28
ਦਾਊਦ ਦਾ ਇੱਕ ਗੀਤ। 
1 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ। 
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ। 
ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ। 
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ 
ਤੱਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ। 
2 ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ। 
ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ। 
ਮੇਰੇ ਉੱਤੇ ਮਿਹਰ ਕਰੋ। 
3 ਯਹੋਵਾਹ, ਮੇਰੇ ਬਾਰੇ ਇਵੇਂ ਨਾ ਸੋਚੋ ਜਿਵੇਂ ਮੈਂ ਮੰਦੇ ਲੋਕਾਂ ਵਿੱਚੋਂ ਇੱਕ ਹੋਵਾਂ। 
ਉਹ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ “ਸ਼ਾਲੋਮ” ਸ਼ਬਦ ਨਾਲ ਕਰਦੇ ਹਨ। 
ਪਰ ਆਪਣੇ ਦਿਲਾਂ ਵਿੱਚ ਆਪਣੇ ਗੁਆਂਢੀਆਂ ਦੇ ਖਿਲਾਫ਼ ਮੰਦੀਆਂ ਗੱਲਾਂ ਦੀਆਂ ਵਿਉਂਤਾ ਘੜਦੇ ਹਨ। 
4 ਯਹੋਵਾਹ, ਉਹ ਲੋਕ ਹੋਰਾਂ ਲੋਕਾਂ ਨਾਲ ਮੰਦਾ ਕਰਦੇ ਹਨ। 
ਇਸ ਲਈ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ। 
ਉਨ੍ਹਾਂ ਨੂੰ ਦੰਡ ਦਿਉ ਜਿਸਦੇ ਉਹ ਅਧਿਕਾਰੀ ਹਨ। 
5 ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ 
ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ। 
ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ। 
6 ਯਹੋਵਾਹ ਦੀ ਉਸਤਤਿ ਕਰੋ। 
ਉਸ ਨੇ ਮਿਹਰ ਲਈ ਪ੍ਰਾਰਥਨਾ ਸੁਣ ਲਈ। 
7 ਯਹੋਵਾਹ ਹੀ ਮੇਰੀ ਤਾਕਤ ਹੈ। 
ਉਹੀ ਮੇਰੀ ਢਾਲ ਹੈ। 
ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ। 
ਮੈਂ ਬਹੁਤ ਪ੍ਰਸੰਨ ਹਾਂ, 
ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ। 
8 ਯਹੋਵਾਹ ਆਪਣੇ ਚੁਣੇ ਹੋਏ ਬੰਦੇ ਦੀ ਰੱਖਿਆ ਕਰਦਾ ਹੈ। 
ਯਹੋਵਾਹ ਉਸ ਨੂੰ ਬਚਾਉਂਦਾ ਹੈ। 
ਯਹੋਵਾਹ ਉਸਦੀ ਸ਼ਕਤੀ ਹੈ। 
9 ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ। 
ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ। 
ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।