ਅੱਯੂਬ ਦਾ ਜਵਾਬ 
19
1 ਫਿਰ ਅੱਯੂਬ ਨੇ ਜਵਾਬ ਦਿੱਤਾ: 
2 “ਕਿੰਨੀ ਦੇਰ ਹੋਰ ਤੁਸੀਂ ਮੈਨੂੰ ਦੁੱਖ ਦੇਵੋਂਗੇ 
ਤੇ ਮੈਨੂੰ ਸ਼ਬਦਾਂ ਨਾਲ ਹੌਂਸਲਾ ਦੇਵੋਂਗੇ। 
3 ਹੁਣ ਤਾਈਂ ਤੁਸੀਂ ਮੈਨੂੰ ਦਸ ਵਾਰੀ ਬੇਇੱਜ਼ਤ ਕੀਤਾ ਹੈ, 
ਮੇਰੇ ਉੱਤੇ ਵਾਰ ਕਰਦਿਆਂ ਤੁਹਾਨੂੰ ਕੋਈ ਸ਼ਰਮ ਨਹੀਂ। 
4 ਜੇ ਮੈਂ ਪਾਪ ਵੀ ਕੀਤਾ ਹੈ ਤਾਂ ਇਹ ਮੇਰੀ ਸਮੱਸਿਆ ਹੈ। 
ਇਸ ਨਾਲ ਤੁਹਾਨੂੰ ਕੋਈ ਤਕਲੀਫ ਨਹੀਂ। 
5 ਤੁਸੀਂ ਤਾਂ ਬਸ ਮੇਰੇ ਨਾਲੋਂ ਬਿਹਤਰ ਦਿਸਣਾ ਚਾਹੁੰਦੇ ਹੋ। 
ਤੁਸੀਂ ਆਖਦੇ ਹੋ ਕਿ ਮੇਰੀਆਂ ਮੁਸੀਬਤਾਂ ਮੇਰਾ ਹੀ ਕਸੂਰ ਨੇ। 
6 ਪਰ ਇਹ ਤਾਂ ਪਰਮੇਸ਼ੁਰ ਹੀ ਹੈ ਜਿਸਨੇ ਮੇਰਾ ਬੁਰਾ ਕੀਤਾ ਹੈ 
ਉਸ ਨੇ ਮੈਨੂੰ ਫੜਨ ਲਈ ਆਪਣਾ ਜਾਲ ਵਿਛਾਇਆ। 
7 ਮੈਂ ਚੀਖਦਾ ਹਾਂ ਉਸ ਨੇ ਮੈਨੂੰ ਦੁੱਖ ਦਿੱਤਾ ਹੈ! 
ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਭਾਵੇਂ 
ਮੈਂ ਉੱਚੀ-ਉੱਚੀ ਸਹਾਇਤਾ ਲਈ ਪੁਕਾਰਦਾ ਹਾਂ ਪਰ ਕੋਈ ਨਿਆਂ ਨਹੀਂ ਮਿਲਦਾ। 
8 ਪਰਮੇਸ਼ੁਰ ਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਨਿਕਲ ਨਹੀਂ ਸੱਕਦਾ। 
ਉਸ ਨੇ ਮੇਰਾ ਰਾਹ ਹਨੇਰੇ ਵਿੱਚ ਛੁਪਾ ਦਿੱਤਾ ਹੈ। 
9 ਪਰਮੇਸ਼ੁਰ ਨੇ ਮੇਰਾ ਮਾਣ ਖੋਹ ਲਿਆ ਹੈ। 
ਉਸ ਨੇ ਮੇਰੇ ਸਿਰ ਉੱਤੋਂ ਤਾਜ ਲਾਹ ਦਿੱਤਾ ਹੈ। 
10 ਪਰਮੇਸ਼ੁਰ ਮੈਨੂੰ ਹਰ ਪਾਸਿਓ ਮਾਰਦਾ ਹੈ ਜਦ ਤੀਕ ਕਿ ਮੈਂ ਖਤਮ ਨਹੀਂ ਹੋ ਜਾਂਦਾ। 
ਉਹ ਮੇਰੀ ਆਸ ਖੋਹ ਲੈਂਦਾ ਹੈ 
ਜਿਵੇਂ ਕਿਸੇ ਰੁੱਖ ਨੂੰ ਜੜੋਂ ਪੁਟਿਆ ਜਾਂਦਾ ਹੈ। 
11 ਪਰਮੇਸ਼ੁਰ ਦਾ ਕ੍ਰੋਧ ਮੇਰੇ ਖਿਲਾਫ਼ ਬਲਦਾ ਹੈ 
ਉਹ ਮੈਨੂੰ ਆਪਣਾ ਦੁਸ਼ਮਣ ਸੱਦਦਾ ਹੈ 
12 ਪਰਮੇਸ਼ੁਰ ਆਪਣੀ ਫ਼ੌਜ ਨੂੰ ਮੇਰੇ ਉੱਤੇ ਹਮਲਾ ਕਰਨ ਲਈ ਭੇਜਦਾ ਹੈ। 
ਉਹ ਮੇਰੇ ਆਲੇ-ਦੁਆਲੇ ਹਮਲੇ ਦੇ ਬੁਰਜ ਉਸਾਰ ਲੈਂਦੇ ਨੇ 
ਉਹ ਮੇਰੇ ਤੰਬੂ ਦਾ ਘੇਰਾ ਪਾ ਲੈਂਦੇ ਨੇ। 
13 “ਪਰਮੇਸ਼ੁਰ ਨੇ ਮੇਰੇ ਭਰਾਵਾਂ ਨੂੰ ਮੇਰੇ ਨਾਲ ਨਫ਼ਰਤ ਕਰਨ ਲਾ ਦਿੱਤਾ ਹੈ। 
ਮੈਂ ਆਪਣੇ ਸਾਰੇ ਮਿੱਤਰਾਂ ਲਈ ਅਜਨਬੀ ਹਾਂ। 
14 ਮੇਰੇ ਸੱਕੇ ਸੰਬੰਧੀ ਮੈਨੂੰ ਛੱਡ ਗਏ ਨੇ। 
ਮੇਰੇ ਮਿੱਤਰ ਮੈਨੂੰ ਭੁੱਲ ਗਏ ਨੇ। 
15 ਮੇਰੇ ਘਰ ਆਉਣ ਵਾਲੇ ਅਤੇ ਮੇਰੀਆਂ ਨੌਕਰਾਣੀਆਂ 
ਮੇਰੇ ਵੱਲ ਤੱਕਦੀਆਂ ਨੇ ਜਿਵੇਂ ਮੈਂ ਇੱਕ ਅਜਨਬੀ ਅਤੇ ਵਿਦੇਸ਼ੀ ਹੋਵਾਂ। 
16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਹਾਂ ਪਰ ਉਹ ਜਵਾਬ ਨਹੀਂ ਦਿੰਦਾ ਜੇ 
ਮੈਂ ਸਹਾਇਤਾ ਲਈ ਉਸ ਦੀ ਮਿੰਨਤ ਵੀ ਕਰਾਂ ਮੇਰਾ ਨੌਕਰ ਮੈਨੂੰ ਹੁਂਗਾਰਾ ਨਹੀਂ ਦੇਵੇਗਾ। 
17 ਮੇਰੀ ਪਤਨੀ ਮੇਰੇ ਸਾਹ ਵਿੱਚੋਂ ਆਉਂਦੀ ਗੰਧ ਨੂੰ ਨਫ਼ਰਤ ਕਰਦੀ ਹੈ 
ਮੇਰੇ ਆਪਣੇ ਭਰਾ ਮੈਨੂੰ ਨਫ਼ਰਤ ਕਰਦੇ ਨੇ। 
18 ਛੋਟੇ ਬੱਚੇ ਵੀ ਮੇਰਾ ਮਜ਼ਾਕ ਉਡਾਉਂਦੇ ਨੇ ਜਦੋਂ ਵੀ 
ਮੈਂ ਉਨ੍ਹਾਂ ਦੇ ਨੇੜੇ ਆਉਂਦਾ ਹਾਂ ਉਹ ਮੈਨੂੰ ਮੰਦਾ ਬੋਲਦੇ ਨੇ। 
19 ਮੇਰੇ ਸਾਰੇ ਕਰੀਬੀ ਦੋਸਤ ਮੈਨੂੰ ਨਫ਼ਰਤ ਕਰਦੇ ਨੇ ਉਹ ਲੋਕ ਵੀ 
ਮੇਰੇ ਖਿਲਾਫ਼ ਹੋ ਰਹੇ ਨੇ, ਜਿਨ੍ਹਾਂ ਨੂੰ ਮੈਂ ਪਿਆਰ ਕੀਤਾ। 
20 “ਮੈਂ ਇੰਨਾ ਪਤਲਾ ਹਾਂ, ਮੇਰੀ ਚਮੜੀ ਹੱਡੀਆਂ ਉੱਤੋਂ ਢਿਲਕ ਗਈ ਹੈ। 
ਮੇਰੇ ਅੰਦਰ ਥੋੜਾ ਜਿਹਾ ਜੀਵਨ ਹੀ ਬੱਚਿਆਂ ਹੈ। 
21 “ਮੇਰੇ ਦੋਸਤੋਂ ਤਰਸ ਕਰੋ, ਮੇਰੇ ਉੱਤੇ ਤਰਸ ਕਰੋ। 
ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਆਪਣੇ ਹੱਥ ਨਾਲ ਮਾਰਿਆ। 
22 ਤੁਸੀਂ ਮੈਨੂੰ ਪਰਮੇਸ਼ੁਰ ਦੇ ਕਰਨ ਵਾਂਗ ਹੀ ਕਿਉਂ ਭਜਾਉਂਦੇ ਹੋ! 
ਕੀ ਤੁਸੀਂ ਹਾਲੇ ਵੀ ਮੇਰੀ ਹੋਰ ਚਮੜੀ ਦੇ ਭੁੱਖੇ ਹੋ? 
23 “ਕਾਸ਼ ਕਿ ਕੋਈ ਯਾਦ ਰੱਖੇ ਜੋ ਮੈਂ ਆਖਦਾ ਹਾਂ ਤੇ ਕਿਤਾਬ ਅੰਦਰ ਲਿਖਦਾ ਹਾਂ 
ਕਾਸ਼ ਕਿ ਮੇਰੇ ਸ਼ਬਦ ਪੱਤ੍ਰੀ ਉੱਤੇ ਲਿਖੇ ਹੁੰਦੇ। 
24 ਕਾਸ਼ ਕਿ ਉਹ ਸਭ ਜੋ ਮੈਂ ਆਖਦਾ ਹਾਂ ਲੋਹੇ ਦੇ ਔਜ਼ਾਰ ਨਾਲ ਸਿੱਕੇ ਉੱਤੇ ਅੰਕਿਤ ਹੋਵੇ 
ਜਾਂ ਚੱਟਾਨਾਂ ਉੱਤੇ ਉਕਰਿਆ ਹੋਵੇ ਤਾਂ ਜੋ ਉਹ ਸਦਾ ਲਈ ਰਹਿਣ। 
25 ਮੈਂ ਜਾਣਦਾ ਹਾਂ ਕਿ ਮੇਰਾ ਬਚਾਉ ਕਰਨ ਵਾਲਾ ਕੋਈ ਹੈ। 
ਮੈਂ ਜਾਣਦਾ ਹਾਂ ਕਿ ਉਹ ਜੀਵਨ ਹੈ। 
ਅਤੇ ਅਖੀਰ ਵਿੱਚ ਉਹ ਇੱਥੇ ਧਰਤੀ ਉੱਤੇ ਖਲੋਵੇਗਾ ਅਤੇ ਮੇਰਾ ਬਚਾਉ ਕਰੇਗਾ। 
26 ਜਦੋਂ ਮੈਂ ਸ਼ਰੀਰ ਛੱਡ ਦਿਆਂਗਾ ਅਤੇ ਮੇਰੀ ਚਮੜੀ ਨਸ਼ਟ ਹੋ ਜਾਵੇਗੀ ਮੈਂ ਜਾਣਦਾ ਹਾਂ 
ਕਿ ਫ਼ਿਰ ਵੀ ਮੈਂ ਪਰਮੇਸ਼ੁਰ ਨੂੰ ਤੱਕਾਂਗਾ। 
27 ਮੈਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਨੂੰ ਵੇਖਾਂਗਾ। 
ਮੈਂ ਖੁਦ, ਕੋਈ ਹੋਰ ਪਰਮੇਸ਼ੁਰ ਨੂੰ ਨਹੀਂ ਵੇਖੇਗਾ। 
ਅਤੇ ਮੈਂ ਤੁਹਾਨੂੰ ਦੱਸ ਨਹੀਂ ਸੱਕਦਾ ਕਿ ਮੈਂ ਇਸ ਨਾਲ ਕਿੰਨਾ ਉਤੇਜਿਤ ਮਹਿਸੂਸ ਕਰਦਾ ਹਾਂ। 
28 “ਸ਼ਾਇਦ ਤੁਸੀਂ ਆਖੋ, ‘ਅਸੀਂ ਅੱਯੂਬ ਨੂੰ ਤੰਗ ਕਰਾਂਗੇ। 
ਅਸੀਂ ਉਸ ਉੱਤੇ ਦੋਸ਼ ਧਰਨ ਦਾ ਕਾਰਣ ਲੱਭ ਲਵਾਂਗੇ।’ 
29 ਪਰ ਤੁਹਾਨੂੰ ਖੁਦ ਤਲਵਾਰ ਤੋਂ ਭੈਭੀਤ ਹੋਣਾ ਚਾਹੀਦਾ ਹੈ। 
ਕਿਉਂ ਕਿ ਪਰਮੇਸ਼ੁਰ ਦੋਸ਼ੀ ਲੋਕਾਂ ਨੂੰ ਦੰਡ ਦਿੰਦਾ ਹੈ। 
ਪਰਮੇਸ਼ੁਰ ਤੁਹਾਨੂੰ ਦੰਡ ਦੇਣ ਲਈ ਆਪਣੀ ਤਲਵਾਰ ਦਾ ਇਸਤੇਮਾਲ ਕਰੇਗਾ। 
ਫ਼ਿਰ ਤੁਸੀਂ ਜਾਣ ਜਾਵੋਁ ਕਿ ਇੱਥੇ ਨਿਆਂੇ ਦਾ ਸਮਾਂ ਹੈ।”