1 Thessalonians
ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ
ਭੂਮਿਕਾ
ਥੱਸਲੁਨੀਕੀਆ ਰੋਮੀ ਸਾਮਰਾਜ ਦੇ ਮਕਦੂਨੀਆ ਰਾਜ ਦੀ ਰਾਜਧਾਨੀ ਸੀ । ਫਿਲਿੱਪੀ ਨਗਰ ਵਿੱਚੋਂ ਆਉਣ ਤੋਂ ਬਾਅਦ ਪੌਲੁਸ ਨੇ ਇੱਥੇ ਇੱਕ ਕਲੀਸਿਯਾ ਦੀ ਸਥਾਪਨਾ ਕੀਤੀ ਸੀ । ਇੱਥੇ ਵੀ ਜਲਦੀ ਹੀ ਉਹਨਾਂ ਯਹੂਦੀਆਂ ਦੇ ਦੁਆਰਾ ਵਿਰੋਧ ਸ਼ੁਰੂ ਹੋ ਗਿਆ ਜਿਹੜੇ ਗੈਰ ਯਹੂਦੀਆਂ ਦੇ ਵਿੱਚ ਪੌਲੁਸ ਦੇ ਮਸੀਹੀ ਪ੍ਰਚਾਰ ਤੋਂ ਜਲਦੇ ਸਨ, ਕਿਉਂਕਿ ਇਹ ਗੈਰ ਯਹੂਦੀ, ਯਹੂਦੀ ਧਰਮ ਵਿੱਚ ਦਿਲਚਸਪੀ ਰੱਖਦੇ ਸਨ । ਅੰਤ ਪੌਲੁਸ ਨੂੰ ਥੱਸਲੁਨੀਕੀਆ ਛੱਡਣਾ ਪਿਆ ਅਤੇ ਉਹ ਬਰਿਯਾ ਚੱਲਿਆ ਗਿਆ । ਬਾਅਦ ਵਿੱਚ ਜਦੋਂ ਉਹ ਕੁਰਿੰਥੀਆਂ ਵਿੱਚ ਪਹੁੰਚਿਆ ਤਾਂ ਉਸ ਨੂੰ ਆਪਣੇ ਨਾਲ ਦੇ ਕੰਮ ਕਰਨ ਵਾਲਿਆਂ ਅਤੇ ਸਾਥੀ ਤਿਮੋਥਿਉਸ ਤੋਂ ਥੱਸਲੁਨੀਕੀਆ ਖ਼ਬਰ ਮਿਲੀ ।
ਇਹ ਖ਼ਬਰ ਪ੍ਰਾਪਤ ਕਰਨ ਤੋਂ ਬਾਅਦ ਪੌਲੁਸ ਦੀ ਪਹਿਲੀ ਪੱਤ੍ਰੀ ਥੱਸਲੁਨੀਕੀਆ ਦੀ ਕਲੀਸਿਯਾ ਨੂੰ ਹੌਂਸਲਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਲਈ ਲਿਖੀ ਗਈ । ਉਹ ਉਹਨਾਂ ਦੇ ਵਿਸ਼ਵਾਸ ਅਤੇ ਪਿਆਰ ਦੇ ਬਾਰੇ ਖ਼ਬਰ ਦੇ ਲਈ ਧੰਨਵਾਦ ਦਿੰਦਾ ਹੈ । ਉਹ ਉਹਨਾਂ ਨੂੰ ਆਪਣੇ ਜੀਵਨ ਦੇ ਬਾਰੇ ਯਾਦ ਕਰਾਉਂਦਾ ਹੈ ਜੋ ਉਸ ਨੇ ਉਹਨਾਂ ਦੇ ਨਾਲ ਰਹਿੰਦੇ ਹੋਏ ਗੁਜਾਰਿਆ ਸੀ । ਫਿਰ ਉਹ ਮਸੀਹ ਦੇ ਦੁਬਾਰਾ ਆਉਣ ਦੇ ਬਾਰੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ, ਜਿਹੜੇ ਉਸ ਕਲੀਸਿਯਾ ਦੇ ਵਿੱਚ ਪ੍ਰਸ਼ਨ ਸਨ । ਪੌਲੁਸ ਉਹਨਾਂ ਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਮਸੀਹ ਦੇ ਦੁਬਾਰਾ ਆਉਣ ਦੀ ਉਡੀਕ ਕਰ ਰਹੇ ਹੋ, ਤਾਂ ਚੁੱਪ-ਚਾਪ ਆਪਣੇ ਕੰਮ ਵਿੱਚ ਲੱਗੇ ਰਹੋ ।
ਰੂਪ-ਰੇਖਾ:
ਭੂਮਿਕਾ 1:1
ਧੰਨਵਾਦ ਅਤੇ ਸਤੂਤੀ 1:2 - 3:13
ਮਸੀਹੀ ਚਾਲ-ਚੱਲਣ ਸੰਬੰਧੀ ਉਪਦੇਸ਼ 4:1-12
ਮਸੀਹ ਦੇ ਦੁਬਾਰਾ ਆਉਣ ਦੇ ਸੰਬੰਧੀ ਸਿੱਖਿਆ 4:13 - 5:11
ਆਖਰੀ ਉਪਦੇਸ਼ 5:12-22
ਸਿੱਟਾ 5:23-28
੧
ਨਮਸਕਾਰ
੧ ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵਲੋਂ ਥੱਸਲੁਨੀਕੀਆ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ, ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।
ਥੱਸਲੁਨੀਕੀਆਂ ਦਾ ਵਿਸ਼ਵਾਸ
੨ ਅਸੀਂ ਆਪਣੀਆਂ ਪ੍ਰਾਰਥਨਾਂਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਾਰਿਆਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ । ੩ ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ੁਰ ਦੇ ਅੱਗੇ ਹਰ ਰੋਜ਼ ਚੇਤੇ ਕਰਦੇ ਹਾਂ । ੪ ਹੇ ਭਰਾਵੋ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ । ੫ ਇਸ ਲਈ ਜੋ ਸਾਡੀ ਖੁਸ਼ਖਬਰੀ ਸਿਰਫ਼ ਗੱਲਾਂ ਨਾਲ ਹੀ ਨਹੀਂ ਸੀ, ਸਗੋਂ ਸਮਰੱਥਾ, ਪਵਿੱਤਰ ਆਤਮਾ ਅਤੇ ਪੂਰੇ ਵਿਸ਼ਵਾਸ ਨਾਲ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਸਾਡਾ ਕਿਹੋ ਜਿਹਾ ਵਰਤਾਵਾ ਸੀ । ੬ ਅਤੇ ਤੁਸੀਂ ਉਸ ਬਚਨ ਨੂੰ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ, ਵੱਡੀ ਬਿਪਤਾ ਵਿੱਚ ਵੀ ਸਾਡੀ ਅਤੇ ਪ੍ਰਭੂ ਦੀ ਰੀਸ ਕੀਤੀ । ੭ ਇਥੋਂ ਤੱਕ ਕਿ ਤੁਸੀਂ ਉਨ੍ਹਾਂ ਸਾਰਿਆਂ ਵਿਸ਼ਵਾਸੀਆਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ, ਚੰਗਾ ਨਮੂਨਾ ਬਣੇ । ੮ ਕਿਉਂ ਜੋ ਤੁਹਾਡੇ ਕੋਲੋਂ ਪ੍ਰਭੂ ਦੇ ਬਚਨ ਦੀ ਧੁੰਮ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪਈ ਹੈ ਸਗੋਂ ਤੁਹਾਡਾ ਵਿਸ਼ਵਾਸ ਜੋ ਪਰਮੇਸ਼ੁਰ ਉੱਤੇ ਹੈ ਸਭ ਥਾਵਾਂ ਤੇ ਉਜਾਗਰ ਹੋ ਗਿਆ, ਇਸ ਕਰਕੇ ਸਾਡੇ ਆਖਣ ਦੀ ਕੋਈ ਲੋੜ ਨਹੀਂ । ੯ ਉਹ ਤਾਂ ਆਪ ਸਾਡੇ ਬਾਰੇ ਦੱਸਦੇ ਹਨ ਕਿ ਸਾਡਾ ਤੁਹਾਡੇ ਕੋਲ ਆਉਣਾ ਕਿਸ ਪ੍ਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਕਿ ਜਿਉਂਦੇ ਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰੋ । ੧੦ ਅਤੇ ਉਹ ਦੇ ਪੁੱਤਰ ਦੇ ਸਵਰਗੋਂ ਆਉਣ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਵੇਗਾ ।