ਪਸਾਹ
12
ਜਦੋਂ ਹਾਲੇ ਮੂਸਾ ਤੇ ਹਾਰੂਨ ਮਿਸਰ ਵਿੱਚ ਹੀ ਸਨ, ਯਹੋਵਾਹ ਨੇ ਉਨ੍ਹਾਂ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਇਹ ਮਹੀਨਾ ਤੁਹਾਡੇ ਲਈ ਸਾਲ ਦਾ ਪਹਿਲਾ ਮਹੀਨਾ ਹੋਵੇਗਾ। ਇਸਰਾਏਲ ਦੇ ਸਾਰੇ ਬਾਈਚਾਰੇ ਨੂੰ ਦੱਸ; ਇਸ ਮਹੀਨੇ ਦੇ ਦਸਵੇਂ ਦਿਨ, ਹਰੇਕ ਵਿਅਕਤੀ ਨੂੰ ਆਪਣੇ ਪਰਿਵਾਰ ਲਈ ਇੱਕ ਲੇਲਾ ਲਿਆਉਣ ਪਵੇਗਾ, ਘਰ ਦੇ ਹਰ ਜਣੇ ਲਈ ਇੱਕ ਲੇਲਾ। ਜੇ ਉਸ ਦੇ ਘਰ ਵਿੱਚ ਪੂਰਾ ਲੇਲਾ ਖਾ ਸੱਕਣ ਵਾਲੇ ਕਾਫ਼ੀ ਬੰਦੇ ਨਹੀਂ ਹਨ ਤਾਂ ਉਸ ਨੂੰ ਭੋਜਨ ਸਾਂਝਾ ਕਰਨ ਲਈ ਕੁਝ ਗੁਆਂਢੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ। ਹਰੇਕ ਦੇ ਖਾਣ ਲਈ ਲੇਲਾ ਕਾਫ਼ੀ ਹੋਣਾ ਚਾਹੀਦਾ ਹੈ। ਲੇਲਾ ਇੱਕ ਸਾਲ ਦਾ ਹੋਣਾ ਚਾਹੀਦਾ ਹੈ ਇਸ ਨੂੰ ਪੂਰਾ ਸਿਹਤਮੰਦ ਹੋਣਾ ਚਾਹੀਦਾ ਹੈ। ਇਹ ਜਾਨਵਰ ਜੁਆਨ ਭੇਡੂ ਜਾਂ ਜੁਆਨ ਬੱਕਰਾ ਹੋ ਸੱਕਦਾ ਹੈ। ਤੁਹਾਨੂੰ ਮਹੀਨੇ ਦੇ ਚੌਦਵੇਂ ਦਿਨ ਤੱਕ ਜਾਨਵਰ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਉਸ ਦਿਨ, ਇਸਰਾਏਲ ਦੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਜਾਨਵਰਾਂ ਨੂੰ ਉਦੋਂ ਮਾਰਨਾ ਚਾਹੀਦਾ ਜਦੋਂ ਸੂਰਜ ਛੁਪ ਰਿਹਾ ਹੋਵੇ। ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰੋ। ਇਸ ਖੂਨ ਨੂੰ ਉਨ੍ਹਾਂ ਘਰਾਂ ਦੀਆਂ ਚੁਗਾਠਾਂ ਦੇ ਉੱਪਰਲੇ ਅਤੇ ਪਾਸਿਆਂ ਉੱਤੇ ਮਲਣਾ ਚਾਹੀਦਾ ਹੈ, ਜਿੱਥੇ ਲੋਕ ਇਹ ਭੋਜਣ ਖਾਣ।
“ਇਸ ਰਾਤ ਨੂੰ ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਭੁੰਨੋ ਅਤੇ ਸਾਰਾ ਮਾਸ ਖਾ ਲਵੋ। ਤੁਹਾਨੂੰ ਕੌੜੀਆਂ ਬੂਟੀਆਂ ਅਤੇ ਪਤੀਰੀ ਰੋਟੀ ਵੀ ਖਾਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਪਾਣੀ ਵਿੱਚ ਨਾ ਉਬਾਲੋ। ਪੂਰੇ ਲੇਲੇ ਨੂੰ ਅੱਗ ਉੱਤੇ ਭੁਂਨੋ। ਹਾਲੇ ਤੱਕ ਲੇਲੇ ਦੀ ਸਿਰੀ, ਲੱਤਾਂ ਅਤੇ ਅੰਦਰਲੇ ਹਿੱਸੇ ਪੂਰੇ ਹੋਣੇ ਚਾਹੀਦੇ ਹਨ। 10 ਤੁਹਾਨੂੰ ਉਹ ਸਾਰਾ ਮਾਸ ਉਸੇ ਰਾਤ ਖਾਣਾ ਚਾਹੀਦਾ ਹੈ। ਜੇ ਕੁਝ ਮਾਸ ਸਵੇਰ ਲਈ ਬਚ ਜਾਵੇ ਤਾਂ ਉਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
11 “ਜਦੋਂ ਤੁਸੀਂ ਭੋਜਨ ਕਰੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਸਫ਼ਰ ਤੇ ਜਾ ਰਹੇ ਹੋਵੋਂ। ਤੁਹਾਡੇ ਪੈਰੀਂ ਜੁੱਤੀ ਹੋਣੀ ਚਾਹੀਦੀ ਹੈ ਅਤੇ ਹੱਥ ਵਿੱਚ ਸੋਟੀ ਹੋਣੀ ਚਾਹੀਦੀ ਹੈ। ਤੁਹਾਨੂੰ ਕਾਹਲੀ ਨਾਲ ਭੋਜਨ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਯਹੋਵਾਹ ਦੇ ਪਸਾਹ ਦਾ ਭੋਜਨ ਹੈ-ਉਸ ਵੇਲੇ ਦਾ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਛੇਤੀ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ।
12 “ਅੱਜ ਰਾਤ ਨੂੰ ਮੈਂ ਮਿਸਰ ਵਿੱਚੋਂ ਲੰਘਾਂਗਾ ਅਤੇ ਮਿਸਰ ਦੇ ਹਰ ਆਦਮੀ ਅਤੇ ਪਸ਼ੂ ਦੀ ਪਲੋਠੀ ਸੰਤਾਨ ਨੂੰ ਮਾਰ ਦਿਆਂਗਾ। ਇਸ ਤਰ੍ਹਾਂ ਨਾਲ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਦਰਸਾ ਦਿਆਂਗਾ ਕਿ ਮੈਂ ਯਹੋਵਾਹ ਹਾਂ। 13 ਪਰ ਤੁਹਾਡੇ ਘਰਾਂ ਉੱਤੇ ਖੂਨ, ਖਾਸ ਨਿਸ਼ਾਨ ਹੋਵੇਗਾ। ਜਦੋਂ ਮੈਂ ਖੂਨ ਨੂੰ ਦੇਖਾਂਗਾ ਤਾਂ ਮੈਂ ਤੁਹਾਡੇ ਘਰ ਨੂੰ ਲੰਘ ਜਾਵਾਂਗਾ। ਮੈਂ ਮਿਸਰ ਦੇ ਲੋਕਾਂ ਉਤੇ ਮੁਸੀਬਤਾਂ ਸੁੱਟਾਂਗਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਭੈੜੀ ਬਿਮਾਰੀ ਤੁਹਾਨੂੰ ਨਹੀਂ ਲੱਗੇਗੀ।
14 “ਇਸ ਲਈ ਤੁਸੀਂ ਹਮੇਸ਼ਾ ਅੱਜ ਦੀ ਰਾਤ ਨੂੰ ਚੇਤੇ ਰੱਖੋਂਗੇ-ਇਹ ਤੁਹਾਡੇ ਲਈ ਛੁੱਟੀ ਦਾ ਖਾਸ ਦਿਨ ਹੋਵੇਗਾ। ਤੁਹਾਡੇ ਉੱਤਰਾਧਿਕਾਰੀ ਇਸ ਛੁੱਟੀ ਨਾਲ ਯਹੋਵਾਹ ਦਾ ਹਮੇਸ਼ਾ ਆਦਰ ਕਰਨਗੇ। 15 ਇਸ ਛੁੱਟੀ ਤੇ, ਤੁਸੀਂ ਸੱਤਾਂ ਦਿਨਾਂ ਲਈ ਪਤੀਰੀ ਰੋਟੀ ਖਾਵੋਂਗ਼ੇ। ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਆਪਣੇ ਘਰਾਂ ਵਿੱਚੋਂ ਸਾਰਾ ਖਮੀਰ ਬਾਹਰ ਕੱਢ ਦਿਉਂਗੇ। ਜੇ ਕੋਈ ਪਹਿਲੇ ਅਤੇ ਸੱਤਵੇਂ ਦਿਨ ਦੇ ਵਿੱਚਕਾਰ ਖਮੀਰ ਖਾਂਦਾ ਹੈ ਤਾਂ ਉਸ ਨੂੰ ਬਾਕੀ ਦੇ ਇਸਰਾਏਲ ਤੋਂ ਅੱਡ ਕਰ ਦਿੱਤਾ ਜਾਣਾ ਚਾਹੀਦਾ ਹੈ। 16 ਛੁੱਟੀਆਂ ਦੇ ਪਹਿਲੇ ਤੇ ਆਖਰੀ ਦਿਨ ਪਵਿੱਤਰ ਸਭਾਵਾਂ ਹੋਣਗੀਆਂ ਇਨ੍ਹਾਂ ਦਿਨਾਂ ਤੇ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਸਿਰਫ਼ ਇੱਕੋ ਕੰਮ ਜਿਹੜਾ ਤੁਸੀਂ ਇਨ੍ਹਾਂ ਦਿਨਾਂ ਵਿੱਚ ਕਰ ਸੱਕਦੇ ਹੋ ਉਹ ਹੈ ਆਪਣੇ ਲਈ ਭੋਜਨ ਤਿਆਰ ਕਰਨਾ। 17 ਤੁਹਾਨੂੰ ਪਤੀਰੀ ਰੋਟੀ ਦੇ ਪਰਬ ਨੂੰ ਚੇਤੇ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਦਿਨ ਮੈਂ ਤੁਹਾਡੇ ਸਮੂਹ ਲੋਕਾਂ ਨੂੰ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਗਿਆ ਸਾਂ। ਇਸ ਲਈ ਤੁਹਾਡੇ ਸਮੂਹ ਉੱਤਰਾਧਿਕਾਰੀਆਂ ਨੂੰ ਇਹ ਦਿਨ ਚੇਤੇ ਰੱਖਣਾ ਚਾਹੀਦਾ ਹੈ। ਇਹ ਉਹ ਨੇਮ ਹੈ ਜਿਹੜਾ ਸਦਾ ਰਹੇਗਾ। 18 ਇਸ ਲਈ, ਪਹਿਲੇ ਮਹੀਨੇ ਦੇ 14ਵੇਂ ਦਿਨ ਦੀ, ਸ਼ਾਮ ਨੂੰ ਤੁਸੀਂ ਪਤੀਰੀ ਰੋਟੀ ਖਾਣੀ ਸ਼ੁਰੂ ਕਰਕੇ ਉਸੇ ਮਹੀਨੇ ਦੇ 21ਵੇਂ ਦਿਨ ਦੀ ਸ਼ਾਮ ਤੱਕ ਖਾਵੋਂਗੇ। 19 ਸੱਤਾਂ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਹੀਂ ਹੋਣਾ ਚਾਹੀਦਾ। ਕੋਈ ਵੀ ਵਿਅਕਤੀ, ਇਸਰਾਏਲ ਦਾ ਨਾਗਰਿਕ ਜਾਂ ਵਿਦੇਸ਼ੀ ਜਨਮਿਆ ਵਾਸੀ, ਜਿਹੜਾ ਇਸ ਮੌਕੇ ਤੇ ਖਮੀਰ ਖਾਵੇ, ਉਸ ਨੂੰ ਬਾਕੀ ਦੇ ਇਸਰਾਏਲ ਤੋਂ ਅੱਡ ਕਰ ਦਿੱਤਾ ਜਾਵੇਗਾ। 20 ਇਸ ਮੌਕੇ ਤੇ ਤੁਸੀਂ ਖਮੀਰ ਨਹੀਂ ਖਾਵੋਂਗੇ। ਜਿੱਥੇ ਵੀ ਤੁਸੀਂ ਰਹਿੰਦੇ ਹੋਵੋਂ ਤੁਸੀਂ ਪਤੀਰੀ ਰੋਟੀ ਖਾਵੋਂਗੇ।”
21 ਇਸ ਲਈ ਮੂਸਾ ਨੇ ਸਾਰੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਪਰਿਵਾਰਾਂ ਲਈ ਲੇਲੇ ਲਿਆਵੋ। ਪਸਾਹ ਲਈ ਲੇਲੇ ਜ਼ਿਬਾਹ ਕਰੋ। 22 ਜ਼ੂਫ਼ੇ ਦੀਆਂ ਟਾਹਣੀਆਂ ਲੈ ਕੇ ਉਨ੍ਹਾਂ ਨੂੰ ਖੂਨ ਨਾਲ ਭਰੇ ਹੋਏ ਪਿਆਲਿਆਂ ਵਿੱਚ ਡੋਬੋ। ਖੂਨ ਨੂੰ ਆਪਣੇ ਦਰਵਾਜ਼ਿਆਂ ਦੀਆਂ ਸਰਦਲਾਂ ਦੇ ਪਾਸੇ ਤੇ ਅਤੇ ਉੱਪਰ ਮਲੋ। ਸਵੇਰ ਤੀਕ ਕਿਸੇ ਨੂੰ ਵੀ ਉਸ ਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ। 23 ਉਸ ਵੇਲੇ ਜਦੋਂ ਯਹੋਵਾਹ ਮਿਸਰ ਵਿੱਚੋਂ ਪਲੋਠੀ ਸੰਤਾਨ ਨੂੰ ਮਾਰਨ ਲਈ ਲੰਘੇਗਾ, ਤਾਂ ਯਹੋਵਾਹ ਤੁਹਾਡੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਉੱਪਰਲੇ ਪਾਸੇ ਅਤੇ ਪਾਸਿਆਂ ਉੱਤੇ ਖੂਨ ਦੇਖ ਲਵੇਗਾ। ਫ਼ੇਰ ਯਹੋਵਾਹ ਉਸ ਘਰ ਨੂੰ ਬਚਾਵੇਗਾ। ਯਹੋਵਾਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਆਉਣ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵੇਗਾ। 24 ਤੁਹਾਨੂੰ ਇਹ ਹੁਕਮ ਯਾਦ ਰੱਖਣਾ ਚਾਹੀਦਾ ਹੈ। ਇਹ ਕਾਨੂਨ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹੈ। 25 ਤੁਹਾਨੂੰ ਇਸ ਨੂੰ ਉਦੋਂ ਵੀ ਚੇਤੇ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਉਸ ਧਰਤੀ ਤੇ ਜਾਵੋਂ ਜਿਹੜੀ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 26 ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣ, ‘ਅਸੀਂ ਇਹ ਰਸਮ ਕਿਉਂ ਕਰ ਰਹੇ ਹਾਂ?’ 27 ਤਾਂ ਤੁਸੀਂ ਆਖੋਂਗੇ, ‘ਇਹ ਪਸਾਹ ਯਹੋਵਾਹ ਦੇ ਆਦਰ ਲਈ ਹੈ। ਕਿਉਂਕਿ ਜਦੋਂ ਅਸੀਂ ਮਿਸਰ ਵਿੱਚ ਸਾਂ, ਯਹੋਵਾਹ ਇਸਰਾਏਲ ਦੇ ਘਰਾਂ ਨੂੰ ਲੰਘ ਰਿਹਾ ਸੀ। ਯਹੋਵਾਹ ਨੇ ਮਿਸਰੀਆਂ ਨੂੰ ਮਾਰ ਦਿੱਤਾ, ਪਰ ਉਸ ਨੇ ਸਾਡੇ ਘਰਾਂ ਦੇ ਲੋਕਾਂ ਨੂੰ ਬਚਾ ਲਿਆ।’”
ਇਸ ਲਈ ਹੁਣ ਲੋਕ ਯਹੋਵਾਹ ਨੂੰ ਮੱਥਾ ਟੇਕਦੇ ਹਨ ਤੇ ਉਪਾਸਨਾ ਕਰਦੇ ਹਨ। 28 ਯਹੋਵਾਹ ਨੇ ਇਹ ਹੁਕਮ ਮੂਸਾ ਅਤੇ ਹਾਰੂਨ ਨੂੰ ਦਿੱਤਾ ਇਸ ਲਈ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਸੀ।
29 ਅੱਧੀ ਰਾਤ ਵੇਲੇ, ਯਹੋਵਾਹ ਨੇ ਮਿਸਰ ਵਿੱਚ ਸਾਰੇ ਪਲੋਠੇ ਪੁੱਤਰਾਂ ਨੂੰ ਮਾਰ ਦਿੱਤਾ, ਫ਼ਿਰਊਨ ਨੇ ਪਲੋਠੇ ਤੋਂ ਲੈ ਕੇ ਕੈਦਖਾਨੇ ਵਿੱਚ ਬੈਠੇ ਕੈਦੀ ਦੇ ਪਲੋਠੇ ਪੁੱਤਰ ਤੱਕ। ਸਾਰੇ ਪਲੋਠੇ ਜਾਨਵਰ ਵੀ ਮਰ ਗਏ। 30 ਉਸ ਰਾਤ ਮਿਸਰ ਦੇ ਹਰ ਘਰ ਵਿੱਚ ਕੋਈ ਨਾ ਕੋਈ ਮਰ ਗਿਆ। ਫ਼ਿਰਊਨ, ਉਸ ਦੇ ਅਧਿਕਾਰੀਆਂ ਅਤੇ ਮਿਸਰ ਦੇ ਸਾਰੇ ਲੋਕਾਂ ਨੇ ਉੱਚੀ-ਉੱਚੀ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ।
ਇਸਰਾਏਲ ਦਾ ਮਿਸਰ ਨੂੰ ਛੱਡ ਜਾਣਾ
31 ਇਸ ਲਈ ਉਸ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਉੱਠੋ ਅਤੇ ਮੇਰੇ ਲੋਕਾਂ ਨੂੰ ਛੱਡ ਦਿਉ। ਤੁਸੀਂ ਅਤੇ ਤੁਹਾਡੇ ਲੋਕ ਜੋ ਕਹਿੰਦੇ ਹੋ ਕਰ ਸੱਕਦੇ ਹੋ। ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ। 32 ਅਤੇ ਤੁਸੀਂ ਆਪਣੇ ਨਾਲ ਆਪਣੀਆਂ ਸਾਰੀਆਂ ਭੇਡਾਂ ਅਤੇ ਪਸ਼ੂ ਲੈ ਜਾ ਸੱਕਦੇ ਹੋ ਜਿਹਾ ਕਿ ਤੁਸੀਂ ਆਖਿਆ ਸੀ ਕਿ ਤੁਸੀਂ ਕਰੋਂਗੇ। ਜਾਓ। ਅਤੇ ਮੈਨੂੰ ਵੀ ਅਸੀਸ ਦਿਉ।” 33 ਮਿਸਰ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਛੇਤੀ ਚੱਲੇ ਜਾਣ ਲਈ ਆਖਿਆ। ਕਿਉਂਕਿ ਉਨ੍ਹਾਂ ਨੇ ਆਖਿਆ, “ਜੇ ਤੁਸੀਂ ਨਾ ਗਏ, ਅਸੀਂ ਸਾਰੇ ਮਾਰੇ ਜਾਵਾਂਗੇ।”
34 ਇਸਰਾਏਲ ਦੇ ਲੋਕਾਂ ਕੋਲ ਆਪਣੀ ਰੋਟੀ ਵਿੱਚ ਖਮੀਰ ਪਾਉਣ ਦਾ ਵੀ ਸਮਾਂ ਨਹੀਂ ਸੀ। ਉਨ੍ਹਾਂ ਨੇ ਆਟੇ ਦੀਆਂ ਤੌਣਾਂ ਕੱਪੜੇ ਵਿੱਚ ਬੰਨ੍ਹੀਆਂ ਅਤੇ ਉਨ੍ਹਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ। 35 ਫ਼ੇਰ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜੋ ਮੂਸਾ ਨੇ ਉਨ੍ਹਾਂ ਨੂੰ ਕਰਨ ਲਈ ਆਖਿਆ ਸੀ। ਉਹ ਆਪਣੇ ਮਿਸਰੀ ਗੁਆਂਢੀਆਂ ਕੋਲ ਗਏ ਅਤੇ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣੇ ਮੰਗੇ। 36 ਯਹੋਵਾਹ ਨੇ ਮਿਸਰੀਆਂ ਨੂੰ ਇਸਰਾਏਲੀਆਂ ਵੱਲ ਮਿਹਰਬਾਨ ਬਣਾ ਦਿੱਤਾ ਅਤੇ ਜੋ ਵੀ ਉਨ੍ਹਾਂ ਨੂੰ ਚਾਹੀਦਾ ਸੀ, ਦਿੱਤਾ। ਇੰਝ ਇਸਰਾਏਲ ਦੇ ਲੋਕਾਂ ਨੇ ਮਿਸਰੀਆਂ ਤੋਂ ਸਾਰੀਆਂ ਕੀਮਤੀ ਮਲਕੀਅਤਾਂ ਲੈ ਲਈਆਂ।
37 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਸਫ਼ਰ ਕੀਤਾ। ਬੱਚਿਆਂ ਤੋਂ ਬਿਨਾ ਉੱਥੇ ਤਕਰੀਬਨ 6,00,000 ਆਦਮੀ ਸਨ। 38 ਉੱਥੇ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਅਤੇ ਹੋਰ ਚੀਜ਼ਾਂ ਸਨ। ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਵੀ ਸਨ-ਇਹ ਲੋਕ ਇਸਰਾਏਲੀ ਨਹੀਂ ਸਨ ਪਰ ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਹੀ ਮਿਸਰ ਛੱਡ ਦਿੱਤਾ ਸੀ। 39 ਨਾ ਤਾਂ ਲੋਕਾਂ ਕੋਲ ਆਪਣੇ ਆਟੇ ਵਿੱਚ ਖਮੀਰ ਪਾਉਣ ਦਾ ਸਮਾਂ ਸੀ ਨਾ ਹੀ ਆਪਣੇ ਸਫ਼ਰ ਲਈ ਰੋਟੀ ਪਕਾਉਣ ਦਾ ਕਿਉਂਕਿ ਉਹ ਮਿਸਰ ਵਿੱਚੋਂ ਕੱਢ ਦਿੱਤੇ ਗਏ ਸਨ। ਇਸ ਲਈ ਰਸਤੇ ਵਿੱਚ ਜਦੋਂ ਉਹ ਖਾਣ ਲਈ ਰੁਕੇ, ਉਨ੍ਹਾਂ ਨੇ ਬਿਨਾ ਖਮੀਰ ਤੋਂ ਆਪਣੀਆਂ ਰੋਟੀਆਂ ਸੇਕੀਆਂ।
40 ਇਸਰਾਏਲ ਦੇ ਲੋਕ ਮਿਸਰ ਵਿੱਚ 430 ਵਰ੍ਹਿਆਂ ਲਈ ਰਹੇ। 41 ਚਾਰ ਸੌ ਤੀਹਵੇਂ ਵਰ੍ਹੇ ਦੇ ਅਖੀਰਲੇ ਦਿਨ, ਯਹੋਵਾਹ ਦੀਆਂ ਸਾਰੀਂ ਫ਼ੌਜ਼ਾਂ* ਨੇ ਮਿਸਰ ਛੱਡ ਦਿੱਤਾ। 42 ਇਸ ਲਈ ਇਹ ਬਹੁਤ ਖਾਸ ਰਾਤ ਹੈ ਜਦੋਂ ਲੋਕ ਯਹੋਵਾਹ ਦੀ ਕਰਨੀ ਨੂੰ ਚੇਤੇ ਕਰਦੇ ਹਨ। ਇਸਰਾਏਲ ਦੇ ਸਮੂਹ ਲੋਕ ਹਮੇਸ਼ਾ ਵਾਸਤੇ ਉਸ ਰਾਤ ਨੂੰ ਚੇਤੇ ਰੱਖਣਗੇ।
43 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਪਸਾਹ ਲਈ ਇਹ ਨੇਮ ਹਨ; ਕਿਸੇ ਵੀ ਵਿਦੇਸ਼ੀ ਨੇ ਪਸਾਹ ਦਾ ਭੋਜਨ ਨਹੀਂ ਕਰਨਾ। 44 ਪਰ ਜੇ ਕੋਈ ਬੰਦਾ ਕੋਈ ਗੁਲਾਮ ਖਰੀਦਦਾ ਹੈ ਅਤੇ ਉਸਦੀ ਸੁੰਨਤ ਕਰਾਉਂਦਾ ਹੈ ਤਾਂ ਉਹ ਗੁਲਾਮ ਪਸਾਹ ਦਾ ਭੋਜਨ ਖਾ ਸੱਕਦਾ ਹੈ। 45 ਪਰ ਜੇ ਕੋਈ ਬੰਦਾ ਸਿਰਫ਼ ਤੁਹਾਡੇ ਦੇਸ਼ ਅੰਦਰ ਰਹਿੰਦਾ ਹੈ, ਜਾਂ ਜੇ ਕੋਈ ਬੰਦਾ ਸਿਰਫ਼ ਤੁਹਾਦੇ ਕੰਮ ਵਾਸਤੇ ਰੱਖਿਆ ਹੋਇਆ ਹੈ, ਤਾਂ ਉਹ ਬੰਦਾ ਪਸਾਹ ਦਾ ਭੋਜਨ ਨਾ ਖਾਵੇ। ਪਸਾਹ ਇਸਰਾਏਲ ਦੇ ਲੋਕਾਂ ਲਈ ਹੈ।
46 “ਹਰੇਕ ਪਰਿਵਾਰ ਇੱਕੋ ਘਰ ਵਿੱਚ ਭੋਜਨ ਖਾਵੇ। ਘਰ ਤੋਂ ਬਾਹਰ ਕੋਈ ਭੋਜਨ ਨਾ ਖਾਧਾ ਜਾਵੇ। ਲੇਲੇ ਦੀ ਕੋਈ ਵੀ ਹੱਡੀ ਨਾ ਤੋੜੋ। 47 ਇਸਰਾਏਲ ਦੇ ਸਮੂਹ ਭਾਈਚਾਰੇ ਨੂੰ ਇਹ ਰੀਤ ਜ਼ਰੂਰ ਕਰਨੀ ਚਾਹੀਦੀ ਹੈ। 48 ਜੇ ਤੁਹਾਡੇ ਦਰਮਿਆਨ ਕੋਈ ਗੈਰ-ਇਸਰਾਏਲੀ ਰਹਿੰਦਾ ਹੈ ਅਤੇ ਜੇ ਉਹ ਯਹੋਵਾਹ ਦੇ ਪਸਾਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਤਾਂ ਉਸਦੀ ਸੁੰਨਤ ਅਵੱਸ਼ ਹੋਣੀ ਚਾਹੀਦੀ ਹੈ। ਫ਼ੇਰ ਉਹ ਇਸਰਾਏਲ ਦੇ ਕਿਸੇ ਵੀ ਹੋਰ ਸ਼ਹਿਰੀ ਵਰਗਾ ਹੋਵੇਗਾ, ਇਸ ਲਈ ਉਹ ਭੋਜਨ ਸਾਂਝਾ ਕਰ ਸੱਕਦਾ ਹੈ। ਪਰ ਜੇ ਕਿਸੇ ਬੰਦੇ ਦੀ ਸੁੰਨਤ ਨਹੀਂ ਹੋਈ ਤਾਂ ਉਹ ਪਸਾਹ ਦਾ ਭੋਜਨ ਨਹੀਂ ਖਾ ਸੱਕਦਾ। 49 ਇਹੀ ਬਿਵਸਥਾ ਹਰ ਕਿਸੇ ਲਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਬੰਦਾ ਸ਼ਹਿਰੀ ਹੈ ਜਾਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਗੈਰ ਇਸਰਾਏਲੀ ਹੈ-ਬਿਵਸਥਾ ਸਾਰਿਆਂ ਲਈ ਇੱਕੋ ਜਿਹੀ ਹੈ।”
50 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਹੁਕਮ ਮੰਨੇ ਜਿਹੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਦਿੱਤੇ ਸਨ। 51 ਇਸ ਲਈ ਉਸੇ ਦਿਨ, ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਮਿਸਰ ਦੇ ਦੇਸ਼ ਤੋਂ ਬਾਹਰ ਲੈ ਗਿਆ। ਲੋਕ ਟੋਲਿਆਂ ਵਿੱਚ ਚੱਲੇ ਗਏ।
* 12:41 ਯਹੋਵਾਹ ਦੀਆਂ ਸਾਰੀਂ ਫ਼ੌਜ਼ਾਂ ਇਸਰਾਏਲ ਦੇ ਲੋਕ।