56
ਨਿਰਦੇਸ਼ਕ ਲਈ: ਧੁਨੀ ਨੂੰ “ਉੱਕ ਦੇ ਰੁੱਖ ਉੱਤੇ ਬੈਠੀ ਘੁੱਗੀ।” ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ, ਜਦੋਂ ਫ਼ਲਿਸਤਿਆਂ ਨੇ ਉਸ ਨੂੰ ਗਥ ਵਿੱਚ ਫ਼ੜ ਲਿਆ ਸੀ। 
1 ਹੇ ਪਰਮੇਸ਼ੁਰ ਲੋਕਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ, ਇਸ ਲਈ ਮੇਰੇ ਉੱਪਰ ਮਿਹਰ ਕਰੋ। 
ਉਹ ਲਗਾਤਾਰ ਮੇਰਾ ਪਿੱਛਾ ਕਰਦੇ ਰਹੇ ਹਨ ਅਤੇ ਮੇਰੇ ਉੱਤੇ ਹਮਲਾ ਕਰਦੇ ਰਹੇ ਹਨ। 
2 ਮੇਰੇ ਵੈਰੀ ਬਾਰ-ਬਾਰ ਹਮਲਾ ਕਰਦੇ ਹਨ। 
ਉਹ ਜਿਹੜੇ ਮੇਰੇ ਵਿਰੋਧੀ ਹਨ ਉੱਪਰੋਂ ਮੇਰੇ ਉੱਤੇ ਹਮਲਾ ਕਰਦੇ ਹਨ। 
ਉਹ ਬਹੁਤ ਸਾਰੇ ਹਨ। 
3 ਜਦੋਂ ਮੈਂ ਭੈਭੀਤ ਹੁੰਦਾ ਹਾਂ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ। 
4 ਹੇ ਪਰਮੇਸ਼ੁਰ, ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਇਸ ਲਈ ਮੈਂ ਉਨ੍ਹਾਂ ਗੱਲਾਂ ਤੋਂ ਨਿਰਭੈ ਹਾਂ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ। 
ਮੈਂ ਪਰਮੇਸ਼ੁਰ ਦੀ ਮੇਰੇ ਨਾਲ ਕੀਤੇ ਵਾਅਦੇ ਲਈ ਉਸਤਤਿ ਕਰਦਾ ਹਾਂ। 
5 ਮੇਰੇ ਵੈਰੀ ਸਦਾ ਮੇਰੇ ਸ਼ਬਦਾਂ ਨੂੰ ਤੋਂੜਦੇ ਮਰੋੜਦੇ ਰਹਿੰਦੇ ਹਨ। 
ਉਹ ਸਦਾ ਮੇਰੇ ਵਿਰੁੱਧ ਵਿਉਂਤਾ ਬਣਾਉਂਦੇ ਰਹਿੰਦੇ ਹਨ। 
6 ਉਹ ਇਕੱਠੇ ਛੁਪ ਜਾਂਦੇ ਹਨ ਅਤੇ ਮੇਰੀ ਹਰ ਹਰਕਤ ਦੀ ਨਿਗਰਾਨੀ ਕਰਦੇ ਹਨ, 
ਇਹ ਉਮੀਦ ਕਰਦੇ ਹਨ ਕਿ ਕਿਸੇ ਤਰ੍ਹਾਂ ਮੈਨੂੰ ਮਾਰ ਸੱਕਣ। 
7 ਹੇ ਪਰਮੇਸ਼ੁਰ, ਉਨ੍ਹਾਂ ਨੂੰ ਉਨ੍ਹਾਂ ਦੇ ਮੰਦਿਆਂ ਕਾਰਿਆਂ ਕਾਰਣ ਦੂਰ ਭਜਾ ਦਿਉ 
ਉਨ੍ਹਾਂ ਨੂੰ ਵਿਦੇਸ਼ੀ ਕੌਮਾਂ ਦਾ ਗੁੱਸਾ ਝੱਲਣ ਲਈ ਦੂਰ ਭੇਜ ਦਿਉ। 
8 ਤੁਸੀਂ ਮੇਰੀ ਪੀੜਾ ਵੇਖੀ ਹੈ। ਤੁਸੀਂ ਜਾਣਦੇ ਹੋ, 
ਮੈਂ ਕਿੰਨਾ ਰੋਇਆ ਹਾਂ। 
ਤੁਸੀਂ ਮੇਰੇ ਹੰਝੂਆਂ ਦਾ ਹਿਸਾਬ ਰੱਖਿਆ ਹੋਵੇਗਾ। 
9 ਇਸੇ ਲਈ ਮੇਰੇ ਵੈਰੀਆਂ ਨੂੰ ਹਰਾ ਦਿਉ ਜਦੋਂ ਮੈਂ ਸਹਾਇਤਾ ਲਈ ਤੁਹਾਨੂੰ ਆਵਾਜ਼ ਦਿਆਂ। 
ਮੈਂ ਜਾਣਦਾ ਹਾਂ ਕਿ ਤੁਸੀਂ ਇਵੇਂ ਕਰ ਸੱਕਦੇ ਹੋਂ। ਤੁਸੀਂ ਪਰਮੇਸ਼ੁਰ ਹੋਂ। 
10 ਮੈਂ ਪਰਮੇਸ਼ੁਰ ਦੀ ਉਸ ਦੇ ਵਾਅਦੇ ਲਈ ਉਸਤਤਿ ਕਰਾਂਗਾ, 
ਮੈਂ ਯਹੋਵਾਹ ਦੀ ਉਸ ਵੱਲੋਂ ਦਿੱਤੇ ਵਾਅਦੇ ਲਈ ਉਸਤਤਿ ਕਰਦਾ ਹਾਂ। 
11 ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ, 
ਇਸੇ ਲਈ, ਮੈਂ ਉਨ੍ਹਾਂ ਗੱਲਾਂ ਤੋਂ ਨਹੀਂ ਡਰਦਾ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ। 
12 ਹੇ ਪਰਮੇਸ਼ੁਰ, ਮੈਂ ਤੁਹਾਨੂੰ ਖਾਸ ਵਾਅਦੇ ਦਿੱਤੇ। 
ਅਤੇ ਮੈਂ ਉਹੀ ਕਰਾਂਗਾ ਜਿਸਦਾ ਮੈਂ ਵਾਅਦਾ ਕੀਤਾ। 
13 ਕਿਉਂ ਕਿ ਤੁਸੀਂ ਮੈਨੂੰ ਮੌਤ ਕੋਲੋਂ ਬਚਾਇਆ। 
ਤੁਸੀਂ ਮੈਨੂੰ ਹਾਰਨ ਤੋਂ ਬਚਾਈ ਰੱਖਿਆ। 
ਤਾਂ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ 
ਤੁਹਾਡੀ ਸੇਵਾ ਕਰ ਸੱਕਾਂ।