64
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। 
1 ਹੇ ਪਰਮੇਸ਼ੁਰ, ਮੇਰੀ ਗੱਲ ਸੁਣੋ। 
ਮੇਰੇ ਵੈਰੀਆਂ ਨੇ ਮੈਨੂੰ ਧਮਕਾਇਆ ਹੈ। ਉਨ੍ਹਾਂ ਕੋਲੋਂ ਮੇਰੀ ਜ਼ਿੰਦਗੀ ਨੂੰ ਬਚਾਉ। 
2 ਮੈਨੂੰ ਮੇਰੇ ਵੈਰੀਆਂ ਦੇ ਗੁਪਤ ਛੜਯਂਤਰਾਂ ਤੋਂ ਬਚਾਵੋ। 
ਮੈਨੂੰ ਉਨ੍ਹਾਂ ਬਦਕਾਰ ਲੋਕਾਂ ਕੋਲੋਂ ਛੁਪਾ ਲਵੋ। 
3 ਉਨ੍ਹਾਂ ਨੇ ਮੇਰੇ ਬਾਰੇ ਬਹੁਤ ਝੂਠ ਬੋਲੇ ਹਨ। 
ਉਨ੍ਹਾਂ ਦੀਆਂ ਜੀਭਾਂ ਤੇਜ਼ ਤਲਵਾਰ ਜਿਹੀਆਂ ਹਨ, ਉਨ੍ਹਾਂ ਦੇ ਕੌੜੇ ਸ਼ਬਦ ਤੀਰਾਂ ਵਰਗੇ ਹਨ। 
4 ਫ਼ੇਰ ਅਚਾਨਕ ਉਹ ਨਿਡਰ ਹੋਕੇ ਆਪਣੇ ਟਿਕਾਣਿਆ ਵਿੱਚੋਂ 
ਸਿੱਧੇ ਸਾਦੇ ਇਮਾਨਦਾਰ ਬੰਦਿਆਂ ਨੂੰ ਤੀਰ ਮਾਰਦੇ ਹਨ। 
5 ਉਹ ਇੱਕ ਦੂਜੇ ਨੂੰ ਬੁਰਾ ਕਰਨ ਲਈ ਉਕਸਾਉਂਦੇ ਹਨ। 
ਉਹ ਆਪਣੇ ਫ਼ੰਦਿਆਂ ਨੂੰ ਵਿਛਾਉਣ ਬਾਰੇ ਗੱਲਾਂ ਕਰਦੇ ਹਨ। 
ਉਹ ਇੱਕ ਦੂਜੇ ਨੂੰ ਦੱਸਦੇ ਹਨ, “ਕੋਈ ਵੀ ਫ਼ੰਦਿਆਂ ਨੂੰ ਵੇਖਣ ਦੇ ਸਮਰਥ ਨਹੀਂ ਹੋਵੇਗਾ। 
6 ਉਨ੍ਹਾਂ ਨੇ ਆਪਣੇ ਫ਼ੰਦੇ ਛੁਪਾਏ ਹੋਏ ਹਨ, 
ਉਹ ਆਪਣੇ ਸ਼ਿਕਾਰ ਨੂੰ ਲੱਭ ਰਹੇ ਹਨ।” 
ਲੋਕ ਬਹੁਤ ਚਾਲਬਾਜ਼ ਹੋ ਸੱਕਦੇ ਹਨ, 
ਇਹ ਜਾਨਣਾ ਬਹੁਤ ਮੁਸ਼ਕਿਲ ਹੈ ਕਿ ਉਹ ਕਿਸ ਬਾਰੇ ਸੋਚ ਰਹੇ ਹਨ। 
7 ਪਰ ਪਰਮੇਸ਼ੁਰ ਵੀ ਆਪਣੇ ਤੀਰ ਚੱਲਾ ਸੱਕਦਾ ਹੈ। 
ਅਤੇ ਇਸਤੋਂ ਪਹਿਲਾਂ ਕਿ ਉਹ ਮੰਦੇ ਲੋਕ ਜਾਨਣ ਉਹ ਘਾਇਲ ਹੋ ਜਾਂਦੇ ਹਨ। 
8 ਦੁਸ਼ਟ ਲੋਕ ਹੋਰਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਿਉਂਤਾ ਬਣਾਉਂਦੇ ਹਨ। 
ਪਰ ਪਰਮੇਸ਼ੁਰ ਉਨ੍ਹਾਂ ਦੀਆਂ ਵਿਉਂਤਾ ਨੂੰ ਤਬਾਹ ਕਰ ਸੱਕਦਾ ਹੈ 
ਅਤੇ ਉਨ੍ਹਾਂ ਮੰਦੀਆਂ ਗੱਲਾਂ ਨੂੰ ਉਨ੍ਹਾਂ ਨਾਲ ਹੀ ਵਾਪਰਨ ਲਾ ਸੱਕਦਾ ਹੈ। 
ਫ਼ੇਰ, ਹਰ ਕੋਈ ਜੋ ਉਨ੍ਹਾਂ ਨੂੰ ਵੇਖਦਾ, ਅਚਂਭੇ ਵਿੱਚ ਆਪਣਾ ਸਿਰ ਹਿਲਾਉਂਦਾ। 
9 ਲੋਕੀਂ ਵੇਖਣਗੇ ਪਰਮੇਸ਼ੁਰ ਨੇ ਕੀ ਕੀਤਾ, 
ਉਹ ਉਸ ਬਾਰੇ ਹੋਰਾਂ ਲੋਕਾਂ ਨੂੰ ਦਸਣਗੇ 
ਫ਼ੇਰ ਹਰ ਕੋਈ ਪਰਮੇਸ਼ੁਰ ਬਾਰੇ ਹੋਰ ਵੱਧੇਰੇ ਜਾਣ ਲਵੇਗਾ। 
ਉਹ ਡਰਨਾ ਅਤੇ ਉਸਦਾ ਆਦਰ ਕਰਨਾ ਸਿੱਖ ਲੈਣਗੇ। 
10 ਇੱਕ ਚੰਗਾ ਵਿਅਕਤੀ ਯਹੋਵਾਹ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਹੈ 
ਉਹ ਪਰਮੇਸ਼ੁਰ ਉੱਤੇ ਨਿਰਭਰ ਹੈ। 
ਅਤੇ ਜਦੋਂ ਚੰਗੇ ਇਮਾਨਦਾਰ ਲੋਕ ਵੇਖਦੇ ਹਨ ਕਿ ਕੀ ਹੁੰਦਾ ਹੈ, ਉਹ ਯਹੋਵਾਹ ਦੀ ਉਸਤਤਿ ਕਰਦੇ ਹਨ।