ਪਰਮੇਸ਼ੁਰ ਸਮੂਹ ਕੌਮਾਂ ਦਾ ਨਿਆਂ ਕਰੇਗਾ 
66
1 ਇਹੀ ਹੈ ਜੋ ਪਰਮੇਸ਼ੁਰ ਆਖਦਾ ਹੈ, 
“ਅਕਾਸ਼ ਮੇਰਾ ਸਿੰਘਾਸਣ ਨੇ। 
ਧਰਤੀ ਮੇਰਾ ਪੈਰ ਟਿਕਾਣਾ ਹੈ। 
ਇਸ ਲਈ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਮੇਰੇ ਲਈ ਇੱਕ ਘਰ ਬਣਾ ਸੱਕਦੇ ਹੋ? 
ਨਹੀਂ! ਤੁਸੀਂ ਨਹੀਂ ਬਣਾ ਸੱਕਦੇ! 
ਕੀ ਤੁਸੀਂ ਮੇਰੇ ਅਰਾਮ ਕਰਨ ਲਈ ਕੋਈ ਥਾਂ ਦੇ ਸੱਕਦੇ ਹੋ? 
ਨਹੀਂ! ਤੁਸੀਂ ਨਹੀਂ ਦੇ ਸੱਕਦੇ! 
2 ਮੈਂ ਖੁਦ ਸਭ ਚੀਜ਼ਾਂ ਬਣਾਈਆਂ। 
ਇੱਥੇ ਸਾਰੀਆਂ ਚੀਜ਼ਾਂ ਨੇ ਕਿਉਂ ਕਿ ਇਹ ਮੈਂ ਸਾਜੀਆਂ ਨੇ।” 
ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ। 
“ਮੈਨੂੰ ਦੱਸੋ, ਮੈਂ ਕਿਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ? 
ਮੈਂ ਗਰੀਬ ਲੋਕਾਂ ਦੀ ਪਾਲਣਾ ਕਰਦਾ ਹਾਂ। 
ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਬਹੁਤ ਉਦਾਸ ਹਨ। 
ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਮੇਰੇ ਸ਼ਬਦਾਂ ਨੂੰ ਮੰਨਦੇ ਨੇ। 
3 ਕੁਝ ਲੋਕ ਬਲੀ ਲਈ ਬਲਦਾਂ ਨੂੰ ਮਾਰਦੇ ਨੇ ਪਰ ਉਹ ਲੋਕਾਂ ਨੂੰ ਵੀ ਕੱਟਦੇ ਨੇ। 
ਉਹ ਲੋਕ ਬਲੀ ਲਈ ਭੇਡਾਂ ਨੂੰ ਮਾਰਦੇ ਨੇ ਪਰ ਉਹ ਕੁਤਿਆਂ ਦ੍ਦੀਆਂ ਵੀ ਗਰਦਨਾਂ ਤੋਂੜਦੇ ਨੇ! 
ਉਹ ਲੋਕ ਅਨਾਜ ਦੀ ਭੇਟ ਚੜ੍ਹਾਉਂਦੇ ਨੇ ਪਰ ਉਹ ਸੂਰਾਂ ਦਾ ਖੂਨ ਵੀ ਚੜ੍ਹਾਉਂਦੇ ਨੇ। 
ਉਹ ਧੂਫ਼ ਧੁਖਾਉਂਦੇ ਨੇ, ਪਰ ਉਹ ਆਪਣੀਆਂ ਨਿਕੰਮੀਆਂ ਮੂਰਤੀਆਂ ਨੂੰ ਵੀ ਪਿਆਰ ਕਰਦੇ ਨੇ। 
ਉਹ ਲੋਕ ਆਪਣੇ ਰਸਤੇ ਚੁਣਦੇ ਨੇ। 
ਅਤੇ ਉਹ ਆਪਣੇ ਭਿਆਨਕ ਬੁੱਤਾਂ ਨੂੰ ਵੀ ਪਿਆਰ ਕਰਦੇ ਨੇ। 
4 ਇਸ ਲਈ ਮੈਂ ਉਨ੍ਹਾਂ ਦੀਆਂ ਚਲਾਕੀਆਂ ਨੂੰ ਹੀ ਵਰਤਣ ਦਾ ਨਿਆਂ ਕੀਤਾ ਹੈ! 
ਮੇਰਾ ਭਾਵ ਹੈ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੀ ਵਰਤੋਂ ਰਾਹੀਂ ਸਜ਼ਾ ਦਿਆਂਗਾ ਜਿਨ੍ਹਾਂ ਤੋਂ ਉਹ ਬਹੁਤ ਭੈਭੀਤ ਨੇ। 
ਮੈਂ ਉਨ੍ਹਾਂ ਲੋਕਾਂ ਨੂੰ ਸੱਦਿਆ ਪਰ ਉਨ੍ਹਾਂ ਨੇ ਨਹੀਂ ਸੁਣਿਆ। 
ਮੈਂ ਉਨ੍ਹਾਂ ਨਾਲ ਗੱਲ ਕੀਤੀ। 
ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। 
ਇਸ ਲਈ ਮੈਂ ਉਨ੍ਹਾਂ ਨਾਲ ਉਹੀ ਗੱਲ ਕਰਾਂਗਾ। 
ਉਨ੍ਹਾਂ ਲੋਕਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਮੈਂ ਆਖੀਆਂ ਸਨ ਕਿ ਮੰਦੀਆਂ ਨੇ। 
ਉਨ੍ਹਾਂ ਨੇ ਉਹੀ ਗੱਲਾਂ ਕਰਨ ਦੀ ਚੋਣ ਕੀਤੀ ਜਿਹੜੀਆਂ ਮੈਨੂੰ ਪਸੰਦ ਨਹੀਂ।” 
5 ਤੁਸੀਂ ਲੋਕੀ, ਜਿਹੜੇ ਯਹੋਵਾਹ ਦੇ ਅਦੇਸ਼ਾਂ ਨੂੰ ਮੰਨਦੇ ਹੋ, 
ਤੁਹਾਨੂੰ ਉਹ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਜਿਹੜੀਆਂ ਯਹੋਵਾਹ ਆਖਦਾ ਹੈ, 
“ਤੁਹਾਡੇ ਭਰਾਵਾਂ ਨੇ ਤੁਹਾਨੂੰ ਨਫ਼ਰਤ ਕੀਤੀ। 
ਉਹ ਤੁਹਾਡੇ ਖਿਲਾਫ਼ ਹੋ ਗਏ ਸਨ, ਕਿਉਂ ਕਿ ਤੁਸੀਂ ਮੇਰੇ ਪੈਰੋਕਾਰ ਬਣੇ। 
ਤੁਹਾਡੇ ਭਰਾਵਾਂ ਨੇ ਆਖਿਆ, ‘ਅਸੀਂ ਪਰਤ ਕੇ ਤੁਹਾਡੇ ਕੋਲ ਆਵਾਂਗੇ, 
ਜਦੋਂ ਯਹੋਵਾਹ ਦਾ ਆਦਰ ਹੋਵੇਗਾ। 
ਫ਼ੇਰ ਅਸੀਂ ਤੁਹਾਡੇ ਨਾਲ ਪ੍ਰਸੰਨ ਹੋਵਾਂਗੇ।’ 
ਉਨ੍ਹਾਂ ਮੰਦੇ ਲੋਕਾਂ ਨੂੰ ਸਜ਼ਾ ਮਿਲੇਗੀ।” 
ਸਜ਼ਾ ਅਤੇ ਇੱਕ ਨਵੀਂ ਕੌਮ 
6 ਸੁਣੋ! ਸ਼ਹਿਰ ਅਤੇ ਮੰਦਰ ਵਿੱਚੋਂ ਇੱਕ ਉੱਚੀ ਆਵਾਜ਼ ਆ ਰਹੀ ਹੈ। ਇਹ ਸ਼ੋਰ ਯਹੋਵਾਹ ਵੱਲੋਂ ਆਪਣੇ ਦੁਸ਼ਮਣਾਂ ਨੂੰ ਸਜ਼ਾ ਦੇਣ ਦਾ ਹੈ। ਯਹੋਵਾਹ ਉਨ੍ਹਾਂ ਨੂੰ ਓਹੀ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ। 
7-8 “ਕੋਈ ਔਰਤ ਜਿੰਨਾ ਚਿਰ ਦਰਦ ਮਹਿਸੂਸ ਨਹੀਂ ਕਰਦੀ ਉਹ ਬੱਚੇ ਨੂੰ ਜਨਮ ਨਹੀਂ ਦੇ ਸੱਕਦੀ। ਔਰਤ ਨੂੰ ਆਪਣੇ ਨਵ ਜਨਮੇ ਲੜਕੇ ਦਾ ਮੂੰਹ ਦੇਖਣ ਤੋਂ ਪਹਿਲਾਂ ਜੰਮਣ ਪੀੜਾਂ ਅਨੁਭਵ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਹੀ ਕਿਸੇ ਬੰਦੇ ਨੇ ਵੀ ਨਵੀਂ ਦੁਨੀਆਂ ਨੂੰ ਇੱਕ ਦਿਨ ਵਿੱਚ ਉਸਰਦਿਆਂ ਨਹੀਂ ਦੇਖਿਆ। ਕਿਸੇ ਬੰਦੇ ਨੇ ਵੀ ਅਜਿਹੀ ਕੌਮ ਨਹੀਂ ਦੇਖੀ ਜਿਹੜੀ ਇੱਕ ਦਿਨ ਵਿੱਚ ਸ਼ੁਰੂ ਹੋ ਗਈ ਹੋਵੇ। ਦੇਸ ਨੂੰ ਪਹਿਲਾਂ ਜਨਮ ਪੀੜਾਂ ਵਾਂਗ ਦਰਦ ਸਹਾਰਨਾ ਪੈਂਦਾ ਹੈ। ਜਨਮ ਪੀੜ ਤੋਂ ਬਾਅਦ ਦੇਸ ਆਪਣੇ ਬੱਚਿਆਂ-ਨ੍ਨਵੀਁ ਕੌਮ-ਨੂੰ ਜਨਮ ਦੇਵੇਗਾ। 
9 ਇਸੇ ਤਰ੍ਹਾਂ ਹੀ, ਮੈਂ ਕੁਝ ਨਵਾਂ ਜੰਮਣ ਤੋਂ ਬਿਨਾਂ ਪੀੜਾਂ ਨਹੀਂ ਦਿਆਂਗਾ।” 
ਯਹੋਵਾਹ ਇਹ ਆਖਦਾ ਹੈ, “ਮੈਂ ਇਕਰਾਰ ਕਰਦਾ ਹਾਂ ਕਿ ਜੇ ਮੈਂ ਤੁਹਾਨੂੰ ਜਨਮ ਪੀੜਾਂ ਦਿੰਦਾ ਹਾਂ ਤਾਂ ਮੈਂ ਤੁਹਾਨੂੰ ਆਪਣੀ ਨਵੀਂ ਕੌਮ ਸਾਜਣ ਤੋਂ ਨਹੀਂ ਰੋਕਾਂਗਾ।” ਤੁਹਾਡੇ ਪਰਮੇਸ਼ੁਰ ਨੇ ਇਹ ਆਖਿਆ। 
10 ਹੇ ਯਰੂਸ਼ਲਮ, ਖੁਸ਼ ਹੋ! ਤੁਸੀਂ ਸਾਰੇ ਲੋਕੋ, ਜਿਹੜੇ ਯਰੂਸ਼ਲਮ ਨੂੰ ਪਿਆਰ ਕਰਦੇ ਹੋ, ਪ੍ਰਸੰਨ ਹੋਵੋ! 
ਯਰੂਸ਼ਲਮ ਨਾਲ, ਉਦਾਸ ਗੱਲਾਂ ਵਾਪਰੀਆਂ ਸਨ, ਇਸ ਲਈ ਤੁਹਾਡੇ ਵਿੱਚੋਂ ਕੁਝ ਲੋਕ ਉਦਾਸ ਨੇ। 
ਪਰ ਹੁਣ ਤੁਹਾਨੂੰ ਲੋਕਾਂ ਨੂੰ ਖੁਸ਼ ਹੋ ਜਾਣਾ ਚਾਹੀਦਾ ਹੈ। 
11 ਕਿਉਂਕਿ ਤੁਹਾਡੇ ਉੱਪਰ ਦਇਆ ਹੋਵੇਗੀ 
ਜਿਵੇਂ ਉਸਦੀ ਛਾਤੀ ਵਿੱਚੋਂ ਦੁੱਧ ਉਤਰਦਾ ਹੈ। 
ਉਹ “ਦੁੱਧ” ਸੱਚਮੁੱਚ ਤੁਹਾਨੂੰ ਸਂਤੁਸਟ ਕਰੇਗਾ! 
ਤੁਸੀਂ ਲੋਕ ਦੁੱਧ ਪੀਵੋਗੇ, ਅਤੇ ਤੁਸੀਂ ਸੱਚਮੁੱਚ ਮਾਣੋਗੇ ਸ਼ਾਨ ਯਰੂਸ਼ਲਮ ਦੀ। 
12 ਯਹੋਵਾਹ ਆਖਦਾ ਹੈ, 
“ਦੇਖੋ, ਮੈਂ ਤੁਹਾਨੂੰ ਦੇਵਾਂਗਾ ਅਮਨ। 
ਇਹ ਅਮਨ ਤੁਹਾਡੇ ਵੱਲ ਵਗਦੇ ਦਰਿਆ ਵਾਂਗ ਆਵੇਗਾ। 
ਧਰਤੀ ਦੀਆਂ ਸਾਰੀਆਂ ਕੌਮਾਂ ਦੀ ਦੌਲਤ ਤੁਹਾਡੇ ਵੱਲ ਵਗਦੀ ਆਵੇਗੀ। 
ਉਹ ਦੌਲਤ ਇੱਕ ਹੜ੍ਹ ਵਾਂਗ ਆਵੇਗੀ। 
ਤੁਸੀਂ ਛੋਟੇ ਬੱਚਿਆਂ ਵ੍ਵਰਗੇ ਹੋਵੋਂਗੇ। 
ਤੁਸੀਂ ਉਹ ਦੁੱਧ ਪੀਵੋਗੇ । 
ਮੈਂ ਤੁਹਾਨੂੰ ਚੁੱਕ ਲਵਾਂਗਾ ਅਤੇ ਆਪਣੀਆਂ ਬਾਹਾਂ ਵਿੱਚ ਰੱਖਾਂਗਾ 
ਅਤੇ ਮੈਂ ਤੁਹਾਨੂੰ ਆਪਣੇ ਗੋਡਿਆਂ ਦੇ ਝੂਟੇ ਦਿਆਂਗਾ। 
13 ਮੈਂ ਤੁਹਾਨੂੰ ਸੱਕੂਨ ਦੇਵਾਂਗਾ ਜਿਵੇਂ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ। 
ਅਤੇ ਤੁਸੀਂ ਹੋਵੋਗੇ ਯਰੂਸ਼ਲਮ ਅੰਦਰ ਜਦੋਂ ਸੱਕੂਨ ਦੇਵਾਂਗਾ ਮੈਂ ਤੁਹਾਨੂੰ!” 
14 ਤੁਸੀਂ ਉਹ ਚੀਜ਼ਾਂ ਦੇਖੋਂਗੇ, ਜਿਨ੍ਹਾਂ ਨੂੰ ਤੁਸੀਂ ਸੱਚਮੁੱਚ ਮਾਣੋਗੇ। 
ਤੁਸੀਂ ਆਜ਼ਾਦ ਹੋਵੋਂਗੇ ਅਤੇ ਘਾਹ ਵਾਂਗ ਉਗ੍ਗੋਁਗੇ। 
ਯਹੋਵਾਹ ਦੇ ਸੇਵਕ ਉਸ ਦੀ ਸ਼ਕਤੀ ਨੂੰ ਦੇਖਣਗੇ, 
ਪਰ ਯਹੋਵਾਹ ਦੇ ਦੁਸ਼ਮਣ ਉਸ ਦੇ ਕਹਿਰ ਨੂੰ ਦੇਖਣਗੇ। 
15 ਦੇਖੋ, ਯਹੋਵਾਹ ਅੱਗ ਦੇ ਸੰਗ ਆ ਰਿਹਾ ਹੈ। 
ਯਹੋਵਾਹ ਦੀਆਂ ਫ਼ੌਜਾਂ ਮਿੱਟੀ ਘੱਟੇ ਦੇ ਬਦਲਾਂ ਸੰਗ ਆ ਰਹੀਆਂ ਹਨ। 
ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੇ ਕਹਿਰ ਨਾਲ ਸਜ਼ਾ ਦੇਵੇਗਾ। 
ਯਹੋਵਾਹ ਅੱਗ ਦੀਆਂ ਲਾਟਾਂ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਦੋਂ ਤੀਕ ਕਿ ਉਹ ਗੁੱਸੇ ਵਿੱਚ ਹੈ। 
16 ਯਹੋਵਾਹ ਲੋਕਾਂ ਬਾਰੇ ਨਿਆਂ ਕਰੇਗਾ। 
ਫ਼ੇਰ ਯਹੋਵਾਹ ਲੋਕਾਂ ਨੂੰ ਅੱਗ ਨਾਲ ਅਤੇ ਆਪਣੀ ਤਲਵਾਰ ਨਾਲ ਤਬਾਹ ਕਰ ਦੇਵੇਗਾ। 
ਯਹੋਵਾਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰ ਦੇਵੇਗਾ। 
17 ਉਹ ਲੋਕ ਆਪਣੇ ਖਾਸ ਬਾਗ਼ਾਂ ਵਿੱਚ ਉਪਾਸਨਾ ਕਰਨ ਲਈ ਆਪਣੇ-ਆਪ ਨੂੰ ਪਾਣੀ ਨਾਲ ਸ਼ੁਧ ਕਰਦੇ ਹਨ। ਇਹ ਲੋਕ ਇੱਕ ਦੂਜੇ ਦੇ ਪਿੱਛੇ ਆਪਣੇ ਖਾਸ ਬਾਗ਼ਾਂ ਅੰਦਰ ਜਾਂਦੇ ਹਨ। ਫ਼ੇਰ ਉਹ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਪਰ, ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰ ਦੇਵੇਗਾ। “ਉਹ ਲੋਕ ਸੂਰਾਂ ਚੂਹਿਆਂ ਅਤੇ ਹੋਰ ਨਾਪਾਕ ਚੀਜ਼ਾਂ ਦਾ ਮਾਸ ਖਾਂਦੇ ਹਨ। ਪਰ ਉਹ ਸਾਰੇ ਲੋਕ ਇਕੱਠੇ ਹੀ ਤਬਾਹ ਹੋ ਜਾਣਗੇ।” (ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।) 
18 “ਕਿਉਂ ਕਿ ਮੈਂ ਉਨ੍ਹਾਂ ਦੀਆਂ ਸੋਚਾਂ ਅਤੇ ਕਰਨੀਆਂ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਆ ਰਿਹਾ ਹਾਂ। ਮੈਂ ਸਮੂਹ ਲੋਕਾਂ ਅਤੇ ਸਮੂਹ ਕੌਮਾਂ ਨੂੰ ਇਕੱਠਿਆਂ ਕਰਾਂਗਾ। ਉਹ ਆਉਣਗੇ ਅਤੇ ਮੇਰੀ ਮਹਿਮਾ ਨੂੰ ਦੇਖਣਗੇ। 
19 ਮੈਂ ਉਨ੍ਹਾਂ ਵਿੱਚੋਂ ਕੁਝ ਇੱਕ ਉੱਤੇ ਨਿਸ਼ਾਨ ਲਗਾ ਦਿਆਂਗਾ-ਮੈਂ ਉਨ੍ਹਾਂ ਨੂੰ ਬਚਾ ਲਵਾਂਗਾ। ਮੈਂ ਇਨ੍ਹਾਂ ਬਚਾਏ ਹੋਏ ਲੋਕਾਂ ਵਿੱਚੋਂ ਕੁਝ ਇੱਕਨਾਂ ਨੂੰ ਤਰਸ਼ੀਸ਼, ਪੂਲ, ਲੂਦ (ਨਿਸ਼ਾਨੇਬਾਜ਼ਾਂ ਦਾ ਦੇਸ) ਤੂਬਕ, ਯਾਵਨ ਅਤੇ ਹੋਰ ਦੂਰ ਦੁਰਾਡੇ ਦੇਸ਼ਾਂ ਵੱਲ ਭੇਜਾਂਗਾ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੀਆਂ ਸਿੱਖਿਆਵਾਂ ਬਾਰੇ ਨਹੀਂ ਸੁਣਿਆ ਹੋਵੇਗਾ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੀ ਸ਼ਾਨ ਨੂੰ ਨਹੀਂ ਦੇਖਿਆ। ਇਸ ਲਈ ਬਚਾਏ ਗਏ ਲੋਕ ਮੇਰੀ ਸ਼ਾਨ ਬਾਰੇ ਉਨ੍ਹਾਂ ਕੌਮਾਂ ਨੂੰ ਦੱਸਣਗੇ। 
20 ਅਤੇ ਉਹ ਲੋਕ ਸਾਰੀਆਂ ਕੌਮਾਂ ਤੋਂ ਤੁਹਾਡੇ ਸਾਰੇ ਭਰਾਵਾਂ ਅਤੇ ਸਾਰੀਆਂ ਭੈਣਾਂ ਨੂੰ ਲੈ ਕੇ ਆਉਣਗੇ। ਉਹ ਤੁਹਾਡੇ ਭੈਣ ਭਰਾਵਾਂ ਨੂੰ ਮੇਰੇ ਪਵਿੱਤਰ ਪਰਬਤ, ਯਰੂਸ਼ਲਮ ਲੈ ਕੇ ਆਉਣਗੇ। ਤੁਹਾਡੇ ਭਰਾ ਅਤੇ ਭੈਣਾਂ ਘੋੜਿਆਂ, ਖੋਤਿਆਂ, ਊਠਾਂ ਉੱਤੇ ਅਤੇ ਰੱਥਾਂ ਅਤੇ ਬਘ੍ਘੀਆਂ ਵਿੱਚ ਆਉਣਗੇ। ਤੁਹਾਡੇ ਭੈਣ ਭਰਾ ਉਨ੍ਹਾਂ ਸੁਗਾਤਾਂ ਵਰਗੇ ਹੋਣਗੇ ਜਿਹੜੀਆਂ ਇਸਰਾਏਲ ਦੇ ਲੋਕ ਯਹੋਵਾਹ ਦੇ ਮੰਦਰ ਵਿੱਚ ਸਾਫ਼ ਬਰਤਨਾਂ ਵਿੱਚ ਲੈ ਕੇ ਆਉਂਦੇ ਹਨ। 
21 ਮੈਂ ਇਨ੍ਹਾਂ ਲੋਕਾਂ ਵਿੱਚੋਂ ਕੁਝ ਇੱਕ ਨੂੰ ਜਾਜਕ ਅਤੇ ਲੇਵੀ ਵਜੋਂ ਚੁਣਾਂਗਾ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ! 
ਨਵਾਂ ਸਵਰਗ ਅਤੇ ਨਵੀਂ ਧਰਤੀ 
22 “ਮੈਂ ਇੱਕ ਨਵੀਂ ਦੁਨੀਆਂ ਸਾਜਾਂਗਾ-ਅਤੇ ਇੱਕ ਨਵਾਂ ਸਵਰਗ ਅਤੇ ਨਵੀਂ ਧਰਤੀ ਸਾਜਾਂਗਾ (ਜਿਹੜੀ ਸਦਾ ਰਹੇਗੀ) ਉਸੇ ਤਰ੍ਹਾਂ, ਤੁਹਾਡੇ ਨਾਮ ਅਤੇ ਤੁਹਾਡੇ ਬੱਚੇ ਹਮੇਸ਼ਾ ਮੇਰੇ ਨਾਲ ਰਹਿਣਗੇ। 
23 ਉਪਾਸਨਾ ਦੇ ਦਿਨ ਸਾਰੇ ਲੋਕ ਮੇਰੀ ਉਪਾਸਨਾ ਕਰਨ ਆਉਣਗੇ। ਉਹ ਹਰ ਸਬਤ ਦੇ ਦਿਨ ਆਉਣਗੇ ਅਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਵੀ। 
24 “ਇਹ ਲੋਕ ਮੇਰੇ ਪਵਿੱਤਰ ਸ਼ਹਿਰ ਵਿੱਚ ਹੋਣਗੇ ਅਤੇ ਜੇ ਉਹ ਸ਼ਹਿਰ ਤੋਂ ਬਾਹਰ ਜਾਣਗੇ ਤਾਂ ਉਹ ਉਨ੍ਹਾਂ ਸਾਰੇ ਬੰਦਿਆਂ ਦੀਆਂ ਲਾਸ਼ਾਂ ਦੇਖਣਗੇ ਜਿਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸੀ। ਉਨ੍ਹਾਂ ਲਾਸ਼ਾਂ ਵਿੱਚ ਕੀੜੇ ਚਲ ਰਹੇ ਹੋਣਗੇ-ਅਤੇ ਕੀੜੇ ਕਦੇ ਮਰਨਗੇ ਨਹੀਂ। ਅੱਗਾਂ ਉਨ੍ਹਾਂ ਲਾਸ਼ਾਂ ਨੂੰ ਸਾੜ ਦੇਣਗੀਆਂ ਅਤੇ ਅੱਗਾਂ ਕਦੇ ਨਹੀਂ ਬੁਝਣਗੀਆਂ।”