ਸੋਨੇ ਦਾ ਵੱਛਾ
32
ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕੱਠੇ ਹੋ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।”
ਹਾਰੂਨ ਨੇ ਲੋਕਾਂ ਨੂੰ ਆਖਿਆ, “ਮੈਨੂੰ ਸੋਨੇ ਦੀਆਂ ਉਹ ਵਾਲੀਆਂ ਲਿਆਕੇ ਦੇਵੋ ਜਿਹੜੀਆਂ ਤੁਹਾਡੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੀਆਂ ਹੋਣ।”
ਇਸ ਲਈ ਸਾਰੇ ਲੋਕਾਂ ਨੇ ਆਪਣੀਆਂ ਸੋਨੇ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਹਾਰੂਨ ਕੋਲ ਲੈ ਆਏ। ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸ ਨੇ ਇਸ ਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈ ਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸ ਨੇ ਇਸ ਉੱਤੇ ਸੋਨਾ ਚੜ੍ਹਾਇਆ।
ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਏ।”
ਹਾਰੂਨ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ। ਇਸ ਲਈ ਉਸ ਨੇ ਵੱਛੇ ਦੇ ਸਾਹਮਣੇ ਜਗਵੇਦੀ ਬਣਾਈ। ਫ਼ੇਰ ਹਾਰੂਨ ਨੇ ਇਹ ਐਲਾਨ ਕੀਤਾ। ਉਸ ਨੇ ਆਖਿਆ, “ਕੱਲ੍ਹ ਨੂੰ ਯਹੋਵਾਹ ਦੇ ਆਦਰ ਵਿੱਚ ਖਾਸ ਦਾਅਵਤ ਹੋਵੇਗੀ।”
ਅਗਲੀ ਸਵੇਰ ਲੋਕ ਬਹੁਤ ਸੁਵਖਤੇ ਉੱਠ ਬੈਠੇ। ਉਨ੍ਹਾਂ ਨੇ ਜਾਨਵਰ ਜ਼ਿਬਾਹ ਕੀਤੇ ਅਤੇ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਭੇਟ ਕੀਤਾ। ਲੋਕ ਖਾਣ ਪੀਣ ਲਈ ਬੈਠ ਗਏ। ਫ਼ੇਰ ਉਹ ਉੱਠ ਖਲੋਏ ਅਤੇ ਜੰਗਲੀ ਦਾਅਵਤ ਕੀਤੀ।
ਉਸੇ ਵੇਲੇ, ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸ ਪਰਬਤ ਤੋਂ ਹੇਠਾਂ ਜਾ। ਤੇਰੇ ਲੋਕਾਂ ਨੇ, ਜਿਨ੍ਹਾਂ ਨੂੰ ਤੂੰ ਮਿਸਰ ਦੀ ਧਰਤੀ ਤੋਂ ਲੈ ਕੇ ਆਇਆ ਸੀ, ਇੱਕ ਭਿਆਨਕ ਪਾਪ ਕੀਤਾ ਹੈ। ਉਹ ਬਹੁਤ ਛੇਤੀ ਉਹ ਗੱਲਾਂ ਕਰਨ ਤੋਂ ਪਿੱਛੇ ਹਟ ਗਏ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਪਿਘਲੇ ਹੋਏ ਸੋਨੇ ਦਾ ਵੱਛਾ ਬਣਾਇਆ। ਉਸ ਵਛੇ ਦੀ ਉਪਾਸਨਾ ਕਰ ਰਹੇ ਹਨ ਅਤੇ ਉਸ ਨੂੰ ਬਲੀਆਂ ਚੜ੍ਹਾ ਰਹੇ ਹਨ। ਲੋਕਾਂ ਨੇ ਆਖਿਆ ਹੈ, ‘ਇਸਰਾਏਲ, ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਏ।’”
ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਜ਼ਿੱਦੀ ਲੋਕ ਹਨ। ਇਹ ਹਮੇਸ਼ਾ ਮੇਰੇ ਖਿਲਾਫ਼ ਹੁੰਦੇ ਰਹਿਣਗੇ। 10 ਇਸ ਲਈ ਹੁਣ ਮੈਨੂੰ ਇਨ੍ਹਾਂ ਨੂੰ ਕਰੋਧ ਵਿੱਚ ਤਬਾਹ ਕਰ ਲੈਣ ਦੇ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਬਣਾਵਾਂਗਾ।”
11 ਪਰ ਮੂਸਾ ਨੇ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਬੇਨਤੀ ਕੀਤੀ, “ਯਹੋਵਾਹ ਆਪਣੇ ਗੁੱਸੇ ਨਾਲ ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। ਤੁਸੀਂ ਇਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਬਾਹਰ ਲਿਆਏ। 12 ਪਰ ਜੇ ਤੁਸੀਂ ਆਪਣੇ ਲੋਕਾਂ ਨੂੰ ਤਬਾਹ ਕਰ ਦਿੰਦੇ ਹੋ। ਤਾਂ ਮਿਸਰੀ ਲੋਕ ਆਖ ਸੱਕਦੇ ਹਨ, ‘ਯਹੋਵਾਹ ਨੇ ਆਪਣੇ ਲੋਕਾਂ ਨਾਮ ਮੰਦੀਆਂ ਗੱਲਾਂ ਕਰਨ ਦੀ ਵਿਉਂਤ ਬਣਾਈ। ਇਸੇ ਲਈ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ। ਉਹ ਉਨ੍ਹਾਂ ਨੂੰ ਪਹਾੜਾਂ ਵਿੱਚ ਲਿਜਾਕੇ ਮਾਰਨਾ ਚਾਹੁੰਦਾ ਸੀ। ਉਹ ਉਨ੍ਹਾਂ ਨੂੰ ਧਰਤੀ ਤੋਂ ਹੂੰਝ ਦੇਣ ਚਾਹੁੰਦਾ ਸੀ।’ ਇਸ ਲਈ ਆਪਣੇ ਲੋਕਾਂ ਉੱਪਰ ਕਰੋਧਵਾਨ ਨਾ ਹੋਵੋ। ਕਿਰਪਾ ਕਰਕੇ ਆਪਣਾ ਵਿੱਚਾਰ ਬਦਲ ਦਿਉ। ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। 13 ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰੋ। ਉਨ੍ਹਾਂ ਲੋਕਾਂ ਨੇ ਤੁਹਾਡੀ ਸੇਵਾ ਕੀਤੀ ਸੀ। ਅਤੇ ਤੁਸੀਂ ਆਪਣਾ ਨਾਮ ਲੈ ਕੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਤੁਸੀਂ ਆਖਿਆ ਸੀ; ‘ਮੈਂ ਤੁਹਾਡੇ ਲੋਕਾਂ ਨੂੰ ਇੰਨਾ ਵੱਧਾ ਦਿਆਂਗਾ ਜਿੰਨੇ ਅਕਾਸ਼ ਵਿੱਚ ਤਾਰੇ ਹਨ। ਮੈਂ ਤੁਹਾਡੇ ਲੋਕਾਂ ਨੂੰ ਇਹ ਸਾਰੀ ਧਰਤੀ ਦੇ ਦਿਆਂਗਾ, ਜਿਵੇਂ ਕਿ ਮੈਂ ਇਕਰਾਰ ਕੀਤਾ ਸੀ। ਇਹ ਧਰਤੀ ਸਦਾ ਲਈ ਉਨ੍ਹਾਂ ਦੀ ਹੋਵੇਗੀ।’”
14 ਫ਼ੇਰ ਯਹੋਵਾਹ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੇ ਲੋਕਾਂ ਨੂੰ ਕਸ਼ਟ ਨਾ ਦੇਣ ਦਾ ਫ਼ੈਸਲਾ ਕਰ ਲਿਆ।
15 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਚੱਲਾ ਗਿਆ। ਮੂਸਾ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਉਹ ਹੁਕਮ ਉਨ੍ਹਾਂ ਪੱਥਰਾਂ ਦੇ ਦੋਹੀ ਪਾਸੀਂ, ਸਿਧੇ ਅਤੇ ਪੁਠੇ ਪਾਸੇ, ਲਿਖੇ ਹੋਏ ਸਨ। 16 ਪਰਮੇਸ਼ੁਰ ਨੇ ਖੁਦ ਉਹ ਤਖਤੀਆਂ ਬਣਾਈਆਂ ਸਨ ਅਤੇ ਉਸ ਨੇ ਖੁਦ, ਉਹ ਹੁਕਮ ਉਨ੍ਹਾਂ ਤਖਤੀਆਂ ਉੱਪਰ ਲਿਖੇ ਸਨ।
17 ਪਰਬਤ ਤੋਂ ਹੇਠਾਂ ਉੱਤਰਦੇ ਸਮੇਂ ਮੂਸਾ ਨੇ ਡੇਰੇ ਵਿੱਚ ਦਾਅਵਤ ਦਾ ਸ਼ੋਰ ਸੁਣਿਆ। ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਹੇਠਾਂ ਡੇਰੇ ਵਿੱਚੋਂ ਲੜਾਈ ਦੀਆਂ ਅਵਾਜ਼ਾਂ ਆ ਰਹੀਆਂ ਲੱਗਦੀਆਂ ਹਨ।”
18 ਮੂਸਾ ਨੇ ਜਵਾਬ ਦਿੱਤਾ, “ਇਹ ਕਿਸੇ ਫ਼ੌਜ ਦੇ ਜਿੱਤ ਦੇ ਨਾਹਰਿਆਂ ਦਾ ਸ਼ੋਰ ਨਹੀਂ। ਪਰ ਇਹ ਕਿਸੇ ਫ਼ੌਜ ਦੇ ਹਾਰ ਜਾਣ ਦੀਆਂ ਚੀਕਾਂ ਦਾ ਸ਼ੋਰ ਨਹੀਂ। ਜਿਹੜਾ ਸ਼ੋਰ ਮੈਂ ਸੁਣ ਰਿਹਾ ਹਾਂ ਉਹ ਸੰਗੀਤ ਦਾ ਸ਼ੋਰ ਹੈ।”
19 ਮੂਸਾ ਡੇਰੇ ਕੋਲ ਆਇਆ। ਉਸ ਨੇ ਸੋਨੇ ਦਾ ਵਛਾ ਦੇਖਿਆ, ਅਤੇ ਉਸ ਨੇ ਲੋਕਾਂ ਨੂੰ ਨੱਚਦਿਆਂ ਦੇਖਿਆ। ਮੂਸਾ ਬਹੁਤ ਕਰੋਧ ਵਿੱਚ ਆ ਗਿਆ, ਅਤੇ ਉਸ ਨੇ ਪੱਥਰ ਦੀਆਂ ਤਖਤੀਆਂ ਜ਼ਮੀਨ ਉੱਤੇ ਸੁੱਟ ਦਿੱਤੀਆ। ਤਖਤੀਆਂ ਪਰਬਤ ਦੇ ਹੇਠਾਂ ਟੋਟੇ-ਟੋਟੇ ਹੋ ਗਈਆਂ। 20 ਫ਼ੇਰ ਮੂਸਾ ਨੇ ਉਹ ਵਛਾ ਤਬਾਹ ਕਰ ਦਿੱਤਾ ਜੋ ਲੋਕਾਂ ਨੇ ਬਣਾਇਆ ਸੀ। ਉਸ ਨੇ ਇਸ ਨੂੰ ਅੱਗ ਵਿੱਚ ਪਿਘਲਾ ਦਿੱਤਾ। ਫ਼ੇਰ ਉਸ ਨੇ ਸੋਨੇ ਨੂੰ ਪੀਹ ਕੇ ਧੂੜ ਬਣਾ ਦਿੱਤਾ। ਅਤੇ ਉਸ ਨੇ ਇਸ ਧੂੜ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਸ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਪਾਣੀ ਪੀਣ ਜਾਣ ਲਈ ਮਜ਼ਬੂਰ ਕੀਤਾ।
21 ਮੂਸਾ ਨੇ ਹਾਰੂਨ ਨੂੰ ਆਖਿਆ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀਤਾ ਹੈ? ਤੂੰ ਇਨ੍ਹਾ ਦੀ ਅਜਿਹਾ ਮੰਦਾ ਪਾਪ ਕਰਨ ਵਿੱਚ ਅਗਵਾਈ ਕਿਉਂ ਕੀਤੀ?”
22 ਹਾਰੂਨ ਨੇ ਜਵਾਬ ਦਿੱਤਾ, “ਨਾਰਾਜ਼ ਨਾ ਹੋਵੋ ਹਜ਼ੂਰ। ਤੁਸੀਂ ਜਾਣਦੇ ਹੋ ਇਹ ਲੋਕ ਹਮੇਸ਼ਾ ਗਲਤ ਗੱਲਾਂ ਕਰਨ ਲਈ ਤਿਆਰ ਰਹਿੰਦੇ ਹਨ। 23 ਲੋਕਾਂ ਨੇ ਮੈਨੂੰ ਆਖਿਆ ਸੀ, ‘ਮੂਸਾ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਸਾਨੂੰ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੀ ਅਗਵਾਈ ਲਈ ਕੋਈ ਦੇਵਤੇ ਬਣਾਕੇ ਦਿਉ।’ 24 ਇਸ ਲਈ ਮੈਂ ਲੋਕਾਂ ਨੂੰ ਆਖਿਆ, ‘ਜੇ ਤੁਹਾਡੇ ਪਾਸ ਸੋਨੇ ਦੀਆਂ ਵਾਲੀਆਂ ਹਨ, ਤਾਂ ਮੈਨੂੰ ਦਿਉ।’ ਲੋਕਾਂ ਨੇ ਮੈਨੂੰ ਆਪਣਾ ਸੋਨਾ ਦੇ ਦਿੱਤਾ। ਮੈਂ ਸੋਨੇ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਅੱਗ ਵਿੱਚੋਂ ਇੱਕ ਵਛਾ ਬਾਹਰ ਨਿਕਲ ਆਇਆ।”
25 ਮੂਸਾ ਨੇ ਦੇਖਿਆ ਕਿ ਹਾਰੂਨ ਨੇ ਲੋਕਾਂ ਨੂੰ ਬੇਕਾਬੂ ਹੋਣ ਦਿੱਤਾ। ਲੋਕੀ ਜੰਗਲੀ ਵਿਹਾਰ ਕਰ ਰਹੇ ਸਨ ਅਤੇ ਉਨ੍ਹਾਂ ਦੇ ਦੁਸ਼ਮਣ ਦੇਖ ਸੱਕਦੇ ਸਨ ਕਿ ਉਹ ਮੂਰੱਖਾਂ ਵਰਗਾ ਵਿਹਾਰ ਕਰ ਰਹੇ ਸਨ। 26 ਇਸ ਲਈ ਮੂਸਾ ਡੇਰੇ ਦੇ ਮੁੱਖ ਦਰਵਾਜ਼ੇ ਉੱਤੇ ਖੜਾ ਹੋ ਗਿਆ। ਮੂਸਾ ਨੇ ਆਖਿਆ, “ਜਿਹੜਾ ਵੀ ਬੰਦਾ ਯਹੋਆਹ ਦੇ ਪਿੱਛੇ ਲੱਗਣਾ ਚਾਹੁੰਦਾ ਹੈ ਉਹ ਮੇਰੇ ਕੋਲ ਆ ਜਾਵੇ।” ਅਤੇ ਲੇਵੀ ਦੇ ਪਰਿਵਾਰ ਦੇ ਸਾਰੇ ਲੋਕ ਮੂਸਾ ਵੱਲ ਦੌੜੇ।
27 ਫ਼ੇਰ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਦੱਸਾਂਗਾ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਕੀ ਆਖਦਾ ਹੈ; ‘ਹਰੇਕ ਆਦਮੀ ਨੂੰ ਆਪਣੀ ਤਲਵਾਰ ਫ਼ੜ ਲੈਣੀ ਚਾਹੀਦੀ ਹੈ ਅਤੇ ਡੇਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ, ਭਾਵੇਂ ਹਰ ਬੰਦੇ ਨੂੰ ਆਪਣਾ ਭਰਾ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਕਤਲ ਕਰਨਾ ਪਵੇ।’”
28 ਲੇਵੀ ਦੇ ਪਰਿਵਾਰ ਦੇ ਆਦਮੀਆਂ ਨੇ ਮੂਸਾ ਦੀ ਗੱਲ ਮੰਨ ਲਈ। ਉਸ ਦਿਨ ਇਸਰਾਏਲ ਦੇ ਤਕਰੀਬਨ 3,000 ਲੋਕ ਮਾਰੇ ਗਏ। 29 ਫ਼ੇਰ ਮੂਸਾ ਨੇ ਆਖਿਆ, “ਅੱਜ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਤਿਆਰ ਕਰੋ, ਭਾਵੇਂ ਇਸਦਾ ਭਾਵ ਤੁਹਾਡੇ ਖੁਦ ਦੇ ਭਰਾ ਜਾਂ ਤੁਹਾਡੇ ਪੁੱਤਰ ਦੇ ਖਿਲਾਫ਼ ਲੜਨਾ ਹੀ ਕਿਉਂ ਨਾ ਹੋਵੇ ਤਾਂ ਜੋ ਯਹੋਵਾਹ ਅੱਜ ਤੁਹਾਨੂੰ ਅਸੀਸ ਦੇ ਸੱਕੇ।”
30 ਅਗਲੀ ਸਵੇਰ, ਉਸ ਨੇ ਲੋਕਾਂ ਨੂੰ ਆਖਿਆ, “ਤੁਸੀਂ ਇਹ ਭਿਆਨਕ ਪਾਪ ਕੀਤਾ ਹੈ। ਪਰ ਹੁਣ ਮੈਂ ਯਹੋਵਾਹ ਕੋਲ ਉੱਪਰ ਜਾਵਾਂਗਾ, ਮੇਰੇ ਲਈ ਤੁਹਾਡੇ ਪਾਪਾਂ ਖਾਤਰ ਪਰਾਸਚਿਤ ਕਰਨਾ ਸੰਭਵ ਹੋ ਸੱਕਦਾ ਹੈ।” 31 ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਚੱਲਾ ਗਿਆ ਅਤੇ ਆਖਿਆ, “ਕਿਰਪਾ ਕਰਕੇ ਸੁਣੋ। ਇਨ੍ਹਾਂ ਲੋਕਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ ਅਤੇ ਸੋਨੇ ਦਾ ਦੇਵਤਾ ਬਣਾਇਆ। 32 ਹੁਣ, ਉਨ੍ਹਾਂ ਨੂੰ ਇਸ ਪਾਪ ਦੀ ਮਾਫ਼ੀ ਦੇ ਦਿਉ। ਜੇ ਤੁਸੀਂ ਮਾਫ਼ ਨਹੀਂ ਕਰੋਂਗੇ, ਤਾਂ ਮੇਰਾ ਨਾਮ ਉਸ ਪੁਸਤਕ ਵਿੱਚੋਂ ਮਿਟਾ ਦਿਉ ਜਿਹੜੀ ਤੁਸੀਂ ਲਿਖੀ ਹੈ।”
33 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ ਮੈਂ ਆਪਣੀ ਪੁਸਤਕ ਵਿੱਚੋਂ ਮਿਟਾ ਦਿੰਦਾ ਹਾਂ ਉਹ ਅਜਿਹੇ ਹਨ ਜਿਹੜੇ ਮੇਰੇ ਖਿਲਾਫ਼ ਪਾਪ ਕਰਦੇ ਹਨ। 34 ਇਸ ਲਈ ਹੁਣ, ਹੇਠਾਂ ਜਾ ਅਤੇ ਲੋਕਾਂ ਦੀ ਉਧਰ ਅਗਵਾਈ ਕਰ ਜਿਧਰ ਮੈਂ ਤੈਨੂੰ ਆਖਦਾ ਹਾਂ। ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ ਅਤੇ ਤੇਰੀ ਅਗਵਾਈ ਕਰੇਗਾ ਜਦੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ। ਜਿਨ੍ਹਾਂ ਨੇ ਪਾਪ ਕੀਤਾ ਸੀ, ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।” 35 ਇਸ ਤਰ੍ਹਾਂ ਯਹੋਵਾਹ ਨੇ ਲੋਕਾਂ ਵੱਲ ਇੱਕ ਭਿਆਨਕ ਬਿਮਾਰੀ ਭੇਜੀ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਉਨ੍ਹਾਂ ਨੇ ਹਾਰੂਨ ਨੂੰ ਸੋਨੇ ਦਾ ਵਛਾ ਬਨਾਉਣ ਲਈ ਆਖਿਆ ਸੀ।