ਬਿਲਆਮ ਦਾ ਪਹਿਲਾ ਸੰਦੇਸ਼ 
23
1 ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ ਅਤੇ ਮੇਰੇ ਲਈ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।” 
2 ਬਾਲਾਕ ਨੇ ਬਿਲਆਮ ਦੇ ਆਖੇ ਅਨੁਸਾਰ ਕੀਤਾ ਅਤੇ ਉਸ ਨੇ ਅਤੇ ਬਿਲਆਮ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਦੀ ਬਲੀ ਹਰੇਕ ਜਗਵੇਦੀ ਉੱਤੇ ਚੜ੍ਹਾਈ। 
3 ਫ਼ੇਰ ਬਿਲਆਮ ਨੇ ਬਾਲਾਕ ਨੂੰ ਆਖਿਆ, “ਇਸ ਜਗਵੇਦੀ ਦੇ ਨੇੜੇ, ਇੱਥੇ ਖਲੋਵੋ। ਮੈਂ ਕਿਸੇ ਦੂਸਰੇ ਸਥਾਨ ਤੇ ਜਾਵਾਂਗਾ। ਫ਼ੇਰ ਯਹੋਵਾਹ ਮੇਰੇ ਕੋਲ ਆਵੇਗਾ ਅਤੇ ਮੈਨੂੰ ਦੱਸੇਗਾ ਕਿ ਮੈਂ ਕੀ ਆਖਣਾ ਹੈ।” ਫ਼ੇਰ ਬਿਲਆਮ ਇੱਕ ਉਚੇਰੇ ਸਥਾਨ ਉੱਤੇ ਚੱਲਿਆ ਗਿਆ। 
4 ਉਸ ਥਾਂ ਉੱਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ। ਬਿਲਆਨ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕਰ ਦਿੱਤੀਆਂ ਹਨ ਅਤੇ ਮੈਂ ਹਰੇਕ ਜਗਵੇਦੀ ਉੱਤੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾ ਦਿੱਤਾ ਹੈ।” 
5 ਤਾਂ ਯਹੋਵਾਹ ਨੇ ਬਿਲਆਮ ਨੂੰ ਦੱਸਿਆ ਕਿ ਉਸ ਨੂੰ ਕੀ ਆਖਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੇ ਆਖਿਆ, “ਬਾਲਾਕ ਕੋਲ ਵਾਪਸ ਜਾ ਅਤੇ ਉਸ ਨੂੰ ਇਹ ਗੱਲਾਂ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਦੱਸੀਆਂ ਹਨ।” 
6 ਇਸ ਲਈ ਬਿਲਆਮ ਬਾਲਾਕ ਕੋਲ ਵਾਪਸ ਚੱਲਿਆ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਅਤੇ ਮੋਆਬ ਦੇ ਸਾਰੇ ਆਗੂ ਉਨ੍ਹਾਂ ਦੇ ਨਾਲ ਖਲੋਤੇ ਸਨ। 
7 ਤਾਂ ਬਿਲਆਮ ਨੇ ਇਹ ਗੱਲਾਂ ਆਖੀਆਂ: 
“ਮੋਆਬ ਦੇ ਰਾਜੇ ਬਾਲਾਕ ਨੇ 
ਮੈਨੂੰ ਇੱਥੇ ਆਰਾਮ ਦੇ ਪੂਰਬੀ ਪਹਾੜਾਂ ਤੋਂ ਲਿਆਂਦਾ, 
ਮੈਨੂੰ ਬਾਲਾਕ ਨੇ ਆਖਿਆ ਸੀ। 
‘ਆ, ਮੇਰੇ ਲਈ ਯਾਕੂਬ ਨੂੰ ਸਰਾਪ ਸਰਾਪ ਦੇ, 
ਆ, ਇਸਰਾਏਲ ਦੇ ਲੋਕਾਂ ਨੂੰ ਸਰਾਪ ਦੇ।’ 
8 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਖਿਲਾਫ਼ ਨਹੀਂ ਹੈ, 
ਇਸ ਲਈ ਮੈਂ ਵੀ ਉਨ੍ਹਾਂ ਨੂੰ ਸਰਾਪ ਨਹੀਂ ਦੇ ਸੱਕਦਾ। 
ਯਹੋਵਾਹ ਨੇ ਉਨ੍ਹਾਂ ਲੋਕਾਂ ਲਈ ਮੰਦੀਆਂ ਹੋਣੀਆਂ ਨਹੀਂ ਮੰਗੀਆਂ। 
ਇਸ ਲਈ ਮੈਂ ਵੀ ਅਜਿਹਾ ਨਹੀਂ ਕਰ ਸੱਕਦਾ। 
9 ਮੈਂ ਉਨ੍ਹਾਂ ਲੋਕਾਂ ਨੂੰ ਪਰਬਤ ਉੱਤੋਂ ਦੇਖ ਰਿਹਾ ਹਾਂ। 
ਮੈਂ ਉਨ੍ਹਾਂ ਨੂੰ ਉੱਚੀਆਂ ਪਹਾੜੀਆਂ ਤੋਂ ਦੇਖਦਾ ਹਾਂ। 
ਉਹ ਲੋਕ, ਇੱਕਲੇ ਰਹਿੰਦੇ ਹਨ। 
ਉਹ ਕਿਸੇ ਹੋਰ ਕੌਮ ਦਾ ਹਿੱਸਾ ਨਹੀਂ ਹੈ। 
10 ਕੌਣ ਯਾਕੂਬ ਦੇ ਲੋਕਾਂ ਨੂੰ ਗਿਣ ਸੱਕਦਾ ਹੈ? 
ਉਹ ਰੇਤ ਦੇ ਕਿਣਕਿਆਂ ਵਾਂਗ ਅਨਗਿਣਤ ਹਨ। 
ਕੋਈ ਇਸਰਾਏਲ ਦੇ ਇੱਕ ਚੁਥਾਈ ਲੋਕਾਂ ਦੀ ਵੀ ਗਿਣਤੀ ਨਹੀਂ ਕਰ ਸੱਕਦਾ। 
ਮੈਨੂੰ ਇੱਕ ਨੇਕ ਇਨਸਾਨ ਵਾਂਗੂ ਮਰਨ ਦਿਉ। 
ਮੇਰੀ ਜ਼ਿੰਦਗੀ ਨੂੰ ਉਨ੍ਹਾਂ ਵਾਂਗ ਖੁਸ਼ੀ ਨਾਲ ਭਰੀ ਹੋਈ ਨੂੰ ਖਤਮ ਹੋਣ ਦਿਉ।” 
11 ਬਾਲਾਕ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਸੱਦਿਆ ਸੀ। ਪਰ ਤੂੰ ਤਾਂ ਸਿਰਫ਼ ਉਨ੍ਹਾਂ ਨੂੰ ਅਸੀਸ ਦਿੱਤੀ ਹੈ।” 
12 ਪਰ ਬਿਲਆਮ ਨੇ ਜਵਾਬ ਦਿੱਤਾ, “ਮੈਨੂੰ ਉਹੀ ਗੱਲਾਂ ਆਖਣੀਆਂ ਪੈਂਦੀਆਂ ਹਨ ਜਿਹੜੀਆਂ ਉਹ ਮੇਰੇ ਪਾਸੋਂ ਅਖਵਾਉਂਦਾ ਹੈ।” 
13 ਫ਼ੇਰ ਬਾਲਾਕ ਨੇ ਉਸ ਨੂੰ ਆਖਿਆ, “ਇਸ ਲਈ ਮੇਰੇ ਨਾਲ ਕਿਸੇ ਹੋਰ ਥਾਂ ਉੱਤੇ ਆ। ਇਸ ਥਾਂ ਤੋਂ ਤੂੰ ਉਨ੍ਹਾਂ ਸਾਰਿਆਂ ਨੂੰ ਨਹੀਂ ਵੇਖ ਸੱਕਦਾ, ਤੂੰ ਸਿਰਫ਼ ਉਨ੍ਹਾਂ ਲੋਕਾਂ ਦੇ ਇੱਕ ਹਿੱਸੇ ਨੂੰ ਹੀ ਦੇਖ ਸੱਕਦਾ ਹੈ। ਹੋ ਸੱਕਦਾ ਹੈ ਕਿ ਉਸ ਥਾਂ ਤੋਂ ਤੂੰ ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ ਸੱਕੇਂ।” 
14 ਇਸ ਲਈ ਬਾਲਾਕ ਬਿਲਆਮ ਨੂੰ ਸੋਫ਼ੀਮ ਦੇ ਖੇਤਾਂ ਨੂੰ ਲੈ ਗਿਆ। ਇਹ ਥਾਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਸੀ। ਉਸ ਥਾਂ ਉੱਤੇ, ਬਾਲਾਕ ਨੇ ਸੱਤ ਜਗਵੇਦੀਆਂ ਬਣਾਈਆ ਅਤੇ ਫ਼ੇਰ ਤੋਂ ਹਰੇਕ ਜਗਵੇਦੀ ਉੱਤੇ ਉਸ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾਇਆ। 
15 ਇਸ ਲਈ ਬਿਲਆਮ ਨੇ ਬਾਲਾਕ ਨੂੰ ਆਖਿਆ, “ਆਪਣੀ ਬਲੀ ਦੇ ਕੋਲ ਖਲੋ। ਮੈਂ ਉਸ ਥਾਂ ਉੱਤੇ ਜਾਕੇ ਯਹੋਵਾਹ ਨੂੰ ਮਿਲਾਂਗਾ।” 
16 ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸ ਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ। 
17 ਇਸ ਤਰ੍ਹਾਂ ਬਿਲਆਮ ਬਾਲਾਕ ਕੋਲ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਮੋਆਬ ਦੇ ਆਗੂ ਉਸ ਦੇ ਨਾਲ ਸਨ। ਅਤੇ ਬਾਲਾਕ ਨੇ ਬਿਲਆਮ ਨੂੰ ਆਉਂਦਿਆ ਦੇਖਿਆ ਅਤੇ ਆਖਿਆ, “ਯਹੋਵਾਹ ਨੇ ਕੀ ਆਖਿਆ ਹੈ?” 
ਬਿਲਆਮ ਦਾ ਦੂਸਰਾ ਸੰਦੇਸ਼ 
18 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆ: 
“ਬਾਲਾਕ, ਖੜਾ ਹੋ ਜਾ ਅਤੇ ਜੋ ਮੈਂ ਆਖਦਾ ਹਾਂ ਸੁਣ। 
ਮੇਰੀ ਗੱਲ ਸੁਣ, ਸਿੱਪੋਰ ਦੇ ਪੁੱਤਰ। 
19 ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ 
ਅਤੇ ਉਹ ਝੂਠ ਨਹੀਂ ਬੋਲਦਾ। 
ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ। 
ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ। 
ਜਦੋਂ ਯਹੋਵਾਹ ਕੁਝ ਆਖਦਾ, 
ਉਹ ਇਸ ਨੂੰ ਕਰੇਗਾ। 
ਜੇਕਰ ਯਹੋਵਾਹ ਕੋਈ ਇਕਰਾਰ ਕਰਦਾ, 
ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ। 
20 ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਅਸੀਸ ਦੇਣ ਲਈ ਆਖਿਆ ਸੀ, 
ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦਿਤੀ, ਇਸ ਵਾਸਤੇ ਮੈਂ ਇਸ ਨੂੰ ਨਹੀਂ ਬਦਲ ਸੱਕਦਾ। 
21 ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ। 
ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ। 
ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ 
ਅਤੇ ਉਹ ਉਨ੍ਹਾਂ ਦੇ ਨਾਲ ਹੈ। 
ਉਹ ਉਸ ਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ! 
22 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ। 
ਉਹ ਜੰਗਲੀ ਝੋਟੇ ਵਰਗੇ ਤਾਕਤਵਰ ਹਨ। 
23 ਯਾਕੂਬ ਦੇ ਲੋਕਾਂ ਦੇ ਖਿਲਾਫ਼ ਕੋਈ ਜਾਦੂਗਰੀ ਨਹੀਂ ਹੈ। 
ਅਜਿਹਾ ਕੋਈ ਜਾਦੂ ਨਹੀਂ ਜੋ ਇਸਰਾਏਲ ਦੇ ਲੋਕਾਂ ਨੂੰ ਰੋਕ ਸੱਕੇ। 
ਸਹੀ ਸਮੇਂ ਤੇ, ਲੋਕ ਯਕੂਬ ਦੇ ਆਦਮੀਆਂ ਅਤੇ ਇਸਰਾਏਲ ਦੇ ਲੋਕਾਂ ਲਈ ਇਹੀ ਆਖਣਗੇ। 
‘ਉਨ੍ਹਾਂ ਮਹਾਨ ਕਰਿਸ਼ਮਿਆਂ ਵੱਲ ਦੇਖੋ, ਜੋ ਪਰਮੇਸ਼ੁਰ ਨੇ ਕੀਤੇ ਹਨ!’ 
24 ਲੋਕ ਸ਼ੇਰ ਵਾਂਗ ਮਜ਼ਬੂਤ ਨੇ। 
ਉਹ ਸ਼ੇਰ ਆਰਾਮ ਨਹੀਂ ਕਰੇਗਾ ਜਦੋਂ ਤੱਕ ਉਹ 
ਆਪਣੇ ਦੁਸ਼ਮਣ ਨੂੰ ਖਾ ਨਹੀਂ ਲੈਂਦਾ। 
ਅਤੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਦਾ ਖੂਨ ਨਹੀਂ ਪੀ ਲੈਂਦਾ।” 
25 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਨੂੰ ਨਾ ਸਰਾਪੀ ਅਤੇ ਨਾ ਹੀ ਉਨ੍ਹਾ ਨੂੰ ਅਸੀਸ ਦੇਵੀ।” 
26 ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸੱਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।” 
27 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਤਾਂ ਮੇਰੇ ਨਾਲ ਕਿਸੇ ਹੋਰ ਥਾਂ ਆ। ਸ਼ਾਇਦ ਪਰਮੇਸ਼ੁਰ ਪ੍ਰਸੰਨ ਹੋ ਜਾਵੇ ਅਤੇ ਤੇਰੇ ਕੋਲੋਂ ਉਨ੍ਹਾਂ ਨੂੰ ਉਸ ਥਾਂ ਤੋਂ ਸਰਾਪ ਦੇ ਦੇਵੇ।” 
28 ਇਸ ਲਈ ਬਾਲਾਕ ਬਿਲਆਮ ਨੂੰ ਪਓਰ ਪਰਬਤ ਦੀ ਚੋਟੀ ਉੱਤੇ ਲੈ ਗਿਆ। ਇਸ ਪਰਬਤ ਦਾ ਰੁੱਖ ਮਾਰੂਥਲ ਵੱਲ ਹੈ। 
29 ਬਿਲਆਮ ਨੇ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ। ਫ਼ੇਰ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।” 
30 ਬਾਲਾਕ ਨੇ ਉਹੀ ਕੀਤਾ ਜੋ ਬਿਲਆਮ ਨੇ ਆਖਿਆ ਸੀ। ਬਾਲਾਕ ਨੇ ਇੱਕ ਬਲਦ ਅਤੇ ਇੱਕ ਭੇਡੂ ਹਰੇਕ ਜਗਵੇਦੀ ਉੱਤੇ ਬਲੀ ਚੜ੍ਹਾਇਆ।