ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ 
19
1 ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ, 
“ਹਲਲੂਯਾਹ! 
ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ। 
2 ਨਿਆਂ ਉਸ ਦੇ ਹਨ ਸੱਚੇ ਤੇ ਸਹੀ। 
ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ 
ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। 
ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।” 
3 ਸਵਰਗ ਵਿੱਚਲੇ ਲੋਕਾਂ ਨੇ ਆਖਿਆ: 
“ਹਲਲੂਯਾਹ! 
ਉਹ ਸੜ ਰਹੀ ਹੈ ਅਤੇ ਉਸਦਾ ਧੂਆਂ ਸਦਾ ਅਤੇ ਸਦਾ ਲਈ ਉੱਠੇਗ਼ਾ।” 
4 ਫ਼ਿਰ ਚੌਵੀ ਬਜ਼ੁਰਗ ਅਤੇ ਚਾਰ ਸਜੀਵ ਚੀਜ਼ਾਂ ਝੁਕੀਆਂ ਅਤੇ ਉਨ੍ਹਾਂ ਨੇ ਉਸ ਇੱਕ ਦੀ ਉਪਾਸਨਾ ਕੀਤੀ ਜੋ ਉਸ ਤਖਤ ਤੇ ਬਿਰਾਜਮਾਨ ਸੀ। ਉਨ੍ਹਾਂ ਨੇ ਆਖਿਆ: 
“ਆਮੀਨ, ਹਲਲੂਯਾਹ।” 
5 ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ: 
“ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ। 
ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹੜੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।” 
6 ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹੜ੍ਹਾਂ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ: 
“ਹਲਲੂਯਾਹ! 
ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ। 
ਉਹ ਹੀ ਸਰਬ ਸ਼ਕਤੀਮਾਨ ਹੈ। 
7 ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾ 
ਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ। 
ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੈ। 
8 ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ। 
ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।” 
(ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।) 
9 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਲਿਖੋ; ਉਹ ਲੋਕ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।” ਫ਼ੇਰ ਦੂਤ ਨੇ ਆਖਿਆ, “ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।” 
10 ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।” 
ਚਿੱਟੇ ਘੋੜੇ ਉੱਤੇ ਘੋੜ ਸਵਾਰ 
11 ਫ਼ੇਰ ਮੈਂ ਸਵਰਗ ਨੂੰ ਖੁਲ੍ਹਦਿਆਂ ਦੇਖਿਆ। ਉੱਥੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ। ਘੋੜ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ। ਉਹ ਆਪਣੇ ਨਿਆਂ ਵਿੱਚ ਅਤੇ ਜੰਗ ਕਰਨ ਵਿੱਚ ਸਹੀ ਹੈ। 
12 ਉਸ ਦੀਆਂ ਅੱਖਾਂ ਅੱਗ ਦੇ ਭਾਂਬੜ ਹਨ। ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਪਰ ਸਿਰਫ਼ ਉਹੋ ਹੀ ਹੈ ਜਿਹੜਾ ਇੱਕ ਨਾਮ ਜਾਣਦਾ ਹੈ। ਕੋਈ ਹੋਰ ਵਿਅਕਤੀ ਇਹ ਨਾਮ ਨਹੀਂ ਜਾਣਦਾ। 
13 ਉਸ ਨੇ ਲਹੂ ਨਾਲ ਭਿੱਜਿਆ ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ। 
14 ਸਵਰਗ ਦੀਆਂ ਫ਼ੌਜਾਂ ਉਸਦਾ ਅਨੁਸਰਣ ਕਰ ਰਹੀਆਂ ਸਨ। ਉਹ ਚਿੱਟੇ ਘੋੜਿਆਂ ਤੇ ਸਵਾਰ ਸਨ। ਉਹ ਵੱਧੀਆ ਲਿਨਨ ਦੇ ਕੱਪੜਿਆਂ ਨਾਲ ਸੱਜੇ ਹੋਏ ਸਨ ਜੋ ਸਾਫ਼ ਅਤੇ ਚਿੱਟਾ ਸੀ। 
15 ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ। 
16 ਉਸ ਦੇ ਚੋਲੇ ਉੱਤੇ ਅਤੇ ਉਸਦੀ ਲੱਤ ਉੱਤੇ ਇਹ ਨਾਂ ਲਿਖਿਆ ਹੋਇਆ ਸੀ; 
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ 
17 ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ। 
18 ਇਕੱਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸਰੀਰਾਂ ਨੂੰ ਖਾ ਸੱਕੋ। ਘੋੜਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸਰੀਰਾਂ ਨੂੰ ਅਤੇ ਆਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸਰੀਰਾਂ ਨੂੰ ਖਾਣ ਲਈ ਆ ਜਾਓ।” 
19 ਫ਼ੇਰ ਮੈਂ ਜਾਨਵਰ ਨੂੰ ਅਤੇ ਧਰਤੀ ਦੇ ਰਾਜਿਆਂ ਨੂੰ ਦੇਖਿਆ। ਉਨ੍ਹਾਂ ਦੀਆਂ ਫ਼ੌਜਾਂ ਘੋੜ ਸਵਾਰ ਅਤੇ ਉਸਦੀ ਫ਼ੌਜ ਦੇ ਵਿਰੁੱਧ ਜੰਗ ਲੜਨ ਲਈ ਇਕੱਠੀਆਂ ਹੋਈਆਂ। 
20 ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ। 
21 ਉਨ੍ਹਾਂ ਦੀਆਂ ਫ਼ੌਜਾਂ ਉਸ ਤਲਵਾਰ ਦੁਆਰਾ ਮਾਰੀਆਂ ਗਈਆਂ ਸਨ ਜੋ ਕਿ ਘੋੜ ਸਵਾਰ ਦੇ ਮੂੰਹ ਵਿੱਚੋਂ ਬਾਹਰ ਆ ਰਹੀ ਸੀ। ਸਾਰੇ ਪੰਛੀਆਂ ਨੇ ਸਰੀਰਾਂ ਨੂੰ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ।