118
1 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ। 
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ। 
2 ਇਸਰਾਏਲ ਆਖ, 
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!” 
3 ਜਾਜਕੋ ਆਖੋ, 
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!” 
4 ਯਹੋਵਾਹ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਮੂਹ ਲੋਕੋਂ ਆਖੋ, 
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!” 
5 ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ। 
ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ। 
6 ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਂ ਨਹੀਂ ਡਰਾਂਗਾ। 
ਲੋਕ ਮੇਰਾ ਕੋਈ ਨੁਕਸਾਨ ਨਹੀਂ ਕਰ ਸੱਕਦੇ। 
7 ਯਹੋਵਾਹ ਮੇਰਾ ਮਦਦਗਾਰ ਹੈ। 
ਮੈਂ ਆਪਣੇ ਦੁਸ਼ਮਣਾਂ ਨੂੰ ਹਾਰਦਿਆਂ ਵੇਖਾਂਗਾ। 
8 ਲੋਕਾਂ ਵਿੱਚ ਯਕੀਨ ਰੱਖਣ ਨਾਲੋਂ 
ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ। 
9 ਤੁਹਾਡੇ ਸਾਰੇ ਆਗੂਆਂ ਉੱਤੇ ਵਿਸ਼ਵਾਸ ਕਰਨ ਨਾਲੋਂ 
ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ। 
10 ਅਨੇਕਾਂ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਸੀ। 
ਪਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ। 
11 ਦੁਸ਼ਮਣਾਂ ਨੇ ਮੈਨੂੰ ਬਾਰ-ਬਾਰ ਘੇਰਿਆ, 
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ। 
12 ਮੈਨੂੰ ਦੁਸ਼ਮਣਾਂ ਨੇ ਮਧੂ ਮੱਖੀਆਂ ਵਾਂਗ ਘੇਰਿਆ। 
ਪਰ ਛੇਤੀ ਹੀ ਲਟ-ਲਟ ਬਲਦੀ ਝਾੜੀ ਵਾਂਗ ਉਹ ਭਸਮ ਹੋ ਗਏ। 
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ। 
13 ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ। 
ਯਹੋਵਾਹ ਨੇ ਮੇਰੀ ਸਹਾਇਤਾ ਕੀਤੀ। 
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ। 
ਯਹੋਵਾਹ ਮੈਨੂੰ ਬਚਾਉਂਦਾ ਹੈ। 
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ। 
ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ। 
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ, 
ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ। 
17 ਮੈਂ ਜੀਵਾਂਗਾ, ਮਰਾਂਗਾ ਨਹੀਂ 
ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ। 
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ। 
ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ। 
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ, 
ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ। 
20 ਉਹ ਦਰਵਾਜੇ ਯਹੋਵਾਹ ਦੇ ਹਨ। 
ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ। 
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ। 
ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। 
22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ। 
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ 
ਕਿ ਇਹ ਗੱਲ ਵਿਸਮਾਦ ਭਰੀ ਹੈ। 
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ। 
ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ! 
25 ਲੋਕਾਂ ਆਖਿਆ, “ਯਹੋਵਾਹ ਦੀ ਉਸਤਤਿ ਕਰੋ! 
ਯਹੋਵਾਹ ਨੇ ਅਸਾਂ ਨੂੰ ਬਚਾਇਆ! 
26 ਯਹੋਵਾਹ ਦਾ ਨਾਮ ਲੈ ਕੇ ਆਉਣ ਵਾਲੇ ਬੰਦੇ ਦਾ ਸਵਾਗਤ ਕਰੋ।” 
ਜਾਜਕਾਂ ਨੇ ਜਵਾਬ ਦਿੱਤਾ, “ਅਸੀਂ ਯਹੋਵਾਹ ਦੇ ਘਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ। 
27 ਯਹੋਵਾਹ ਹੀ ਪਰਮੇਸ਼ੁਰ ਹੈ। 
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ। 
ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।” 
28 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। 
ਮੈਂ ਤੁਹਾਡੀ ਉਸਤਤਿ ਕਰਦਾ ਹਾਂ। 
29 ਯਹੋਵਾਹ ਦੀ ਉਸਤਤਿ ਕਰੋ ਕਿਉਂ ਕਿ ਉਹ ਭਲਾ ਹੈ। 
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।