10
1 ਹੇ ਯਹੋਵਾਹ, ਤੁਸੀਂ ਇੰਨੇ ਦੂਰ ਕਿਉਂ ਹੋ? 
ਮੁਸੀਬਤਾਂ ਵਿੱਚ ਘਿਰੇ ਲੋਕ ਤੈਨੂੰ ਵੇਖਣ ਯੋਗ ਨਹੀਂ ਹਨ। 
2 ਦੁਸ਼ਟ ਲੋਕ ਜਿਹੜੇ ਘਮੰਡੀ ਹਨ ਦੁਸ਼ਟ ਵਿਉਂਤਾ ਬਣਾਉਂਦੇ ਹਨ 
ਅਤੇ ਨਿਮ੍ਰ ਲੋਕਾਂ ਨੂੰ ਦੁੱਖ ਪਹੁੰਚਾਉਂਦੇ ਹਨ। 
3 ਦੁਸ਼ਟ ਲੋਕੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੇਖੀ ਮਾਰਦੇ ਨੇ ਜਿਨ੍ਹਾਂ ਦੀ ਉਹ ਇੱਛਾ ਕਰਦੇ ਨੇ ਅਤੇ ਉਹ ਲੋਭੀ ਲੋਕੀਂ ਪਰਮੇਸ਼ੁਰ ਦੀ ਬੁਰਾਈ ਕਰਦੇ ਹਨ। 
ਇਸ ਤੋਂ ਇਲਾਵਾ ਇਸ ਤਰ੍ਹਾਂ ਉਹ ਬੁਰੇ ਲੋਕ ਦਰਸ਼ਾਉਂਦੇ ਹਨ ਕਿ ਉਹ ਯਹੋਵਾਹ ਨੂੰ ਵੀ ਨਫ਼ਰਤ ਕਰਦੇ ਹਨ। 
4 ਬੁਰੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਜਿਵੇਂ ਕਿ ਉਹ ਬਹੁਤ ਅਭਿਮਾਨੀ ਹਨ। 
ਉਹ ਆਪਣੀਆਂ ਮੰਦੀਆਂ ਯੋਜਨਾਵਾਂ ਬਣਾਉਂਦੇ ਨੇ ਅਤੇ ਇਸ ਤਰ੍ਹਾਂ ਵਿਹਾਰ ਕਰਦੇ ਨੇ, ਜਿਵੇਂ ਪਰਮੇਸ਼ੁਰ ਮੌਜੁਦ ਹੀ ਨਹੀਂ ਹੁੰਦਾ। 
5 ਬੁਰੇ ਲੋਕ ਹਮੇਸ਼ਾ ਵਿੰਗੀਆਂ ਗੱਲਾਂ ਕਰਦੇ ਹਨ। 
ਉਹ ਪਰਮੇਸ਼ੁਰ ਦੇ ਨੇਮਾਂ ਅਤੇ ਉਸ ਦੇ ਸਿਆਣੇ ਉਪਦੇਸ਼ਾਂ ਦਾ ਨਿਰੀਖਣ ਕਰਦੇ ਹਨ। 
ਪਰਮੇਸ਼ੁਰ ਦੇ ਦੁਸ਼ਮਣ ਉਸ ਦੇ ਉਪਦੇਸ਼ਾਂ ਦੀ ਅਣਗਹਿਲੀ ਕਰਦੇ ਹਨ। 
6 ਉਹ ਮਹਿਸੂਸ ਕਰਦੇ ਹਨ ਉਨ੍ਹਾਂ ਲਈ ਕੁਝ ਵੀ ਬੁਰਾ ਨਹੀਂ ਵਾਪਰਨ ਵਾਲਾ। 
ਉਹ ਆਖਦੇ ਹਨ, “ਅਸੀਂ ਹਮੇਸ਼ਾ ਖੁਸ਼ ਹੋਵਾਂਗੇ ਤੇ ਸਾਡੇ ਲਈ ਕਦੀ ਵੀ ਕੋਈ ਸਜ਼ਾ ਨਹੀਂ ਆਵੇਗੀ।” 
7 ਉਹ ਹਮੇਸ਼ਾ ਸਰਾਪਦੇ ਹਨ। ਉਹ ਹਮੇਸ਼ਾ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਆਖਦੇ ਹਨ। 
ਇਸਤੋਂ ਇਲਾਵਾ ਉਹ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ। 
8 ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ 
ਅਤੇ ਪਰਤੱਖ ਥਾਵਾਂ ਤੇ ਦਿਖਾਈ ਨਹੀਂ ਦਿੰਦੇ। 
ਉਹ ਬੇਕਸੂਰ ਲੋਕਾਂ ਨੂੰ ਫ਼ੜਕੇ ਮਾਰਨ ਲਈ ਇੰਤਜ਼ਾਰ ਕਰਦੇ ਹਨ। 
9 ਉਹ ਬੁਰੇ ਬੰਦੇ ਉਨ੍ਹਾਂ ਤਕੜੇ ਸ਼ੇਰਾਂ ਵਰਗੇ ਹਨ 
ਜਿਹੜੇ ਜਾਨਵਰਾਂ ਦੇ ਸ਼ਿਕਾਰ ਲਈ ਇੰਤਜ਼ਾਰ ਕਰਦੇ ਰਹਿੰਦੇ ਹਨ। 
ਉਹ ਮਸੱਕੀਨ ਲੋਕਾਂ ਦੇ ਇੰਤਜ਼ਾਰ ਵਿੱਚ ਲਿਟ ਜਾਂਦੇ ਹਨ 
ਅਤੇ ਉਹ ਉਨ੍ਹਾਂ ਦੇ ਜਾਲ ਵਿੱਚ ਫ਼ਸ ਜਾਂਦੇ ਹਨ। 
10 ਉਹ ਮਸੱਕੀਨ ਲੋਕਾਂ ਨੂੰ ਦੁੱਖੀ ਕਰਦੇ ਰਹਿੰਦੇ ਹਨ। 
ਉਹ ਬੁਰੇ ਲੋਕ ਇਨਸਾਨੀਅਤ ਨੂੰ ਉਦਾਸ ਬਣਾਉਂਦੇ ਹਨ। 
11 ਇਸੇ ਲਈ, ਬੇਬਸ ਲੋਕ ਸੋਚਣ ਲੱਗੇ ਹਨ, “ਕਿ ਪਰਮੇਸ਼ੁਰ ਸਾਨੂੰ ਸਦਾ ਲਈ ਭੁੱਲ ਗਿਆ ਹੈ, 
ਉਹ ਸਾਥੋਂ ਬੇਮੁੱਖ ਹੋ ਗਿਆ ਹੈ, 
ਉਹ ਇਹ ਵੀ ਨਹੀਂ ਵੇਖਦਾ ਕਿ ਸਾਡੇ ਨਾਲ ਕੀ ਵਾਪਰਦਾ ਹੈ।” 
12 ਯਹੋਵਾਹ ਉੱਠੋ, ਕੁਝ ਤਾਂ ਕਰੋ। 
ਹੇ ਪਰਮੇਸ਼ੁਰ, ਉਨ੍ਹਾਂ ਦੁਸ਼ਟ ਲੋਕਾਂ ਨੂੰ ਦੰਡ ਦੇਵੋ 
ਅਤੇ ਗਰੀਬ ਲੋਕਾਂ ਨੂੰ ਨਾ ਭੁੱਲੋ। 
13 ਬੁਰੇ ਲੋਕ ਪਰਮੇਸ਼ੁਰ ਦੇ ਖਿਲਾਫ਼ ਕਿਉਂ ਹੋ ਜਾਂਦੇ ਹਨ? 
ਕਿਉਂਕਿ ਉਹ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦੇਵੇਗਾ। 
14 ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ 
ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ। 
ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ। 
ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ। 
ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ। 
ਇਸ ਲਈ ਉਨ੍ਹਾਂ ਦਾ ਧਿਆਨ ਰੱਖੋ। 
15 ਯਹੋਵਾਹ ਬਦ ਲੋਕਾਂ ਨੂੰ ਨਸ਼ਟ ਕਰ ਦੇਵੋ। 
16 ਉਨ੍ਹਾਂ ਨੂੰ ਆਪਣੀ ਧਰਤੀ ਤੋਂ ਲਾਹ ਦਿਉ। 
17 ਪਰਮੇਸ਼ੁਰ, ਤੁਸੀਂ ਸੁਣਿਆ ਹੈ ਕਿ ਉਹ ਮਸੱਕੀਨ ਲੋਕ ਕੀ ਚਾਹੁੰਦੇ ਹਨ। 
ਉਨ੍ਹਾਂ ਦੀਆਂ ਪ੍ਰਾਰਥਨਾ ਸੁਣ ਤੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੋ। 
18 ਯਹੋਵਾਹ, ਉਨ੍ਹਾਂ ਦੀ ਰੱਖਿਆ ਕਰੋ ਜਿਨ੍ਹਾਂ ਦੇ ਮਾਪੇ ਨਹੀਂ ਹਨ ਅਤੇ ਜਿਹੜੇ ਸਤਾਏ ਹੋਏ ਹਨ। 
ਉਦਾਸ ਲੋਕਾਂ ਨੂੰ ਹੋਰ ਵੱਧੇਰੇ ਮੁਸੀਬਤਾਂ ਤੋਂ ਬਚਾ, ਤਾਂ ਕਿ ਤਾਕਤਵਰ ਲੋਕ ਉਨ੍ਹਾਂ ਨੂੰ ਜ਼ਮੀਨ ਵਿੱਚੋਂ ਜ਼ਬਰਦਸਤੀ ਕੱਢਣ ਲਈ ਜ਼ੁਲਮ ਨਾ ਕਰ ਸੱਕਣ।