Numbers
ਗਿਣਤੀ
ਭੂਮਿਕਾ
ਗਿਣਤੀ ਦੀ ਪੁਸਤਕ ਦੇ ਵਿੱਚ ਇਸਰਾਏਲੀਆਂ ਦੇ ਚਾਲੀ ਸਾਲ ਦੇ ਇਤਿਹਾਸ ਦਾ ਵਰਨਣ ਮਿਲਦਾ ਹੈ । ਇਸ ਵਿੱਚ ਸੀਨਈ ਪਹਾੜ ਤੋਂ ਕੂਚ ਤੋਂ ਲੈ ਕੇ ਪਰਮੇਸ਼ੁਰ ਦੇ ਦੁਆਰਾ ਵਾਅਦਾ ਕੀਤੇ ਹੋਏ ਦੇਸ ਦੀ ਪੂਰਬੀ ਸੀਮਾ ਤੱਕ ਪਹੁੰਚਣ ਦਾ ਵਰਨਣ ਹੈ । ਇਸ ਪੁਸਤਕ ਦਾ ਨਾਮ ਇਸ ਦੇ ਵਰਨਣ ਦੀ ਇੱਕ ਮੁੱਖ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ, ਜੋ ਮੂਸਾ ਨੇ ਸੀਨਈ ਪਹਾੜ ਤੋਂ ਕੂਚ ਤੋਂ ਪਹਿਲਾਂ ਇਸਰਾਏਲੀਆਂ ਦੀ ਗਿਣਤੀ ਕੀਤੀ ਸੀ ਅਤੇ ਦੁਬਾਰਾ ਇੱਕ ਪੀੜ੍ਹੀ ਤੋਂ ਬਾਅਦ ਯਰਦਨ ਦੇ ਪੂਰਬ ਵੱਲ ਮੋਆਬ ਵਿੱਚ ਕੀਤੀ ਸੀ । ਇਹਨਾਂ ਦੋਵਾਂ ਮਰਦਸ਼ੁਮਾਰੀਆਂ ਦੇ ਵਿੱਚ ਇਸਰਾਏਲੀ ਕਨਾਨ ਦੇਸ ਦੀ ਦੱਖਣੀ ਸੀਮਾ ਤੇ ਪਹੁੰਚੇ, ਪਰ ਉੱਥੋਂ ਵਾਅਦਾ ਕੀਤੇ ਹੋਏ ਦੇਸ ਵਿੱਚ ਦਾਖਲ ਨਾ ਹੋ ਸਕੇ । ਉਸ ਖੇਤਰ ਦੇ ਵਿੱਚ ਕਈ ਸਾਲ ਰਹਿਣ ਤੋਂ ਬਾਅਦ, ਉਹ ਯਰਦਨ ਨਦੀ ਦੇ ਪੂਰਬੀ ਖੇਤਰ ਦੇ ਵੱਲ ਗਏ । ਉੱਥੇ ਇਸਰਾਏਲੀਆਂ ਦੇ ਕੁਝ ਗੋਤ ਵੱਸ ਗਏ ਅਤੇ ਉੱਥੇ ਹੀ ਬਾਕੀ ਗੋਤਾਂ ਨੇ ਕਨਾਨ ਦੇਸ ਵਿੱਚ ਜਾਣ ਦੀ ਤਿਆਰੀ ਕੀਤੀ ।
ਗਿਣਤੀ ਦੇ ਕਿਤਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਾਤੀ ਦਾ ਵਰਨਣ ਮਿਲਦਾ ਹੈ ਜੋ ਮੁਸ਼ਕਿਲਾਂ ਦੇ ਕਾਰਨ ਨਿਰਾਸ਼ ਹੋ ਗਈ ਸੀ ਅਤੇ ਘਬਰਾ ਗਈ ਸੀ । ਉਸ ਨੇ ਪਰਮੇਸ਼ੁਰ ਅਤੇ ਪਰਮੇਸ਼ੁਰ ਦੁਆਰਾ ਠਹਿਰਾਏ ਗਏ ਆਗੂ ਮੂਸਾ ਦੇ ਵਿਰੁੱਧ ਵਿਦਰੋਹ ਕੀਤਾ ਸੀ । ਇਹ ਉਸ ਦੇ ਲੋਕਾਂ ਦੀਆਂ ਕਮਜ਼ੋਰੀਆਂ ਅਤੇ ਅਣ-ਆਗਿਆਕਾਰੀ ਦੇ ਬਾਵਜੂਦ ਉਹਨਾਂ ਦੇ ਲਈ ਪਰਮੇਸ਼ੁਰ ਦੇ ਵਿਸ਼ਵਾਸ ਜੋਗ ਹੋਣ ਅਤੇ ਲਗਾਤਾਰ ਉਹਨਾਂ ਦੀ ਦੇਖਭਾਲ ਕਰਨ ਦਾ ਵਰਨਣ ਹੈ । ਇਹ ਪਰਮੇਸ਼ੁਰ ਅਤੇ ਲੋਕਾਂ ਦੇ ਲਈ ਮੂਸਾ ਦੇ ਸੰਪੂਰਨ ਸਮਰਪਣ ਦਾ ਵਰਨਣ ਵੀ ਹੈ, ਭਾਵੇਂ ਕਿ ਕਦੇ ਕਦੇ ਉਹ ਬੇਚੈਨ ਹੋ ਜਾਂਦਾ ਸੀ ।
ਰੂਪ-ਰੇਖਾ
ਇਸਰਾਏਲੀਆਂ ਦੁਆਰਾ ਸੀਨਈ ਪਹਾੜ ਤੋਂ ਕੂਚ ਦੀ ਤਿਆਰੀ 1:1 - 9:23
ਪਹਿਲੀ ਮਰਦਸ਼ੁਮਾਰੀ 1:1 - 4:49
ਅਲੱਗ-ਅਲੱਗ ਨਿਯਮ ਅਤੇ ਕਨੂੰਨ 5:1 - 8:26
ਪਸਾਹ ਦਾ ਦੂਸਰਾ ਪਰਬ 9:1 – 23
ਸੀਨਈ ਪਹਾੜ ਤੋਂ ਮੋਆਬ ਤੱਕ 10:1 – 21:35
ਮੋਆਬ ਵਿੱਚ ਵਾਪਰੀਆਂ ਘਟਨਾਵਾਂ 22:1 – 32:42
ਮਿਸਰ ਤੋਂ ਮੋਆਬ ਤੱਕ ਦੇ ਯਾਤਰਾ ਦਾ ਸੰਖੇਪ ਵਰਨਣ 33:1 – 49
ਯਰਦਨ ਨਦੀ ਪਾਰ ਕਰਨ ਤੋਂ ਪਹਿਲਾਂ ਦਿੱਤੇ ਗਏ ਨਿਰਦੇਸ਼ 33:50 – 36:13
ਇਸਰਾਏਲੀਆਂ ਦੀ ਪਹਿਲੀ ਮਰਦਸ਼ੁਮਾਰੀ
੧ ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮਿਲਾਪ ਵਾਲੇ ਤੰਬੂ ਵਿੱਚ ਯਹੋਵਾਹ ਨੇ ਮੂਸਾ ਨੂੰ ਕਿਹਾ ੨ ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਇੱਕ-ਇੱਕ ਪੁਰਖ ਦੀ ਗਿਣਤੀ ਨਾਮ ਲੈ-ਲੈ ਕੇ ਕਰ । ੩ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਇਸਰਾਏਲ ਲਈ ਯੁੱਧ ਕਰ ਸਕਦੇ ਹਨ, ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਦਲਾਂ ਦੇ ਅਨੁਸਾਰ ਕਰੋ । ੪ ਤੁਹਾਡੇ ਨਾਲ ਹਰੇਕ ਗੋਤ ਦਾ ਇੱਕ-ਇੱਕ ਮਨੁੱਖ ਹੋਵੇ ਜਿਹੜਾ ਆਪਣੇ ਪੁਰਖਿਆਂ ਦੇ ਪਰਿਵਾਰ ਵਿੱਚ ਮੁਖੀਆ ਹੋਵੇ । ੫ ਉਨ੍ਹਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੇ ਨਾਲ ਖੜ੍ਹੇ ਹੋਣਗੇ ਇਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤਰ ਅਲੀਸੂਰ । ੬ ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ । ੭ ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ । ੮ ਯਿੱਸਾਕਾਰ ਲਈ ਸੂਆਰ ਦਾ ਪੁੱਤਰ ਨਥਨਿਏਲ । ੯ ਜ਼ਬੂਲੁਨ ਲਈ ਹੇਲੋਨ ਦਾ ਪੁੱਤਰ ਅਲੀਆਬ । ੧੦ ਯੂਸੁਫ਼ ਦੇ ਪੁੱਤਰਾਂ ਵਿੱਚੋਂ ਅਫ਼ਰਈਮ ਲਈ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ । ਮਨੱਸ਼ਹ ਲਈ ਪਦਾਹਸੂਰ ਦਾ ਪੁੱਤਰ ਗਮਲੀਏਲ । ੧੧ ਬਿਨਯਾਮੀਨ ਲਈ ਗਿਦਓਨੀ ਦਾ ਪੁੱਤਰ ਅਬੀਦਾਨ । ੧੨ ਦਾਨ ਲਈ ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ । ੧੩ ਆਸ਼ੇਰ ਲਈ ਆਕਰਾਨ ਦਾ ਪੁੱਤਰ ਪਗੀਏਲ । ੧੪ ਗਾਦ ਲਈ ਦਊਏਲ ਦਾ ਪੁੱਤਰ ਅਲਯਾਸਾਫ਼ । ੧੫ ਨਫ਼ਤਾਲੀ ਲਈ ਏਨਾਨ ਦਾ ਪੁੱਤਰ ਅਹੀਰਾ । ੧੬ ਇਹ ਮੰਡਲੀ ਤੋਂ ਸੱਦੇ ਹੋਏ ਆਪਣੇ ਪਿਉ-ਦਾਦਿਆਂ ਦੇ ਗੋਤਾਂ ਵਿੱਚ ਪ੍ਰਧਾਨ ਸਨ ਅਤੇ ਇਹ ਇਸਰਾਏਲੀਆਂ ਵਿੱਚ ਹਜ਼ਾਰਾਂ ਦੇ ਪ੍ਰਧਾਨ ਸਨ ।
੧੭ ਮੂਸਾ ਅਤੇ ਹਾਰੂਨ ਨੇ ਇਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਜਿਨ੍ਹਾਂ ਦੇ ਨਾਮ ਦਾ ਉੱਤੇ ਜ਼ਿਕਰ ਕੀਤਾ ਗਿਆ ਹੈ ੧੮ ਪੁਰਖਿਆਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਆਪਣੇ ਕੁੱਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਜਿਹੜੇ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਉਨ੍ਹਾਂ ਦੇ ਨਾਮ ਦੀ ਗਿਣਤੀ ਕਰਵਾ ਕੇ ਆਪਣੀ ਵੰਸ਼ਾਵਲੀ ਲਿਖਵਾਈ । ੧੯ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਸਨੇ ਸੀਨਈ ਦੀ ਉਜਾੜ ਵਿੱਚ ਉਨ੍ਹਾਂ ਦੀ ਗਿਣਤੀ ਕੀਤੀ ।
੨੦ ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਆਦਮੀ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੨੧ ਰਊਬੇਨ ਦੇ ਗੋਤ ਦੇ ਗਿਣੇ ਹੋਏ ਪੁਰਖ ਛਿਆਲੀ ਹਜ਼ਾਰ ਪੰਜ ਸੌ ਸਨ ।
੨੨ ਸ਼ਿਮਓਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਪੁਰਖ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੨੩ ਸ਼ਿਮਓਨ ਦੇ ਗੋਤ ਦੇ ਗਿਣੇ ਹੋਏ ਪੁਰਖ ਉਣਾਹਠ ਹਜ਼ਾਰ ਤਿੰਨ ਸੌ ਸਨ ।
੨੪ ਗਾਦ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੨੫ ਗਾਦ ਦੇ ਗੋਤ ਦੇ ਗਿਣੇ ਹੋਏ ਪੁਰਖ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ ।
੨੬ ਯਹੂਦਾਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਨ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ । ੨੭ ਅਤੇ ਯਹੂਦਾਹ ਦੇ ਗੋਤ ਦੇ ਗਿਣੇ ਹੋਏ ਪੁਰਖ ਚੁਹੱਤਰ ਹਜ਼ਾਰ ਛੇ ਸੌ ਸਨ ।
੨੮ ਯਿੱਸਾਕਾਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੨੯ ਅਤੇ ਯਿੱਸਾਕਾਰ ਦੇ ਗੋਤ ਦੇ ਗਿਣੇ ਹੋਏ ਚੁਰੰਜਾ ਹਜ਼ਾਰ ਚਾਰ ਸੌ ਸਨ ।
੩੦ ਜ਼ਬੂਲੁਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੩੧ ਅਤੇ ਜ਼ਬੂਲੁਨ ਦੇ ਗੋਤ ਦੇ ਗਿਣੇ ਹੋਏ ਸਤਵੰਜਾ ਹਜ਼ਾਰ ਚਾਰ ਸੌ ਸਨ ।
੩੨ ਯੂਸੁਫ਼ ਦੇ ਪੁੱਤਰ ਅਫ਼ਰਈਮ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੩੩ ਅਤੇ ਅਫ਼ਰਈਮ ਦੇ ਗੋਤ ਦੇ ਗਿਣੇ ਹੋਏ ਚਾਲ੍ਹੀ ਹਜ਼ਾਰ ਪੰਜ ਸੌ ਪੁਰਖ ਸਨ ।
੩੪ ਮਨੱਸ਼ਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੩੫ ਅਤੇ ਮਨੱਸ਼ਹ ਦੇ ਗੋਤ ਦੇ ਗਿਣੇ ਹੋਏ ਪੁਰਖ ਬੱਤੀ ਹਜ਼ਾਰ ਦੋ ਸੌ ਸਨ ।
੩੬ ਬਿਨਯਾਮੀਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੩੭ ਅਤੇ ਬਿਨਯਾਮੀਨ ਦੇ ਗੋਤ ਦੇ ਗਿਣੇ ਹੋਏ ਪੁਰਖ ਪੈਂਤੀ ਹਜ਼ਾਰ ਚਾਰ ਸੌ ਸਨ ।
੩੮ ਦਾਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੩੯ ਅਤੇ ਦਾਨ ਦੇ ਗੋਤ ਦੇ ਗਿਣੇ ਹੋਏ ਪੁਰਖ ਬਾਹਠ ਹਜ਼ਾਰ ਸੱਤ ਸੌ ਸਨ ।
੪੦ ਆਸ਼ੇਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੪੧ ਅਤੇ ਆਸ਼ੇਰ ਦੇ ਗੋਤ ਦੇ ਗਿਣੇ ਹੋਏ ਪੁਰਖ ਇੱਕਤਾਲੀ ਹਜ਼ਾਰ ਪੰਜ ਸੌ ਸਨ ।
੪੨ ਨਫ਼ਤਾਲੀ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । ੪੩ ਅਤੇ ਨਫ਼ਤਾਲੀ ਦੇ ਗੋਤ ਦੇ ਗਿਣੇ ਹੋਏ ਪੁਰਖ ਤਰਵੰਜਾ ਹਜ਼ਾਰ ਚਾਰ ਸੌ ਸਨ ।
੪੪ ਇਹ ਉਹ ਹਨ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ, ਹਾਰੂਨ ਅਤੇ ਇਸਰਾਏਲ ਦੇ ਬਾਰਾਂ ਪ੍ਰਧਾਨਾਂ ਨੇ ਗਿਣਿਆ ਉਹ ਆਪਣੇ-ਆਪਣੇ ਪੁਰਖਿਆਂ ਦੇ ਪਰਿਵਾਰ ਲਈ ਸਨ । ੪੫ ਸੋ ਉਹ ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਵੀਹ ਸਾਲਾਂ ਜਾਂ ਉਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਯੁੱਧ ਕਰਨ ਦੇ ਯੋਗ ਸਨ । ੪੬ ਸਾਰੇ ਜਿਹੜੇ ਗਿਣੇ ਗਏ ਛੇ ਲੱਖ ਤਿੰਨ ਹਜ਼ਾਰ ਪੰਜ ਸੋ ਪੰਜਾਹ ਸਨ ।
੪੭ ਪਰ ਲੇਵੀ ਆਪਣੇ ਪਿਉ-ਦਾਦਿਆਂ ਦੇ ਗੋਤ ਅਨੁਸਾਰ ਉਨ੍ਹਾਂ ਵਿੱਚ ਨਾ ਗਿਣੇ ਗਏ । ੪੮ ਯਹੋਵਾਹ ਨੇ ਮੂਸਾ ਨੂੰ ਆਖਿਆ ੪੯ ਕਿ ਸਿਰਫ਼ ਲੇਵੀਆਂ ਦੇ ਗੋਤ ਨੂੰ ਤੂੰ ਨਾ ਗਿਣੀਂ ਅਤੇ ਉਨ੍ਹਾਂ ਦੀ ਗਿਣਤੀ ਇਸਰਾਏਲੀਆਂ ਵਿੱਚ ਨਾ ਕਰੀਂ । ੫੦ ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਨਿਯੁੱਕਤ ਕਰੀਂ । ਉਹ ਡੇਰੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਉਹ ਉਸ ਦੀ ਸੇਵਾ ਕਰਨ ਅਤੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ । ੫੧ ਜਦ ਡੇਰੇ ਨੂੰ ਅੱਗੇ ਲੈ ਕੇ ਜਾਣਾ ਹੋਵੇ ਤਾਂ ਲੇਵੀ ਉਸ ਨੂੰ ਹੇਠਾਂ ਉਤਾਰਨ ਅਤੇ ਜਦ ਡੇਰੇ ਨੂੰ ਲਾਉਣਾ ਹੋਵੇ ਤਾਂ ਉਹ ਨੂੰ ਖੜ੍ਹਾ ਕਰਨ ਪਰ ਜੇ ਕੋਈ ਅਜਨਬੀ ਜਿਹੜਾ ਉਸ ਦੇ ਨੇੜੇ ਆਵੇ ਮਾਰ ਦਿੱਤਾ ਜਾਵੇ । ੫੨ ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ । ੫੩ ਪਰ ਲੇਵੀ ਸਾਖੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂ ਜੋ ਇਸਰਾਏਲੀਆਂ ਦੀ ਮੰਡਲੀ ਉੱਤੇ ਯਹੋਵਾਹ ਦਾ ਕ੍ਰੋਧ ਨਾ ਭੜਕੇ ਅਤੇ ਲੇਵੀ ਸਾਖੀ ਦੇ ਡੇਰੇ ਦੀ ਰਾਖੀ ਕਰਨ । ੫੪ ਇਸਰਾਏਲੀਆਂ ਨੇ ਇਸ ਤਰ੍ਹਾਂ ਹੀ ਕੀਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ।