8
1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ ਅਤੇ ਉਸ ਨੂੰ ਆਖ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਚੱਲੇ ਜਾਣ ਦੇ।
2 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਸਾਰੇ ਮਿਸਰ ਨੂੰ ਡੱਡੂਆਂ ਨਾਲ ਭਰ ਦਿਆਂਗਾ।
3 ਉਹ ਨਦੀ ਵਿੱਚੋਂ ਆਉਣਗੇ ਅਤੇ ਤੁਹਾਡੇ ਘਰਾਂ ਵਿੱਚ ਦਾਖਲ ਹੋ ਜਾਣਗੇ। ਉਹ ਤੁਹਾਡੇ ਸੌਣ ਵਾਲੇ ਕਮਰਿਆਂ ਅਤੇ ਤੁਹਾਡੇ ਬਿਸਤਰਿਆਂ ਵਿੱਚ ਹੋਣਗੇ। ਡੱਡੂ ਤੇਰੇ ਅਧਿਕਾਰੀਆਂ ਦੇ ਘਰਾਂ ਵਿੱਚ, ਅਤੇ ਤੁਹਾਡੇ ਚੁਲ੍ਹਿਆਂ ਅਤੇ ਪਾਣੀ ਦੇ ਬਰਤਨਾਂ ਵਿੱਚ ਹੋਣਗੇ।
4 ਡੱਡੂ ਤੇਰੇ, ਤੇਰੇ ਲੋਕਾਂ ਅਤੇ ਤੇਰੇ ਅਧਿਕਾਰੀਆਂ ਦੇ ਹਰ ਪਾਸੇ ਹੋਣਗੇ।’”
5 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਖ ਕਿ ਉਹ ਆਪਣੀ ਸੋਟੀ ਫ਼ੜੇ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਉੱਤੇ ਰੱਖੇ। ਤਾਂ ਡੱਡੂ ਨਿਕਲ ਆਉਣਗੇ ਅਤੇ ਮਿਸਰ ਦੀ ਧਰਤੀ ਤੇ ਫ਼ੈਲ ਜਾਣਗੇ।”
6 ਇਸ ਤਰ੍ਹਾਂ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਪਰ ਉੱਠਾਇਆ, ਅਤੇ ਡੱਡੂ ਪਾਣੀ ਵਿੱਚੋਂ ਨਿਕਲਣ ਲੱਗੇ ਅਤੇ ਉਨ੍ਹਾਂ ਨੇ ਮਿਸਰ ਦੀ ਧਰਤੀ ਨੂੰ ਭਰ ਦਿੱਤਾ।
7 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਉਨ੍ਹਾਂ ਨੇ ਵੀ ਹੋਰ ਵੱਧੇਰੇ ਡੱਡੂ ਬਾਹਰ ਕੱਢੇ ਅਤੇ ਮਿਸਰ ਦੀ ਧਰਤੀ ਤੇ ਫ਼ੈਲਾ ਦਿੱਤੇ।
8 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ ਤੇ ਆਖਿਆ, “ਯਹੋਵਾਹ ਨੂੰ ਆਖੋ ਕਿ ਮੇਰੇ ਅਤੇ ਮੇਰੇ ਲੋਕਾਂ ਤੋਂ ਡੱਡੂਆਂ ਨੂੰ ਹਟਾ ਦੇਵੇ। ਮੈਂ ਲੋਕਾਂ ਨੂੰ ਜਾਣ ਦੇਵਾਂਗਾ ਅਤੇ ਯਹੋਵਾਹ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ।”
9 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਇਹ ਦੱਸੋ ਕਿ ਤੁਸੀਂ ਡੱਡੂਆਂ ਨੂੰ ਕਦੋਂ ਦੂਰ ਕਰਨਾ ਚਾਹੁੰਦੇ ਹੋ। ਮੈਂ ਤੁਹਾਡੇ ਲਈ, ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਾਂਗਾ। ਫ਼ੇਰ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ। ਤੁਸੀਂ ਕਦੋਂ ਚਾਹੁੰਦੇ ਹੋ ਕਿ ਡੱਡੂ ਇੱਥੋਂ ਚੱਲੇ ਜਾਣ?”
10 ਫ਼ਿਰਊਨ ਨੇ ਆਖਿਆ, “ਕੱਲ ਨੂੰ।”
ਮੂਸਾ ਨੇ ਆਖਿਆ, “ਇਵੇਂ ਹੀ ਹੋਵੇਗਾ ਜਿਵੇਂ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ।
11 ਡੱਡੂ ਤੁਹਾਨੂੰ, ਤੁਹਾਡੇ ਘਰਾਂ ਨੂੰ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ।”
12 ਮੂਸਾ ਤੇ ਹਾਰੂਨ ਦੇ ਫ਼ਿਰਊਨ ਕੋਲੋਂ ਚੱਲੇ ਜਾਣ ਤੋਂ ਬਾਦ, ਮੂਸਾ ਨੇ ਯਹੋਵਾਹ ਅੱਗੇ ਉਨ੍ਹਾਂ ਡੱਡੂਆਂ ਬਾਰੇ ਪੁਕਾਰ ਕੀਤੀ ਜਿਹੜੇ ਉਸ ਨੇ ਫ਼ਿਰਊਨ ਖਿਲਾਫ਼ ਭੇਜੇ ਸਨ।
13 ਅਤੇ ਯਹੋਵਾਹ ਨੇ ਉਵੇਂ ਹੀ ਕੀਤਾ ਜਿਵੇਂ ਮੂਸਾ ਨੇ ਮੰਗ ਕੀਤੀ ਸੀ। ਘਰਾਂ ਵਿੱਚਲੇ, ਵਿਹੜਿਆਂ ਵਿੱਚਲੇ ਅਤੇ ਖੇਤਾਂ ਵਿੱਚਲੇ ਡੱਡੂ ਮਰ ਗਏ।
14 ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਉਨ੍ਹਾਂ ਦੇ ਢੇਰ ਲਾ ਦਿੱਤੇ ਅਤੇ ਉਹ ਸੜਨ ਲੱਗੇ, ਇਸ ਲਈ ਸਾਰਾ ਦੇਸ਼ ਸੜਿਆਂਦ ਮਾਰਨ ਲੱਗ ਪਿਆ।
15 ਫ਼ਿਰਊਨ ਨੇ ਦੇਖਿਆ ਕਿ ਉਹ ਡੱਡੂਆਂ ਤੋਂ ਮੁਕਤ ਹੋ ਗਏ ਸਨ, ਅਤੇ ਉਹ ਫ਼ੇਰ ਜ਼ਿੱਦੀ ਬਣ ਗਿਆ। ਫ਼ਿਰਊਨ ਨੇ ਉਹ ਕੁਝ ਨਾ ਕੀਤਾ ਜਿਸਦੀ ਮੂਸਾ ਨੇ ਹਾਰੂਨ ਨੇ ਉਸਤੋਂ ਮੰਗ ਕੀਤੀ ਸੀ। ਇਹ ਉਸੇ ਤਰ੍ਹਾਂ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਜੂਆਂ
16 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਤੂੰ ਆਪਣੀ ਸੋਟੀ ਚੁੱਕ ਤੇ ਧਰਤੀ ਦੀ ਧੂੜ ਉੱਤੇ ਮਾਰਨ ਲਈ ਆਖ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਜਾਵੇਗੀ।”
17 ਉਨ੍ਹਾਂ ਨੇ ਇਹੀ ਕੀਤਾ। ਹਾਰੂਨ ਨੇ ਆਪਣੇ ਹੱਥ ਵਿੱਚ ਆਪਣੀ ਸੋਟੀ ਚੁੱਕੀ ਅਤੇ ਧਰਤੀ ਦੀ ਧੂੜ ਉੱਤੇ ਮਾਰੀ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਗਈ ਅਤੇ ਜਾਨਵਰਾਂ ਅਤੇ ਲੋਕਾਂ ਨੂੰ ਚੁਂਬੜ ਗਈਆਂ।
18 ਜਾਦੂਗਰਾਂ ਨੇ ਆਪਣੇ ਕਰਤਬ ਵਰਤੇ ਅਤੇ ਉਹੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਧੂੜ ਵਿੱਚੋਂ ਜੂਆਂ ਨਾ ਬਣਾ ਸੱਕੇ। ਜੂਆਂ ਜਾਨਵਰਾਂ ਅਤੇ ਲੋਕਾਂ ਨੂੰ ਚੁੰਬੜ ਗਈਆਂ।
19 ਇਸ ਲਈ ਜਾਦੂਗਰਾਂ ਨੇ ਫ਼ਿਰਊਨ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਅਜਿਹਾ ਕੀਤਾ ਸੀ। ਪਰ ਫ਼ਿਰਊਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਮੱਖੀਆਂ
20 ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉੱਠ ਕੇ ਫ਼ਿਰਊਨ ਕੋਲ ਜਾਵੀਂ। ਫ਼ਿਰਊਨ ਨਦੀ ਵੱਲ ਜਾਵੇਗਾ। ਉਸ ਨੂੰ ਆਖੀਂ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ।
21 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੱਖੀਆਂ ਤੁਹਾਡੇ ਘਰਾਂ ਅੰਦਰ ਆ ਜਾਣਗੀਆਂ। ਮੱਖੀਆਂ ਤੁਹਾਡੇ ਅਤੇ ਤੁਹਾਡੇ ਅਧਿਕਾਰੀਆਂ ਉੱਪਰ ਹੋਣਗੀਆਂ। ਮਿਸਰ ਦੇ ਘਰ ਮੱਖੀਆਂ ਨਾਲ ਭਰ ਜਾਣਗੇ। ਮੱਖੀਆਂ ਸਾਰੇ ਪਾਸੇ ਹੋਣਗੀਆਂ, ਧਰਤੀ ਉੱਤੇ ਵੀ।
22 ਪਰ ਮੈਂ ਇਸਰਾਏਲ ਦੇ ਲੋਕਾਂ ਨਾਲ ਮਿਸਰੀ ਲੋਕਾਂ ਵਰਗਾ ਵਰਤਾਉ ਨਹੀਂ ਕਰਾਂਗਾ ਗੋਸ਼ਨ ਵਿੱਚ ਮੱਖੀਆਂ ਨਹੀਂ ਹੋਣਗੀਆਂ, ਜਿੱਥੇ ਮੇਰੇ ਲੋਕ ਰਹਿੰਦੇ ਹਨ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਇਸ ਧਰਤੀ ਤੇ ਹਾਂ।
23 ਇਸ ਲਈ ਕਲ ਨੂੰ ਮੈਂ ਆਪਣੇ ਲੋਕਾਂ ਨਾਲ ਤੁਹਾਡੇ ਲੋਕਾਂ ਨਾਲੋਂ ਵੱਖਰਾ ਸਲੂਕ ਕਰਾਂਗਾ। ਇਹ ਮੇਰਾ ਸਬੂਤ ਹੋਵੇਗਾ।’”
24 ਇਸ ਤਰ੍ਹਾਂ ਯਹੋਵਾਹ ਨੇ ਉਹੀ ਕੀਤਾ ਜੋ ਉਸ ਨੇ ਆਖਿਆ ਸੀ। ਮਿਸਰ ਵਿੱਚ ਬਹੁਤ ਸਾਰੀਆਂ ਮੱਖੀਆਂ ਆ ਗਈਆਂ। ਮੱਖੀਆਂ ਫ਼ਿਰਊਨ ਦੇ ਘਰ ਵਿੱਚ ਸਨ, ਅਤੇ ਇਹ ਉਸ ਦੇ ਸਾਰੇ ਅਧਿਕਾਰੀਆਂ ਦੇ ਘਰਾਂ ਵਿੱਚ ਸਨ। ਮੱਖੀਆਂ ਮਿਸਰ ਵਿੱਚ ਹਰ ਪਾਸੇ ਸਨ। ਮੱਖੀਆਂ ਦੇਸ਼ ਨੂੰ ਤਬਾਹ ਕਰ ਰਹੀਆਂ ਸਨ।
25 ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਦੇਸ਼ ਵਿੱਚ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵੋ।”
26 ਪਰ ਮੂਸਾ ਨੇ ਆਖਿਆ, “ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। ਮਿਸਰੀ ਸੋਚਦੇ ਹਨ ਕਿ ਯਹੋਵਾਹ ਸਾਡੇ ਪਰਮੇਸ਼ੁਰ ਲਈ ਜਾਨਵਰਾਂ ਨੂੰ ਮਾਰਕੇ ਬਲੀਆਂ ਚੜ੍ਹਾਉਣਾ ਭਿਆਨਕ ਗੱਲ ਹੈ। ਜੇ ਅਸੀਂ ਇੱਥੇ ਅਜਿਹਾ ਕਰਾਂਗੇ ਤਾਂ ਮਿਸਰੀ ਸਾਨੂੰ ਦੇਖਣਗੇ, ਅਤੇ ਉਹ ਸਾਡੇ ਉੱਤੇ ਪੱਥਰ ਸੁੱਟਣਗੇ ਅਤੇ ਸਾਨੂੰ ਮਾਰ ਦੇਣਗੇ।
27 ਸਾਨੂੰ ਤਿੰਨਾ ਦਿਨਾਂ ਲਈ ਮਾਰੂਥਲ ਅੰਦਰ ਜਾਣ ਦਿਉ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਉਣ ਦਿਉ। ਇਹੀ ਹੈ ਜੋ ਸਾਡੇ ਯਹੋਵਾਹ ਨੇ ਸਾਨੂੰ ਕਰਨ ਵਾਸਤੇ ਆਖਿਆ ਸੀ।”
28 ਇਸ ਲਈ ਫ਼ਿਰਊਨ ਨੇ ਆਖਿਆ, “ਮੈਂ ਤੁਹਾਨੂੰ ਜਾਣ ਦੇਵਾਂਗਾ ਅਤੇ ਮਾਰੂਥਲ ਵਿੱਚ ਜਾਕੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ। ਪਰ ਤੁਹਾਨੂੰ ਬਹੁਤੀ ਦੂਰ ਨਹੀਂ ਜਾਣਾ ਚਾਹੀਦਾ। ਹੁਣ, ਜਾਓ ਅਤੇ ਮੇਰੇ ਵਾਸਤੇ ਪ੍ਰਾਰਥਨਾ ਕਰੋ।”
29 ਮੂਸਾ ਨੇ ਆਖਿਆ, “ਦੇਖੋ, ਮੈਂ ਜਾਵਾਂਗਾ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ ਅਤੇ ਮੱਖੀਆਂ ਤੈਨੂੰ, ਤੇਰੇ ਲੋਕਾਂ ਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਕਲ ਨੂੰ ਛੱਡ ਦੇਣਗੀਆਂ। ਪਰ ਤੈਨੂੰ ਫ਼ਿਰ ਸਾਨੂੰ ਸਾਡੇ ਯਹੋਵਾਹ ਨੂੰ ਬਲੀਆਂ ਨਾ ਚੜ੍ਹਾਉਣ ਦੀ ਆਗਿਆ ਦੇਕੇ ਗੁਮਰਾਹ ਨਹੀਂ ਕਰਨ ਚਾਹੀਦਾ।”
30 ਇਸ ਤਰ੍ਹਾਂ ਮੂਸਾ ਫ਼ਿਰਊਨ ਕੋਲੋਂ ਚੱਲਿਆ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
31 ਅਤੇ ਯਹੋਵਾਹ ਨੇ ਓਹੀ ਕੀਤਾ ਜੋ ਮੂਸਾ ਨੇ ਮੰਗਿਆ ਸੀ। ਯਹੋਵਾਹ ਨੇ ਫ਼ਿਰਊਨ, ਉਸ ਦੇ ਅਧਿਕਾਰੀਆਂ ਅਤੇ ਉਸਦੀ ਪਰਜਾ ਤੋਂ ਮੱਖੀਆਂ ਨੂੰ ਦੂਰ ਕਰ ਦਿੱਤਾ। ਕੋਈ ਮੱਖੀ ਨਹੀਂ ਬਚੀ।
32 ਪਰ ਉਸ ਨੇ ਫ਼ੇਰ ਜ਼ਿਦ ਫ਼ੜ ਲਈ ਅਤੇ ਲੋਕਾਂ ਨੂੰ ਨਹੀਂ ਜਾਣ ਦਿੱਤਾ।