ਸਾਰੀਆਂ ਕੌਮਾਂ ਯਹੋਵਾਹ ਦੀਆਂ ਅਨੁਯਾਈ ਬਣਨਗੀਆਂ 
56
1 ਯਹੋਵਾਹ ਨੇ ਇਹ ਗੱਲਾਂ ਆਖੀਆਂ, “ਸਮੂਹ ਲੋਕਾਂ ਲਈ ਬੇਲਾਗ ਹੋਵੋ। ਉਹੀ ਗੱਲਾਂ ਕਰੋ ਜੋ ਸਹੀ ਹਨ! ਕਿਉਂ ਕਿ ਛੇਤੀ ਹੀ ਮੇਰੀ ਮੁਕਤੀ ਤੁਹਾਡੇ ਪਾਸ ਆਵੇਗੀ। ਮੇਰੀ ਨੇਕੀ ਛੇਤੀ ਹੀ ਸਾਰੀ ਦੁਨੀਆਂ ਨੂੰ ਦਿਖਾਈ ਦੇਵੇਗੀ। 
2 ਧੰਨ ਹੈ ਉਹ ਬੰਦਾ ਜਿਹੜਾ ਸਬਾਤ ਦੇ ਦਿਨ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਦਾ ਹੈ। ਅਤੇ ਉਹ ਬੰਦਾ ਜਿਹੜਾ ਬਦੀ ਨਹੀਂ ਕਰਦਾ, ਪ੍ਰਸੰਨ ਹੋਵੇਗਾ।” 
3 ਕੁਝ ਅਜਿਹੇ ਲੋਕ ਜਿਹੜੇ ਯਹੂਦੀ ਨਹੀਂ ਹਨ ਯਹੋਵਾਹ ਦੇ ਨਾਲ ਆਪਣੇ-ਆਪ ਨੂੰ ਜੋੜ ਲੈਣਗੇ। ਉਨ੍ਹਾਂ ਬੰਦਿਆਂ ਨੂੰ ਇਹ ਨਹੀਂ ਆਖਣਾ ਚਾਹੀਦਾ, “ਯਹੋਵਾਹ ਮੈਨੂੰ ਆਪਣੇ ਲੋਕਾਂ ਨਾਲ ਪ੍ਰਵਾਨ ਨਹੀਂ ਕਰੇਗਾ।” ਇੱਕ ਖੁਸਰੇ ਨੂੰ ਇਹ ਨਹੀਂ ਆਖਣਾ ਚਾਹੀਦਾ, “ਮੈਂ ਸੁੱਕੀ ਹੋਈ ਲੱਕੜ ਵਰਗਾ ਹਾਂ।” 
4-5 ਇਨ੍ਹਾਂ ਖੁਸਰਿਆਂ ਨੂੰ ਇਹ ਗੱਲਾਂ ਨਹੀਂ ਆਖਣੀਆਂ ਚਾਹੀਦੀਆਂ ਕਿਉਂ ਕਿ ਯਹੋਵਾਹ ਆਖਦਾ ਹੈ, “ਉਨ੍ਹਾਂ ਖੁਸਰਿਆਂ ਵਿੱਚੋਂ ਕੁਝ ਸਬਾਤ ਦੇ ਨੇਮਾਂ ਦੀ ਪਾਲਣਾ ਕਰਦੇ ਹਨ। ਅਤੇ ਉਹ ਉਨ੍ਹਾਂ ਗੱਲਾਂ ਨੂੰ ਕਰਨ ਦੀ ਚੋਣ ਕਰਦੇ ਹਨ ਜੋ ਮੈਂ ਚਾਹੁੰਦਾ ਹਾਂ। ਅਤੇ ਉਹ ਸੱਚਮੁੱਚ ਮੇਰੇ ਇਕਰਾਰਨਾਮੇ ਅਨੁਸਾਰ ਚਲਦੇ ਹਨ। ਇਸ ਲਈ ਮੈਂ ਆਪਣੇ ਮੰਦਰ ਵਿੱਚ ਉਨ੍ਹਾਂ ਦੀ ਯਾਦ ਦੀ ਤਖਤੀ ਲਗਾਵਾਂਗਾ। ਉਨ੍ਹਾਂ ਦਾ ਨਾਮ ਮੇਰੇ ਸ਼ਹਿਰ ਵਿੱਚ ਚੇਤੇ ਕੀਤਾ ਜਾਵੇਗਾ! ਹਾਂ, ਮੈਂ ਉਨ੍ਹਾਂ ਖੁਸਰਿਆਂ ਨੂੰ ਧੀਆਂ ਪੁੱਤਰਾਂ ਨਾਲੋਂ ਕੁਝ ਬਿਹਤਰ ਦਿਆਂਗਾ। ਮੈਂ ਉਨ੍ਹਾਂ ਨੂੰ ਅਜਿਹਾ ਨਾਮ ਦਿਆਂਗਾ ਜਿਹੜਾ ਸਦਾ ਰਹੇਗਾ। ਉਹ ਮੇਰੇ ਲੋਕਾਂ ਤੋਂ ਟੁੱਟੇ ਹੋਏ ਨਹੀਂ ਰਹਿਣਗੇ।” 
6 “ਕੁਝ ਲੋਕ ਜਿਹੜੇ ਯਹੂਦੀ ਨਹੀਂ ਹਨ ਯਹੋਵਾਹ ਨਾਲ ਆ ਮਿਲਣਗੇ। ਉਹ ਅਜਿਹਾ ਇਸ ਲਈ ਕਰਨਗੇ ਤਾਂ ਜੋ ਉਹ ਉਸਦੀ ਸੇਵਾ ਕਰ ਸੱਕਣ ਅਤੇ ਯਹੋਵਾਹ ਦੇ ਨਾਮ ਨੂੰ ਪਿਆਰ ਕਰ ਸੱਕਣ। ਉਹ ਯਹੋਵਾਹ ਨਾਲ ਉਸ ਦੇ ਸੇਵਕ ਬਣਨ ਲਈ ਆ ਮਿਲਣਗੇ। ਉਹ ਸਬਾਤ ਉਪਾਸਨਾ ਦਾ ਖਾਸ ਦਿਹਾੜਾ ਰੱਖਣਗੇ ਅਤੇ ਪੂਰੀ ਤਰ੍ਹਾਂ ਮੇਰੇ ਇਕਰਾਰਨਾਮੇ ਦੀ ਪਾਲਣਾ ਕਰਨਗੇ।” 
7 ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਪਵਿੱਤਰ ਪਰਬਤ ਉੱਤੇ ਲੈ ਆਵਾਂਗਾ। ਮੈਂ ਉਨ੍ਹਾਂ ਨੂੰ ਆਪਣੀ ਉਪਾਸਨਾ ਦੇ ਘਰ ਵਿੱਚ ਪ੍ਰਸੰਨ ਕਰ ਦਿਆਂਗਾ। ਉਹ ਬਲੀਆਂ ਅਤੇ ਦਾਤਾਂ ਜਿਹੜੀਆਂ ਉਹ ਦੇਣਗੇ ਮੈਨੂੰ ਪ੍ਰਸੰਨ ਕਰਨਗੀਆਂ। ਕਿਉਂ? ਕਿਉਂ ਕਿ ਮੇਰੇ ਮੰਦਰ ਸਾਰੀਆਂ ਕੌਮਾਂ ਲਈ ਉਪਾਸਨਾ ਸਬਾਨ ਮੰਨਿਆ ਜਾਵੇਗਾ।” 
8 ਯਹੋਵਾਹ, ਮੇਰੇ ਮਾਲਿਕ, ਨੇ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖੀਆਂ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਪਰ ਯਹੋਵਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ, ਫ਼ੇਰ ਇੱਕ ਵਾਰੀ। ਯਹੋਵਾਹ ਆਖਦਾ ਹੈ, “ਮੈਂ ਇਨ੍ਹਾਂ ਲੋਕਾਂ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ।” 
9 ਜੰਗਲ ਦੇ ਆਵਾਰਾ ਜਾਨਵਰੋ, 
ਆਓ ਅਤੇ ਭੋਜਨ ਕਰੋ! 
10 ਸਾਰੇ ਨਬੀ ਹੀ ਨੇਤਰਹੀਣ ਨੇ। 
ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। 
ਉਹ ਕੁਤਿਆਂ ਦੇ ਸਮਾਨ ਨੇ ਜਿਹੜੇ ਭੌਁਕਦੇ ਨਹੀਂ। 
ਉਹ ਧਰਤੀ ਤੇ ਲੇਟ ਜਾਂਦੇ ਨੇ ਅਤੇ ਸੌਂ ਜਾਂਦੇ ਨੇ। 
ਹਾਂ, ਉਹ ਸੌਂ ਜਾਣਾ ਪਸੰਦ ਕਰਦੇ ਨੇ। 
11 ਉਹ ਭੁੱਖੇ ਕੁਤਿਆਂ ਵ੍ਵਰਗੇ ਨੇ। 
ਉਹ ਕਦੇ ਨਹੀਂ ਰੱਜਦੇ। 
ਅਯਾਲੀ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ। 
ਉਹ ਆਪਣੀਆਂ ਭੇਡਾਂ ਸਮਾਨ ਹੀ ਹਨ ਜਿਹੜੀਆਂ ਸਾਰੀਆਂ ਹੀ ਭਟਕ ਗਈਆਂ ਨੇ। 
ਉਹ ਲਾਲਚੀ ਨੇ, ਉਹ ਸਿਰਫ਼ ਆਪਣੇ-ਆਪ ਨੂੰ ਹੀ 
ਸੰਤੁਸ਼ਟ ਕਰਨਾ ਜਾਣਦੇ ਨੇ। 
12 ਉਹ ਆਉਂਦੇ ਨੇ ਤੇ ਆਖਦੇ ਨੇ, 
“ਮੈਂ ਬੋੜੀ ਜਿਹੀ ਮੈਅ ਪੀਵਾਂਗਾ। 
ਮੈਂ ਬੋੜੀ ਜਿਹੀ ਬੀਅਰ ਪੀਵਾਂਗਾ। 
ਮੈਂ ਕੱਲ੍ਹ ਨੂੰ ਵੀ ਇਹੀ ਗੱਲਾਂ ਕਰਾਂਗਾ, 
ਮੈਂ ਹੋਰ ਵੀ ਵੱਧੇਰੇ ਪੀਵਾਂਗਾ।”