13
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। 
1 ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ? 
ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ? 
ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ? 
2 ਕਿੰਨਾ ਕੁ ਚਿਰ ਮੈਂ ਉਦਾਸੀ ਵਿੱਚ ਸੋਚਾਂਗਾ ਕਿ ਸ਼ਾਇਦ ਤੁਸੀਂ ਮੈਨੂੰ ਭੁੱਲ ਗਏ ਹੋਂ? 
ਕਿੰਨਾ ਕੁ ਚਿਰ ਮੈਂ ਇਹ ਉਦਾਸੀ ਆਪਣੇ ਦਿਲ ਅੰਦਰ ਜਰਾਂਗਾ? 
ਕਿੰਨੇ ਕੁ ਚਿਰ ਤੱਕ ਮੇਰਾ ਦੁਸ਼ਮਣ ਮੇਰੇ ਉੱਤੋਂ ਜਿੱਤ ਪ੍ਰਾਪਤ ਕਰਦਾ ਰਹੇਗਾ? 
3 ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਵੱਲ ਤੱਕੋ। ਮੇਰੇ ਪ੍ਰਸ਼ਨ ਦਾ ਉੱਤਰ ਦੇਵੋ। 
ਮੈਨੂੰ ਜਵਾਬ ਦੇਵੋ ਨਹੀਂ ਤਾਂ ਮੈਂ ਮਰ ਜਾਵਾਂਗਾ। 
4 ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।” 
ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ। 
ਉਹ ਖੁਸ਼ ਹੋਵੇਗਾ। 
5 ਯਹੋਵਾਹ, ਮੈਂ ਸਹਾਇਤਾ ਲਈ ਤੁਹਾਡੇ ਪ੍ਰੇਮ ਵਿੱਚ ਆਸਥਾ ਰੱਖੀ, 
ਤੁਸੀਂ ਮੈਨੂੰ ਬਚਾਇਆ ਅਤੇ ਖੁਸ਼ੀ ਬਖਸ਼ੀ। 
6 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਇੱਕ ਖੁਸ਼ੀ ਦਾ ਗੀਤ ਗਾਵਾਂਗਾ, 
ਕਿਉਂਕਿ ਉਸ ਨੇ ਮੇਰੇ ਲਈ ਚੰਗਾ ਕੀਤਾ ਹੈ।