ਜ਼ਕਰਯਾਹ 
 
ਯਹੋਵਾਹ ਆਪਣੇ ਲੋਕਾਂ ਨੂੰ ਮੋੜਨ ਦਾ ਚਾਹਵਾਨ 
1
1 ਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਯਹੋਵਾਹ ਵੱਲੋਂ ਇਹ ਬਾਣੀ ਹੋਈ। ਇਹ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਦੂਜੇ ਸਾਲ ਦੇ 8 ਵੇਂ ਮਹੀਨੇ ਦੀ ਗੱਲ ਹੈ। (ਜ਼ਕਰਯਾਹ ਬਰਕਯਾਹ ਦਾ ਪੁੱਤਰ ਸੀ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਉਹ ਸੰਦੇਸ਼ ਇਉਂ ਸੀ: 
2 ਯਹੋਵਾਹ ਤੁਹਾਡੇ ਪੁਰਖਿਆਂ ਤੇ ਬਹੁਤ ਕ੍ਰੋਧਵਾਨ ਹੋਇਆ। 
3 ਇਸ ਲਈ ਤੁਸੀਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖਣਾ। ਯਹੋਵਾਹ ਦਾ ਕਹਿਣਾ ਹੈ, “ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਪਰਤਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ। 
4 ਉਸ ਨੇ ਆਖਿਆ, “ਆਪਣੇ ਪੁਰਖਿਆਂ ਵਾਂਗ ਨਾ ਕਰੋ। ਪਹਿਲਾਂ ਨਬੀਆਂ ਨੇ ਉਨ੍ਹਾਂ ਨੂੰ ਕਿਹਾ ਸੀ, ‘ਯਹੋਵਾਹ ਸਰਬ ਸ਼ਕਤੀਮਾਨ ਆਖਦਾ: ਆਪਣੇ ਜਿਉਣ ਦੇ ਬਦ-ਢੰਗ ਤੋਂ ਹਟ ਜਾਵੋ। ਬਦ ਕਰਤੂਤਾਂ ਕਰਨੀਆਂ ਬੰਦ ਕਰ ਦਿਓ।’ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਪਾਲਣ ਨਹੀਂ ਕੀਤਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ। 
5 ਪਰਮੇਸ਼ੁਰ ਨੇ ਆਖਿਆ, “ਤੁਹਾਡੇ ਪੁਰੱਖੇ ਖਤਮ ਹੋ ਗਏ ਅਤੇ ਨਬੀ ਵੀ ਸਦੀਵ ਜਿਉਂਦੇ ਨਾ ਰਹਿਣਗੇ। 
6 ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿੱਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿੱਖਾਏ। ਉਨ੍ਹਾਂ ਕਿਹਾ, ‘ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।’ ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।” 
ਚਾਰ ਘੋੜੇ 
7 ਜਦੋਂ ਫ਼ਾਰਸ ਦਾ ਪਾਤਸ਼ਾਹ ਦਾਰਾ ਰਾਜ ਕਰਦਾ ਸੀ ਉਸ ਦੇ ਰਾਜ ਦੇ ਦੂਜੇ ਵਰ੍ਹੇ ਦੇ 11ਵੇਂ ਮਹੀਨੇ (ਸਬਾਟ ਦੇ ਮਹੀਨੇ) ਦੇ 24ਵੇਂ ਦਿਨ, ਯਹੋਵਾਹ ਵੱਲੋਂ ਜ਼ਕਰਯਾਹ ਨੂੰ ਇੱਕ ਹੋਰ ਸੰਦੇਸ਼ ਹੋਇਆ। (ਇਹ ਜ਼ਕਰਯਾਹ ਬਰਕਯਾਹ ਦਾ ਪੁੱਤਰ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਸੰਦੇਸ਼ ਇਉਂ ਹੈ: 
8 ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿੱਚਕਾਰ ਖੜੋਤਾ ਸੀ। ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ। 
9 ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?” 
ਤੱਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।” 
10 ਤੱਦ ਮਹਿਂਦੀ ਦੇ ਬੂਟਿਆਂ ਵਿੱਚਕਾਰ ਖੜੋਤੇ ਮਨੁੱਖ ਨੇ ਕਿਹਾ, “ਯਹੋਵਾਹ ਨੇ ਧਰਤੀ ਤੇ ਇੱਧਰ-ਉੱਧਰ ਜਾਣ ਲਈ ਇਹ ਘੋੜੇ ਭੇਜੇ ਹਨ।” 
11 ਤੱਦ ਉਨ੍ਹਾਂ ਘੋੜਿਆਂ ਨੇ ਮਹਿੰਦੀ ਦੀਆਂ ਝਾੜੀਆਂ ਵਿੱਚਕਾਰ ਖੜੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਖੁਦ ਧਰਤੀ ਤੇ ਇੱਧਰ-ਉੱਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।” 
12 ਤੱਦ ਯਹੋਵਾਹ ਦੇ ਦੂਤ ਨੇ ਆਖਿਆ, “ਯਹੋਵਾਹ! ਤੂੰ ਕਦੋਂ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਸ਼ਾਂਤੀ ਤੇ ਸੁੱਖ ਬਹਾਲ ਕਰੇਂਗਾ? ਸੱਤਰ ਸਾਲ ਹੋ ਗਏ ਹਨ ਤੈਨੂੰ ਇਨ੍ਹਾਂ ਸ਼ਹਿਰਾਂ ਤੇ ਆਪਣੀ ਕਰੋਪੀ ਵਿਖਾਉਂਦਿਆਂ।” 
13 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਫ਼ਿਰ ਯਹੋਵਾਹ ਨੇ ਉਸ ਦੂਤ ਨੂੰ ਜਵਾਬ ਦਿੱਤਾ। ਯਹੋਵਾਹ ਨੇ ਉਸ ਨੂੰ ਸੁੱਖ ਸ਼ਾਂਤੀ ਤੇ ਅਮਨ ਵਾਲੇ ਸ਼ਬਦ ਕਹੇ। 
14 ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: 
“ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ। 
15 ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰੱਖਿਅਤ ਸਮਝਦੀਆਂ ਹਨ ਉਨ੍ਹਾਂ ਤੇ 
ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ 
ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ। 
ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।” 
16 ਇਸ ਲਈ ਯਹੋਵਾਹ ਕਹਿੰਦਾ ਹੈ, “ਮੈਂ ਮੁੜ ਆਵਾਂਗਾ ਅਤੇ ਯਰੂਸ਼ਲਮ ਵਿੱਚ ਆਰਾਮ ਬਹਾਲ ਕਰਾਂਗਾ।” 
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, 
“ਯਰੂਸ਼ਲਮ ਮੁੜ ਉਸਾਰਿਆ ਜਾਵੇਗਾ ਅਤੇਮੇਰਾ ਭਵਨ ਉੱਥੇ ਬਣੇਗਾ।” 
17 ਦੂਤ ਨੇ ਇਹ ਵੀ ਕਿਹਾ, “ਯਹੋਵਾਹ ਸ਼ਕਤੀਮਾਨ ਆਖਦਾ ਹੈ, 
‘ਮੇਰਾ ਸ਼ਹਿਰ ਮੁੜ ਧਨਾਢ ਹੋਵੇਗਾ। 
ਮੈਂ ਸੀਯੋਨ ਨੂੰ ਸੁੱਖ ਦੇਵਾਂਗਾ। 
ਤੇ ਯਰੂਸ਼ਲਮ ਨੂੰ ਮੁੜ ਮੈਂ ਆਪਣਾ ਖਾਸ ਸ਼ਹਿਰ ਚੁਣਾਂਗਾ।’” 
ਚਾਰ ਸਿੰਗ ਅਤੇ ਚਾਰ ਕਾਮੇ 
18 ਤੱਦ ਮੈਂ ਉੱਪਰ ਵੱਲ ਵੇਖਿਆ ਤਾਂ ਮੈਨੂੰ ਚਾਰ ਸਿੰਗਾਂ ਦੇ ਦਰਸ਼ਨ ਹੋਏ। 
19 ਤੱਦ ਮੈਂ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੂੰ ਪੁੱਛਿਆ, “ਇਨ੍ਹਾਂ ਸਿੰਗਾਂ ਦਾ ਕੀ ਅਰਬ ਹੈ?” 
ਉਸ ਨੇ ਕਿਹਾ, “ਇਹ ਸਿੰਗ (ਸ਼ਕਤੀਸ਼ਾਲੀ ਕੌਮਾਂ) ਹਨ, ਜਿਨ੍ਹਾਂ ਨੇ ਇਸਰਾਏਲ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ।” 
20 ਯਹੋਵਾਹ ਨੇ ਮੈਨੂੰ ਚਾਰ ਕਾਮਿਆਂ ਦੇ ਦਰਸ਼ਨ ਕਰਵਾਏ। 
21 ਮੈਂ ਉਸ ਨੂੰ ਪੁੱਛਿਆ, “ਇਹ ਚਾਰ ਮਜ਼ਦੂਰ ਕੀ ਕਰਨ ਆ ਰਹੇ ਹਨ?” 
ਉਸ ਨੇ ਕਿਹਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਓਪਰੇ ਦੇਸਾਂ ਵਿੱਚ ਧੱਕ ਦਿੱਤਾ। ਸਿੰਗਾਂ ਨੇ ਯਹੂਦਾਹ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਸੁੱਟਿਆ। ਇਹ ਸਿੰਗ ਕਿਸੇ ਤੇ ਰਹਿਮ ਨਹੀਂ ਕਰਦੇ ਪਰ ਇਹ ਚਾਰ ਕਾਮੇ ਉਨ੍ਹਾਂ ਸਿੰਗਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਆਏ ਹਨ।”