ਸਾਰੇ ਲੋਕ ਪਰਮੇਸ਼ੁਰ ਬਾਰੇ ਜਾਨਣਗੇ 
65
1 ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਵੀ ਕੀਤੀ ਜਿਹੜੇ ਮੇਰੇ ਕੋਲ ਸਲਾਹ ਲੈਣ ਨਹੀਂ ਆਏ ਸਨ। ਉਹ ਲੋਕ ਜਿਨ੍ਹਾਂ ਮੈਨੂੰ ਲੱਭਿਆ ਉਹ ਮੇਰੀ ਤਲਾਸ਼ ਨਹੀਂ ਕਰ ਰਹੇ ਸਨ। ਮੈਂ ਉਸ ਕੌਮ ਨਾਲ ਗੱਲ ਕੀਤੀ ਜਿਹੜੀ ਮੇਰੇ ਨਾਮ ਦੀ ਧਾਰਣੀ ਨਹੀਂ ਹੈ। ਮੈਂ ਆਖਿਆ, ‘ਮੈਂ ਇੱਥੇ ਹਾਂ! ਮੈਂ ਇੱਥੇ ਹਾਂ!’ 
2 “ਮੈਂ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਖੜਾ ਸਾਂ ਜਿਹੜੇ ਮੇਰੇ ਖਿਲਾਫ਼ ਹੋ ਗਏ ਸਨ। ਮੈਂ ਉਨ੍ਹਾਂ ਲੋਕਾਂ ਦੀ ਉਡੀਕ ਕਰ ਰਿਹਾ ਸਾਂ ਕਿ ਉਹ ਮੇਰੇ ਵੱਲ ਆਉਣ। ਪਰ ਉਨ੍ਹਾਂ ਨੇ ਅਜਿਹੇ ਢੰਗ ਨਾਲ ਜਿਉਣਾ ਜਾਰੀ ਰੱਖਿਆ ਜਿਹ੍ਹੜਾ ਠੀਕ ਨਹੀਂ। ਉਨ੍ਹਾਂ ਨੇ ਹਰ ਉਹ ਗੱਲ ਕੀਤੀ ਜਿਹੜੀ ਉਨ੍ਹਾਂ ਦਾ ਦਿਲ ਚਾਹੁੰਦਾ ਸੀ। 
3 ਉਹ ਲੋਕ ਮੇਰੇ ਸਾਹਮਣੇ ਹਨ ਤੇ ਮੈਨੂੰ ਹਮੇਸ਼ਾ ਗੁੱਸਾ ਦਿਵਾਉਂਦੇ ਰਹਿੰਦੇ ਹਨ। ਉਹ ਲੋਕ ਬਲੀਆਂ ਚੜ੍ਹਾਉਂਦੇ ਹਨ ਅਤੇ ਆਪਣੇ ਖਾਸ ਬਾਗਾਂ ਅੰਦਰ ਧੂਫ਼ਾਂ ਬੁਖਾਉਂਦੇ ਹਨ। 
4 ਉਹ ਲੋਕ ਕਬਰਾਂ ਦੇ ਦਰਮਿਆਨ ਬੈਠਦੇ ਹਨ। ਉਹ ਮੁਰਦਾ ਲੋਕਾਂ ਪਾਸੋਂ ਸੰਦੇਸ਼ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਹ ਮੁਰਦਾ ਲਾਸ਼ਾਂ ਨਾਲ ਰਹਿੰਦੇ ਵੀ ਹਨ। ਉਹ ਸੂਰ ਦਾ ਮਾਸ ਖਾਂਦੇ ਹਨ। ਉਨ੍ਹਾਂ ਦੇ ਛੁਰੀ ਕਾਂਟੇ ਸੜੇ ਹੋਏ ਮਾਸ ਨਾਲ ਲਿਬੜੇ ਹੁੰਦੇ ਹਨ। 
5 ਪਰ ਉਹ ਲੋਕ ਹੋਰਨਾਂ ਨੂੰ ਆਖਦੇ ਹਨ, ‘ਮੇਰੇ ਨੇੜੇ ਨਾ ਆਉਣਾ! ਜਿੰਨਾ ਚਿਰ ਮੈਂ ਤੁਹਾਨੂੰ ਸ਼ੁੱਧ ਨਹੀਂ ਕਰ ਲੈਂਦਾ, ਮੈਨੂੰ ਛੁਹਣਾ ਨਹੀਂ!’ ਉਹ ਮੇਰੇ ਨੱਕ ਵਿੱਚ ਧੂਏਂ ਵਾਂਗ ਹਨ। ਅਤੇ ਉਨ੍ਹਾਂ ਦੀ ਅੱਗ ਹਰ ਸਮੇਂ ਬਲਦੀ ਰਹਿੰਦੀ ਹੈ।” 
ਇਸਰਾਏਲ ਨੂੰ ਅਵੱਸ਼ ਸਜ਼ਾ ਮਿਲੇਗੀ 
6 “ਦੇਖੋ, ਇੱਥੇ ਇੱਕ ਬਿੱਲ ਹੈ ਜਿਸ ਨੂੰ ਅਦਾ ਕਰਨਾ ਜ਼ਰੂਰੀ ਹੈ। ਇਹ ਬਿੱਲ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਪਾਪ ਲਈ ਦੋਸ਼ੀ ਹੋ। ਮੈਂ ਉਦੋਂ ਤੀਕ ਸ਼ਾਂਤ ਨਹੀਂ ਹੋਵਾਂਗਾ ਜਿੰਨਾ ਚਿਰ ਮੈਂ ਇਹ ਬਿੱਲ ਅਦਾ ਨਹੀਂ ਕਰਦਾ, ਅਤੇ ਮੈਂ ਇਸ ਬਿੱਲ ਨੂੰ ਤੁਹਾਨੂੰ ਸਜ਼ਾ ਦੇ ਕੇ ਅਦਾ ਕਰਾਂਗਾ। 
7 ਤੁਹਾਡੇ ਅਤੇ ਤੁਹਾਡੇ ਪੁਰਖਿਆਂ ਦੇ ਪਾਪ ਇੱਕੋ ਜਿਹੇ ਹਨ।” ਯਹੋਵਾਹ ਨੇ ਇਹ ਆਖਿਆ, “ਤੁਹਾਡੇ ਪੁਰਖਿਆਂ ਨੇ ਉਦੋਂ ਪਾਪ ਕੀਤਾ ਜਦੋਂ ਉਨ੍ਹਾਂ ਨੇ ਪਰਬਤ ਵਿੱਚ ਧੂਫ਼ਾਂ ਧੁਖਾਈਆਂ। ਉਨ੍ਹਾਂ ਨੇ ਉਨ੍ਹਾਂ ਪਹਾੜੀਆਂ ਉੱਤੇ ਮੈਨੂੰ ਅਪਮਾਨਿਤ ਕੀਤਾ ਅਤੇ ਮੈਂ ਉਨ੍ਹਾਂ ਨੂੰ ਪਹਿਲਾਂ ਸਜ਼ਾ ਦਿੱਤੀ। ਜਿਸਦੇ ਉਹ ਅਧਿਕਾਰੀ ਸਨ।” 
8 ਯਹੋਵਾਹ ਆਖਦਾ ਹੈ, “ਜਦੋਂ ਅੰਗੂਰਾਂ ਵਿੱਚ ਨਵੀਂ ਸ਼ਰਾਬ ਹੁੰਦੀ ਹੈ, ਲੋਕ ਨਚੋੜ ਕੇ ਸ਼ਰਾਬ ਕੱਢ ਲੈਂਦੇ ਹਨ। ਪਰ ਉਹ ਅੰਗੂਰਾਂ ਨੂੰ ਪੂਰੀ ਤਰ੍ਹਾਂ ਬਰਬਾਦ ਨਹੀਂ ਕਰਦੇ। ਉਹ ਅਜਿਹਾ ਕਰਦੇ ਹਨ ਕਿਉਂਕਿ ਅੰਗੂਰਾਂ ਨੂੰ ਫ਼ੇਰ ਵੀ ਇਸਤੇਮਾਲ ਕੀਤਾ ਜਾ ਸੱਕਦਾ ਹੈ। ਇਹੀ ਗੱਲ ਮੈਂ ਆਪਣੇ ਸੇਵਕਾਂ ਨਾਲ ਕਰਾਂਗਾ। ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। 
9 ਮੈਂ ਯਾਕੂਬ (ਇਸਰਾਏਲ) ਦੇ ਕੁਝ ਬੰਦਿਆਂ ਨੂੰ ਰੱਖ ਲਵਾਂਗਾ। ਯਹੂਦਾਹ ਦੇ ਕੁਝ ਬੰਦੇ ਮੇਰੇ ਪਰਬਤ ਦੇ ਮਾਲਕ ਹੋਣਗੇ। ਮੇਰੇ ਸੇਵਕ ਓਥੇ ਰਹਿਣਗੇ। ਮੈਂ ਉਨ੍ਹਾਂ ਲੋਕਾਂ ਦੀ ਚੋਣ ਕਰਾਂਗਾ ਜਿਹੜੇ ਓਥੇ ਰਹਿਣਗੇ। 
10 ਫੇਰ ਸ਼ਾਰੋਨ ਵਾਦੀ ਭੇਡਾਂ ਲਈ ਚਾਰਗਾਹ ਹੋਵੇਗੀ। ਆਕੋਰ ਦੀ ਵਾਦੀ ਪਸ਼ੂਆਂ ਦੇ ਆਰਾਮ ਕਰਨ ਦੀ ਥਾਂ ਹੋਵੇਗੀ। ਇਹ ਸਾਰੀਆਂ ਚੀਜ਼ਾਂ ਮੇਰੇ ਲੋਕਾਂ ਲਈ ਹੋਣਗੀਆਂ। ਉਹ ਲੋਕ ਜਿਹੜੇ ਮੈਨੂੰ ਤਲਾਸ਼ ਕਰਦੇ ਹਨ। 
11 “ਪਰ ਤੁਸੀਂ ਲੋਕਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਇਸ ਲਈ ਤੁਹਾਨੂੰ ਸਜ਼ਾ ਮਿਲੇਗੀ। ਤੁਸੀਂ ਲੋਕਾਂ ਨੇ ਮੇਰੇ ਪਵਿੱਤਰ ਪਰਬਤ ਨੂੰ ਵਿਸਾਰ ਦਿੱਤਾ। ਤੁਸੀਂ ਕਿਸਮਤ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਝੂਠੀ ਦੇਵੀ, ਹੋਣੀ, ਉੱਤੇ ਨਿਰਭਰ ਕਰਦੇ ਹੋ। 
12 ਪਰ ਮੈਂ ਤੁਹਾਡੇ ਭਵਿੱਖ ਦਾ ਨਿਆਂ ਕਰਦਾ ਹਾਂ। ਅਤੇ ਮੈਂ ਨਿਆਂ ਕੀਤਾ ਸੀ ਕਿ ਤੁਹਾਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਜਾਵੇਗਾ। ਤੁਹਾਨੂੰ ਸਾਰਿਆਂ ਨੂੰ ਕਤਲ ਕੀਤਾ ਜਾਵੇਗਾ। ਕਿਉਂ ਕਿ ਮੈਂ ਤੁਹਾਨੂੰ ਸੱਦਿਆ ਸੀ ਅਤੇ ਤੁਸੀਂ ਮੈਨੂੰ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ! ਮੈਂ ਤੁਹਾਡੇ ਨਾਲ ਗੱਲ ਕੀਤੀ ਅਤੇ ਤੁਸੀਂ ਸੁਣਦੇ ਨਹੀਂ ਸੀ। ਤੁਸੀਂ ਓਹੋ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਮੈਂ ਮੰਦਾ ਆਖਦਾ ਹਾਂ। ਤੁਸੀਂ ਉਨ੍ਹਾਂ ਗੱਲਾਂ ਨੂੰ ਕਰਨ ਦਾ ਨਿਆਂ ਕੀਤਾ ਜਿਨ੍ਹਾਂ ਨੂੰ ਮੈਂ ਪਸੰਦ ਨਹੀਂ ਕਰਦਾ।” 
13 ਇਸ ਲਈ, ਮੇਰੇ ਮਾਲਿਕ, ਯਹੋਵਾਹ ਨੇ ਇਹ ਗੱਲਾਂ ਆਖੀਆਂ, 
“ਮੇਰੇ ਸੇਵਕ ਖਾਣਗੇ 
ਪਰ ਤੁਸੀਂ ਮੰਦੇ ਲੋਕ, ਭੁੱਖੇ ਹੋਵੋਗੇ। 
ਮੇਰੇ ਸੇਵਕ ਪੀਣਗੇ, 
ਪਰ ਤੁਸੀਂ ਮੰਦੇ ਲੋਕ, ਪਿਆਸੇ ਹੋਵੋਗੇ। 
ਮੇਰੇ ਸੇਵਕ ਪ੍ਰਸੰਨ ਹੋਣਗੇ, 
ਪਰ ਤੁਸੀਂ ਮੰਦੇ ਲੋਕ, ਸ਼ਰਮਸਾਰ ਹੋਵੋਗੇ। 
14 ਮੇਰੇ ਸੇਵਕ ਆਨੰਦ ਨਾਲ ਪ੍ਰਸੰਨ ਹੋਣਗੇ 
ਪਰ ਤੁਸੀਂ ਮੰਦੇ ਲੋਕ, ਰੋਵੋਗੇ ਉਦਾਸੀ ਨਾਲ। 
ਤੁਹਾਡੇ ਹੌਸਲੇ ਟੁੱਟ ਜਾਣਗੇ 
ਅਤੇ ਤੁਸੀਂ ਬਹੁਤ ਉਦਾਸ ਹੋਵੋਗੇ। 
15 ਮੇਰੇ ਸੇਵਕਾਂ ਲਈ ਤੁਹਾਡੇ ਨਾਮ ਮੰਦੇ ਸ਼ਬਦਾਂ ਵਰਗੇ ਹੋਣਗੇ।” 
ਮੇਰਾ ਪ੍ਰਭੂ ਯਹੋਵਾਹ ਤੁਹਾਨੂੰ ਮਾਰ ਦੇਵੇਗਾ। 
ਅਤੇ ਉਹ ਆਪਣੇ ਸੇਵਕਾਂ ਨੂੰ ਨਵੇਂ ਨਾਮਾਂ ਨਾਲ ਸੱਦੇਗਾ। 
16 ਜਿਹੜੇ ਲੋਕ ਜ਼ਮੀਨ ਪਾਸੋਂ ਅਸੀਸਾਂ ਮੰਗਦੇ ਹਨ, 
ਉਹ ਵਫ਼ਾਦਾਰ ਪਰਮੇਸ਼ੁਰ ਕੋਲੋਂ ਅਸੀਸਾਂ ਮੰਗਣਗੇ। 
ਜਿਹੜੇ ਲੋਕੀ ਹੁਣ ਧਰਤੀ ਦੀ ਸ਼ਕਤੀ ਦੀਆਂ ਸੌਹਾਂ ਖਾਂਦੇ ਹਨ 
ਉਹ ਵਫ਼ਾਦਾਰ ਪਰਮੇਸ਼ੁਰ ਦੀਆਂ ਸੌਹਾਂ ਖਾਣਗੇ। 
ਕਿਉਂਕਿ ਅਤੀਤ ਦੀਆਂ ਸਾਰੀਆਂ ਮੁਸੀਬਤਾਂ ਭੁੱਲ ਜਾਣਗੀਆਂ। 
ਮੇਰੇ ਲੋਕ ਫ਼ੇਰ ਕਦੇ ਵੀ ਉਨ੍ਹਾਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।” 
ਇੱਕ ਨਵਾਂ ਸਮਾਂ ਆ ਰਿਹਾ ਹੈ 
17 “ਮੈਂ ਇੱਕ ਨਵਾਂ ਅਕਾਸ਼ ਅਤੇ ਇੱਕ ਨਵੀਂ ਧਰਤੀ ਸਾਜਾਂਗਾ। 
ਲੋਕੀ ਅਤੀਤ ਨੂੰ ਯਾਦ ਨਹੀਂ ਕਰਨਗੇ। 
ਉਹ ਉਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਵੀ ਯਾਦ ਨਹੀਂ ਕਰਨਗੇ। 
18 ਮੇਰੇ ਬੰਦੇ ਪ੍ਰਸੰਨ ਹੋਣਗੇ। 
ਉਹ ਸਦਾ-ਸਦਾ ਲਈ ਖੁਸ਼ੀ ਮਨਾਉਣਗੇ। 
ਕਿਉਂ? ਉਸ ਕਾਰਣ ਜੋ ਮੈਂ ਸਾਜਾਂਗਾ। 
ਮੈਂ ਖੁਸ਼ੀ ਨਾਲ ਭਰਪੂਰ ਇੱਕ ਨਵਾਂ ਯਰੂਸ਼ਲਮ ਬਣਾਵਾਂਗਾ 
ਅਤੇ ਮੈਂ ਉਨ੍ਹਾਂ ਨੂੰ ਪ੍ਰਸੰਨ ਲੋਕ ਬਣਾਵਾਂਗਾ। 
19 “ਫ਼ੇਰ ਮੈਂ ਯਰੂਸ਼ਲਮ ਨਾਲ ਪ੍ਰਸੰਨ ਹੋਵਾਂਗਾ। 
ਮੈਂ ਆਪਣੇ ਬੰਦਿਆਂ ਨਾਲ ਪ੍ਰਸੰਨ ਹੋਵਾਂਗਾ। 
ਉਸ ਸ਼ਹਿਰ ਵਿੱਚ ਫ਼ੇਰ ਕਦੇ ਰੋਣਾ 
ਅਤੇ ਉਦਾਸੀ ਨਹੀਂ ਹੋਵੇਗੀ। 
20 ਉਸ ਸ਼ਹਿਰ ਵਿੱਚ ਅਜਿਹਾ ਕੋਈ ਵੀ ਬੱਚਾ ਨਹੀਂ ਹੋਵੇਗਾ, 
ਜਿਹੜਾ ਜੰਮਦਾ ਅਤੇ ਸਿਰਫ਼ ਕੁਝ ਦਿਨਾਂ ਲਈ ਰਹਿੰਦਾ। 
ਉਸ ਸ਼ਹਿਰ ਦਾ ਕੋਈ ਵੀ ਬੰਦਾ ਛੋਟੀ ਉਮਰ ਵਿੱਚ ਨਹੀਂ ਮਰੇਗਾ। 
ਹਰ ਬੱਚਾ ਲੰਮੀ ਉਮਰ ਤੱਕ ਜੀਵੇਗਾ, ਅਤੇ ਹਰ ਬੁਢ੍ਢਾ ਲੰਮੇ ਸਮੇਂ ਤੱਕ ਜੀਵੇਗਾ। 
ਉਹ ਬੰਦਾ ਜਿਹੜਾ 100 ਵਰ੍ਹਿਆਂ ਤੱਕ ਜਿਉਂਦਾ, ਜਵਾਨ ਸੱਦਿਆ ਜਾਵੇਗਾ। 
ਅਤੇ ਲੋਕ ਸੋਚਣਗੇ ਕਿ ਜਿਹੜਾ ਬੰਦਾ 100 ਵਰ੍ਹਿਆਂ ਤੀਕ ਨਹੀਂ ਜਿਉਂਦਾ, ਉਹ ਸਰਾਪਿਆ ਹੋਇਆ ਹੈ। 
21 “ਉਸ ਸ਼ਹਿਰ ਅੰਦਰ, ਜੇ ਕੋਈ ਬੰਦਾ ਘਰ ਉਸਾਰਦਾ ਹੈ ਉਹੀ ਬੰਦਾ ਓਥੇ ਰਹੇਗਾ। 
ਜੇ ਕੋਈ ਬੰਦਾ ਅੰਗੂਰਾਂ ਦਾ ਬਾਗ਼ ਲਗਾਉਂਦਾ ਹੈ, ਉਹੀ ਬੰਦਾ ਉਸ ਬਾਗ਼ ਦੇ ਅੰਗੂਰ ਖਾਵੇਗਾ। 
22 ਫ਼ੇਰ ਕਦੇ ਕੋਈ ਬੰਦਾ ਅਜਿਹਾ ਮਕਾਨ ਨਹੀਂ ਉਸਾਰੇਗਾ ਜਿੱਥੇ ਕੋਈ ਹੋਰ ਬੰਦਾ ਰਹੇਗਾ। 
ਫ਼ੇਰ ਕਦੇ ਕੋਈ ਅਜਿਹਾ ਬਾਗ਼ ਨਹੀਂ ਲਗਾਵੇਗਾ, ਕਿ ਉਸ ਦੇ ਫ਼ਲ ਹੋਰ ਕੋਈ ਖਾਵੇ। 
ਮੇਰੇ ਲੋਕ ਰੁੱਖਾਂ ਜਿੰਨੀ ਉਮਰ ਜਿਉਣਗੇ। 
ਮੇਰੇ ਚੁਣੇ ਹੋਏ ਲੋਕ ਉਨ੍ਹਾਂ ਚੀਜ਼ਾਂ ਨੂੰ ਮਾਨਣਗੇ ਜਿਹੜੀਆਂ ਉਹ ਬਨਾਉਣਗੇ। 
23 ਔਰਤਾਂ ਫ਼ੇਰ ਸਿਰਫ਼ ਮਰੇ ਹੋਏ ਬੱਚੇ ਨੂੰ ਜਂਨਮ ਦੇਣ ਲਈ ਜੰਮਣ ਪੀੜਾਂ ਨਹੀਂ ਸਹਿਣਗੀਆਂ, 
ਔਰਤਾਂ ਫ਼ੇਰ ਕਦੇ ਵੀ ਭੈਭੀਤ ਨਹੀਂ ਹੋਣਗੀਆਂ ਕਿ ਬੱਚੇ ਦੇ ਜਨਮ ਸਮੇਂ ਕੀ ਹੋਵੇਗਾ। 
ਮੇਰੇ ਸਾਰੇ ਬੰਦੇ ਅਤੇ ਉਨ੍ਹਾਂ ਦੇ ਬੱਚੇ ਯਹੋਵਾਹ ਵੱਲੋਂ ਸੁਭਾਗੇ ਹੋਣਗੇ। 
24 ਮੈਂ ਉਨ੍ਹਾਂ ਦੇ ਮੰਗਣ ਤੋਂ ਵੀ ਪਹਿਲਾਂ ਜਾਣ ਲਵਾਂਗਾ ਕਿ ਉਨ੍ਹਾਂ ਦੀ ਕੀ ਲੋੜ ਹੈ। 
ਅਤੇ ਮੈਂ ਉਨ੍ਹਾਂ ਦੇ ਮੰਗਣ ਤੋਂ ਵੀ ਪਹਿਲਾਂ ਉਨ੍ਹਾਂ ਦੀ ਸਹਾਇਤਾ ਕਰਾਂਗਾ। 
25 ਬਘਿਆੜ ਅਤੇ ਲੇਲਾ ਇਕੱਠੇ ਭੋਜਨ ਕਰਨਗੇ। 
ਸ਼ੇਰ ਬਲਦ ਦੇ ਸੰਗ ਘਾਹ-ਫ਼ੂਸ ਖਾਵੇਗਾ। 
ਪਰ ਸੱਪ ਧੂੜ ਖਾਵੇਗਾ। 
ਮੇਰੇ ਪਵਿੱਤਰ ਪਰਬਤ ਉੱਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਜਾਂ ਤਬਾਹ ਨਹੀਂ ਕਰਨਗੇ।” 
ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।