53
ਨਿਰਦੇਸ਼ਕ ਲਈ: ਮਹਾਲਥ ਦੀ ਧੁਨੀ। ਦਾਊਦ ਦਾ ਇੱਕ ਭੱਗਤੀ ਗੀਤ। 
1 ਇਹ ਸਿਰਫ਼ ਇੱਕ ਦੁਸ਼ਟ ਵਿਅਕਤੀ ਹੀ ਹੈ ਜਿਹੜਾ ਸੋਚਦਾ ਹੈ ਕਿ ਪਰਮੇਸ਼ੁਰ ਮੌਜੁਦ ਨਹੀਂ ਹੈ। 
ਇਸ ਤਰ੍ਹਾਂ ਦੇ ਲੋਕੀਂ ਭ੍ਰਸ਼ਟ, ਦੁਸ਼ਟ ਅਤੇ ਦੋਖੀ ਹੁੰਦੇ ਹਨ 
ਅਤੇ ਉਹ ਚੰਗੀਆਂ ਗੱਲਾਂ ਨਹੀਂ ਕਰਦੇ। 
2 ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ। 
ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ 
ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ। 
3 ਪਰ ਹਰ ਕੋਈ ਪਰਮੇਸ਼ੁਰ ਤੋਂ ਦੂਰ ਹੋਇਆ ਹੈ। 
ਹਰ ਬੰਦਾ ਬੁਰਾ ਹੈ ਕੋਈ ਵੀ ਬੰਦਾ ਨੇਕੀ ਨਹੀਂ ਕਰਦਾ। 
ਕੋਈ ਨਹੀਂ, ਇੱਕ ਬੰਦਾ ਵੀ ਨਹੀਂ। 
4 ਪਰਮੇਸ਼ੁਰ ਆਖਦਾ ਹੈ, “ਅਵੱਸ਼ ਹੀ ਉਹ ਮੰਦੇ ਲੋਕ ਸੱਚ ਜਾਣਦੇ ਹਨ। 
ਪਰ ਉਹ ਮੇਰੇ ਅੱਗੇ ਪ੍ਰਾਰਥਨਾ ਨਹੀਂ ਕਰਦੇ। 
ਮੰਦੇ ਲੋਕ ਮੇਰੇ ਲੋਕਾਂ ਨੂੰ ਬਰਬਾਦ ਕਰਨ ਲਈ ਇਸ ਤਰ੍ਹਾਂ ਤਿਆਰ ਹਨ ਜਿਵੇਂ ਉਹ ਭੋਜਨ ਕਰਨ ਲੱਗੇ ਹੋਣ।” 
5 ਪਰ ਉਹ ਮੰਦੇ ਲੋਕੀਂ ਇੰਨੇ ਭੈਭੀਤ ਹੋਣਗੇ ਜਿੰਨਾ ਉਹ ਪਹਿਲਾਂ ਕਦੀ ਨਹੀਂ ਹੋਏ। 
ਉਹ ਮੰਦੇ ਲੋਕ ਇਸਰਾਏਲ ਦੇ ਦੁਸ਼ਮਣ ਹਨ। 
ਪਰਮੇਸ਼ੁਰ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਤਿਆਗ ਦਿੱਤਾ ਹੈ। 
ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨੂੰ ਹਰਾ ਦੇਣਗੇ, 
ਅਤੇ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਦੀਆਂ ਹੱਡੀਆਂ ਖਿਲਾਰ ਦੇਵੇਗਾ। 
6 ਮੈਂ ਚਾਹੁੰਦਾ ਹਾਂ ਕਿ ਕੋਈ ਇਸਰਾਏਲ ਲਈ ਸੀਯੋਨ ਪਰਬਤ ਤੋਂ ਜਿੱਤ ਲੈ ਕੇ ਆਵੇ। 
ਉਸ ਸਮੇਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਾਪਸ ਲਿਆਵੇਗਾ। 
ਯਾਕੂਬ ਖੁਸ਼ੀ ਮਨਾਵੇਗਾ। 
ਇਸਰਾਏਲ ਬਹੁਤ ਆਨੰਦਿਤ ਹੋਵੇਗਾ।