ਪਰਮੇਸ਼ੁਰ ਅਤੇ ਯਹੂਦੀ ਲੋਕ 
9
1 ਮੈਂ ਮਸੀਹ ਵਿੱਚ ਹਾਂ ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲਦਾ। ਮੇਰੇ ਵਿੱਚਾਰਾਂ ਉੱਤੇ ਪਵਿੱਤਰ ਆਤਮਾ ਦਾ ਸ਼ਾਸਨ ਹੈ ਅਤੇ ਉਹ ਵਿੱਚਾਰ ਮੈਨੂੰ ਦੱਸਦੇ ਹਨ ਕਿ ਮੈਂ ਝੂਠ ਨਹੀਂ ਦੱਸ ਰਿਹਾ। 
2 ਮੇਰੇ ਦਿਲ ਵਿੱਚ ਯਹੂਦੀਆਂ ਵਾਸਤੇ ਉਦਾਸੀ ਅਤੇ ਨਿਰੰਤਰ ਦਰਦ ਹੈ। 
3 ਉਹ ਮੇਰੇ ਭਰਾ ਅਤੇ ਭੈਣਾਂ ਹਨ। ਉਹ ਮੇਰੇ ਧਰਤੀ ਦੇ ਪਰਿਵਾਰ ਹਨ। ਕਾਸ਼ ਮੈਂ ਉਨ੍ਹਾਂ ਦੀ ਮਦਦ ਕਰ ਸੱਕਦਾ। ਮੈਂ ਇਹ ਵੀ ਚਾਹੁੰਦਾ ਹਾਂ ਕਿ ਮੈਂ ਵੀ ਸਰਾਪਿਆ ਹੁੰਦਾ ਅਤੇ ਮਸੀਹ ਤੋਂ ਕਟਿਆ ਹੁੰਦਾ, ਜੇਕਰ ਇਸ ਨਾਲ ਉਨ੍ਹਾਂ ਨੂੰ ਸਹਾਇਤਾ ਮਿਲਦੀ। 
4 ਉਹ ਇਸਰਾਏਲੀ ਹਨ। ਉਹ ਲੋਕ ਪਰਮੇਸ਼ੁਰ ਦੀ ਚੁਣੀ ਹੋਈ ਔਲਾਦ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੀ ਮਹਿਮਾ ਹੈ ਅਤੇ ਉਹ ਕਰਾਰ ਵੀ ਹਨ ਜਿਹੜੇ ਪਰਮੇਸ਼ੁਰ ਨੇ ਆਪਣੇ ਤੇ ਆਪਣੇ ਲੋਕਾਂ ਵਿੱਚਕਾਰ ਕੀਤੇ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਅਤੇ ਮੰਦਰ ਉਪਾਸਨਾ ਦਿੱਤੀ। ਅਤੇ ਪਰਮੇਸ਼ੁਰ ਨੇ ਆਪਣੇ ਕੌਲ ਉਨ੍ਹਾਂ ਯਹੂਦੀਆਂ ਨੂੰ ਦਿੱਤੇ। 
5 ਉਹ ਲੋਕ ਸਾਡੇ ਪਿਉ-ਦਾਦਿਆਂ ਦੀ ਔਲਾਦ ਹਨ ਅਤੇ ਉਹ ਮਸੀਹ ਦਾ ਦੁਨਿਆਵੀ ਪਰਿਵਾਰ ਹਨ। ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤਿ ਹੋਵੇ ਜੋ ਸਭ ਤੋਂ ਉੱਤੇ ਹੈ। ਆਮੀਨ। 
6 ਹਾਂ, ਮੈਂ ਯਹੂਦੀਆਂ ਲਈ ਦੁੱਖ ਮਹਿਸੂਸ ਕਰਦਾ ਹਾਂ। ਮੇਰਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਨੇ ਉਨ੍ਹਾਂ ਨਾਲ ਕੀਤਾ ਉਹ ਵਚਨ ਪੂਰਾ ਨਹੀਂ ਕੀਤਾ। ਪਰ ਅਸਲ ਵਿੱਚ ਜਿਹੜੇ ਇਸਰਾਏਲ ਵਿੱਚੋਂ ਹਨ, ਉਹ ਸਾਰੇ ਇਸਰਾਏਲੀ ਨਹੀਂ ਹਨ। 
7 ਅਤੇ ਨਾ ਹੀ ਅਬਰਾਹਾਮ ਦੀ ਸਾਰੀ ਉਲਾਦ ਪਰਮੇਸ਼ੁਰ ਦੇ ਸੱਚੇ ਬੱਚੇ ਹਨ। ਇਹੀ ਸੀ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਸਿਰਫ਼ ਇਸਹਾਕ ਹੀ ਤੇਰਾ ਪੁੱਤਰ ਨੇਮਕ ਹੋਵੇਗਾ।” 
8 ਇਸਦਾ ਮਤਲਬ ਇਹ ਹੈ ਕਿ ਅਬਰਾਹਾਮ ਦੀਆਂ ਸਾਰੀਆਂ ਉਲਾਦਾਂ ਪਰੇਸ਼ੁਰ ਦੇ ਸੱਚੇ ਬੱਚੇ ਨਹੀਂ ਹਨ। ਅਬਰਾਹਾਮ ਦੇ ਸੱਚੇ ਬੱਚੇ ਉਹ ਹਨ ਜਿਹੜੇ ਪਰੇਮਸ਼ੁਰ ਦੇ ਵਾਦੇ ਦੇ ਨਤੀਜੇ ਤੋਂ ਪੈਦਾ ਹੋਏ ਹਨ, ਜਿਹੜਾ ਪਰੇਮਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ। 
9 ਪਰਮੇਸ਼ੁਰ ਦਾ ਅਬਰਾਹਾਮ ਨੂੰ ਵਚਨ ਇਸ ਤਰ੍ਹਾਂ ਸੀ: “ਮੈਂ ਸਹੀ ਸਮੇਂ ਤੇ ਵਾਪਸ ਆਵਾਂਗਾ, ਅਤੇ ਸਾਰਾਹ ਕੋਲ ਇੱਕ ਪੁੱਤਰ ਹੋਵੇਗਾ।” 
10 ਸਿਰਫ਼ ਇਹੀ ਨਹੀਂ। ਰਿੱਬਕਾਹ ਵੀ ਗਰਭਵਤੀ ਹੋ ਗਈ ਅਤੇ ਉਸ ਨੇ ਪੁੱਤਰਾਂ ਨੂੰ ਜਨਮ ਦਿੱਤਾ। ਉਨ੍ਹਾਂ ਪੁੱਤਰਾਂ ਦਾ ਵੀ ਉਹੀ ਪਿਤਾ ਸੀ। ਉਹ ਸਾਡਾ ਵਡੇਰਾ ਇਸਹਾਕ ਹੈ। 
11-12 ਪਰ ਦੋ ਬੱਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਪਰਮੇਸ਼ੁਰ ਨੇ ਰਿੱਬਕਾਹ ਨੂੰ ਕਿਹਾ, “ਵੱਡਾ ਪੁੱਤਰ ਛੋਟੇ ਦੀ ਸੇਵਾ ਕਰੇਗਾ।” ਇਹ ਬੱਚਿਆਂ ਦੇ ਸੰਸਾਰ ਵਿੱਚ ਭਲਾ ਜਾਂ ਬੁਰਾ ਕਰਨ ਤੋਂ ਪਹਿਲਾਂ ਹੀ ਉਸ ਨੇ ਆਖ ਦਿੱਤਾ ਸੀ ਕਿਉਂ ਜੋ ਪਰਮੇਸ਼ੁਰ ਨੇ ਬਾਲਕ ਖੁਦ ਆਪਣੀ ਵਿਉਂਤ ਮੁਤਾਬਕ ਚੁਣਿਆ ਸੀ। ਸੋ ਉਹ ਚੁਣਿਆ ਗਿਆ ਕਿਉਂਕਿ ਪਰਮੇਸ਼ੁਰ ਉਸ ਨੂੰ ਹੀ ਬੁਲਾਉਣਾ ਚਾਹੁੰਦਾ ਸੀ ਅਤੇ ਇਸ ਲਈ ਨਹੀਂ ਕਿ ਉਨ੍ਹਾਂ ਬਾਲਕਾਂ ਨੇ ਕੁਝ ਕੀਤਾ ਸੀ। 
13 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਮੈਂ ਯਾਕੂਬ ਨਾਲ ਪਿਆਰ ਅਤੇ ਏਸਾਉ ਨਾਲ ਈਰਖਾ ਕੀਤੀ।” 
14 ਇਸ ਲਈ ਇਸ ਬਾਰੇ ਤਾਂ ਕੀ ਕਹਿਣਾ ਹੈ ਕੀ ਪਰਮੇਸ਼ੁਰ ਦਾ ਇਨਸਾਫ਼ ਬਰਾਬਰ ਨਹੀਂ ਸੀ? ਅਸੀਂ ਇੰਝ ਨਹੀਂ ਆਖ ਸੱਕਦੇ। 
15 ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, “ਮੈਂ ਉਸੇ ਬੰਦੇ ਨੂੰ ਮਿਹਰ ਦਿਖਾਵਾਂਗਾ ਜਿਸ ਨੂੰ ਮੈਂ ਮਿਹਰ ਵਿਖਾਉਣੀ ਚਾਹੁੰਦਾ ਹਾਂ। ਮੈਂ ਉਸੇ ਵਿਅਕਤੀ ਤੇ ਤਰਸ ਵਿਖਾਵਾਂਗਾ ਜਿਸ ਤੇ ਮੈਂ ਤਰਸ ਵਿਖਾਉਣਾ ਚਾਹੁੰਦਾ ਹਾਂ।” 
16 ਇਸ ਲਈ ਪਰਮੇਸ਼ੁਰ ਦੀ ਚੋਣ ਉਸ ਤੇ ਨਿਰਭਰ ਨਹੀਂ ਕਰਦੀ, ਜੋ ਲੋਕਾਂ ਨੂੰ ਚਾਹੀਦਾ ਹੈ ਜਾਂ ਜੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਪਰਮੇਸ਼ੁਰ ਹੀ ਹੈ ਜੋ ਚੁਣਦਾ ਹੈ ਕਿ ਉਹ ਕਿਸ ਉੱਤੇ ਮਿਹਰ ਵਿਖਾਵੇਗਾ। 
17 ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸੱਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।” 
18 ਇਸ ਲਈ ਪਰਮੇਸ਼ੁਰ ਉਸ ਮਨੁੱਖ ਤੇ ਮਿਹਰ ਵਿਖਾਉਂਦਾ ਹੈ ਜਿਸਤੇ ਉਹ ਮਿਹਰ ਵਿਖਾਉਣੀ ਚਾਹੁੰਦਾ ਹੈ। ਅਤੇ ਉਹ ਉਨ੍ਹਾਂ ਲੋਕਾਂ ਨੂੰ ਕਠੋਰ ਬਨਾਉਂਦਾ ਹੈ ਜਿਨ੍ਹਾਂ ਨੂੰ ਉਹ ਕਠੋਰ ਬਨਾਉਣਾ ਚਾਹੁੰਦਾ ਹੈ। 
19 ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁੱਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਹੀ ਹੈ ਜੋ ਉਸ ਨੂੰ ਨਿਯੰਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?” 
20 ਉਹ ਨਾ ਪੁੱਛੋ। ਕਿਉਂਕਿ ਤੁਸੀਂ ਕੇਵਲ ਇਨਸਾਨ ਹੋ। ਇਨਸਾਨਾਂ ਨੂੰ ਪਰਮੇਸ਼ੁਰ ਨਾਲ ਬਹਿਸ ਕਰਨ ਦਾ ਹੱਕ ਨਹੀਂ ਹੈ। ਇੱਕ ਪ੍ਰਾਣੀ ਆਪਣੇ ਸਿਰਜਣ੍ਹਾਰ ਨੂੰ ਨਹੀਂ ਪੁੱਛ ਸੱਕਦਾ, “ਤੂੰ ਮੈਨੂੰ ਇੰਝ ਕਿਉਂ ਬਣਾਇਆ?” 
21 ਇੱਕ ਘੁਮਿਆਰ ਜਿਹੜਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸੱਕਦਾ ਹੈ। 
22 ਇਸੇ ਤਰ੍ਹਾਂ, ਪਰਮੇਸ਼ੁਰ ਨੇ ਕੀਤਾ ਹੈ। ਪਰਮੇਸ਼ੁਰ ਆਪਣਾ ਗੁੱਸਾ ਵਿਖਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਉਸਦੀ ਸ਼ਕਤੀ ਵੇਖ ਸੱਕਣ। ਪਰੇਸ਼ੁਰ ਨੇ ਬਹੁਤ ਸਬਰ ਨਾਲ ਉਨ੍ਹਾਂ ਲੋਕਾਂ ਨੂੰ ਸਹਾਰਿਆ ਜਿਨ੍ਹਾਂ ਤੇ ਉਹ ਬਹੁਤ ਗੁੱਸੇ ਸੀ ਅਤੇ ਜੋ ਤਬਾਹੀ ਲਈ ਤਿਆਰ ਕੀਤੇ ਗਏ ਸਨ। 
23 ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸੱਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹੜੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ। 
24 ਅਸੀਂ ਪਰਮੇਸ਼ੁਰ ਦੁਆਰਾ ਸੱਦੇ ਗਏ ਲੋਕ ਹਾਂ। ਪਰਮੇਸ਼ੁਰ ਨੇ ਸਾਨੂੰ ਯਹੂਦੀਆਂ ਅਤੇ ਹੋਰਾਂ ਕੌਮਾਂ ਵਿੱਚ ਬੁਲਾਇਆ। 
25 ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ: 
“ਜਿਹੜੇ ਲੋਕ ਮੇਰੇ ਨਹੀਂ ਹਨ, 
ਮੈਂ ਆਖਾਂਗਾ ਉਹ ਮੇਰੇ ਲੋਕ ਹਨ। 
ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾ 
ਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।” ਹੋਸ਼ੇਆ 2:23 
26 “ਅਤੇ ਉਸੇ ਜਗ਼੍ਹਾ ਉਸ ਪਰਮੇਸ਼ੁਰ ਨੇ ਆਖਿਆ ਹੈ 
‘ਤੁਸੀਂ ਮੇਰੇ ਲੋਕ ਨਹੀਂ ਹੋ’ 
ਉਸੇ ਥਾਵੇਂ, ਉਹ ਜਿਉਂਦੇ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ।” ਹੋਸ਼ੇਆ 1:10 
27 ਅਤੇ ਯਸਾਯਾਹ ਇਸਰਾਏਲ ਵਿੱਖੇ ਪੁਕਾਰਦਾ ਹੈ: 
“ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ, 
ਪਰ ਉਸ ਦੇ ਕੁਝ ਲੋਕ ਹੀ ਬਚਾਏ ਜਾਣਗੇ। 
28 ਹਾਂ, ਕਿਉਂਕਿ ਪ੍ਰਭੂ ਧਰਤੀ ਦੇ ਲੋਕਾਂ ਦਾ ਛੇਤੀ ਅਤੇ ਪੂਰੀ ਤਰ੍ਹਾਂ ਨਿਆਂ ਕਰੇਗਾ।” ਯਸਾਯਾਹ 10:22-23 
29 ਜਿਵੇਂ ਯਸਾਯਾਹ ਨੇ ਅੱਗੇ ਵੀ ਕਿਹਾ ਹੈ: 
“ਸਭ ਤੋਂ ਸ਼ਕਤੀਸ਼ਾਲੀ ਪ੍ਰਭੂ ਨੇ ਆਪਣੇ ਕੁਝ ਲੋਕਾਂ ਨੂੰ ਸਾਡੇ ਲਈ ਬਚਾਇਆ। 
ਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ, 
ਤਾਂ ਅਸੀਂ ਵੀ ਸਦੂਮ ਵਰਗੇ ਹੋ ਜਾਂਦੇ 
ਅਤੇ ਅਮੂਰਾਹ ਜਿਹੇ ਬਣ ਜਾਂਦੇ।” ਯਸਾਯਾਹ 1:9 
30 ਤਾਂ ਇਸ ਸਭ ਦਾ ਕੀ ਅਰਥ ਹੋਇਆ? ਇਸਦਾ ਮਤਲਬ ਇਹ ਹੈ ਕਿ; ਗੈਰ ਯਹੂਦੀ ਲੋਕ ਜਿਹੜੇ ਧਰਮੀ ਹੋਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ, ਧਰਮੀ ਬਣਾਏ ਗਏ। ਉਹ ਆਪਣੇ ਵਿਸ਼ਵਾਸ ਕਾਰਣ ਹੀ ਧਰਮੀ ਬਣੇ। 
31 ਅਤੇ ਇਸਰਾਏਲ ਦੇ ਲੋਕਾਂ ਨੇ ਆਪਣੇ ਆਪ ਨੂੰ ਧਰਮੀ ਬਨਾਉਣ ਲਈ ਸ਼ਰ੍ਹਾ ਨੂੰ ਕਬੂਲਿਆ, ਪਰ ਉਹ ਇਵੇਂ ਕਰਨ ਵਿੱਚ ਨਾਕਾਮਯਾਬ ਰਹੇ। 
32 ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅੜਕੇ ਜਿਹੜੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ। 
33 ਪੋਥੀਆਂ ਇਸ ਪੱਥਰ ਬਾਰੇ ਆਖਦੀਆਂ ਹਨ; 
“ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ ਜਿਹੜਾ ਲੋਕਾਂ ਨੂੰ ਠੋਕਰ ਖੁਆਵੇਗਾ। 
ਅਤੇ ਇਹ ਇੱਕ ਚੱਟਾਨ ਹੈ ਜੋ ਲੋਕਾਂ ਤੋਂ ਪਾਪ ਕਰਵਾਉਂਦੀ ਹੈ 
ਪਰ ਉਹ ਮਨੁੱਖ ਜਿਹੜਾ ਕਿ ਉਸ ਚੱਟਾਨ ਤੇ ਨਿਹਚਾ ਰੱਖਦਾ ਹੈ ਨਿਰਾਸ਼ ਨਹੀਂ ਕੀਤਾ ਜਾਵੇਗਾ।” ਯਸਾਯਾਹ 8:14; 28:16