ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਕਟੋਰੇ
16
1 ਫ਼ੇਰ ਮੈਂ ਮੰਦਰ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਸੱਤਾਂ ਦੂਤਾਂ ਨੂੰ ਆਖਿਆ, “ਜਾਓ ਅਤੇ ਪਰਮੇਸ਼ੁਰ ਦੇ ਕਰੋਧ ਨਾਲ ਭਰੇ ਸੱਤਾਂ ਕਟੋਰਿਆਂ ਨੂੰ ਧਰਤੀ ਉੱਤੇ ਡੋਲ੍ਹ ਦਿਓ।”
2 ਪਹਿਲਾ ਦੂਤ ਚੱਲਿਆ ਗਿਆ। ਉਸ ਨੇ ਧਰਤੀ ਉੱਤੇ ਆਪਣਾ ਕਟੋਰਾ ਰੋੜ੍ਹ ਦਿੱਤਾ ਅਤੇ ਉਹ ਸਾਰੇ ਲੋਕ ਜਿਨ੍ਹਾਂ ਤੇ ਜਾਨਵਰ ਦਾ ਨਿਸ਼ਾਨ ਸੀ ਤੇ ਜਿਨ੍ਹਾਂ ਨੇ ਉਸ ਦੀਆਂ ਮੂਰਤੀਆਂ ਦੀ ਉਪਾਸਨਾ ਕੀਤੀ, ਉਨ੍ਹਾਂ ਦੇ ਸਰੀਰ ਤੇ ਬਦਸ਼ਕਲ ਅਤੇ ਦਰਦਨਾਕ ਫ਼ੋੜੇ ਹੋ ਗਏ।
3 ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਰੋੜ੍ਹ ਦਿੱਤਾ। ਤਾਂ ਸਮੁਦਰ ਲਹੂ ਵਰਗਾ, ਮੁਰਦਾ ਆਦਮੀ ਦੇ ਲਹੂ ਵਰਗਾ, ਬਣ ਗਿਆ। ਸਮੁੰਦਰ ਵਿੱਚਲੀ ਹਰ ਜਿੰਦਾ ਸ਼ੈਅ ਮਰ ਗਈ।
4 ਤੀਸਰੇ ਦੂਤ ਨੇ ਆਪਣਾ ਬਰਤਨ ਦਰਿਆਵਾਂ ਅਤੇ ਪਾਣੀਆਂ ਦੇ ਚਸ਼ਮਿਆਂ ਤੇ ਖਾਲੀ ਕਰ ਦਿੱਤਾ। ਦਰਿਆ ਅਤੇ ਪਾਣੀ ਦੇ ਚਸ਼ਮੇਂ ਲਹੂ ਬਣ ਗਏ।
5 ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ:
“ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੌਜੂਦ ਸੀ।
ਤੂੰ ਹੀ ਪਵਿੱਤਰ ਹੈਂ।
ਤੂੰ ਇੰਨਾ ਨਿਆਂ ਵਿੱਚ ਉਚਿਤ ਹੈਂ ਜਿਹੜੇ ਤੂੰ ਬਣਾਏ ਹਨ।
6 ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ
ਅਤੇ ਤੁਹਾਡੇ ਨਬੀਆਂ ਦਾ।
ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ।
ਇਹੀ ਹੈ ਜੋ ਉਨ੍ਹਾਂ ਲਈ ਢੁੱਕਵਾਂ ਹੈ।”
7 ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ,
“ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ
ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।”
8 ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਸ਼ਕਤੀ ਦਿੱਤੀ ਗਈ।
9 ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯੰਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ।
10 ਪੰਜਵੇਂ ਦੂਤ ਨੇ ਆਪਣਾ ਕਟੋਰਾ ਜਾਨਵਰ ਦੇ ਤਖਤ ਉੱਤੇ ਖਾਲੀ ਕਰ ਦਿੱਤਾ। ਅਤੇ ਜਾਨਵਰ ਦੀ ਸਲਤਨਤ ਨੂੰ ਹਨੇਰੇ ਨੇ ਕੱਜ ਲਿਆ। ਲੋਕਾਂ ਨੇ ਦਰਦ ਦੇ ਮਾਰੇ ਆਪਣੀਆਂ ਜੀਭਾਂ ਟੁੱਕ ਲਈਆਂ।
11 ਜਿਹੜੇ ਦਰਦ ਅਤੇ ਜ਼ਖਮ ਲੋਕਾਂ ਨੂੰ ਮਿਲੇ ਸਨ ਉਨ੍ਹਾਂ ਕਾਰਣ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮੰਦਾ ਬੋਲਿਆ। ਪਰ ਲੋਕਾਂ ਨੇ ਆਪਣੇ ਦਿਲਾਂ ਨੂੰ ਬਦਲਣ ਅਤੇ ਆਪਣੇ ਮੰਦੇ ਕਾਰਿਆਂ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ।
12 ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ।
13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹੜੀਆਂ ਡੱਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ।
14 ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕੱਠਾ ਕਰਨ ਲਈ ਗਈਆਂ।
15 “ਸੁਣੋ। ਮੈਂ ਚੋਰ ਦੇ ਆਉਣ ਵਾਂਗ ਅਚਾਨਕ ਆਵਾਂਗਾ, ਉਹ ਵਿਅਕਤੀ ਸੁਭਾਗਾ ਹੈ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਨਾਲ ਆਪਣੇ ਵਸਤਰ ਤਿਆਰ ਰੱਖਦਾ ਹੈ। ਫ਼ੇਰ ਉਸ ਨੂੰ ਬਿਨਾ ਕੱਪੜਿਆਂ ਤੋਂ ਨਹੀਂ ਜਾਣਾ ਪਵੇਗਾ ਅਤੇ ਲੋਕੀ ਉਹ ਚੀਜ਼ਾਂ ਨਹੀਂ ਦੇਖਣਗੇ ਜਿਹੜੀਆਂ ਉਹ ਲੋਕਾਂ ਨੂੰ ਦਿਖਾਉਣ ਤੋਂ ਸੰਗਦਾ ਹੈ।”
16 ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਿਆ ਜਾਂਦਾ ਹੈ।
17 ਸੱਤਵੇਂ ਦੂਤ ਨੇ ਆਪਣਾ ਬਰਤਨ ਹਵਾ ਵਿੱਚ ਖਾਲੀ ਕਰ ਦਿੱਤਾ। ਫ਼ੇਰ ਮੰਦਰ ਵਿੱਚੋਂ ਤਖਤ ਤੋਂ ਉੱਚੀ ਅਵਾਜ਼ ਆਈ। ਅਵਾਜ਼ ਨੇ ਆਖਿਆ, “ਇਸਦਾ ਖਾਤਮਾ ਹੋ ਗਿਆ।”
18 ਉੱਥੇ ਫ਼ੇਰ ਬਿਜਲੀ ਦੀ ਲਿਸ਼ਕ, ਸ਼ੋਰ ਗਰਜ ਅਤੇ ਵੱਡੇ ਭੁਚਾਲ ਹੋਏ। ਇਹ ਉਸ ਸਮੇਂ ਤੱਕ ਆਏ ਸਭ ਭੁਚਾਲਾਂ ਤੋਂ ਵੱਡਾ ਭੁਚਾਲ ਸੀ, ਜਦੋਂ ਤੋਂ ਲੋਕ ਧਰਤੀ ਤੇ ਰਹਿ ਰਹੇ ਸਨ।
19 ਵੱਡਾ ਸ਼ਹਿਰ ਤਿੰਨ ਹਿੱਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁੱਲਿਆ। ਉਸ ਨੇ ਉਸ ਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈਅ ਦਾ ਪਿਆਲਾ ਦਿੱਤਾ।
20 ਹਰ ਜੰਜੀਰਾ ਅਲੋਪ ਹੋ ਗਿਆ ਅਤੇ ਉੱਥੇ ਹੁਣ ਕੋਈ ਵੀ ਪਹਾੜ ਨਹੀਂ ਸੀ।
21 ਲੋਕਾਂ ਤੇ ਅਕਾਸ਼ ਤੋਂ ਵੱਡੇ ਗੜ੍ਹੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਗੜਿਆਂ ਦਾ ਵਜ਼ਨ ਤਕਰੀਬਨ 50 ਕਿੱਲੋ ਗ੍ਰਾਮ ਸੀ। ਲੋਕਾਂ ਨੇ ਗੜਿਆਂ ਦੀ ਇਸ ਮੁਸੀਬਤ ਲਈ ਪਰਮੇਸ਼ੁਰ ਨੂੰ ਕੋਸਿਆ। ਇਹ ਮੁਸੀਬਤ ਬੜੀ ਭਿਆਨਕ ਸੀ।