94
1 ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ 
ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ। 
2 ਤੁਸੀਂ ਸਾਰੀ ਧਰਤੀ ਦੇ ਮੁਨਸਫ਼ ਹੋ। 
ਗੁਮਾਨੀ ਲੋਕਾਂ ਨੂੰ ਸਜ਼ਾ ਦਿਉ, ਜਿਸਦੇ ਉਹ ਅਧਿਕਾਰੀ ਹਨ। 
3 ਯਹੋਵਾਹ, ਮੰਦੇ ਲੋਕ ਕਿੰਨਾ ਕੁ ਚਿਰ ਖੁਸ਼ੀ ਮਨਾਉਣਗੇ? 
ਹੋਰ ਕਿੰਨਾ ਕੁ ਚਿਰ, ਯਹੋਵਾਹ। 
4 ਉਹ ਦੋਸ਼ੀ ਹੋਰ ਕਿੰਨਾ ਕੁ ਚਿਰ, 
ਆਪਣੇ ਮੰਦੇ ਕਾਰਿਆਂ ਦੀਆਂ ਫ਼ੜਾਂ ਮਾਰਨਗੇ? 
5 ਯਹੋਵਾਹ, ਉਹ ਤੁਹਾਡੇ ਬੰਦਿਆਂ ਨੂੰ ਦੁੱਖ ਦਿੰਦੇ ਹਨ, 
ਉਨ੍ਹਾਂ ਤੁਹਾਡੇ ਬੰਦਿਆਂ ਨੂੰ ਦੰਡ ਦਿੱਤਾ ਹੈ। 
6 ਉਹ ਮੰਦੇ ਲੋਕ ਵਿਧਵਾਵਾਂ ਨੂੰ ਅਤੇ ਸਾਡੇ ਦੇਸ਼ ਵਿੱਚ ਰਹਿੰਦੇ ਪਰਦੇਸੀਆਂ ਨੂੰ ਮਾਰਦੇ ਹਨ। 
ਉਹ ਯਤੀਮ ਬੱਚਿਆਂ ਨੂੰ ਮਾਰਦੇ ਹਨ। 
7 ਅਤੇ ਉਹ ਆਖਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਇਹ ਮੰਦੇ ਕਾਰੇ ਕਰਦਿਆਂ ਨਹੀਂ ਦੇਖਦਾ। 
ਉਹ ਆਖਦੇ ਹਨ ਕਿ ਇਸਰਾਏਲ ਦੇ ਪਰਮੇਸ਼ੁਰ ਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਹੈ। 
8 ਮੰਦੇ ਲੋਕੋ ਤੁਸੀਂ ਬਹੁਤ ਮੂਰਖ ਹੋ, 
ਤੁਸੀਂ ਆਪਣਾ ਸਬਕ ਕਦੋਂ ਸਿਖੋਂਗੇ? 
ਤੁਸੀਂ, ਮੰਦੇ ਲੋਕੋ ਕਿੰਨੇ ਬੁੱਧੂ ਹੋ। 
ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 
9 ਪਰਮੇਸ਼ੁਰ ਨੇ ਸਾਡੇ ਕੰਨ ਬਣਾਏ, ਇਸ ਲਈ ਉਸ ਦੇ ਕੰਨ ਵੀ ਜ਼ਰੂਰ ਹੋਣਗੇ। 
ਉਹ ਸੁਣ ਸੱਕਦਾ ਕਿ ਕੀ ਹੋ ਰਿਹਾ ਹੈ। 
ਪਰਮੇਸ਼ੁਰ ਨੇ ਸਾਡੀਆਂ ਅੱਖਾਂ ਬਣਾਈਆਂ, ਇਸ ਲਈ ਉਸ ਦੀਆਂ ਅੱਖਾਂ ਵੀ ਜ਼ਰੂਰ ਹੋਣਗੀਆਂ, 
ਉਹ ਜੋ ਵੀ ਹੋ ਰਿਹਾ ਦੇਖ ਸੱਕਦਾ ਹੈ। 
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ। 
ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ। 
11 ਪਰਮੇਸ਼ੁਰ ਲੋਕਾਂ ਦੀਆਂ ਸੋਚਾਂ ਨੂੰ ਜਾਣਦਾ ਹੈ। 
ਪਰਮੇਸ਼ੁਰ ਜਾਣਦਾ ਹੈ ਕਿ ਲੋਕ ਹਵਾ ਦੇ ਬੁੱਲੇ ਵਾਂਗੂ ਹਨ। 
12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ। 
ਉਹ ਬਹੁਤ ਖੁਸ਼ ਹੋਵੇਗਾ। 
ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ। 
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ। 
ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ। 
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ। 
ਉਹ ਉਨ੍ਹਾਂ ਨੂੰ ਸਹਾਇਤਾ ਤੋਂ ਬਿਨਾ ਨਹੀਂ ਛੱਡੇਗਾ। 
15 ਫ਼ੇਰ ਇਨਸਾਫ਼ ਹੋਵੇਗਾ, ਅਤੇ ਇਸ ਨਾਲ ਨਿਰਪੱਖਤਾ ਆਵੇਗੀ, 
ਅਤੇ ਫ਼ਿਰ ਇੱਥੇ ਚੰਗੇ ਅਤੇ ਇਮਾਨਦਾਰ ਲੋਕ ਹੋਣਗੇ। 
16 ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ। 
ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ। 
17 ਅਤੇ ਜੇ ਯਹੋਵਾਹ ਨੇ ਮੇਰੀ ਸਹਾਇਤਾ ਨਾ ਕੀਤੀ ਹੁੰਦੀ, 
ਮੈਨੂੰ ਮੌਤ ਨੇ ਖਾਮੋਸ਼ ਕਰ ਦਿੱਤਾ ਹੋਣਾ ਸੀ। 
18 ਮੈਂ ਜਾਣਦਾ ਹਾਂ ਕਿ ਮੈਂ ਡਿੱਗਣ ਵਾਲਾ ਸਾਂ, 
ਪਰ ਯਹੋਵਾਹ ਨੇ ਆਪਣੇ ਪੈਰੋਕਾਰਾਂ ਨੂੰ ਸਹਾਰਾ ਦਿੱਤਾ। 
19 ਮੈਂ ਬਹੁਤ ਫ਼ਿਕਰਮੰਦ ਅਤੇ ਬੇਚੈਨ ਸਾਂ। 
ਪਰ ਹੇ ਯਹੋਵਾਹ, ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਅਤੇ ਮੈਨੂੰ ਪ੍ਰਸੰਨ ਕਰ ਦਿੱਤਾ। 
20 ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ। 
ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ। 
21 ਉਹ ਨਿਆਂਕਾਰ ਨੇਕ ਬੰਦਿਆਂ ਉੱਤੇ ਹਮਲਾ ਕਰਦੇ ਹਨ। 
ਉਹ ਮਾਸੂਮ ਲੋਕਾਂ ਨੂੰ ਦੋਸ਼ੀ ਆਖਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ ਹਨ। 
22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ। 
ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ। 
23 ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦੇਵੇਗਾ। 
ਪਰਮੇਸ਼ੁਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਕਿਉਂਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ। 
ਯਹੋਵਾਹ, ਸਾਡਾ ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਦਾ ਨਾਸ਼ ਕਰੇਗਾ।