ਯਾਕੂਬ ਵਹੁਟੀ ਲੱਭਦਾ
28
ਇਸਹਾਕ ਨੇ ਯਾਕੂਬ ਨੂੰ ਸੱਦਿਆ ਅਤੇ ਉਸ ਨੂੰ ਅਸੀਸ ਦਿੱਤੀ। ਫ਼ੇਰ ਇਸਹਾਕ ਨੇ ਉਸ ਨੂੰ ਆਦੇਸ਼ ਦਿੱਤਾ। ਇਸਹਾਕ ਨੇ ਆਖਿਆ, “ਤੈਨੂੰ ਕਿਸੇ ਕਨਾਨੀ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਇਸ ਲਈ ਇਹ ਥਾਂ ਛੱਡਦੇ ਅਤੇ ਪਦਨ ਅਰਾਮ ਨੂੰ ਚੱਲਿਆ ਜਾਹ। ਆਪਣੇ ਨਾਨੇ ਬਥੂਏਲ ਦੇ ਘਰ ਚੱਲਿਆ ਜਾਹ। ਉੱਥੇ ਤੇਰਾ ਮਾਮਾ ਲਾਬਾਨ ਰਹਿੰਦਾ ਹੈ। ਉਸਦੀ ਕਿਸੇ ਇੱਕ ਧੀ ਨਾਲ ਵਿਆਹ ਕਰਵਾ ਲੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਬਹੁਤ ਸਾਰੀ ਸੰਤਾਨ ਦੇਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਕ ਮਹਾਨ ਕੌਮ ਦਾ ਪਿਤਾ ਬਣੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੈਨੂੰ ਅਤੇ ਤੇਰ੍ਰ ਬੱਚਿਆਂ ਨੂੰ ਉਸੇ ਤਰ੍ਹਾਂ ਦੀ ਅਸੀਸ ਦੇਵੇ ਜਿਸ ਤਰ੍ਹਾਂ ਦੀ ਉਸ ਨੇ ਅਬਰਾਹਾਮ ਨੂੰ ਦਿੱਤੀ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਧਰਤੀ ਉੱਤੇ ਤੂੰ ਰਹਿੰਦਾ ਹੈਂ ਤੂੰ ਉਸਦਾ ਮਾਲਿਕ ਹੋਵੇਂ। ਇਹ ਉਹੀ ਧਰਤੀ ਹੈ। ਜਿਹੜੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤੀ ਸੀ।”
ਇਸ ਲਈ ਇਸਹਾਕ ਨੇ ਯਾਕੂਬ ਨੂੰ ਰਿਬਕਾਹ ਦੇ ਭਰਾ ਕੋਲ ਪਦਨ ਅਰਾਮ ਭੇਜ ਦਿੱਤਾ। ਇਸ ਤਰ੍ਹਾਂ ਯਾਕੂਬ ਆਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਚੱਲਾ ਗਿਆ। ਲਾਬਾਨ ਰਿਬਕਾਹ ਦਾ ਭਰਾ ਸੀ। ਰਿਬਕਾਹ ਯਾਕੂਬ ਅਤੇ ਏਸਾਓ ਦੀ ਮਾਂ ਸੀ।
ਏਸਾਓ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਅਸੀਸ ਦਿੱਤੀ ਹੈ। ਅਤੇ ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਵਹੁਟੀ ਲੱਭਣ ਲਈ ਪਦਨ ਅਰਾਮ ਭੇਜ ਦਿੱਤਾ ਹੈ। ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਨਾਨੀ ਔਰਤ ਨਾਲ ਸ਼ਾਦੀ ਨਾ ਕਰੇ। ਅਤੇ ਏਸਾਓ ਨੂੰ ਪਤਾ ਲੱਗਿਆ ਕਿ ਯਾਕੂਬ ਆਪਣੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਪਦਨ ਅਰਾਮ ਚੱਲਿਆ ਗਿਆ ਸੀ। ਏਸਾਓ ਨੂੰ ਇਸਤੋਂ ਪਤਾ ਲੱਗਿਆ ਕਿ ਉਸਦਾ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਪੁੱਤਰ ਕਨਾਨੀ ਔਰਤਾਂ ਨਾਲ ਵਿਆਹ ਕਰਨ। ਏਸਾਓ ਦੇ ਪਹਿਲਾਂ ਹੀ ਦੋ ਪਤਨੀਆਂ ਸਨ। ਪਰ ਉਹ ਇਸਮਾਏਲ ਕੋਲ ਗਿਆ ਅਤੇ ਇੱਕ ਹੋਰ ਔਰਤ ਨਾਲ ਸ਼ਾਦੀ ਕਰ ਲਈ। ਉਸ ਨੇ ਇਸਮਾਏਲ ਦੀ ਧੀ, ਮਹਲਥ, ਨਾਲ ਸ਼ਾਦੀ ਕਰ ਲਈ। ਇਸਮਾਏਲ ਅਬਰਾਹਾਮ ਦਾ ਪੁੱਤਰ ਸੀ। ਮਹਲਥ ਨਬਾਯੋਥ ਦੀ ਭੈਣ ਸੀ।
ਪਰਮੇਸ਼ੁਰ ਦਾ ਘਰ-ਬੈਤਏਲ
10 ਯਾਕੂਬ ਨੇ ਬਏਰਸਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲਾ ਗਿਆ। 11 ਜਦੋਂ ਹਾਲੇ ਯਾਕੂਬ ਸਫ਼ਰ ਵਿੱਚ ਸੀ, ਕਿ ਸੂਰਜ ਛਿਪ ਗਿਆ। ਇਸ ਲਈ ਯਾਕੂਬ ਰਾਤ ਕੱਟਣ ਲਈ ਕਿਸੇ ਥਾਂ ਚੱਲਾ ਗਿਆ। ਯਾਕੂਬ ਨੇ ਉਸ ਥਾਵੇਂ ਇੱਕ ਚੱਟਾਨ ਦੇਖੀ ਅਤੇ ਉਸ ਉੱਤੇ ਸਿਰ ਰੱਖ ਕੇ ਸੌਂ ਗਿਆ। 12 ਯਾਕੂਬ ਨੂੰ ਇੱਕ ਸੁਪਨਾ ਆਇਆ। ਉਸ ਨੂੰ ਸੁਪਨਾ ਆਇਆ ਕਿ ਇੱਕ ਪੌੜੀ ਸੀ ਜਿਹੜੀ ਧਰਤੀ ਉੱਤੇ ਲਗੀ ਹੋਈ ਸੀ ਅਤੇ ਆਕਾਸ਼ ਤੱਕ ਜਾਂਦੀ ਸੀ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚਢ਼ਦਿਆਂ ਉੱਤਰਦਿਆਂ ਦੇਖਿਆ। 13 ਅਤੇ ਫ਼ੇਰ ਯਾਕੂਬ ਨੇ ਯਹੋਵਾਹ ਨੂੰ ਪੌੜੀ ਲਾਗੇ ਖਲੋਤਿਆਂ ਦੇਖਿਆ। ਯਹੋਵਾਹ ਨੇ ਆਖਿਆ, “ਮੈਂ ਤੇਰੇ ਦਾਦੇ, ਅਬਰਾਹਾਮ ਦਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਇਸਹਾਕ ਦਾ ਪਰਮੇਸ਼ੁਰ ਹਾਂ। ਮੈਂ ਤੈਨੂੰ ਇਹ ਧਰਤੀ ਦੇਵਾਂਗਾ ਜਿਸ ਉੱਤੇ ਤੂੰ ਹੁਣ ਲੇਟਿਆ ਹੋਇਆ ਹੈਂ। ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਵਾਂਗਾ। 14 ਤੇਰੇ ਬਹੁਤ ਸਾਰੇ ਉੱਤਰਾਧਿਕਾਰੀ ਹੋਣਗੇ। ਉਹ ਇੰਨੇ ਹੋਣਗੇ ਜਿੰਨੇ ਧਰਤੀ ਉੱਤੇ ਮਿੱਟੀ ਦੇ ਕਣ ਹਨ। ਉਹ ਪੂਰਬ, ਪੱਛਮ ਅਤੇ ਉੱਤਰ, ਦੱਖਣ ਵੱਲ ਫ਼ੈਲ ਜਾਣਗੇ। ਧਰਤੀ ਦੇ ਸਾਰੇ ਪਰਿਵਾਰਾਂ ਉੱਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਸਦਕਾ ਬਖਸ਼ਿਸ਼ ਹੋਵੇਗੀ।
15 “ਮੈਂ ਤੇਰੇ ਨਾਲ ਹਾਂ, ਅਤੇ ਜਿੱਥੇ ਵੀ ਤੂੰ ਜਾਵੇਂਗਾ ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੈਨੂੰ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਤੱਕ ਮੈਂ ਉਹ ਗੱਲ ਪੂਰੀ ਨਹੀਂ ਕਰ ਲੈਂਦਾ ਜਿਸਦਾ ਮੈਂ ਵਚਨ ਦਿੱਤਾ ਹੈ।”
16 ਫ਼ੇਰ ਯਾਕੂਬ ਆਪਣੀ ਨੀਂਦ ਤੋਂ ਜਾਗ ਪਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਯਹੋਵਾਹ ਇਸ ਥਾਂ ਹੈ। ਪਰ ਮੈਨੂੰ ਓਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿੰਨਾ ਚਿਰ ਤੱਕ ਕਿ ਮੈਂ ਸੌਂ ਨਹੀਂ ਗਿਆ।”
17 ਯਾਕੂਬ ਭੈਭੀਤ ਹੋ ਗਿਆ। ਉਸ ਨੇ ਆਖਿਆ, “ਇਹ ਬਹੁਤ ਮਹਾਨ ਥਾਂ ਹੈ। ਇਹ ਪਰਮੇਸ਼ੁਰ ਦਾ ਘਰ ਹੈ। ਇਹ ਆਕਾਸ਼ ਦਾ ਦਰਵਾਜ਼ਾ ਹੈ।”
18 ਯਾਕੂਬ ਸਵੇਰੇ ਬਹੁਤ ਤੜਕੇ ਉੱਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸ ਨੂੰ ਇਸਦੇ ਇੱਕ ਕਿਨਾਰੇ ਭਾਰ ਖੜਾ ਕਰ ਦਿੱਤਾ। ਫ਼ੇਰ ਉਸ ਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸ ਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ। 19 ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸ ਨੂੰ ਬੈਤਏਲ ਦਾ ਨਾਮ ਦਿੱਤਾ।
20 ਫ਼ੇਰ ਯਾਕੂਬ ਨੇ ਇੱਕ ਇਕਰਾਰ ਕੀਤਾ। ਉਸ ਨੇ ਆਖ਼ਿਆ, “ਜੇ ਪਰਮੇਸ਼ੁਰ ਮੇਰੇ ਨਾਲ ਹੈ, ਅਤੇ ਜੇ ਪਰਮੇਸ਼ੁਰ ਮੇਰੀ ਇਸ ਯਾਤਰਾ ਉੱਤੇ ਰੱਖਿਆ ਕਰੇਗਾ, ਅਤੇ ਜੇ ਪਰਮੇਸ਼ੁਰ ਮੈਨੂੰ ਖਾਣ-ਪੀਣ ਅਤੇ ਪਹਿਨਣ ਲਈ ਦਿੰਦਾ ਹੈ, 21 ਅਤੇ ਜੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਆ ਜਾਂਦਾ ਹਾਂ, ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ। 22 ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”