੩੭
ਯੂਸੁਫ਼ ਅਤੇ ਉਸ ਦੇ ਭਰਾ
੧ ਯਾਕੂਬ ਆਪਣੇ ਪਿਤਾ ਦੀ ਮੁਸਾਫ਼ਰੀ ਦੇ ਦੇਸ਼ ਵਿੱਚ ਅਰਥਾਤ ਕਨਾਨ ਦੇ ਦੇਸ਼ ਵਿੱਚ ਵੱਸ ਗਿਆ । ਇਹ ਯਾਕੂਬ ਦੀ ਵੰਸ਼ਾਵਲੀ ਹੈ । ੨ ਜਦ ਯੂਸੁਫ਼ ਸਤਾਰਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਦੇ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੂਸੁਫ਼ ਉਨ੍ਹਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ । ੩ ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ ਅਤੇ ਉਸ ਨੇ ਉਹ ਦੇ ਲਈ ਇੱਕ ਰੰਗ-ਬਿਰੰਗਾ ਚੋਲਾ ਬਣਾਇਆ । ੪ ਜਦ ਉਸ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਤੇ ਉਹ ਦੇ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ । ੫ ਫੇਰ ਯੂਸੁਫ਼ ਨੇ ਇਹ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਦੇ ਨਾਲ ਹੋਰ ਵੈਰ ਰੱਖਣ ਲੱਗੇ । ੬ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਸੁਫ਼ਨਾ ਮੈਂ ਵੇਖਿਆ ਉਹ ਸੁਣੋ । ੭ ਵੇਖੋ, ਅਸੀਂ ਖੇਤ ਦੇ ਵਿੱਚ ਪੂਲੇ ਬੰਨ੍ਹ ਰਹੇ ਸੀ ਅਤੇ ਵੇਖੋ, ਮੇਰਾ ਪੂਲਾ ਉੱਠ ਖੜ੍ਹਾ ਹੋਇਆ ਅਤੇ ਵੇਖੋ, ਤੁਹਾਡੇ ਪੂਲਿਆਂ ਨੇ ਉਸ ਦੇ ਆਲੇ-ਦੁਆਲੇ ਆ ਕੇ ਮੇਰੇ ਪੂਲੇ ਨੂੰ ਮੱਥਾ ਟੇਕਿਆ । ੮ ਫਿਰ ਉਹ ਦੇ ਭਰਾਵਾਂ ਨੇ ਉਸ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ ? ਤਦ ਉਹ ਉਸ ਦੇ ਨਾਲ ਉਹ ਦੇ ਸੁਫਨੇ ਅਤੇ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ । ੯ ਫਿਰ ਉਸ ਨੇ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਆਖਿਆ, ਮੈਂ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਵੇਖੋ, ਸੂਰਜ, ਚੰਦ ਅਤੇ ਗਿਆਰਾਂ ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ । ੧੦ ਉਸ ਨੇ ਇਹ ਸੁਫ਼ਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਉਹ ਦੇ ਪਿਤਾ ਨੇ ਉਸ ਨੂੰ ਝਿੜਕਿਆ ਅਤੇ ਉਹ ਨੂੰ ਆਖਿਆ, ਇਹ ਕਿਹੋ ਜਿਹਾ ਸੁਫ਼ਨਾ ਹੈ, ਜਿਹੜਾ ਤੂੰ ਵੇਖਿਆ ? ਕੀ ਸੱਚ-ਮੁੱਚ ਮੈਂ ਅਤੇ ਤੇਰੀ ਮਾਤਾ ਅਤੇ ਤੇਰੇ ਭਰਾ ਆ ਕੇ ਤੇਰੇ ਅੱਗੇ ਧਰਤੀ ਤੱਕ ਮੱਥਾ ਟੇਕਾਂਗੇ ? ੧੧ ਤਦ ਉਹ ਦੇ ਭਰਾਵਾਂ ਨੂੰ ਈਰਖਾ ਹੋਈ ਅਤੇ ਉਹ ਦੇ ਪਿਤਾ ਨੇ ਇਸ ਗੱਲ ਨੂੰ ਯਾਦ ਰੱਖਿਆ ।
ਯੂਸੁਫ਼ ਦਾ ਵੇਚਿਆ ਜਾਣਾ
੧੨ ਫੇਰ ਉਸ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਕਮ ਨੂੰ ਗਏ । ੧੩ ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਕੀ ਤੇਰੇ ਭਰਾ ਸ਼ਕਮ ਵਿੱਚ ਭੇਡਾਂ ਨਹੀਂ ਚਾਰਦੇ ਹਨ ? ਜਾ, ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜਦਾ ਹਾਂ । ਤਦ ਉਸ ਨੇ ਆਖਿਆ, ਮੈਂ ਹਾਜ਼ਰ ਹਾਂ । ੧੪ ਉਸ ਨੇ ਉਹ ਨੂੰ ਆਖਿਆ, ਜਾ ਆਪਣੇ ਭਰਾਵਾਂ ਅਤੇ ਇੱਜੜਾਂ ਦੀ ਸੁਖ-ਸਾਂਦ ਦਾ ਪਤਾ ਲੈ ਅਤੇ ਮੈਨੂੰ ਵਾਪਸ ਆ ਕੇ ਖ਼ਬਰ ਦੇ । ਸੋ ਉਸ ਨੇ ਉਹ ਨੂੰ ਹਬਰੋਨ ਦੀ ਘਾਟੀ ਤੋਂ ਭੇਜਿਆ ਅਤੇ ਉਹ ਸ਼ਕਮ ਨੂੰ ਆਇਆ । ੧੫ ਅਤੇ ਕੋਈ ਮਨੁੱਖ ਉਸ ਨੂੰ ਮਿਲਿਆ ਅਤੇ ਵੇਖੋ, ਉਹ ਮੈਦਾਨ ਵਿੱਚ ਭਟਕਦਾ ਫਿਰਦਾ ਸੀ ਸੋ ਉਸ ਮਨੁੱਖ ਨੇ ਉਸ ਤੋਂ ਪੁੱਛਿਆ, ਤੂੰ ਕੀ ਲੱਭਦਾ ਹੈਂ ? ੧੬ ਤਦ ਉਸ ਨੇ ਆਖਿਆ, ਮੈਂ ਆਪਣੇ ਭਰਾਵਾਂ ਨੂੰ ਲੱਭਦਾ ਹਾਂ । ਕਿਰਪਾ ਮੈਨੂੰ ਦੱਸੋ ਕਿ ਉਹ ਆਪਣੀਆਂ ਭੇਡਾਂ ਕਿੱਥੇ ਚਾਰਦੇ ਹਨ ? ੧੭ ਫੇਰ ਉਸ ਮਨੁੱਖ ਨੇ ਆਖਿਆ, ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਨ੍ਹਾਂ ਨੂੰ ਇਹ ਆਖਦੇ ਸੁਣਿਆ ਕਿ ਅਸੀਂ ਦੋਥਾਨ ਨੂੰ ਚੱਲੀਏ । ਸੋ ਯੂਸੁਫ਼ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਲੱਭਿਆ । ੧੮ ਤਦ ਉਨ੍ਹਾਂ ਨੇ ਉਸ ਨੂੰ ਦੂਰੋਂ ਵੇਖਿਆ ਅਤੇ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਣ ਦੀ ਯੋਜਨਾ ਬਣਾਈ ੧੯ ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ, ਉਹ ਸੁਫ਼ਨੇ ਵੇਖਣ ਵਾਲਾ ਆ ਰਿਹਾ ਹੈ । ੨੦ ਹੁਣ ਆਓ ਅਸੀਂ ਇਸ ਨੂੰ ਮਾਰ ਸੁੱਟੀਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਆਖੀਏ ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਸੁੱਟਿਆ ਹੈ ਤਾਂ ਅਸੀਂ ਵੇਖਾਂਗੇ ਕਿ ਉਸ ਦੇ ਸੁਫ਼ਨਿਆਂ ਦਾ ਕੀ ਬਣੇਗਾ । ੨੧ ਪਰ ਰਊਬੇਨ ਨੇ ਸੁਣ ਕੇ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾਇਆ ਅਤੇ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ । ੨੨ ਰਊਬੇਨ ਨੇ ਉਨ੍ਹਾਂ ਨੂੰ ਆਖਿਆ, ਖੂਨ ਨਾ ਕਰੋ, ਉਸ ਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ ਪਰ ਉਸ ਨੂੰ ਹੱਥ ਨਾ ਲਾਓ ਤਾਂ ਜੋ ਉਹ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਉਹ ਦੇ ਪਿਤਾ ਕੋਲ ਪਹੁੰਚਾ ਦੇਵੇ । ੨੩ ਜਦ ਯੂਸੁਫ਼ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਯੂਸੁਫ਼ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਰੰਗ ਬਿਰੰਗਾ ਚੋਲਾ ਜਿਹੜਾ ਉਸ ਨੇ ਪਾਇਆ ਹੋਇਆ ਸੀ, ਉਤਾਰ ਲਿਆ । ੨੪ ਤਦ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਹ ਟੋਆ ਖਾਲੀ ਸੀ, ਉਸ ਵਿੱਚ ਪਾਣੀ ਨਹੀਂ ਸੀ । ੨੫ ਜਦ ਉਹ ਰੋਟੀ ਖਾਣ ਬੈਠੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕੇ ਇਸਮਾਏਲੀਆਂ ਦਾ ਇੱਕ ਕਾਫ਼ਿਲਾ ਗਿਲਆਦ ਤੋਂ ਆ ਰਿਹਾ ਸੀ ਅਤੇ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲੇ, ਗੁਗਲ ਅਤੇ ਗੰਧਰਸ ਲੱਦੀ ਹੋਈ ਸੀ, ਜੋ ਉਹ ਮਿਸਰ ਨੂੰ ਲੈ ਜਾ ਰਹੇ ਸਨ । ੨੬ ਤਦ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਸਾਨੂੰ ਕੀ ਲਾਭ ਹੋਵੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਅਤੇ ਉਸ ਦੇ ਲਹੂ ਨੂੰ ਲੁਕਾਈਏ ? ੨੭ ਆਓ ਅਸੀਂ ਇਸਮਾਏਲੀਆਂ ਕੋਲ ਉਸ ਨੂੰ ਵੇਚ ਦੇਈਏ ਪਰ ਉਸ ਉੱਤੇ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ ਅਤੇ ਉਸ ਦੇ ਭਰਾਵਾਂ ਨੇ ਉਹ ਦੀ ਗੱਲ ਮੰਨ ਲਈ । ੨੮ ਤਦ ਮਿਦਯਾਨੀ ਵਪਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ ਵੀਹ ਸਿੱਕਿਆਂ ਵਿੱਚ ਵੇਚ ਦਿੱਤਾ ਅਤੇ ਉਹ ਯੂਸੁਫ਼ ਨੂੰ ਮਿਸਰ ਵਿੱਚ ਲੈ ਗਏ । ੨੯ ਜਦ ਰਊਬੇਨ ਟੋਏ ਵੱਲ ਮੁੜ ਕੇ ਆਇਆ ਤਾਂ ਵੇਖੋ ਯੂਸੁਫ਼ ਟੋਏ ਵਿੱਚ ਨਹੀਂ ਸੀ, ਤਦ ਉਸ ਨੇ ਆਪਣੇ ਕੱਪੜੇ ਪਾੜੇ ੩੦ ਅਤੇ ਉਹ ਆਪਣੇ ਭਰਾਵਾਂ ਕੋਲ ਮੁੜ ਆਇਆ ਅਤੇ ਆਖਿਆ, ਉਹ ਮੁੰਡਾ ਉੱਥੇ ਨਹੀਂ ਹੈ, ੩੧ ਹੁਣ ਮੈਂ ਕਿੱਥੇ ਜਾਂਵਾਂ ? ਤਦ ਉਨ੍ਹਾਂ ਦੇ ਯੂਸੁਫ਼ ਦਾ ਚੋਲਾ ਲੈ ਕੇ ਇੱਕ ਬੱਕਰਾ ਮਾਰ ਕੇ ਉਸ ਚੋਲੇ ਨੂੰ ਲਹੂ ਵਿੱਚ ਡੋਬਿਆ । ੩੨ ਫੇਰ ਉਸ ਰੰਗ ਬਿਰੰਗੇ ਚੋਗੇ ਨੂੰ ਚੁੱਕ ਕੇ ਆਪਣੇ ਪਿਤਾ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਖਿਆ, ਸਾਨੂੰ ਇਹ ਲੱਭਿਆ ਹੈ । ਇਸ ਨੂੰ ਪਹਿਚਾਣ ਕੀ ਇਹ ਤੁਹਾਡੇ ਪੁੱਤਰ ਦਾ ਚੋਲਾ ਹੈ ਜਾਂ ਨਹੀਂ । ੩੩ ਤਦ ਉਸ ਨੇ ਉਹ ਨੂੰ ਪਹਿਚਾਣ ਕੇ ਆਖਿਆ, ਇਹ ਮੇਰੇ ਪੁੱਤਰ ਦਾ ਚੋਲਾ ਹੈ । ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਦਿੱਤਾ ਹੈ । ਹਾਂ, ਯੂਸੁਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ । ੩੪ ਯਾਕੂਬ ਨੇ ਆਪਣੇ ਬਸਤਰ ਪਾੜੇ ਅਤੇ ਤੱਪੜ ਆਪਣੀ ਕਮਰ ਉੱਤੇ ਲਪੇਟਿਆ ਅਤੇ ਬਹੁਤ ਦਿਨਾਂ ਤੱਕ ਆਪਣੇ ਪੁੱਤਰ ਦਾ ਸੋਗ ਕਰਦਾ ਰਿਹਾ । ੩੫ ਉਹ ਦੇ ਸਾਰੇ ਪੁੱਤਰ-ਧੀਆਂ ਨੇ ਉਸ ਨੂੰ ਤੱਸਲੀ ਦਿੱਤੀ, ਪਰ ਉਸ ਦੀ ਹਾਲਤ ਉਹੀ ਰਹੀ, ਪਰ ਆਖਿਆ, ਮੈਂ ਪਤਾਲ ਵਿੱਚ ਆਪਣੇ ਪੁੱਤਰ ਕੋਲ ਰੋਂਦਾ-ਰੋਂਦਾ ਉੱਤਰਾਂਗਾ ਅਤੇ ਉਸ ਦਾ ਪਿਤਾ ਉਹ ਦੇ ਲਈ ਵਿਰਲਾਪ ਕਰਦਾ ਰਿਹਾ । ੩੬ ਅਤੇ ਉਨ੍ਹਾਂ ਮਿਦਯਾਨੀਆਂ ਨੇ ਯੂਸੁਫ਼ ਨੂੰ ਮਿਸਰ ਵਿੱਚ ਪੋਤੀਪਰ ਕੋਲ ਵੇਚ ਦਿੱਤਾ, ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ ।