉੱਪਰੋਂ ਦੀ ਤੋਂਰਿਆ, 
ਤੁਸਾਂ ਸਾਨੂੰ ਅੱਗ ਅਤੇ ਪਾਣੀ ਵਿੱਚ ਦੀ ਧੂਹਿਆ। 
ਪਰ ਤੁਸੀਂ ਅਸਾਂ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਲੈ ਆਏ। 
13-14 ਇਸ ਲਈ ਮੈਂ ਤੁਹਾਡੇ ਮੰਦਰ ਵਿੱਚ ਬਲੀਆਂ ਲੈ ਆਵਾਂਗਾ। 
ਜਦੋਂ ਮੈਂ ਮੁਸੀਬਤ ਵਿੱਚ ਸਾਂ ਮੈਂ ਤੁਹਾਡੇ ਅੱਗੇ ਸਹਾਇਤਾ ਲਈ ਪੁਕਾਰ ਕੀਤੀ। 
ਹੁਣ ਮੈਂ ਤੁਹਾਡੇ ਨਾਲ ਬਹੁਤ ਇਕਰਾਰ ਕੀਤੇ, 
ਮੈਂ ਉਹ ਚੀਜ਼ਾਂ ਭੇਟ ਕਰ ਰਿਹਾ ਜਿਨ੍ਹਾਂ ਦਾ ਇਕਰਾਰ ਕੀਤਾ ਸੀ। 
15 ਮੈਂ ਤੁਹਾਨੂੰ ਆਪਣੇ ਪਾਪ ਲਈ ਚੜ੍ਹਾਵੇ ਭੇਟ ਕਰ ਰਿਹਾ ਹਾਂ। 
ਮੈਂ ਤੁਹਾਨੂੰ ਭੇਡੂਆਂ ਨਾਲ ਧੂਪ ਭੇਟ ਕਰ ਰਿਹਾ ਹਾਂ। 
ਮੈਂ ਤੁਹਾਨੂੰ ਸਾਂਨ੍ਹ ਅਤੇ ਬੱਕਰੀ ਭੇਟ ਕਰ ਰਿਹਾ ਹਾਂ। 
16 ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਾਰੇ ਲੋਕੋ, 
ਆਉ ਅਤੇ ਮੈਂ ਤੁਹਾਨੂੰ ਦੱਸਾਂਗਾ ਜੋ ਕੁਝ ਪਰਮੇਸ਼ੁਰ ਨੇ ਮੇਰੇ ਲਈ ਕੀਤਾ। 
17-18 ਮੈਂ ਉਸ ਅੱਗੇ ਪ੍ਰਾਰਥਨਾ ਕੀਤੀ, 
ਮੈਂ ਉਸਦੀ ਉਸਤਤਿ ਕੀਤੀ। 
ਮੇਰਾ ਹਿਰਦਾ ਸ਼ੁੱਧ ਸੀ, 
ਇਸ ਲਈ ਮੇਰੇ ਮਾਲਕ ਨੇ ਮੇਰੀ ਗੱਲ ਸੁਣੀ। 
19 ਪਰਮੇਸ਼ੁਰ ਨੇ ਮੈਨੂੰ ਸੁਣਿਆ, 
ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣੀ। 
20 ਪਰਮੇਸ਼ੁਰ ਦੀ ਉਸਤਤਿ ਕਰੋ। 
ਪਰਮੇਸ਼ੁਰ ਮੇਰੇ ਕੋਲੋਂ ਦੂਰ ਨਹੀਂ ਗਿਆ। ਉਸ ਨੇ ਮੇਰੀ ਪ੍ਰਾਰਥਨਾ ਸੁਣੀ। 
ਪਰਮੇਸ਼ੁਰ ਨੇ ਮੇਰੇ ਨਾਲ ਆਪਣਾ ਪਿਆਰ ਦਰਸਾਇਆ।