22
1 ਦਾਊਦ ਨੇ ਕਿਹਾ, “ਯਹੋਵਾਹ ਪਰਮੇਸ਼ੁਰ ਦਾ ‘ਮੰਦਰ’ ਅਤੇ ਹੋਮ ਦੀਆਂ ਬਲੀਆਂ ਦੀ ਜਗਵੇਦੀ ਜੋ ਕਿ ਇਸਰਾਏਲ ਦੇ ਲੋਕਾਂ ਲਈ ਹੋਵੇਗੀ, ਇਸ ਬਾਵੇਂ ਹੀ ਬਣੇਗੀ।”
ਦਾਊਦ ਦੀ ਮੰਦਰ ਲਈ ਤਿਆਰੀ
2 ਦਾਊਦ ਨੇ ਸਾਰੇ ਵਿਦੇਸ਼ੀਆਂ ਨੂੰ ਜੋ ਇਸਰਾਏਲ ਵਿੱਚ ਰਹਿ ਰਹੇ ਸਨ ਇਕੱਠਿਆਂ ਹ੍ਹੋਣ ਦਾ ਹੁਕਮ ਦਿੱਤਾ ਅਤੇ ਦਾਊਦ ਨੇ ਉਨ੍ਹਾਂ ਵਿਦੇਸ਼ੀਆਂ ਵਿੱਚੋਂ ਉਨ੍ਹਾਂ ਦੇ ਦਲ ਵਿੱਚੋਂ ਕੁਝ ਸੰਗ ਤਰਾਸ਼ਾਂ ਨੂੰ ਚੁਣਿਆ, ਜਿਨ੍ਹਾਂ ਦਾ ਕੰਮ ਪਰਮੇਸ਼ੁਰ ਦੇ ਮੰਦਰ ਦੀ ਇਮਾਰਤ ਲਈ ਪੱਥਰ ਘੜਨੇ ਸੀ।
3 ਦਾਊਦ ਨੇ ਪ੍ਰਵੇਸ਼ ਦੇ ਦਰਵਾਜ਼ਿਆਂ ਲਈ ਮੇਖਾਂ ਅਤੇ ਕਬਜ਼ੇ ਬਨਾਉਣ ਲਈ ਬਹੁਤ ਸਾਰਾ ਲੋਹਾ ਇਕੱਠਾ ਕੀਤਾ ਅਤੇ ਤੋਂਲੇ ਜਾਣ ਤੋਂ ਵੀ ਵੱਧੇਰੇ ਕਾਂਸੀ ਇਕੱਠੀ ਕੀਤੀ।
4 ਦਾਊਦ ਨੇ ਸੀਦੋਨ ਅਤੇ ਸ਼ੂਰ ਦੇ ਲੋਕਾਂ ਤੋਂ, ਜਿਹੜੇ ਦਾਊਦ ਕੋਲ ਦਿਆਰ ਦੀ ਲੱਕੜੀ ਲੈ ਕੇ ਆਏ, ਬੇਹਿਸਾਬ ਦਿਆਰ ਦੀ ਲੱਕੜੀ ਲਈ।
5 ਦਾਊਦ ਨੇ ਕਿਹਾ, “ਸਾਨੂੰ ਯਹੋਵਾਹ ਲਈ ਇੱਕ ਬਹੁਤ ਹੀ ਵਿਸ਼ਾਲ ਅਤੇ ਮਹਾਨ ਮੰਦਰ ਬਨਾਉਣਾ ਚਾਹੀਦਾ ਹੈ। ਪਰ ਮੇਰਾ ਪੁੱਤਰ ਅਜੇ ਬਹੁਤ ਛੋਟਾ ਅਤੇ ਤਜ਼ਰਬਾਹੀਣ ਹੈ। ਯਹੋਵਾਹ ਦਾ ਮੰਦਰ ਇਸਦੀ ਮਹਾਨਤਾ ਅਤੇ ਸੁੰਦਰਤਾ ਲਈ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਹੋਣਾ ਚਾਹੀਦਾ ਹੈ। ਇਸੇ ਕਾਰਣ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੀ ਮੈਂ ਯੋਜਨਾ ਬਣਾਈ ਹੈ।” ਇਸ ਲਈ ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਮੰਦਰ ਦੇ ਨਿਰਮਾਣ ਦੀਆਂ ਬੜੀਆਂ ਯੋਜਨਾਵਾਂ ਬਣਾਈਆਂ।
6 ਫ਼ਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ। ਦਾਊਦ ਨੇ ਸੁਲੇਮਾਨ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਮੰਦਰ ਦੇ ਨਿਰਮਾਣ ਕਰਨ ਦੇ ਬਾਰੇ ਦੱਸਿਆ।
7 ਦਾਊਦ ਨੇ ਸੁਲੇਮਾਨ ਨੂੰ ਕਿਹਾ, “ਮੇਰੇ ਪੁੱਤਰ! ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।
8 ਪਰ ਮੇਰੇ ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ ਤੂੰ ਬੜੀਆਂ ਲੜਾਈਆਂ ਲੜਿਆ ਹੈਂ ਅਤੇ ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ। ਇਸ ਲਈ ਤੂੰ ਮੇਰੇ ਨਾਂ ਲਈ ਮੰਦਰ ਨਹੀਂ ਬਨਵਾ ਸੱਕਦਾ।
9 ਪਰ ਤੇਰੇ ਘਰ ਇੱਕ ਪੁੱਤਰ ਹੋਵੇਗਾ ਜੋ ਅਮਨ ਪਸੰਦ ਹੋਵੇਗਾ ਅਤੇ ਮੈਂ ਤੇਰੇ ਪੁੱਤਰ ਨੂੰ ਸ਼ਾਂਤੀ ਦਾ ਸਮਾਂ ਦੇਵਾਂਗਾ। ਉਸ ਦੇ ਚੌਗਿਰਦੇ ’ਚ ਪਸਰੇ ਉਸ ਦੇ ਵੈਰੀ ਉਸ ਨੂੰ ਪਰੇਸ਼ਾਨ ਨਹੀਂ ਕਰਨਗੇ ਅਤੇ ਉਸਦਾ ਨਾਂ ਸੁਲੇਮਾਨ ਹੋਵੇਗਾ। ਅਤੇ ਮੈਂ ਸੁਲੇਮਾਨ ਦੇ ਰਾਜ ਵਿੱਚ ਇਸਰਾਏਲ ਨੂੰ ਸੁੱਖ ਸ਼ਾਂਤੀ ਤੇ ਅਮਨ ਦਾ ਰਾਜ ਦੇਵਾਂਗਾ।
10 ਸੁਲੇਮਾਨ ਮੇਰੇ ਨਾਂ ਵਾਸਤੇ ਮੰਦਰ ਦਾ ਨਿਰਮਾਣ ਕਰੇਗਾ। ਸੁਲੇਮਾਨ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਸਦਾ ਪਿਤਾ। ਅਤੇ ਮੈਂ ਸੁਲੇਮਾਨ ਦੇ ਰਾਜ ਨੂੰ ਮਜ਼ਬੂਤ ਸ਼ਕਤੀਸ਼ਾਲੀ ਬਣਾਵਾਂਗਾ ਅਤੇ ਉਸ ਦੇ ਘਰਾਣੇ ਵਿੱਚੋਂ ਕਿਸੇ ਦਾ ਰਾਜ ਹਮੇਸ਼ਾ-ਹਮੇਸ਼ਾ ਲਈ ਇਸਰਾਏਲ ਤੇ ਰਹੇਗਾ।’”
11 ਦਾਊਦ ਨੇ ਇਹ ਵੀ ਕਿਹਾ, “ਹੁਣ ਹੇ ਮੇਰੇ ਪੁੱਤਰ! ਪਰਮੇਸ਼ੁਰ ਤੇਰੇ ਅੰਗ-ਸੰਗ ਰਹੇ। ਤੈਨੂੰ ਸਫ਼ਲਤਾ ਮਿਲੇ ਅਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਮੰਦਰ ਬਨਾਉਣ ਵਿੱਚ ਕਾਮਯਾਬ ਰਹੇਁ, ਜਿਵੇਂ ਕਿ ਉਸ ਨੇ ਤੇਰੇ ਬਾਰੇ ਬਚਨ ਕੀਤਾ ਹੈ।
12 ਯਹੋਵਾਹ ਤੈਨੂੰ ਇਸਰਾਏਲ ਦੀ ਪਾਤਸ਼ਾਹੀ ਦੇਵੇ। ਪਰਮੇਸ਼ੁਰ ਤੈਨੂੰ ਸਮਝ ਅਤੇ ਸੋਝੀ ਦੇਵੇ ਤਾਂ ਜੋ ਤੂੰ ਬੁੱਧੀ ਨਾਲ ਇਸਰਾਏਲ ਦੇ ਲੋਕਾਂ ਨੂੰ ਆਪਣੇ ਪਰਮੇਸ਼ੁਰ ਦਾ ਹੁਕਮ ਅਤੇ ਨਿਆਂ ਮੰਨਦਾ ਹੋਇਆ ਰਾਹੇ ਪਾ ਸੱਕੇਁ।
13 ਜੇਕਰ ਤੂੰ ਪਰਮੇਸ਼ੁਰ ਦੇ ਅਸੂਲ ਅਤੇ ਨੇਮ ਮਂਨੇਗਾ ਜਿਹੜੇ ਪਰਮੇਸ਼ੁਰ ਨੇ ਇਸਰਾਏਲ ਵਾਸਤੇ ਮੂਸਾ ਨੂੰ ਦਿੱਤੇ ਸਨ, ਤਾਂ ਪਰਮੇਸ਼ੁਰ ਤੇਰੇ ਤੇ ਕਿਰਪਾ ਕਰੇਗਾ ਤੇ ਤੈਨੂੰ ਸਫ਼ਲਤਾ ਦੇਵੇਗਾ। ਤੂੰ ਬਹਾਦੁਰ ਹੋ ਕੇ ਸ਼ਕਤੀਸ਼ਾਲੀ ਹੋ, ਡਰ ਨਹੀਂ।
14 “ਸੁਲੇਮਾਨ, ਵੇਖ, ਮੈਂ ਯਹੋਵਾਹ ਦੇ ਮੰਦਰ ਲਈ ਯੋਜਨਾ ਬਨਾਉਣ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ। ਇਸ ਦੇ ਲਈ ਮੈਂ 3,750 ਟੱਨ ਸੋਨਾ, 37,500 ਟੱਨ ਚਾਂਦੀ ਅਤੇ ਬਹੁਤ ਹੀ ਕਾਂਸੀ ਅਤੇ ਲੋਹਾ ਦਿੱਤਾ ਹੈ ਜੋ ਤੋਂਲੇ ਨਹੀਂ ਜਾ ਸੱਕਦੇ। ਇਨ੍ਹਾਂ ਤੋਂ ਇਲਾਵਾ, ਮੈਂ ਇਸ ਦੇ ਨਿਰਮਾਣ ਲਈ ਲੱਕੜ ਅਤੇ ਪੱਥਰ ਵੀ ਦਿੱਤੇ ਹਨ। ਸੁਲੇਮਾਨ, ਤੂੰ ਇਨ੍ਹਾਂ ਵਿੱਚ ਹੋਰ ਵੱਧੇਰੇ ਜੋੜ ਸੱਕਦਾ ਹੈ।
15 ਤੇਰੇ ਕੋਲ ਬਹੁਤ ਸਾਰੇ ਸੰਗ ਤਰਾਸ਼ ਅਤੇ ਤਰੱਖਾਣ ਹਨ ਅਤੇ ਤੇਰੇ ਕੋਲ ਹਰ ਖੇਤਰ ਦੇ ਮਾਹਿਰ ਕਾਰੀਗਰ ਵੀ ਹਨ।
16 ਜੋ ਕਿ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਆਦਿ ਦੀ ਕਾਰੀਗਰੀ ’ਚ ਬੜੇ ਨਿਪੁਣ ਹਨ। ਤੇਰੇ ਕੋਲ ਤਾਂ ਅਜਿਹੇ ਕਾਰੀਗਰ ਬੇਹਿਸਾਬ ਹਨ। ਇਸ ਲਈ ਹੁਣ ਤੂੰ ਕਾਰਜ ਸ਼ੁਰੂ ਕਰ। ਯਹੋਵਾਹ ਤੇਰੇ ਅੰਗ-ਸੰਗ ਹੋਵੇ।”
17 ਤੱਦ ਦਾਊਦ ਨੇ ਇਸਰਾਏਲ ਦੇ ਸਾਰੇ ਆਗੂਆਂ ਨੂੰ ਆਪਣੇ ਪੁੱਤਰ ਸੁਲੇਮਾਨ ਦੀ ਮਦਦ ਕਰਨ ਲਈ ਆਖਿਆ।
18 ਦਾਊਦ ਨੇ ਇਨ੍ਹਾਂ ਆਗੂਆਂ ਨੂੰ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ। ਉਸ ਨੇ ਤੁਹਾਨੂੰ ਸ਼ਾਂਤੀ ਦਾ ਸਮਾਂ ਬਖਸ਼ਿਆ ਹੈ। ਯਹੋਵਾਹ ਨੇ ਇਸ ਧਰਤੀ ਦੇ ਸਾਰੇ ਵਾਸੀਆਂ ਨੂੰ ਹਰਾਉਣ ’ਚ ਮੇਰੀ ਸਹਾਇਤਾ ਕੀਤੀ ਹੈ। ਸੋ ਹੁਣ ਯਹੋਵਾਹ ਅਤੇ ਉਸ ਦੇ ਲੋਕ ਇਸ ਧਰਤੀ ਤੇ ਕਾਬਿਜ਼ ਹਨ।
19 ਇਸ ਲਈ ਆਪਣੇ ਮਨ ਅਤੇ ਦਿਲ ਪਰਮੇਸ਼ੁਰ ਨੂੰ ਸੌਂਪ ਦੇਵੋ ਅਤੇ ਉਸ ਦੇ ਆਦੇਸ਼ ਅਨੁਸਾਰ ਚੱਲੋ। ਯਹੋਵਾਹ ਦੇ ਪਵਿੱਤਰ ਅਸਬਾਨ ਨੂੰ ਬਨਾਉਣ ਲਈ ਤਿਆਰ ਹੋਵੋ ਅਤੇ ਯਹੋਵਾਹ ਦੇ ਨਾਂ ਤੇ ਮੰਦਰ ਦੀ ਉਸਾਰੀ ਕਰੋ ਤੇ ਫ਼ਿਰ ਉਸ ਦੇ ਨੇਮ ਦੇ ਸੰਦੂਕ ਨੂੰ ਅਤੇ ਹੋਰ ਪਵਿੱਤਰ ਵਸਤਾਂ ਨੂੰ ਲਿਆ ਕੇ ਇਸ ਮੰਦਰ ਵਿੱਚ ਟਿਕਾਅ ਦੇਵੋ।”