18
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ। 
1 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ, 
ਮੈਂ ਤੁਹਾਨੂੰ ਪਿਆਰ ਕਰਦਾ ਹਾਂ।” 
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ। 
ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ। 
ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ। 
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ। 
ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ। 
3 ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ। 
ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ 
ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ। 
4 ਮੇਰੇ ਦੁਸ਼ਮਣ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। 
ਮੇਰੇ ਆਲੇ-ਦੁਆਲੇ ਮੌਤ ਦੇ ਸ਼ਿਕੰਜੇ ਸਨ। 
ਮੈਂ ਉਸ ਹੜ੍ਹ ਅੰਦਰ ਰੁੜ੍ਹ ਚੱਲਿਆ ਸਾਂ ਜਿਹੜਾ ਮੈਨੂੰ ਮ੍ਰਿਤੂ ਲੋਕ ਵੱਲ ਲਿਜਾ ਰਿਹਾ ਸੀ। 
5 ਕਬਰ ਦੇ ਰੱਸੇ ਮੈਨੂੰ ਘੇਰੀ ਹੋਏ ਸਨ, 
ਮੌਤ ਦੇ ਜਾਲ ਮੇਰੇ ਅੱਗੇ ਵਿਛੇ ਹੋਏ ਸਨ। 
6 ਇੱਥੋਂ ਤੀਕ ਕਿ ਮੈਂ ਘੇਰਿਆ ਗਿਆ ਸਾਂ, ਫ਼ੇਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। 
ਹਾਂ, ਹਾਂ ਮੈਂ ਆਪਣੇ ਪਰਮੇਸ਼ੁਰ ਨੂੰ ਚੀਕਿਆ 
ਪਰਮੇਸ਼ੁਰ ਆਪਣੇ ਮੰਦਰ ਅੰਦਰ ਸੀ। ਉਸ ਨੇ ਮੇਰੀ ਚੀਕ ਸੁਣੀ। 
ਉਸ ਨੇ ਮਦਦ ਲਈ ਮੇਰੀ ਅਵਾਜ਼ ਨੂੰ ਸੁਣਿਆ। 
7 ਧਰਤੀ ਹਿਲੀ ਅਤੇ ਕੰਬੀ; 
ਸਵਰਗ ਦੇ ਥਮਲੇ ਵੀ ਹਿੱਲ ਗਏ। 
ਕਿਉਂਕਿ ਯਹੋਵਾਹ ਗੁੱਸੇ ਸੀ। 
8 ਪਰਮੇਸ਼ੁਰ ਦੇ ਨੱਕ ਵਿੱਚੋਂ ਧੂਆਂ ਨਿਕਲਿਆ। 
ਪਰਮੇਸ਼ੁਰ ਦੇ ਮੁੱਖ ਵਿੱਚੋਂ ਬਲਦੀਆਂ ਲਾਟਾਂ ਨਿਕਲੀਆਂ, 
ਉਸ ਪਾਸੋਂ ਬਲਦੇ ਹੋਏ ਚੰਗਿਆੜੇ ਉੱਡੇ। 
9 ਯਹੋਵਾਹ ਨੇ ਆਕਾਸ਼ ਨੂੰ ਪਾੜ ਸੁੱਟਿਆ ਅਤੇ ਉਹ ਹੇਠਾ ਆਇਆ। 
ਉਹ ਗਹਿਰੇ ਕਾਲੇ ਬੱਦਲ ਉੱਤੇ ਖਲੋਤਾ ਸੀ। 
10 ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ। 
ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ। 
ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ। 
11 ਯਹੋਵਾਹ ਹਨੇਰੇ ਬੱਦਲਾਂ ਵਿੱਚ ਛੁਪਿਆ ਹੋਇਆ ਸੀ, ਜਿਹੜੇ ਉਸ ਨੂੰ ਤੰਬੂਆਂ ਵਾਂਗ ਘੇਰੇ ਹੋਏ ਸਨ। 
ਉਹ ਆਪਣੇ-ਆਪ ਨੂੰ ਬੱਦਲਾਂ ਅੰਦਰ ਛੁਪਾ ਰਿਹਾ ਸੀ। 
12 ਫ਼ੇਰ, ਯਹੋਵਾਹ ਦੀ ਚਮਕਦੀ ਰੌਸ਼ਨੀ ਬੱਦਲਾਂ ਨੂੰ ਪਾੜਦੀ ਹੋਈ ਬਾਹਰ ਨਿੱਕਲੀ। 
ਇਸਨੇ ਗੜ੍ਹੇਮਾਰ ਕੀਤੀ ਅਤੇ ਬਿਜਲੀ ਲਸ਼ਕਾਈ। 
13 ਯਹੋਵਾਹ ਆਕਾਸ਼ ਵਿੱਚੋਂ ਗਰਜਿਆ। 
ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ। 
ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ। 
14 ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ। 
ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ। 
15 ਯਹੋਵਾਹ, ਜਦੋਂ ਤੁਸੀਂ ਉੱਚੀ ਅਵਾਜ਼ ਨਾਲ ਹੁਕਮ ਦਿੱਤਾ, 
ਪਾਣੀ ਪਿੱਛਾਹਾਂ ਧੱਕਿਆ ਗਿਆ ਸੀ। 
ਅਸੀਂ ਸਮੁੰਦਰ ਦਾ ਤਲਾ ਵੇਖ ਸੱਕਦੇ ਸਾਂ। 
ਅਸੀਂ ਧਰਤੀ ਦੀਆਂ ਬੁਨਿਆਦਾਂ ਵੀ ਦੇਖ ਸੱਕਦੇ ਸਾਂ। 
16 ਯਹੋਵਾਹ, ਉਚਾਈ ’ਚੋਂ ਹੇਠਾ ਆਇਆ ਅਤੇ ਮੈਨੂੰ ਬਚਾ ਲਿਆ। 
ਉਸ ਨੇ ਮੈਨੂੰ ਫ਼ੜ ਲਿਆ ਅਤੇ ਮੈਨੂੰ ਡੂੰਘੇ ਪਾਣੀ (ਮੁਸੀਬਤ) ਵਿੱਚੋਂ ਆਪਣੇ ਵੱਲ ਖਿੱਚਿਆ। 
17 ਮੇਰੇ ਦੁਸ਼ਮਣ ਮੇਰੇ ਨਾਲੋਂ ਸ਼ਕਤੀਸ਼ਾਲੀ ਸਨ। 
ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ। 
ਮੇਰੇ ਦੁਸ਼ਮਣ ਮੇਰੇ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਸਨ। 
ਇਸੇ ਲਈ ਪਰਮੇਸ਼ੁਰ ਨੇ ਮੈਨੂੰ ਬਚਾ ਲਿਆ। 
18 ਮੈਂ ਵੱਡੇ ਸੰਕਟ ਵਿੱਚ ਸਾਂ, ਤੇ ਮੇਰੇ ਉੱਤੇ ਮੇਰਿਆਂ ਦੁਸ਼ਮਣਾਂ ਦੁਆਰਾ ਹਮਲਾ ਕੀਤਾ ਹੋਇਆ ਸੀ। 
ਪਰ ਯਹੋਵਾਹ ਮੇਰੀ ਮਦਦ ਲਈ ਆਇਆ। 
19 ਯਹੋਵਾਹ ਮੈਨੂੰ ਪਿਆਰ ਕਰਦਾ ਹੈ। 
ਇਸੇ ਲਈ ਉਸ ਨੇ ਮੈਨੂੰ ਬਚਾਇਆ। 
ਉਹ ਮੈਨੂੰ ਇੱਕ ਸੁਰੱਖਿਅਤ ਸਥਾਨ ਉੱਤੇ ਲੈ ਗਿਆ। 
20 ਮੈਂ ਬੇਗੁਨਾਹ ਹਾਂ, ਇਸੇ ਲਈ ਯਹੋਵਾਹ ਮੈਨੂੰ ਇਨਾਮ ਦੇਵੇਗਾ। 
ਮੈਂ ਕੋਈ ਵੀ ਬਦੀ ਨਹੀਂ ਕੀਤੀ ਇਸੇ ਲਈ ਉਹ ਮੇਰਾ ਭਲਾ ਕਰੇਗਾ। 
21 ਕਿਉਂ? ਕਿਉਂ ਕਿ ਮੈਂ ਉਸ ਦੇ ਆਦੇਸ਼ ਮੰਨੇ। 
ਮੈਂ ਤੇਰੇ ਖਿਲਾਫ਼ ਕੋਈ ਵੀ ਅਪਰਾਧ ਨਹੀਂ ਕੀਤਾ ਪਰਮੇਸ਼ੁਰ। 
22 ਮੈਂ ਸਦਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ ਹਾਂ। 
ਮੈਂ ਉਸ ਦੇ ਅਸੂਲਾਂ ਨੂੰ ਮੰਨਦਾ ਹਾਂ ਅਤੇ ਉਸਦਾ ਆਚਰਣ ਕਰਦਾ ਹਾਂ। 
23 ਮੈਂ ਉਸ ਦੇ ਨਮਿੱਤ ਸ਼ੁੱਧ ਤੇ ਇਮਾਨਦਾਰ ਸਾਂ, 
ਮੈਂ ਆਪਣੇ-ਆਪ ਨੂੰ ਮੰਦੇ ਕਾਰਿਆਂ ਤੋਂ ਦੂਰ ਰੱਖਿਆ। 
24 ਇਸੇ ਲਈ, ਯਹੋਵਾਹ ਮੈਨੂੰ ਇਨਾਮ ਦੇਵੇਗਾ। 
ਕਿਉ? ਕਿਉਂਕਿ ਮੈਂ ਬੇਕਸੂਰ ਹਾਂ। 
ਜਿਵੇਂ ਪਰਮੇਸ਼ੁਰ ਇਸ ਨੂੰ ਵੇਖਦਾ ਹੈ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, 
ਇਸ ਲਈ ਉਹ ਮੇਰਾ ਭਲਾ ਕਰੇਗਾ। 
25 ਯਹੋਵਾਹ, ਜੇ ਕੋਈ ਸੱਚਮੁੱਚ ਤੈਨੂੰ ਪਿਆਰ ਕਰਦਾ ਹੈ, ਤਾਂ ਤੂੰ ਵੀ ਉਸ ਉੱਪਰ ਆਪਣਾ ਸੱਚਾ ਪਿਆਰ ਛਿੜਕ। 
ਜੇ ਕੋਈ ਤੇਰੇ ਪ੍ਰਤਿ ਸੱਚਾ ਹੈ ਤਾਂ ਤੂੰ ਵੀ ਉਸ ਦੇ ਪ੍ਰਤਿ ਸੱਚਾ ਹੋਵੇਂਗਾ। 
26 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਲਈ ਸ਼ੁਭ ਤੇ ਪਵਿੱਤਰ ਹੋ ਜਿਹੜੇ ਸ਼ੁਭ ਤੇ ਪਵਿੱਤਰ ਹਨ। 
ਪਰ ਤੁਸੀਂ ਕਮੀਨੇ ਅਤੇ ਮੀਸਣੇ ਲੋਕਾਂ ਲਈ ਵੱਧੇਰੇ ਚਤੁਰ ਬਣ ਜਾਂਦੇ ਹੋਂ। 
27 ਹੇ ਯਹੋਵਾਹ, ਤੂੰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈਂ ਜਿਹੜੇ ਨਿਮ੍ਰ ਹਨ। 
ਪਰ ਤੂੰ ਗੁਮਾਨੀ ਲੋਕਾਂ ਨੂੰ ਨਿਵਾਉਦਾ ਹੈਂ। 
28 ਯਹੋਵਾਹ, ਤੁਸੀਂ ਮੇਰਾ ਦੀਵਾ ਰੌਸ਼ਨ ਕਰੋ। 
ਮੇਰਾ ਪਰਮੇਸ਼ੁਰ, ਮੇਰੇ ਚਾਰ-ਚੁਫ਼ੇਰੇ ਫ਼ੈਲੇ ਅੰਧਕਾਰ ਨੂੰ ਰੌਸ਼ਨ ਕਰਦਾ ਹੈ। 
29 ਹੇ ਯਹੋਵਾਹ, ਤੇਰੀ ਸਹਾਇਤਾ ਨਾਲ, ਮੈਂ ਫ਼ੌਜੀਆਂ ਸੰਗ ਭੱਜ ਸੱਕਦਾ ਹਾਂ। 
ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਦੁਸ਼ਮਣ ਦੀਆਂ ਕੰਧਾਂ ਉੱਤੇ ਚੜ੍ਹ ਸੱਕਦਾ ਹਾਂ। 
30 ਪਰਮੇਸ਼ੁਰ ਦੀ ਸ਼ਕਤੀ ਪੂਰਨ ਹੈ, 
ਯਹੋਵਾਹ ਦਾ ਸ਼ਬਦ ਪਰੱਖਿਆ ਗਿਆ ਹੈ। 
ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜਿਹੜੇ ਉਸ ਵਿੱਚ ਆਸਥਾ ਰੱਖਦੇ ਹਨ। 
31 ਪਰਮੇਸ਼ੁਰ ਤੋਂ ਬਿਨਾ ਕੋਈ ਯਹੋਵਾਹ ਨਹੀਂ ਹੈ। 
ਸਾਡੇ ਪਰਮੇਸ਼ੁਰ ਤੋਂ ਬਿਨਾ ਕੋਈ ਚੱਟਾਨ ਨਹੀਂ। 
32 ਪਰਮੇਸ਼ੁਰ ਮੈਨੂੰ ਤਾਕਤ ਬਖਸ਼ਦਾ ਹੈ। 
ਉਹ ਮੈਨੂੰ ਸ਼ੁੱਧ ਜੀਵਨ ਜਿਉਣ ਵਿੱਚ ਸਹਾਰਾ ਦਿੰਦਾ ਹੈ। 
33 ਪਰਮੇਸ਼ੁਰ ਹਿਰਨ ਵਾਂਗ ਤਿਖਾ ਦੌੜਨ ਵਿੱਚ ਮੇਰੀ ਮਦਦ ਕਰਦਾ ਹੈ। 
ਉਹ ਮੈਨੂੰ ਉੱਚੀਆਂ ਥਾਵਾਂ ਤੇ ਸਥਿਰ ਰੱਖਦਾ ਹੈ। 
34 ਪਰਮੇਸ਼ੁਰ ਮੈਨੂੰ ਜੰਗ ਦੀ ਸਿਖਲਾਈ ਦਿੰਦਾ ਹੈ 
ਤਾਂ ਜੋ ਮੇਰੀਆਂ ਬਾਹਾਂ ਸ਼ਕਤੀਸ਼ਾਲੀ ਧਨੁਸ਼ ਨੂੰ ਝੁਕਾ ਸੱਕਣ। 
35 ਹੇ ਪਰਮੇਸ਼ੁਰ, ਤੁਸਾਂ ਮੈਨੂੰ ਬਚਾਇਆ ਤੇ ਮੇਰੀ ਜਿੱਤਣ ਵਿੱਚ ਮਦਦ ਕੀਤੀ। 
ਤੁਸਾਂ ਮੈਨੂੰ ਆਪਣੀ ਸੱਜੀ ਬਾਂਹ ਦਾ ਸਹਾਰਾ ਦਿੱਤਾ। 
ਤੁਸਾਂ ਮੇਰੇ ਦੁਸ਼ਮਣ ਨੂੰ ਹਰਾਉਣ ਵਿੱਚ ਮਦਦ ਕੀਤੀ। 
36 ਮੇਰੀਆਂ ਲੱਤਾਂ ਅਤੇ ਗਿੱਟਿਆਂ ਨੂੰ ਮਜ਼ਬੂਤ ਬਣਾ 
ਤਾਂ ਜੋ ਮੈਂ ਠੋਕਰਾਂ ਤੋਂ ਬਿਨਾ ਤੇਜ ਤੁਰ ਸੱਕਾਂ। 
37 ਫ਼ੇਰ ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰ ਸੱਕਾਂਗਾ ਅਤੇ ਉਨ੍ਹਾਂ ਨੂੰ ਫ਼ੜ ਸੱਕਾਂਗਾ। 
ਮੈਂ ਉਨ੍ਹਾਂ ਨੂੰ ਤਬਾਹ ਕੀਤੇ ਬਿਨਾ ਵਾਪਸ ਨਹੀਂ ਮੁੜਾਂਗਾ। 
38 ਮੈਂ ਆਪਣੇ ਵੈਰੀਆਂ ਨੂੰ ਹਰਾ ਦਿਆਂਗਾ, ਤਾਂ ਜੋ ਉਹ ਦੁਬਾਰਾ ਨਹੀਂ ਉੱਠ ਸੱਕਣਗੇ। 
ਮੇਰੇ ਸਾਰੇ ਦੁਸ਼ਮਣਾਂ ਨੂੰ ਪੈਰਾਂ ਹੇਠ ਹੋਣਾ ਚਾਹੀਦਾ ਹੈ। 
39 ਹੇ ਪਰਮੇਸ਼ੁਰ, ਤੁਸੀਂ ਮੈਨੂੰ ਯੁੱਧ ਵਿੱਚ ਸ਼ਕਤੀਸ਼ਾਲੀ ਬਣਾਇਆ। 
ਤੁਸੀਂ ਮੇਰੇ ਦੁਸ਼ਮਣਾਂ ਨੂੰ ਮੇਰੇ ਅੱਗੇ ਡੇਗਿਆ। 
40 ਤੁਸੀਂ ਮੈਨੂੰ ਮੇਰੇ ਦੁਸ਼ਮਣ ਦੀ ਗਿੱਚੀ ਤੇ ਵਾਰ ਕਰਨ ਦਾ ਇੱਕ ਮੌਕਾ ਦਿੱਤਾ, 
ਅਤੇ ਮੈਂ ਆਪਣੇ ਵੈਰੀਆਂ ਨੂੰ ਥੱਲੇ ਵੱਢ ਸੁੱਟਿਆ। 
41 ਮੇਰੇ ਦੁਸ਼ਮਣਾਂ ਮਦਦ ਲਈ ਪੁਕਾਰਿਆ ਸੀ, 
ਪਰ ਕੋਈ ਨਹੀਂ ਸੀ ਜਿਹੜਾ ਉਨ੍ਹਾਂ ਨੂੰ ਬਚਾ ਸੱਕੇ। 
ਉਨ੍ਹਾਂ ਨੇ ਯਹੋਵਾਹ ਨੂੰ ਵੀ ਪੁਕਾਰਿਆ ਸੀ, 
ਪਰ ਉਸ ਨੇ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ ਸੀ। 
42 ਮੈਂ ਆਪਣੇ ਦੁਸ਼ਮਣਾਂ ਦੇ ਟੁਕੜੇ ਕੀਤੇ। 
ਉਹ ਉਸ ਖਾਕ ਵਾਂਗ ਸਨ, ਜਿਹੜੀ ਹਵਾ ਵਿੱਚ ਉੱਡਦੀ ਹੈ। 
ਮੈਂ ਉਨ੍ਹਾਂ ਨੂੰ ਟੋਟੇ-ਟੋਟੇ ਕੀਤਾ ਸੀ। 
43 ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੇਰੇ ਵਿਰੁੱਧ ਲੜਦੇ ਹਨ। 
ਮੈਂ ਉਨ੍ਹਾਂ ਕੌਮਾਂ ਦਾ ਆਗੂ ਬਣਾ। 
ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਮੇਰੀ ਸੇਵਾ ਕਰਨ ਦੇ। 
44 ਉਹ ਲੋਕ ਮੇਰੇ ਬਾਰੇ ਸੁਣਨਗੇ ਅਤੇ ਫ਼ੌਰਨ ਮੇਰਾ ਹੁਕਮ ਮੰਨਣਗੇ। 
ਉਹ ਵਿਦੇਸ਼ੀ ਮੇਰੇ ਪਾਸੋਂ ਡਰਨਗੇ। 
45 ਉਹ ਵਿਦੇਸ਼ੀ ਡਰ ਨਾਲ ਕੰਬਣਗੇ। 
ਉਹ ਡਰ ਨਾਲ ਕੰਬੰਦੇ ਹੋਏ ਆਪਣੀਆਂ ਛੁਪਣਗਾਹਾਂ ਵਿੱਚੋਂ ਨਿਕਲ ਆਉਣਗੇ। 
46 ਯਹੋਵਾਹ ਜਿਉਂਦਾ ਜਾਗਦਾ ਹੈ। 
ਮੈਂ ਆਪਣੀ ਓਟ ਦੀ ਉਸਤਤਿ ਕਰਦਾ ਹਾਂ। 
ਪਰਮੇਸ਼ੁਰ ਮੈਨੂੰ ਬਚਾਉਂਦਾ ਹੈ, ਉਹ ਮਹਾਨ ਹੈ। 
47 ਪਰਮੇਸ਼ੁਰ ਨੇ ਮੇਰੇ ਲਈ ਮੇਰੇ ਦੁਸ਼ਮਣਾਂ ਨੂੰ ਦੰਡ ਦਿੱਤਾ। 
ਉਸ ਨੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ ਹੈ। 
48 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਤੋਂ ਮੇਰੀ ਰੱਖਿਆ ਕੀਤੀ, 
ਤੁਸੀਂ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ ਜਿਹੜੇ ਮੇਰੇ ਖਿਲਾਫ਼ ਆ ਖਲੋਏ ਸਨ। 
ਤੁਸੀਂ ਮੈਨੂੰ ਜ਼ਾਲਮ ਆਦਮੀਆਂ ਤੋਂ ਬਚਾਇਆ। 
49 ਹੇ ਯਹੋਵਾਹ, ਇਸੇ ਲਈ ਮੈਂ ਕੌਮਾਂ ਦੇ ਦਰਮਿਆਨ ਤੁਹਾਡੀ ਉਸਤਤਿ ਕਰਦਾ ਹਾਂ। 
ਯਹੋਵਾਹ, ਇਸੇ ਲਈ ਮੈਂ ਤੇਰੇ ਨਾਂ ਦੀ ਮਹਿਮਾ ਲਈ, ਗੀਤ ਗਾਉਂਦਾ ਹਾਂ। 
50 ਯਹੋਵਾਹ ਕਈ ਯੁੱਧ ਜਿੱਤਣ ਵਿੱਚ ਆਪਣੇ ਰਾਜੇ ਦੀ ਮਦਦ ਕਰਦਾ ਹੈ। 
ਉਹ ਉਸਦਾ ਸੱਚਾ ਪਿਆਰ ਆਪਣੇ ਚੁਣੇ ਹੋਏ ਰਾਜੇ ਲਈ ਦਰਸਾਉਂਦਾ ਹੈ। 
ਉਹ ਦਾਊਦ ਲਈ ਅਤੇ ਉਸਦੀ ਅੰਸ਼ ਲਈ ਸਦਾ ਵਾਸਤੇ ਵਫ਼ਾਦਾਰ ਹੋਵੇਗਾ।