16
1 ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਲਿਆ ਕੇ ਡੇਰੇ ਦੇ ਅੰਦਰ ਰੱਖਿਆ, ਜਿਹ੍ਹੜਾ ਕਿ ਦਾਊਦ ਨੇ ਸੰਦੂਕ ਰੱਖਣ ਲਈ ਬਣਾਇਆ ਸੀ। ਉਪਰੰਤ ਉਨ੍ਹਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਪਰਮੇਸ਼ੁਰ ਅੱਗੇ ਚੜ੍ਹਾਈਆਂ। 
2 ਜਦੋਂ ਦਾਊਦ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਿਆ ਤਾਂ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ। 
3 ਇਸਤੋਂ ਬਾਅਦ ਉਸ ਨੇ ਸਾਰੇ ਇਸਰਾਏਲੀਆਂ ਨੂੰ ਜਿਨ੍ਹਾਂ ਵਿੱਚ ਔਰਤ-ਮਰਦ ਸਭ ਮੌਜੂਦ ਸਨ ਰੋਟੀ, ਖਜ਼ੂਰਾਂ ਅਤੇ ਕਿਸ਼ਮਿਸ਼ ਵੰਡੀ। 
4 ਫ਼ਿਰ ਦਾਊਦ ਨੇ ਲੇਵੀਆਂ ਵਿੱਚੋਂ ਕੁਝ ਲੋਕਾਂ ਨੂੰ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਸੇਵਾ ਕਰਨ ਲਈ ਚੁਣਿਆ। ਉਨ੍ਹਾਂ ਦਾ ਕੰਮ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਧੰਨਵਾਦ ਕਰਨਾ ਅਤੇ ਉਸ ਨੂੰ ਉਸਤਤਾਂ ਗਾਉਣਾ ਸੀ। 
5 ਆਸਾਫ਼ ਲੇਵੀਆਂ ਦੇ ਪਹਿਲੇ ਦਲ ਦਾ ਆਗੂ ਸੀ ਅਤੇ ਉਸਦੀ ਟੋਲੀ ਦਾ ਕੰਮ ਖੜਤਾਲਾਂ ਵਜਾਉਣਾ ਸੀ। ਜ਼ਕਰਯਾਹ ਦੂਜੇ ਦਲ ਦਾ ਆਗੂ ਸੀ। ਦੂਜੇ ਲੇਵੀ ਜੋ ਉਨ੍ਹਾਂ ’ਚ ਸਨ ਉਨ੍ਹਾਂ ਦੇ ਨਾਉਂ: ਯਈੇਲ, ਸ਼ਮੀਰਾਮੋਬ, ਯਿਹੀਏਲ, ਮਤਿੱਬਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਿਈੇਲ ਸਨ। ਇਹ ਮਨੁੱਖ ਦਿਲਰੁਬਾ ਤੇ ਸਾਰੰਗੀਆਂ ਵਜਾਉਂਦੇ ਸਨ। 
6 ਬਨਾਯਾਹ ਅਤੇ ਯਹਜ਼ੀਏਲ ਜਾਜਕ ਸਨ ਜੋ ਕਿ ਹਮੇਸ਼ਾ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਤੁਰ੍ਹੀਆਂ ਵਜਾਉਂਦੇ ਸਨ। 
7 ਇਹ ਉਸ ਵਕਤ ਦੀ ਗੱਲ ਹੈ ਜਦੋਂ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਹੱਥ ਵਿੱਚ ਯਹੋਵਾਹ ਦੀ ਉਸਤਤਿ ਦਾ ਗਾਨ ਕਰਨ ਦਾ ਕਾਰਜ ਸੌਂਪਿਆ। 
ਦਾਊਦ ਦਾ ਧੰਨਵਾਦ ਦਾ ਗੀਤ 
8 ਯਹੋਵਾਹ ਦੀ ਉਸਤਤ ਕਰੋ ਉਸ ਦੇ ਨਾਮ ਦੀ ਜੈਕਾਰ ਕਰੋ 
ਲੋਕਾਈ ਵਿੱਚ ਉਸ ਦੇ ਕਾਰਜਾਂ ਦਾ ਯਸ਼ਗਾਨ ਕਰੋ। 
9 ਯਹੋਵਾਹ ਦਾ ਗੁਨਗਾਨ ਕਰੋ ਉਸਦੀ ਮਹਿਮਾ ਦਾ ਗਾਨ ਕਰੋ 
ਲੋਕਾਈ ਵਿੱਚ ਉਸ ਦੀਆਂ ਕਰਾਮਾਤਾਂ ਦਾ ਯਸ਼ਗਾਨ ਕਰੋ। 
10 ਯਹੋਵਾਹ ਦੇ ਪਵਿੱਤਰ ਨਾਂ ਤੇ ਫ਼ਖਰ ਕਰੋ, 
ਤੁਸੀਂ ਸਾਰੇ ਲੋਕ ਜੋ ਉਸ ਕੋਲ ਆਉਂਦੇ ਹੋ-ਖੁਸ਼ ਹੋਵੋ। 
11 ਬਲਸ਼ਾਲੀ ਯਹੋਵਾਹ ਵੱਲ ਵੇਖੋ, 
ਸਦਾ ਮਦਦ ਲਈ ਉਸਦਾ ਦਾਮਨ ਪਕੜੋ। 
12 ਹਮੇਸ਼ਾ ਉਸ ਦੇ ਕਰਿਸ਼ਮਿਆਂ ਨੂੰ, ਉਸ ਦੇ ਫ਼ੈਸਲਿਆਂ 
ਅਤੇ ਉਸਦੀਆਂ ਕੀਤੀਆਂ ਸ਼ਕਤੀਸ਼ਾਲੀ ਗੱਲਾਂ ਨੂੰ ਯਾਦ ਰੱਖੋ। 
13 ਇਸਰਾਏਲ ਦੇ ਲੋਕ ਯਹੋਵਾਹ ਦੇ ਸੇਵਕ ਹਨ। 
ਯਾਕੂਬ ਦੇ ਉੱਤਰਾਧਿਕਾਰੀ ਯਹੋਵਾਹ ਦੇ ਚੁਣੇ ਹੋਏ ਲੋਕ ਹਨ। 
14 ਯਹੋਵਾਹ ਸਾਡਾ ਪਰਮੇਸ਼ੁਰ ਹੈ 
ਅਤੇ ਉਸਦੀ ਸ਼ਕਤੀ ਹਰ ਪਾਸੇ ਹੈ। 
15 ਉਸ ਦੇ ਇਕਰਾਰਨਾਮੇ ਨੂੰ ਸਦਾ ਚੇਤੇ ਰੱਖੋ, 
ਉਸ ਨੇ ਉਹ ਹੁਕਮਨਾਮੇ ਹਜ਼ਾਰਾਂ ਪੀੜੀਆਂ ਲਈ ਦਿੱਤੇ। 
16 ਉਸ ਨੇਮ ਨੂੰ ਚੇਤੇ ਰੱਖੋ ਜਿਹੜਾ ਯਹੋਵਾਹ ਨੇ ਅਬਰਾਹਾਮ ਨਾਲ ਬੰਨ੍ਹਿਆ। 
ਚੇਤੇ ਰੱਖੋ ਇਸਹਾਕ ਨਾਲ ਉਸ ਜੋ ਸੌਂਹ ਖਾਧੀ। 
17 ਯਹੋਵਾਹ ਨੇ ਇਸ ਨੂੰ ਯਾਕੂਬ ਲਈ ਇੱਕ ਸ਼ਰ੍ਹਾ ਬਣਾ ਦਿੱਤਾ 
ਅਤੇ ਇਹ ਇਸਰਾਏਲ ਨਾਲ ਇੱਕ ਇਕਰਾਰਨਾਮਾ ਹੈ। 
ਜੋ ਹਮੇਸ਼ਾ ਲਈ ਜਾਰੀ ਰਹੇਗਾ 
18 ਯਹੋਵਾਹ ਨੇ ਇਸਰਾਏਲ ਨੂੰ ਕਿਹਾ, “ਮੈਂ ਕਨਾਨ ਦੀ ਧਰਤੀ ਤੁਹਾਨੂੰ ਦੇਵਾਂਗਾ, 
ਉਹ ਤੁਹਾਡੇ ਵਿਰਸੇ ਦੀ ਜ਼ਮੀਨ ਹੋਵੇਗੀ।” 
19 ਉੱਥੇ ਗਿਣਤੀ ਵਿੱਚ ਬੋੜੇ ਕੁ ਮਨੁੱਖ ਸਨ ਪਰਦੇਸ ਵਿੱਚ 
ਸਿਰਫ਼ ਕੁਝ ਅਜਨਬੀ। 
20 ਉਹ ਇੱਕ ਕੌਮ ਤੋਂ ਦੂਜੀ, 
ਇੱਕ ਰਾਜ ਤੋਂ ਦੂਜੇ ਰਾਜ ਤੀਕ ਗਏ। 
21 ਯਹੋਵਾਹ ਨੇ ਕਿਸੇ ਨੂੰ ਵੀ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਣ ਦਿੱਤਾ। 
ਉਸ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਨਾ ਪਹੁਚਾਉਣ ਦੀ ਚਿਤਾਵਨੀ ਦਿੱਤੀ। 
22 ਸਗੋਁ ਯਹੋਵਾਹ ਨੇ ਉਨ੍ਹਾਂ ਰਾਜਿਆਂ ਨੂੰ ਕਿਹਾ, 
“ਮੇਰੇ ਮਸਹ ਕੀਤਿਆਂ ਨੂੰ ਦੁੱਖ ਨਾ ਦੇਵੋ ਨਾ ਹੀ ਮੇਰੇ ਨਬੀਆਂ ਦਾ ਜੀਅ ਦੁੱਖਾਓ।” 
23 ਸਾਰੇ ਲੋਕੋ: ਯਹੋਵਾਹ ਦੀ ਉਸਤਤ ਕਰੋ, 
ਯਹੋਵਾਹ ਦੀ ਸਾਨੂੰ ਬਚਾਉਣ ਦੀ ਖੁਸ਼ਖਬਰੀ ਨੂੰ ਹਰ ਰੋਜ਼ ਦੱਸੋ। 
24 ਹੋਰਨਾਂ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਦੀ ਮਹਿਮਾ ਬਾਰੇ ਦੱਸੋ। 
ਸਾਰੀਆਂ ਕੌਮਾਂ ਨੂੰ ਉਸ ਦੇ ਕਰਿਸ਼ਮਿਆਂ ਬਾਰੇ ਦੱਸੋ। 
25 ਯਹੋਵਾਹ ਮਹਾਨ ਹੈ, ਉਸਦੀ ਉਸਤਤਿ ਲਾਜ਼ਮੀ ਹੈ! 
ਯਹੋਵਾਹ ਬਾਕੀ ਸਾਰੇ ਦੇਵਤਿਆਂ ਤੋਂ ਵੱਧੀਕ ਭੈ ਦਾਇੱਕ ਹੈ। 
26 ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਬਾਕੀ ਸਾਰੇ ਦੇਵਤੇ ਕੇਵਲ ਪੱਥਰ ਦੇ ਬੁੱਤ ਹਨ, 
ਅਤੇ ਯਹੋਵਾਹ ਆਕਾਸ਼ਾਂ ਦਾ ਕਰਤਾ ਹੈ। 
27 ਪਰਤਾਪ ਅਤੇ ਸ਼ਾਨ ਉਸ ਦੇ ਅੱਗੇ ਹਨ। 
ਤਾਕਤ ਤੇ ਪ੍ਰਸੰਨਤਾ ਉਸਦੀ ਰਿਹਾਇਸ ਦੀ ਥਾਂ ਵਿੱਚ ਕਾਇਮ ਹਨ। 
28 ਪਰਿਵਾਰੋ ਅਤੇ ਲੋਕੋ, ਯਹੋਵਾਹ ਦੇ ਪਰਤਾਪ 
ਅਤੇ ਉਸ ਦੀ ਤਾਕਤ ਦੀ ਉਸਤਤ ਕਰੋ। 
29 ਯਹੋਵਾਹ ਦੇ ਪਰਤਾਪ ਦੀ ਉਸਤਤ ਕਰੋ, 
ਉਸ ਦੇ ਨਾਂ ਨੂੰ ਆਦਰ ਦਰਸਾਵੋ। ਆਪਣੇ ਚੜ੍ਹਾਵੇ ਯਹੋਵਾਹ ਕੋਲ ਲਿਆਵੋ 
ਅਤੇ ਉਸਦੀ ਪਵਿੱਤਰ ਸੁੰਦਰਤਾ ਦੀ ਉਪਾਸਨਾ ਕਰੋ। 
30 ਸਾਰੀ ਦੁਨੀਆ ਨੂੰ ਯਹੋਵਾਹ ਦੇ ਅੱਗੇ ਭੈਅ ਨਾਲ ਕੰਬਣਾ ਚਾਹੀਦਾ ਹੈ! 
ਉਸ ਨੇ ਧਰਤੀ ਨੂੰ ਦਿ੍ਰੜ ਬਣਾਇਆ, ਤਾਂ ਜੋ ਦੁਨੀਆਂ ਹਿੱਲੇ ਨਾ। 
31 ਸਾਰੀ ਧਰਤੀ ਅਤੇ ਆਕਾਸ਼ ਖੁਸ਼ ਹੋਣ, ਅਤੇ ਹਰ ਜਗ੍ਹਾ ਲੋਕ ਇਹ ਆਖਣ, 
“ਯਹੋਵਾਹ ਹੀ ਇੱਕਲਾ ਪਾਤਸ਼ਾਹ ਹੈ।” 
32 ਸਮੁੰਦਰ ਅਤੇ ਉਸ ਅੰਦਰ ਵਸਦੀ ਸ਼੍ਰਿਸ਼ਟੀ ਗਰਜੇ ਖੇਤ 
ਅਤੇ ਸਾਰੀ ਵਨਸਪਤੀ ਮੌਲਦੀ ਆਪਣੀ ਖੁਸ਼ੀ ਪ੍ਰਗਟਾਵੇ। 
33 ਜੰਗਲਾਂ ਵਿੱਚਲੇ ਸਾਰੇ ਦ੍ਰੱਖਤ ਯਹੋਵਾਹ ਦੇ ਅੱਗੇ ਗਉਣਗੇ, 
ਕਿਉਂ ਕਿ ਯਹੋਵਾਹ ਦੁਨੀਆਂ ਦਾ ਨਿਆਂ ਕਰਨ ਲਈ ਆ ਰਿਹਾ ਹੈ। 
34 ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ। 
ਉਸਦਾ ਪਿਆਰ ਸਦਾ ਲਈ ਸਬਿਰ ਹੈ। 
35 ਯਹੋਵਾਹ ਨੂੰ ਕਹੋ, 
“ਹੇ ਸਾਡੀ ਮੁਕਤੀ ਦੇ ਪਰਮੇਸ਼ੁਰ 
ਸਾਨੂੰ ਬਚਾਅ ਸਾਨੂੰ ਇਕੱਠਿਆਂ ਕਰ 
ਅਤੇ ਸਾਨੂੰ ਦੂਜੀਆਂ ਕੌਮਾਂ ਤੋਂ ਬਚਾਅ ਤਾਂ 
ਜੋ ਅਸੀਂ ਤੇਰੇ ਪਾਕ ਨਾਂ ਦਾ ਗੁਨਗਾਨ ਕਰ ਸੱਕੀਏ ਫਿਰ 
ਅਸੀਂ ਤੇਰੀ ਮਹਿਮਾ ਦਾ ਗੁਨਗਾਨ ਕਰ ਸੱਕੀਏ।” 
36 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਹਮੇਸ਼ਾ ਲਈ ਹੋਵੇ, 
ਜਿਵੇਂ ਕਿ ਹਮੇਸ਼ਾ ਹੀ ਉਸਦੀ ਉਸਤਤ ਹੋਈ ਹੈ! 
ਸਭ ਲੋਕਾਂ ਨੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਆਖਿਆ, “ਆਮੀਨ।” 
37 ਫ਼ਿਰ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨੂੰ ਨੇਮ ਦੇ ਸੰਦੂਕ ਕੋਲ ਛੱਡ ਦਿੱਤਾ ਤਾਂ ਜੋ ਉਹ ਹਰ ਰੋਜ਼ ਉਸ ਦੇ ਸਾਹਮਣੇ ਸੇਵਾ ਕਰ ਸੱਕਣ। 
38 ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨਾਲ 68 ਹੋਰ ਲੇਵੀਆਂ ਨੂੰ ਵੀ ਉਨ੍ਹਾਂ ਨਾਲ ਸੇਵਾ ਸੰਭਾਲ ਕਰਨ ਲਈ ਰਹਿਣ ਦਿੱਤਾ। ਓਬੇਦ-ਅਦੋਮ ਯਦੀਬੂਨ ਦਾ ਪੁੱਤਰ ਅਤੇ ਹੋਸਾਹ ਨੂੰ ਦਰਬਾਨ ਦੇ ਕਾਰਜ ਲਈ ਉੱਥੇ ਰਹਿਣ ਦਿੱਤਾ। 
39 ਦਾਊਦ ਨੇ ਸਾਦੋਕ ਜਾਜਕ ਅਤੇ ਉਸ ਦੇ ਭਰਾਵਾਂ ਜਾਜਕਾਂ ਨੂੰ ਉੱਥੇ ਰਹਿਣ ਦਿੱਤਾ ਜਿਹੜੇ ਗਿਬਓਨ ਦੇ ਉੱਚੇ ਥਾਂ ਤੇ ਯਹੋਵਾਹ ਦੇ ਤੰਬੂ ਦੇ ਸਾਹਮਣੇ ਉਸਦੀ ਸੇਵਾ ਕਰਦੇ ਸਨ। 
40 ਹਰ ਸਵੇਰ ਅਤੇ ਸ਼ਾਮ, ਸਾਦੋਕ ਅਤੇ ਬਾਕੀ ਦੇ ਜਾਜਕ ਹੋਮ ਦੀਆਂ ਭੇਟਾਂ ਦੀ ਜਗਵੇਦੀ ਤੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਇਹ ਸਭ ਯਹੋਵਾਹ ਦੀਆਂ ਬਿਧੀਆਂ ਮੁਤਾਬਕ ਕਰਦੇ ਸਨ ਜੋ ਯਹੋਵਾਹ ਨੇ ਇਸਰਾਏਲ ਨੂੰ ਦਿੱਤੀਆਂ ਸਨ, ਅਤੇ ਜੋ ਵਿਵਸਬਾ ਦੀ ਪੋਥੀ ਵਿੱਚ ਲਿਖੀਆਂ ਸਨ। 
41 ਹੇਮਾਨ, ਯਦੁਬੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਬਿਰ ਹੈ। 
42 ਹੇਮਾਨ ਅਤੇ ਯਦੂਬੂਨ ਉਨ੍ਹਾਂ ਦੇ ਸੰਗ ਸਨ। ਉਨ੍ਹਾਂ ਦਾ ਕੰਮ ਤੁਰ੍ਹੀਆਂ ਅਤੇ ਸਾਰੰਗੀਆਂ ਵਜਾਉਣਾ ਸੀ। ਇਸਦੇ ਇਲਾਵਾ ਉਹ ਹੋਰ ਵੀ ਸਾਜ਼ ਵਜਾਉਂਦੇ। ਜਦੋਂ ਪਰਮੇਸ਼ੁਰ ਦਾ ਗੁਣਗਾਨ ਹੁੰਦਾ ਤਾਂ ਉਹ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵਜਾਉਂਦੇ। ਯਦੁਬੂਨ ਦੇ ਪੁੱਤਰ ਫ਼ਾਟਕਾਂ ਦੀ ਰੱਖਵਾਲੀ ਕਰਦੇ। 
43 ਇਸ ਜਸ਼ਨ ਉਪਰੰਤ ਸਭ ਲੋਕ ਆਪੋ-ਆਪਣੇ ਘਰਾਂ ਨੂੰ ਮੁੜ ਪਏ। ਦਾਊਦ ਵੀ ਆਪਣੇ ਪਰਿਵਾਰ ਨੂੰ ਅਸੀਸ ਦੇਣ ਲਈ ਘਰ ਨੂੰ ਪਰਤਿਆ।