ਬਿਲਆਮ ਦਾ ਤੀਸਰਾ ਸੰਦੇਸ਼ 
24
1 ਬਿਲਆਮ ਨੇ ਦੇਖਿਆ ਕਿ ਯਹੋਵਾਹ ਇਸਰਾਏਲ ਨੂੰ ਅਸੀਸ ਦੇਣਾ ਚਾਹੁੰਦਾ ਸੀ। ਇਸ ਲਈ ਬਿਲਆਮ ਨੇ ਇਸ ਨੂੰ ਕਿਸੇ ਵੀ ਤਰ੍ਹਾਂ ਕਾਲੇ ਇਲਮ ਰਾਹੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਬਿਲਆਮ ਨੇ ਆਪਣਾ ਮੂੰਹ ਮੋੜਕੇ ਮਾਰੂਥਲ ਵੱਲ ਦੇਖਿਆ। 
2 ਬਿਲਆਮ ਨੇ ਮਾਰੂਥਲ ਵੱਲ ਤੱਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ। 
3 ਬਿਲਆਮ ਨੇ ਇਹ ਸ਼ਬਦ ਆਖੇ: 
“ਇਹ ਸੰਦੇਸ਼ ਬਓਰ ਦੇ ਪੁੱਤਰ ਬਿਲਆਮ ਵੱਲੋ ਹੈ। 
ਮੈਂ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਹਾਂ ਜੋ ਮੈਂ ਸਾਫ਼ ਤੌਰ ਤੇ ਦੇਖੀਆਂ ਹਨ। 
4 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ ਸੀ। 
ਮੈਂ ਉਹੀ ਦੇਖਿਆ ਜੋ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ। 
ਮੈਂ ਨਿਮਰਤਾ ਨਾਲ ਆਖਦਾ ਹਾਂ, ਜੋ ਮੈਂ ਸਾਫ਼ ਤੌਰ ਤੇ ਦੇਖਿਆ। 
5 “ਯਾਕੂਬ ਦੇ ਲੋਕੋ, ਤੁਹਾਡੇ ਤੰਬੂ ਸੁੰਦਰ ਨੇ। 
ਇਸਰਏਲ ਦੇ ਲੋਕੋ, ਤੁਹਾਡੇ ਘਰ ਸੁੰਦਰ ਨੇ। 
6 ਤੁਸੀਂ ਉਨ੍ਹਾਂ ਬਾਗਾਂ ਵਰਗੇ 
ਹੋ ਜਿਹੜੇ ਨਹਿਰਾਂ ਨੇ ਸਿੰਜੇ ਨੇ। 
ਤੁਸੀਂ ਉਨ੍ਹਾਂ ਬਾਗਾਂ ਵਰਗੇ 
ਹੋ ਜਿਹੜੇ ਨਦੀਆਂ ਕੰਢੇ ਉੱਗਦੇ ਨੇ। 
ਤੁਸੀਂ ਉਨ੍ਹਾਂ ਸੁਗੰਧਿਤ ਝਾੜੀਆਂ ਵਰਗੇ 
ਹੋ ਜਿਹੜੀਆਂ ਯਹੋਵਾਹ ਨੇ ਬੀਜੀਆਂ ਨੇ। 
ਤੁਸੀਂ ਉਨ੍ਹਾਂ ਸੁੰਦਰ ਰੁੱਖਾਂ ਵਰਗੇ 
ਹੋ ਜਿਹੜੇ ਪਾਣੀ ਕੰਢੇ ਉੱਗਦੇ ਨੇ। 
7 ਤੁਹਾਨੂੰ ਹਮੇਸ਼ਾ ਹੀ ਕਾਫ਼ੀ ਪਾਣੀ ਮਿਲੇਗਾ, 
ਤੁਹਾਡੇ ਬੀਜ਼ਾਂ ਲਈ ਵੀ ਕਾਫ਼ੀ ਪਾਣੀ। 
ਤੁਹਾਡਾ ਰਾਜਾ ਅਗਾਗ ਰਾਜੇ ਨਾਲੋਂ ਵੀ ਵੱਧੇਰੇ ਮਹਾਨ ਹੋਵੇਗਾ। 
ਤੁਹਾਡੀ ਸਲਤਨਤ ਬਹੁਤ ਮਹਾਨ ਹੋਵੇਗੀ। 
8 “ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ। 
ਉਹ ਜੰਗਲੀ ਝੋਟੇ ਵਾਂਗ ਮਜ਼ਬੂਤ ਹਨ ਅਤੇ ਉਹ ਆਪਣੇ ਸਾਰੇ ਦੁਸ਼ਮਣਾ ਨੂੰ ਹਰਾ ਦੇਣਗੇ। 
ਉਹ ਉਨ੍ਹਾਂ ਦੀਆਂ ਹੱਡੀਆਂ ਤੋੜ ਦੇਣਗੇ ਅਤੇ ਉਨ੍ਹਾਂ ਨੂੰ, 
ਉਨ੍ਹਾਂ ਦੇ ਤੀਰਾਂ ਨਾਲ ਕੁਚਲ ਦੇਣਗੇ। 
9 ਇਸਰਾਏਲ ਨਿਮ੍ਰ 
ਅਤੇ ਲੰਮੇ ਪਏ ਹੋਏ ਸ਼ੇਰ ਵਾਂਗ ਹੈ। 
ਹਾਂ ਉਹ ਇੱਕ ਜਵਾਨ ਸ਼ੇਰ ਵਰਗੇ ਹਨ 
ਅਤੇ ਕੋਈ ਵੀ ਉਨ੍ਹਾਂ ਨੂੰ ਜਗਾਉਣਾ ਨਹੀਂ ਚਾਹੁੰਦਾ। 
ਉਨ੍ਹਾਂ ਨੂੰ ਅਸੀਸ ਮਿਲੇ ਜੋ ਉਨ੍ਹਾਂ ਨੂੰ ਅਸੀਸ ਦੇਣ 
ਅਤੇ ਉਹ ਸਰਾਪੇ ਜਾਣ ਜੋ ਉਨ੍ਹਾਂ ਨੂੰ ਸਰਾਪਣ।” 
10 ਬਾਲਾਕ ਬਿਲਆਮ ਉੱਤੇ ਬਹੁਤ ਕਰੋਧਵਾਨ ਹੋ ਗਿਆ ਅਤੇ ਉਸ ਨੇ ਆਪਣੇ ਹੱਥ ਇਕੱਠੇ ਵਜਾਕੇ ਉਸ ਨੂੰ ਆਖਿਆ, “ਮੈਂ ਤੈਨੂੰ ਆਪਣੇ ਦੁਸ਼ਮਣਾ ਨੂੰ ਸਰਾਪਣ ਲਈ ਬੁਲਾਇਆ ਸੀ ਪਰ ਤੂੰ ਉਨ੍ਹਾਂ ਨੂੰ ਤਿੰਨ ਵਾਰੀ ਅਸੀਸ ਦੇ ਦਿੱਤੀ। 
11 ਹੁਣ ਇੱਥੋਂ ਚੱਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।” 
12 ਬਿਲਆਮ ਨੇ ਬਾਲਾਕ ਨੂੰ ਆਖਿਆ, “ਕੀ ਮੈਂ, ਮੇਰੇ ਕੋਲ ਭੇਜੇ ਤੇਰੇ ਸੰਦੇਸ਼ਵਾਹਕਾਂ ਨੂੰ ਨਹੀਂ ਆਖਿਆ ਸੀ, 
13 ‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸੱਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸੱਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ। 
14 ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।” 
ਬਿਲਆਮ ਦਾ ਆਖਰੀ ਸੰਦੇਸ਼ 
15 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ: 
“ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ। 
ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ। 
16 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ। 
ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿੱਖਾਇਆ। 
ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ। 
ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ। 
17 “ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ। 
ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ। 
ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ। 
ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ। 
ਉਹ ਹਾਕਮ, ਸੇਥ ਦੇ ਸਮੂਹ 
ਪੁੱਤਰਾਂ ਦੇ ਸਿਰ ਭੰਨ ਦੇਵੇਗਾ। 
18 ਇਸਰਾਏਲ ਮਜ਼ਬੂਤ ਹੋ ਜਾਵੇਗਾ 
ਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ! 
ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ। 
19 “ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ, 
ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।” 
20 ਫ਼ੇਰ ਬਿਲਆਮ ਨੇ ਅਮਾਲੇਕੀ ਲੋਕਾਂ ਨੂੰ ਦੇਖਿਆ ਅਤੇ ਇਹ ਸ਼ਬਦ ਉਚਾਰੇ: 
“ਅਮਾਲੇਕ ਸਮੂਹ ਕੌਮਾਂ ਨਾਲੋਂ ਤਾਕਤਵਰ ਹੈ। 
ਪਰ ਅਮਾਲੇਕ ਵੀ ਤਬਾਹ ਹੋ ਜਾਏਗਾ!” 
21 ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ: 
“ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰੱਖਿਅਤ ਹੈ 
ਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ। 
22 ਪਰ ਤੁਸੀਂ ਕੇਨੀ ਲੋਕ ਤਬਾਹ ਕੀਤੇ ਜਾਵੋਂਗੇ 
ਜਦੋਂ ਅੱਸ਼ੂਰ ਤੁਹਾਨੂੰ ਕੈਦੀ ਬਣਾਕੇ ਲੈ ਜਾਵੇਗਾ।” 
23 ਫ਼ੇਰ ਬਿਲਆਮ ਨੇ ਇਹ ਸ਼ਬਦ ਆਖੇ: 
“ਹਾਏ! ਕੌਣ ਜਿਉਂ ਸੱਕਦਾ ਹੈ ਜਦੋਂ ਪਰਮੇਸ਼ੁਰ ਅਜਿਹਾ ਕਰੇ? 
24 ਆਉਣਗੇ ਜਹਾਜ਼ ਕਿਬਰਸ ਵਲੋ, 
ਹਰਾ ਦੇਣਗੇ ਉਹ ਅਸੀਂਰੀਆ ਅਤੇ ਏਬਰ ਨੂੰ 
ਪਰ ਤਬਾਹ ਹੋ ਜਾਵੇਗਾ ਉਹ ਜਹਾਜ਼ ਵੀ।” 
25 ਫ਼ੇਰ ਬਿਲਆਮ ਉੱਠ ਖਲੋਇਆ ਅਤੇ ਵਾਪਸ ਘਰ ਨੂੰ ਮੁੜ ਪਿਆ। ਬਾਲਾਕ ਵੀ ਆਪਣੇ ਰਾਹ ਚੱਲਿਆ ਗਿਆ।