੨
ਖੋਜੀਆਂ ਦਾ ਆਉਣਾ
੧ ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ, ੨ ਜਿਹੜਾ ਯਹੂਦੀਆਂ ਦਾ ਰਾਜਾ ਜੰਮਿਆ ਹੈ, ਉਹ ਕਿੱਥੇ ਹੈ ? ਕਿਉਂ ਜੋ ਅਸੀਂ ਪੂਰਬ ਵੱਲ ਉਹ ਦਾ ਤਾਰਾ ਵੇਖਿਆ ਹੈ, ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ । ੩ ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਮੇਤ ਘਬਰਾ ਗਿਆ । ੪ ਅਤੇ ਉਸ ਨੇ ਸਾਰੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ ? ੫ ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਅਜਿਹਾ ਲਿਖਿਆ ਹੋਇਆ ਹੈ ਕਿ,
੬ ਹੇ ਬੈਤਲਹਮ, ਤੂੰ ਜੋ ਯਹੂਦਾਹ ਦੇ ਦੇਸ ਵਿੱਚੋਂ ਹੈਂ, ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਚਰਵਾਹੀ ਕਰੇਗਾ ।
੭ ਤਦ ਹੇਰੋਦੇਸ ਨੇ ਵਿਦਵਾਨ ਖੋਜੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਨ੍ਹਾਂ ਕੋਲੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ ਕਿ ਤਾਰਾ ਕਦੋਂ ਵਿਖਾਈ ਦਿੱਤਾ । ੮ ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਆਖ ਕੇ ਭੇਜਿਆ ਕਿ ਜਾਓ ਅਤੇ ਧਿਆਨ ਨਾਲ ਉਸ ਬਾਲਕ ਦੀ ਖ਼ੋਜ ਕਰੋ, ਜਦ ਉਹ ਮਿਲ ਜਾਵੇ, ਤਦ ਵਾਪਸ ਆ ਕੇ ਮੈਨੂੰ ਖ਼ਬਰ ਦਿਓ ਤਾਂ ਜੋ ਮੈਂ ਵੀ ਜਾ ਕੇ ਉਹ ਨੂੰ ਮੱਥਾ ਟੇਕਾਂ । ੯ ਉਹ ਰਾਜੇ ਦੀ ਗੱਲ ਸੁਣ ਕੇ ਤੁਰ ਪਏ, ਅਤੇ ਵੇਖੋ, ਉਹ ਤਾਰਾ ਜਿਹੜਾ ਉਨ੍ਹਾਂ ਨੇ ਪੂਰਬ ਵੱਲ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਉਸ ਥਾਂ ਜਾ ਟਿਕਿਆ ਜਿੱਥੇ ਉਹ ਬਾਲਕ ਸੀ । ੧੦ ਤਾਰੇ ਨੂੰ ਵੇਖ ਕੇ ਉਹ ਬਹੁਤ ਹੀ ਅਨੰਦ ਹੋਏ । ੧੧ ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ, ਅਤੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲੁਬਾਨ ਅਤੇ ਗੰਧਰਸ ਦੀ ਭੇਂਟ ਚੜਾਈ । ੧੨ ਅਤੇ ਸੁਫ਼ਨੇ ਵਿੱਚ ਖ਼ਬਰ ਪਾ ਕੇ, ਜੋ ਉਹ ਹੇਰੋਦੇਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ ।
ਮਿਸਰ ਦੇਸ ਨੂੰ ਜਾਣਾ
੧੩ ਜਦ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ ! ਬਾਲਕ ਅਤੇ ਉਹ ਦੀ ਮਾਤਾ ਨੂੰ ਲੈ ਕੇ ਮਿਸਰ ਦੇਸ ਨੂੰ ਭੱਜ ਜਾ, ਅਤੇ ਜਦੋਂ ਤੱਕ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੀਂ ਕਿਉਂ ਜੋ ਹੇਰੋਦੇਸ, ਇਸ ਬਾਲਕ ਨੂੰ ਮਾਰਨ ਲਈ ਲੱਭੇਗਾ । ੧੪ ਤਦ ਯੂਸੁਫ਼ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ । ੧੫ ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਰਿਹਾ l ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਕਿ, ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ ।
੧੬ ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ । ੧੭ ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਕਿ ੧੮ ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ । ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ ।
ਮਿਸਰ ਦੇਸ ਤੋਂ ਵਾਪਸ ਆਉਣਾ
੧੯ ਜਦ ਹੇਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਨ ਦੇ ਕੇ ਆਖਿਆ, ੨੦ ਉੱਠ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਨੂੰ ਜਾ, ਕਿਉਂਕਿ ਜਿਹੜੇ ਬਾਲਕ ਦੀ ਜਾਨ ਦੇ ਵੈਰੀ ਸਨ, ਉਹ ਮਰ ਗਏ ਹਨ । ੨੧ ਤਦ ਯੂਸੁਫ਼ ਉੱਠਿਆ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਵਿੱਚ ਆਇਆ । ੨੨ ਪਰ ਜਦ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ, ਪਰ ਸੁਫ਼ਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ । ੨੩ ਅਤੇ ਨਾਸਰਤ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਬਚਨ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ, ਜੋ ਉਹ ਨਾਸਰੀ ਅਖਵਾਵੇਗਾ ।