49
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਗੀਤ। 
1 ਤੁਸੀਂ ਸਮੂਹ ਕੌਮੋ ਇਸ ਨੂੰ ਸੁਣੋ। 
ਧਰਤੀ ਦੇ ਸਮੂਹ ਲੋਕੋ ਇਸ ਸਭ ਕਾਸੇ ਨੂੰ ਧਿਆਨ ਨਾਲ ਸੁਣੋ। 
2 ਅਮੀਰ ਹੋਵੇ ਜਾਂ ਗਰੀਬ ਹਰ ਬੰਦੇ ਨੂੰ ਸੁਣਨਾ ਚਾਹੀਦਾ ਹੈ। 
3 ਮੈਂ ਤੁਹਾਨੂੰ ਕੁਝ ਸਿਆਣੀਆਂ 
ਅਤੇ ਸੂਝਵਾਨ ਗੱਲਾਂ ਦੱਸਾਂਗਾ। 
4 ਮੈਂ ਵੀ ਇਹ ਕਹਾਣੀਆਂ ਸੁਣੀਆਂ ਸਨ। 
ਅਤੇ ਹੁਣ ਮੈਂ ਆਪਣੇ ਰਬਾਬ ਨਾਲ ਗਾਵਾਂਗਾ ਅਤੇ ਉਹ ਸੰਦੇਸ਼ ਤੁਹਾਡੇ ਲਈ ਉਜਾਗਰ ਕਰਾਂਗਾ। 
5 ਜੇ ਮੁਸੀਬਤ ਆਵੇ ਮੈਂ ਕਿਉਂ ਡਰਾਂ। ਡਰਨ ਦੀ ਕੋਈ ਲੋੜ ਨਹੀਂ ਜੇ ਮੰਦੇ ਲੋਕੀ ਮੇਰੇ ਦੁਆਲੇ ਹਨ 
ਅਤੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ। 
6 ਉਹ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਤਾਕਤ 
ਅਤੇ ਧਨ ਉਨ੍ਹਾਂ ਦੀ ਰੱਖਿਆ ਕਰੇਗੀ ਮੂਰਖ ਹਨ। 
7 ਕੋਈ ਐਸਾ ਇਨਸਾਨੀ ਦੋਸਤ ਨਹੀਂ ਜਿਹੜਾ ਤੁਹਾਨੂੰ ਬਚਾ ਸੱਕੇ। 
ਅਤੇ ਤੁਸੀਂ ਪਰਮੇਸ਼ੁਰ ਨੂੰ ਰਿਸ਼ਵਤ ਨਹੀਂ ਦੇ ਸੱਕਦੇ। 
8 ਕੋਈ ਬੰਦਾ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ 
ਜਿਸ ਦੁਆਰਾ ਉਹ ਆਪਣੀ ਜ਼ਿੰਦਗੀ ਖਰੀਦ ਸੱਕੇ। 
9 ਕੋਈ ਵੀ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ 
ਜਿਸ ਦੁਆਰਾ ਉਹ ਸਦੀਵੀ ਜਿਉਣ ਦਾ ਹੱਕ ਖਰੀਦ ਸੱਕੇ। 
ਅਤੇ ਆਪਣੇ ਸ਼ਰੀਰ ਨੂੰ ਕਬਰ ਵਿੱਚ ਸੜਨ ਤੋਂ ਬਚਾ ਲਵੇ। 
10 ਦੇਖੋ, ਸਿਆਣੇ ਲੋਕ ਵੀ ਉਵੇਂ ਮਰਦੇ ਹਨ ਜਿਵੇਂ ਮੂਰਖ ਅਤੇ ਉੱਜੜ ਲੋਕ ਮਰਦੇ ਹਨ। 
ਉਹ ਮਰ ਜਾਂਦੇ ਹਨ ਅਤੇ ਆਪਣੀ ਦੌਲਤ ਹੋਰਾਂ ਲਈ ਛੱਡ ਜਾਂਦੇ ਹਨ। 
11 ਉਨ੍ਹਾਂ ਦੀਆਂ ਕਬਰਾਂ ਹੀ ਸਦਾ-ਸਦਾ ਲਈ ਉਨਾਂ ਦਾ ਨਵਾਂ ਘਰ ਹੋਣਗੀਆਂ। 
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਕਿੰਨੀ ਵੀ ਜ਼ਮੀਨ ਦੇ ਮਾਲਕ ਹੋਣ। 
12 ਲੋਕ ਅਮੀਰ ਹੋ ਸੱਕਦੇ ਹਨ, ਪਰ ਸਦਾ ਲਈ ਉਹ ਇੱਥੇ ਟਿਕ ਨਹੀਂ ਸੱਕਦੇ। 
13 ਸੱਚਮੁੱਚ ਉਹੀ ਉਨ੍ਹਾਂ ਦਾ ਅੰਤ ਹੈ 
ਜਿਹੜੇ ਆਪਣੀ ਦੌਲਤ ਤੋਂ ਪ੍ਰਸੰਨ ਹੁੰਦੇ ਹਨ। 
14 ਉਹ ਲੋਕ ਬਸ ਭੇਡਾਂ ਵਰਗੇ ਹਨ। 
ਕਬਰਿਸਤਾਨ ਹੀ ਉਨ੍ਹਾਂ ਦਾ ਬਾੜਾ ਹੋਵੇਗੀ ਮੌਤ ਉਨ੍ਹਾਂ ਦੀ ਆਜੜੀ ਹੋਵੇਗੀ, 
ਫ਼ੇਰ ਉਸ ਸਵੇਰ ਨੂੰ ਚੰਗੇ ਲੋਕ ਹੀ ਜੇਤੂ ਹੋਣਗੇ। 
ਕਿਉਂਕਿ ਉਨ੍ਹਾਂ ਗੁਮਾਨੀ ਲੋਕਾਂ ਦੇ ਸ਼ਰੀਰ ਆਪਣੇ ਮਹਿਲਾਂ ਤੋਂ ਦੂਰ ਹੌਲੀ-ਹੌਲੀ ਕਬਰ ਵਿੱਚ ਸੜ ਜਾਣਗੇ। 
15 ਪਰ ਪਰਮੇਸ਼ੁਰ ਮੁੱਲ ਤਾਰੇਗਾ ਅਤੇ ਮੇਰੀ ਜ਼ਿੰਦਗੀ ਦੀ ਰੱਖਿਆ ਕਰੇਗਾ। 
ਉਹ ਮੈਨੂੰ ਕਬਰ ਦੇ ਜ਼ੋਰ ਤੋਂ ਬਚਾ ਲਵੇਗਾ ਜਦੋਂ ਉਹ ਮੈਨੂੰ ਆਪਣੇ ਨਾਲ ਲੈ ਜਾਵੇਗਾ। 
16 ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਅਮੀਰ ਹਨ। 
ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਆਲੀਸ਼ਾਨ ਮਕਾਨਾਂ ਵਿੱਚ ਰਹਿੰਦੇ ਹਨ। 
17 ਉਹ ਕੋਈ ਵੀ ਚੀਜ਼ ਆਪਣੇ ਨਾਲ ਲੈ ਕੇ ਨਹੀਂ ਜਾ ਸੱਕਦੇ। 
ਜਦੋਂ ਉਹ ਮਰਨਗੇ ਉਹ ਆਪਣੇ ਨਾਲ ਉਨ੍ਹਾਂ ਸਾਰੀਆਂ ਖੂਬਸੂਰਤ ਚੀਜ਼ਾਂ ਵਿੱਚੋਂ ਇੱਕ ਵੀ ਲੈ ਕੇ ਨਹੀਂ ਜਾਣਗੇ। 
18 ਇੱਕ ਅਮੀਰ ਆਦਮੀ ਆਪਣੇ ਜੀਵਨ ਵਿੱਚ ਪ੍ਰਾਪਤ ਕੀਤੀ ਸਾਰੀ ਸਫ਼ਲਤਾ ਲਈ ਆਪਣੇ-ਆਪ ਦੀ ਪ੍ਰਸੰਸਾ ਕਰ ਸੱਕਦਾ ਹੈ। 
ਅਤੇ ਹਾਂ, ਹੋਰ ਲੋਕੀਂ ਵੀ ਉਸ ਦੀ ਉਸਤਤਿ ਕਰ ਸੱਕਦੇ ਹਨ ਕਿ ਉਸ ਨੇ ਕਿੰਨੀ ਸਫ਼ਲਤਾ ਪ੍ਰਾਪਤ ਕੀਤੀ ਹੈ। 
19 ਪਰ ਉਸ ਦੇ ਮਰਨ ਦਾ 
ਅਤੇ ਆਪਣੇ ਪੁਰਖਿਆਂ ਕੋਲ ਜਾਣ ਦਾ ਸਮਾਂ ਆਵੇਗਾ। 
ਅਤੇ ਉਹ ਫ਼ੇਰ ਕਦੇ ਵੀ ਦਿਨ ਦੀ ਰੌਸ਼ਨੀ ਨਹੀਂ ਦੇਖੇਗਾ। 
20 ਲੋਕੀ ਅਮੀਰ ਹੋ ਸੱਕਦੇ ਹਨ, ਪਰ ਜੇਕਰ ਫ਼ੇਰ ਵੀ ਉਹ ਨਾ ਸਮਝਣ ਉਹ ਬਿਲਕੁਲ ਜਾਨਵਰਾਂ ਵਾਂਗ ਮਰਨਗੇ।