ਬਲੀਆਂ ਬਾਰੇ ਬਿਧੀਆਂ
15
1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ: ਮੈਂ ਤੁਹਾਨੂੰ ਇੱਕ ਧਰਤੀ ਦੇ ਰਿਹਾ ਹਾਂ ਜਿਹੜੀ ਤੁਹਾਡਾ ਘਰ ਹੋਵੇਗੀ, ਜਦੋਂ ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂ,
3 ਤੁਹਾਨੂੰ ਅਵੱਸ਼ ਹੀ ਯਹੋਵਾਹ ਨੂੰ ਅੱਗ ਦੁਆਰਾ ਭੇਟਾ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਹੋਮ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾ, ਖਾਸ ਇਕਰਾਰਾ, ਖਾਸ ਸੁਗਾਤਾ, ਅਤੇ ਆਪਣੇ ਪਰਬਾ ਵਾਲੇ ਦਿਨਾ ਦੀਆਂ ਬਲੀਆਂ ਲਈ ਆਪਣੀਆਂ ਗਊਆਂ, ਭੇਡਾਂ ਅਤੇ ਬੱਕਰੀਆਂ ਦੀ ਵਰਤੋਂ ਕਰੋਂਗੇ।
4 “ਜਦੋਂ ਵੀ ਕੋਈ ਬੰਦਾ ਆਪਣੀ ਭੇਟ ਲੈ ਕੇ ਆਵੇ ਉਸ ਨੂੰ ਯਹੋਵਾਹ ਅੱਗੇ ਅਨਾਜ ਦੀ ਭੇਟ ਵੀ ਚੜ੍ਹਾਉਣੀ ਚਾਹੀਦੀ ਹੈ। ਅਨਾਜ ਦੀ ਭੇਟ ਜ਼ੈਤੂਨ ਦੇ ਤੇਲ ਦੇ ਇੱਕ ਕੁਆਟਰ ਨਾਲ ਗੁੰਨ੍ਹੇ ਹੋਏ 8 ਕੱਪ ਮੈਦੇ ਦੇ ਰੂਪ ਵਿੱਚ ਹੋਵੇਗੀ।
5 ਹਰ ਵਾਰੀ ਜਦੋਂ ਤੁਸੀਂ ਹੋਮ ਦੀ ਭੇਟ ਵਜੋਂ ਲੇਲਾ ਚੜ੍ਹਾਵੋਂ ਤਾ ਤੁਹਾਨੂੰ ਪੀਣ ਦੀ ਭੇਟ ਵਜੋਂ ਇੱਕ ਕੁਆਟਰ ਮੈਅ ਵੀ ਤਿਆਰ ਕਰਨੀ ਚਾਹੀਦੀ ਹੈ।
6 “ਜੇ ਤੁਸੀਂ ਭੇਡ ਦੇ ਰਹੇ ਹੋਵੋ ਤਾਂ ਤੁਹਾਨੂੰ ਇੱਕ ਤਿਆਰ ਅਨਾਜ ਦੀ ਭੇਟ ਵੀ ਲਿਆਉਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ 1 1/4 ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 16 ਕੱਪਾਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।
7 ਤੁਹਾਨੂੰ ਪੀਣ ਦੀ ਭੇਟ ਵਜੋਂ 1 1/4 ਕੁਆਟਰ ਮੈਅ ਵੀ ਦੇਣੀ ਚਾਹੀਦੀ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
8 “ਤੁਸੀਂ ਹੋਮ ਦੀ ਭੇਟ ਵਜੋਂ ਜਾਂ ਬਲੀ ਲਈ ਜਾਂ ਸੁੱਖ-ਸਾਂਦ ਦੀ ਭੇਟ ਲਈ ਜਾਂ ਯਹੋਵਾਹ ਨਾਲ ਕੀਤੇ ਖਾਸ ਇਕਰਾਰ ਲਈ ਇੱਕ ਜਵਾਨ ਬਲਦ ਲਿਆ ਸੱਕਦੇ ਹੋ।
9 ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ 24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।
10 ਅਤੇ ਇਸਦੇ ਨਾਲ ਹੀ ਦੋ ਕੁਆਟਰ ਮੈਅ ਵੀ ਪੀਣ ਦੀ ਭੇਟ ਵਜੋਂ ਲੈ ਕੇ ਆਵੋ। ਇਹ ਭੇਟ ਹੋਮ ਦੇ ਰੂਪ ਵਿੱਚ ਹੋਵੇਗੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ।
11 ਹਰੇਕ ਬਲਦ, ਭੇਡ, ਜਾਂ ਬੱਕਰੀ, ਜਿਸ ਨੂੰ ਤੁਸੀਂ ਸੁਗਾਤ ਵਜੋਂ ਯਹੋਵਾਹ ਨੂੰ ਭੇਟ ਕਰੋ, ਇੰਝ ਤਿਆਰ ਕੀਤਾ ਜਾਣਾ ਚਾਹੀਦਾ ਹੈ।
12 ਇਨ੍ਹਾਂ ਵਿੱਚੋਂ ਹਰੇਕ ਜਾਨਵਰ ਜਿਹੜਾ ਤੁਸੀਂ ਭੇਟ ਕਰੋ ਇਸੇ ਢੰਗ ਨਾਲ ਹੋਣਾ ਚਾਹੀਦਾ ਹੈ।
13 “ਇਹੀ ਉਹ ਢੰਗ ਹੈ ਜਿਹੜਾ ਹਰ ਇਸਰਾਏਲੀ ਨਾਗਰਿਕ ਨੂੰ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਵਜੋਂ ਕਰਨਾ ਚਾਹੀਦਾ ਹੈ।
14 ਤੁਹਾਡੇ ਦਰਮਿਆਨ ਵਿਦੇਸ਼ੀ ਵੀ ਰਹਿਣਗੇ। ਜੇ ਉਹ ਲੋਕ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।
15 ਹਰ ਕਿਸੇ ਲਈ ਇੱਕੋ ਜਿਹੀਆਂ ਬਿਧੀਆਂ ਹੋਣਗੀਆਂ-ਇਸਰਾਏਲ ਦੇ ਲੋਕਾਂ ਲਈ ਵੀ ਅਤੇ ਤੁਹਾਡੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀਆ ਲਈ ਵੀ। ਇਹ ਬਿਧੀ ਹਮੇਸ਼ਾ ਜਾਰੀ ਰਹੇਗੀ। ਤੁਸੀਂ ਅਤੇ ਤੁਹਾਡੇ ਵਿੱਚਕਾਰ ਰਹਿਣ ਵਾਲੇ ਲੋਕ ਯਹੋਵਾਹ ਦੇ ਸਾਹਮਣੇ ਇੱਕੋ ਜਿਹੇ ਹੋਣਗੇ।
16 ਇਸਦਾ ਅਰਥ ਇਹ ਹੈ ਕਿ ਤੁਹਾਨੂੰ ਉਨ੍ਹਾਂ ਹੀ ਕਾਨੂੰਨਾ ਅਤੇ ਉਨ੍ਹਾਂ ਹੀ ਬਿਧੀਆਂ ਉੱਤੇ ਚੱਲਣਾ ਚਾਹੀਦਾ ਹੈ। ਉਹੀ ਕਾਨੂੰਨ ਅਤੇ ਉਹੀ ਬਿਧੀਆਂ ਤੁਹਾਡੇ ਇਸਰਾਏਲ ਦੇ ਲੋਕਾਂ ਲਈ ਅਤੇ ਤੁਹਾਡੇ ਵਿੱਚਕਾਰ ਰਹਿੰਦੇ ਹੋਰਨਾਂ ਲੋਕਾਂ ਲਈ ਵੀ ਹਨ।”
17 ਯਹੋਵਾਹ ਨੇ ਮੂਸਾ ਨੂੰ ਆਖਿਆ,
18 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ: ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ,
19 ਅਤੇ ਉਹ ਅਨਾਜ ਖਾਵੋ ਜੋ ਉਸ ਧਰਤੀ ਉਤੇ ਉੱਗਦਾ ਤੁਹਾਨੂੰ ਉਸ ਭੋਜਨ ਦਾ ਇੱਕ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ।
20 ਤੁਸੀਂ ਅਨਾਜ ਇਕੱਠਾ ਕਰੋਂਗੇ ਅਤੇ ਉਸ ਨੂੰ ਪੀਹਕੇ ਰੋਟੀ ਲਈ ਆਟੇ ਦੀ ਤੌਣ ਤਿਆਰ ਕਰੋਂਗੇ। ਤੁਹਾਨੂੰ ਉਸਦੀ ਪਹਿਲੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰਨੀ ਚਾਹੀਦੀ ਹੈ ਇਹ ਖਲਵਾੜੇ ਵਿੱਚੋਂ ਨਿਕਲਣ ਵਾਲੇ ਅਨਾਜ ਵਰਗੀ ਹੋਵੇਗੀ। 2 ਇਹ ਬਿਧੀ ਹਮੇਸ਼ਾ ਲਈ ਹੋਵਗੀ ਤੁਸੀਂ ਪਲੋਠੀ ਦੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰੋਂਗੇ।
21-22 ਹੁਣ ਤੁਹਾਨੂੰ ਉਸ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਗਲਤੀ ਕਰ ਬੈਠੋ ਜਾਂ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰਨੀ ਭੁੱਲ ਜਾਵੋਂ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ?
23 ਯਹੋਵਾਹ ਨੇ ਇਹ ਆਦੇਸ਼ ਮੂਸਾ ਦੇ ਰਾਹੀਂ ਤੁਹਾਨੂੰ ਦਿੱਤੇ ਸਨ। ਅਤੇ ਆਦੇਸ਼ ਸਦਾ ਲਈ ਹੋਣਗੇ।
24 ਇਸ ਲਈ, ਜੇਕਰ ਕੋਈ ਅਨਜਾਣੇ ਹੀ ਗਲਤੀ ਕਰਦਾ ਹੈ ਜਾਂ ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨੀ ਭੁੱਲ ਜਾਂਦਾ, ਉਸ ਨੂੰ ਕੀ ਕਰਨਾ ਚਾਹੀਦਾ ਹੈ? ਜੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਗਲਤੀ ਕੀਤੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋਕੇ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਵਹਿੜਕਾ ਚੜ੍ਹਾਉਣਾ ਚਾਹੀਦਾ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਇਹ ਵੀ ਚੇਤੇ ਰੱਖੋ ਕਿ ਬਲਦ ਦੀ ਭੇਟ ਦੇ ਨਾਲ ਅਨਾਜ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਦੇਣਾ ਹੈ।
25 “ਇਸ ਲਈ ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਲੋਕਾਂ ਨੂੰ ਪਵਿੱਤਰ ਬਨਾਉਣ। ਉਸ ਨੂੰ ਇਹ ਗੱਲਾਂ ਇਸਰਾਏਲ ਦੇ ਸਮੂਹ ਲੋਕਾਂ ਲਈ ਕਰਨੀਆਂ ਚਾਹੀਦੀਆਂ ਹਨ। ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਉਹ ਯਹੋਵਾਹ ਲਈ ਸੁਗਾਤ ਲੈ ਕੇ ਆ ਗਏ। ਉਨ੍ਹਾਂ ਨੇ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਲਿਆਂਦੀ। ਇਸ ਲਈ ਲੋਕ ਬਖਸ਼ੇ ਜਾਣਗੇ।
26 ਇਸਰਾਏਲ ਦੇ ਸਮੂਹ ਲੋਕ ਅਤੇ ਹੋਰ ਸਾਰੇ ਲੋਕ ਜਿਹੜੇ ਉਨ੍ਹਾਂ ਦੇ ਦਰਮਿਆਨ ਰਹਿੰਦੇ ਹਨ, ਬਖਸ਼ੇ ਜਾਣਗੇ। ਉਹ ਇਸ ਲਈ ਬਖਸ਼ੇ ਜਾਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ।
27 “ਪਰ ਜੇ ਸਿਰਫ਼ ਇੱਕ ਬੰਦਾ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਸ ਨੂੰ ਇੱਕ ਸਾਲ ਦੀ ਬੱਕਰੀ ਲੈ ਕੇ ਆਉਣੀ ਚਾਹੀਦੀ ਹੈ। ਇਹ ਬੱਕਰੀ ਪਾਪ ਦੀ ਭੇਟ ਹੋਵੇਗੀ।
28 ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ, ਜਿਹੜੀਆਂ ਉਸ ਬੰਦੇ ਨੂੰ ਪਵਿੱਤਰ ਬਨਾਉਣ। ਉਸ ਬੰਦੇ ਨੇ ਗਲਤੀ ਕੀਤੀ ਅਤੇ ਯਹੋਵਾਹ ਅੱਗੇ ਪਾਪ ਕੀਤਾ। ਪਰ ਜਾਜਕ ਨੇ ਉਸ ਨੂੰ ਪਵਿੱਤਰ ਬਣਾ ਦਿੱਤਾ, ਅਤੇ ਉਹ ਬਖਸ਼ਿਆ ਜਾਵੇਗਾ।
29 ਇਹ ਬਿਧੀ ਹਰ ਉਸ ਬੰਦੇ ਲਈ ਸੀ, ਜਿਹੜਾ ਅਚਨਚੇਤ ਹੀ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ। ਇਸ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਇਸਰਾਏਲੀ ਦੇ ਪਰਿਵਾਰ ਵਿੱਚ ਜਨਮੇ ਹਨ ਅਤੇ ਉਨ੍ਹਾਂ ਵਿਦੇਸ਼ੀਆਂ ਲਈ ਵੀ ਜਿਹੜੇ ਉਨ੍ਹਾਂ ਦਰਮਿਆਨ ਰਹਿੰਦੇ ਹਨ।
30 “ਪਰ ਜੇ ਕੋਈ ਬੰਦਾ ਪਾਪ ਕਰਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਉਹ ਗਲਤ ਕੰਮ ਕਰ ਰਿਹਾ ਹੈ, ਤਾਂ ਉਹ ਬੰਦਾ ਯਹੋਵਾਹ ਦੇ ਵਿਰੁੱਧ ਹੈ। ਉਸ ਬੰਦੇ ਨੂੰ ਉਸ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਇਹ ਗੱਲ ਇਸਰਾਏਲ ਦੇ ਪਰਿਵਾਰ ਵਿੱਚ ਜੰਮੇ ਬੰਦੇ ਲਈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀ ਲਈ ਇੱਕੋ ਜਿਹੀ ਹੈ।
31 ਉਸ ਬੰਦੇ ਨੇ ਇਹ ਨਹੀਂ ਸੋਚਿਆ ਕਿ ਯਹੋਵਾਹ ਦਾ ਸ਼ਬਦ ਮਹੱਤਵਪੂਰਣ ਹੈ। ਉਸ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਤੋੜਿਆ ਹੈ। ਉਸ ਬੰਦੇ ਨੂੰ ਤੁਹਾਡੇ ਸਮੂਹ ਵਿੱਚੋਂ ਜ਼ਰੂਰ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਬੰਦਾ ਦੋਸ਼ੀ ਹੈ ਅਤੇ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।”
ਇੱਕ ਬੰਦਾ ਛੁੱਟੀ ਵਾਲੇ ਦਿਨ ਕੰਮ ਕਰਦਾ ਹੈ
32 ਇਸ ਸਮੇਂ ਇਸਰਾਏਲ ਦੇ ਲੋਕ ਹਾਲੇ ਵੀ ਮਾਰੂਥਲ ਅੰਦਰ ਸਨ। ਇਸ ਤਰ੍ਹਾਂ ਹੋਇਆ ਕਿ ਇੱਕ ਆਦਮੀ ਨੇ ਬਾਲਣ ਲਈ ਕੁਝ ਲੱਕੜ ਲੱਭੀ। ਇਸ ਤਰ੍ਹਾਂ ਉਹ ਆਦਮੀ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਜਦੋਂ ਕਿ ਇਹ ਦਿਨ ਸਬਤ ਦਾ ਸੀ। ਕੁਝ ਹੋਰਨਾਂ ਲੋਕਾਂ ਨੇ ਉਸ ਨੂੰ ਅਜਿਹਾ ਕਰਦਿਆਂ ਦੇਖਿਆ।
33 ਜਿਹੜੇ ਲੋਕਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦਿਆ ਦੇਖਿਆ ਸੀ ਉਹ ਉਸ ਨੂੰ ਮੂਸਾ ਅਤੇ ਹਾਰੂਨ ਕੋਲ ਲੈ ਆਏ। ਅਤੇ ਸਾਰੇ ਲੋਕ ਆਲੇ-ਦੁਆਲੇ ਇਕੱਠੇ ਹੋ ਗਏ।
34 ਉਨ੍ਹਾਂ ਨੇ ਉਸ ਆਦਮੀ ਨੂੰ ਉੱਥੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਕਿ ਉਹ ਉਸ ਨੂੰ ਸਜ਼ਾ ਕਿਵੇਂ ਦੇਣ।
35 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਆਦਮੀ ਨੂੰ ਮਰਨਾ ਚਾਹੀਦਾ ਹੈ। ਡੇਰੇ ਦੇ ਸਾਰਿਆਂ ਲੋਕਾਂ ਨੂੰ ਡੇਰੇ ਤੋਂ ਬਾਹਰ ਉਸ ਉੱਤੇ ਪੱਥਰ ਸੁੱਟਣੇ ਚਾਹੀਦੇ ਹਨ।”
36 ਇਸ ਲਈ ਲੋਕ ਉਸ ਨੂੰ ਡੇਰੇ ਤੋਂ ਬਾਹਰ ਲੈ ਆਏ ਅਤੇ ਪੱਥਰਾਂ ਨਾਲ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਬਿਧੀਆਂ ਚੇਤੇ ਰੱਖਣ ਵਿੱਚ ਸਹਾਇਤਾ ਕਰਦਾ ਹੈ
37 ਯਹੋਵਾਹ ਨੇ ਮੂਸਾ ਨੂੰ ਆਖਿਆ,
38 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕੱਠਿਆਂ ਬੰਨ੍ਹੋ ਅਤੇ ਇਸ ਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ।
39 ਤੁਸੀਂ ਇਨ੍ਹਾਂ ਝਾਲਰਾਂ ਵੱਲ ਵੇਖਕੇ ਉਨ੍ਹਾਂ ਸਮੂਹ ਬਿਧੀਆਂ ਨੂੰ ਚੇਤੇ ਕਰੋਂਗੇ ਜਿਹੜੀਆਂ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ। ਤੁਸੀਂ ਉਨ੍ਹਾਂ ਬਿਧੀਆਂ ਦੀ ਪਾਲਣਾ ਕਰੋਂਗੇ। ਅਤੇ ਤੁਸੀਂ ਆਪਣੇ ਦਿਲ ਜਾਂ ਆਪਣੀਆਂ ਅੱਖਾਂ ਨੂੰ ਮੰਨਕੇ ਭਟਕੋਂਗੇ ਨਹੀਂ, ਜੋ ਤੁਹਾਥੋਂ ਬੇਵਫ਼ਾਈ ਦਾ ਵਿਖਾਵਾ ਕਰਵਾਉਂਦੇ ਹਨ।
40 ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ ਚੇਤੇ ਰੱਖੋਂਗੇ, ਫ਼ੇਰ ਤੁਸੀਂ ਪਰਮੇਸ਼ੁਰ ਵਾਸਤੇ ਪਵਿੱਤਰ ਬਣ ਜਾਵੋਂਗੇ।
41 ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ। ਮੈਂ ਹੀ ਹਾਂ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ। ਮੈਂ ਅਜਿਹਾ ਤੁਹਾਡਾ ਪਰਮੇਸ਼ੁਰ ਬਨਣ ਵਾਸਤੇ ਕੀਤਾ ਸੀ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ।”