ਪਰਮੇਸ਼ੁਰ ਉਹ ਭੋਜਨ ਦਿੰਦਾ ਹੈ ਜੋ ਸੱਚਮੁੱਚ ਸੰਤੁਸ਼ਟ ਕਰਦਾ ਹੈ 
55
1 “ਤੁਸੀਂ ਸਾਰੇ, ਪਿਆਸੇ ਲੋਕੋ, 
ਆਓ ਪਾਣੀ ਪੀਵੋ! 
ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ। 
ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ! 
ਤੁਹਾਨੂੰ ਪੈਸੇ ਦੀ ਲੋੜ ਨਹੀਂ, ਰੱਜ ਕੇ ਖਾਵੋ ਪੀਵੋ। 
ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ! 
2 ਪੈਸੇ ਨੂੰ ਓਸ ਚੀਜ਼ ਉੱਤੇ ਕਿਉਂ ਜ਼ਾਇਆ ਕਰਦੇ ਹੋ ਜਿਹੜੀ ਅਸਲੀ ਭੋਜਨ ਨਹੀਂ ਹੈ। 
ਉਸ ਸ਼ੈਅ ਲਈ ਕਿਉਂ ਮਿਹਨਤ ਕਰਦੇ ਹੋ ਜਿਹੜੀ ਸੱਚਮੁੱਚ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ? 
ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਤੇ ਤੁਸੀਂ ਚੰਗਾ ਭੋਜਨ ਖਾਵੋਂਗੇ। 
ਤੁਸੀਂ ਉਸ ਭੋਜਨ ਦਾ ਆਨੰਦ ਮਾਣੋਗੇ ਜਿਹੜਾ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ। 
3 ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ। 
ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ। 
ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ। 
ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ। 
ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ। 
ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ। 
4 ਮੈਂ ਸਾਰੀਆਂ ਕੌਮਾਂ ਵਾਸਤੇ ਦਾਊਦ ਨੂੰ ਆਪਣੀ ਸ਼ਕਤੀ ਦਾ ਗਵਾਹ ਬਣਾਇਆ ਸੀ। 
ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਹ ਹਾਕਮ ਅਤੇ ਬਹੁਤ ਸਾਰੀਆਂ ਕੌਮਾਂ ਦਾ ਨੇਤਾ ਬਣ ਜਾਵੇਗਾ।” 
5 ਇਹ ਕੌਮਾਂ ਉਨ੍ਹਾਂ ਥਾਵਾਂ ਦੀਆਂ ਹਨ, 
ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਪਰ ਤੁਸੀਂ ਉਨ੍ਹਾਂ ਕੌਮਾਂ ਨੂੰ ਸੱਦਾ ਦਿਓਗੇ। 
ਉਹ ਕੌਮਾਂ ਤੁਹਾਨੂੰ ਨਹੀਂ ਜਾਣਦੀਆਂ 
ਪਰ ਉਹ ਤੁਹਾਡੇ ਵੱਲ ਭੱਜਦੀਆਂ ਆਉਣਗੀਆਂ। 
ਅਜਿਹਾ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਰਜ਼ਾ ਹੈ। 
ਇਹ ਇਸ ਲਈ ਵਾਪਰੇਗਾ ਕਿਉਂ ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਤੁਹਾਨੂੰ ਆਦਰ ਅਤੇ ਪਰਤਾਪ ਦਿੱਤਾ ਹੈ। 
6 ਇਸ ਲਈ ਤੁਹਾਨੂੰ ਯਹੋਵਾਹ ਵੱਲ ਤੱਕਣਾ ਚਾਹੀਦਾ ਹੈ 
ਇਸਤੋਂ ਪਹਿਲਾਂ ਕਿ ਇਸ ਲਈ ਬਹੁਤ ਦੇਰ ਹੋ ਜਾਵੇ। 
ਤੁਹਾਨੂੰ ਹੁਣੇ ਹੀ, 
ਉਸ ਨੂੰ ਸੱਦਾ ਦੇਣਾ ਚਾਹੀਦਾ ਜਦੋਂ ਕਿ ਉਹ ਨੇੜੇ ਹੈ। 
7 ਮੰਦੇ ਲੋਕਾਂ ਨੂੰ ਬਦੀ ਦੇ ਜੀਵਨ ਛੱਡ ਦੇਣੇ ਚਾਹੀਦੇ ਹਨ। 
ਉਨ੍ਹਾਂ ਨੂੰ ਮੰਦੇ ਵਿੱਚਾਰ ਸੋਚਣੇ ਛੱਡ ਦੇਣੇ ਚਾਹੀਦੇ ਨੇ। 
ਉਨ੍ਹਾਂ ਨੂੰ ਯਹੋਵਾਹ ਵੱਲ ਇੱਕ ਵਾਰੀ ਫ਼ੇਰ ਪਰਤ ਆਉਣਾ ਚਾਹੀਦਾ ਹੈ 
ਤੱਦ ਹੀ ਯਹੋਵਾਹ ਉਨ੍ਹਾਂ ਨੂੰ ਸੱਕੂਨ ਪਹੁੰਚਾਵੇਗਾ। 
ਉਨ੍ਹਾਂ ਲੋਕਾਂ ਨੂੰ ਯਹੋਵਾਹ ਵੱਲ ਆਉਣਾ ਚਾਹੀਦਾ ਹੈ 
ਕਿਉਂ ਕਿ ਅਸਾਡਾ ਯਹੋਵਾਹ ਬਖਸ਼ਣਹਾਰ ਹੈ। 
ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕਦੇ 
8 ਯਹੋਵਾਹ ਆਖਦਾ ਹੈ, “ਤੁਹਾਡੇ ਵਿੱਚਾਰ ਮੇਰੇ ਵਿੱਚਾਰਾਂ ਵਰਗੇ ਨਹੀਂ ਹਨ। 
ਤੁਹਾਡੇ ਰਸਤੇ ਮੇਰੇ ਰਸਤਿਆਂ ਵਰਗੇ ਨਹੀਂ ਹਨ। 
9 ਅਕਾਸ਼ ਧਰਤੀ ਨਾਲੋਂ ਉਚੇਰੇ ਹਨ। 
ਇਸੇ ਤਰ੍ਹਾਂ ਹੀ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂ ਉਚੇਰੇ ਹਨ। 
ਅਤੇ ਮੇਰੇ ਵਿੱਚਾਰ ਤੁਹਾਡੇ ਵਿੱਚਾਰਾਂ ਨਾਲੋਂ ਉਚੇਰੇ ਹਨ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ। 
10 “ਅਕਾਸ਼ਾਂ ਉੱਤੋਂ ਮੀਂਹ ਅਤੇ ਬਰਫ਼ ਵਰ੍ਹਦੀ ਹੈ। 
ਅਤੇ ਉਹ ਵਾਪਸ ਅਕਾਸ਼ਾਂ ਵਂਨੀ ਨਹੀਂ ਜਾਂਦੀ, ਉਦੋਂ ਤੱਕ ਜਦੋਂ ਤੱਕ ਕਿ ਉਹ ਧਰਤੀ ਨੂੰ ਨਹੀਂ ਛੂਂਹਦੀ ਅਤੇ ਧਰਤੀ ਨੂੰ ਭਿਉਂ ਨਹੀਂ ਦਿੰਦੀ। 
ਫ਼ੇਰ ਧਰਤੀ ਪੌਦਿਆਂ ਨੂੰ ਉਗਾਉਂਦੀ ਹੈ ਤੇ ਵੱਧਾਉਂਦੀ ਹੈ। 
ਇਹ ਪੌਦੇ ਕਿਸਾਨਾਂ ਲਈ ਬੀਜ ਤਿਆਰ ਕਰਦੇ ਨੇ। 
ਅਤੇ ਲੋਕ ਇਨ੍ਹਾਂ ਬੀਜ਼ਾਂ ਨੂੰ ਰੋਟੀ ਖਾਣ ਲਈ ਵਰਤਦੇ ਨੇ। 
11 ਇਸੇ ਤਰ੍ਹਾਂ ਹੀ, ਮੇਰੇ ਮੁਖ ਵਿੱਚੋਂ ਸ਼ਬਦ ਨਿਕਲਦੇ ਨੇ, 
ਅਤੇ ਉਹ ਉਦੋਂ ਤੱਕ ਵਾਪਸ ਨਹੀਂ ਪਰਤਦੇ ਜਦੋਂ ਤੱਕ ਕਿ ਉਹ ਗੱਲਾਂ ਦੇ ਵਾਪਰਨ ਦਾ ਕਾਰਣ ਨਹੀਂ ਬਣਦੇ। 
ਮੇਰੇ ਸ਼ਬਦ ਉਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦੇ ਨੇ ਜੋ ਵੀ ਮੈਂ ਚਾਹੁੰਦਾ ਹਾਂ। 
ਮੇਰੇ ਸ਼ਬਦ ਉਹੀ ਕੁਝ ਕਰਨ ਵਿੱਚ ਸਫ਼ਲ ਹੁੰਦੇ ਨੇ ਜਿਸ ਲਈ ਮੈਂ ਉਨ੍ਹਾਂ ਨੂੰ ਭੇਜਿਆ ਸੀ। 
12 “ਤੁਸੀਂ ਖੁਸ਼ੀ ਨਾਲ ਬਾਹਰ ਜਾਵੋਂਗੇ 
ਅਤੇ ਸਾਂਤੀ ਨਾਲ ਪਰਤੋਂਗੇ। 
ਪਹਾੜੀਆਂ ਅਤੇ ਪਰਬਤ ਤੁਹਾਡੇ ਅੱਗੇ ਗਾਉਣ ਲੱਗ ਪੈਣਗੇ 
ਅਤੇ ਖੇਤਾਂ ਵਿੱਚਲੇ ਰੁੱਖ ਤਾਲੀਆਂ ਵਜਾਉਣਗੇ। 
13 ਸਰੂ ਦੇ ਵੱਡੇ ਰੁੱਖ ਵੱਧਣ ਫ਼ੁੱਲਣਗੇ ਜਿੱਥੇ ਝਾੜੀਆਂ ਹੁੰਦੀਆਂ ਸਨ। 
ਓਥੇ ਮਹਿਂਦੀ ਦੇ ਰੁੱਖ ਉੱਗਣਗੇ, ਜਿੱਥੇ ਜੰਗਲੀ ਬੂਟੀਆਂ ਹੁੰਦੀਆਂ ਸਨ। 
ਇਹ ਗੱਲਾਂ ਯਹੋਵਾਹ ਨੂੰ ਮਸ਼ਹੂਰ ਕਰ ਦੇਣਗੀਆਂ। 
ਇਹ ਗੱਲਾਂ ਪ੍ਰਮਾਣ ਹੋਣਗੀਆਂ ਕਿ ਯਹੋਵਾਹ ਸ਼ਕਤੀਸ਼ਾਲੀ ਹੈ ਇਹ ਪ੍ਰਮਾਣ ਕਦੇ ਵੀ ਖਤਮ ਨਹੀਂ ਹੋਵੇਗਾ।”