ਸਿਆਣਪ ਤੁਹਾਨੂੰ ਵਿਭਚਾਰ ਤੋਂ ਦੂਰ ਰੱਖੇਗੀ 
7
1 ਮੇਰੇ ਬੇਟੇ, ਮੇਰੇ ਸ਼ਬਦਾਂ ਨੂੰ ਚੇਤੇ ਰੱਖਣਾ, ਉਨ੍ਹਾਂ ਹੁਕਮਾਂ ਨੂੰ ਕਦੇ ਨਾ ਭੁੱਲਣਾ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। 
2 ਜੇਕਰ ਤੁਸੀਂ ਮੇਰਾ ਹੁਕਮ ਮੰਨੋ ਤੁਸੀਂ ਜਿਉਵੋਂਗੇ। ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਪੁਤਲੀ ਵਾਂਗ ਅਨਮੋਲ ਬਣਾਕੇ ਰੱਖੋ। 
3 ਇਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੰਨ੍ਹ ਲੈਣਾ। ਇਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈਣਾ। 
4 ਸਿਆਣਪ ਨੂੰ ਆਖ, “ਤੂੰ ਮੇਰੀ ਭੈਣ ਹੈਂ!” ਅਤੇ ਸਮਝਦਾਰੀ ਨੂੰ ਆਪਣੇ ਪਰਿਵਾਰ ਦਾ ਸਦੱਸ ਕਹੋ। 
5 ਉਹ ਤੁਹਾਨੂੰ ਇੱਕ ਅਜਨਬੀ ਔਰਤ, ਇੱਕ ਪਰਾਈ ਔਰਤ ਤੋਂ ਬਚਾਵੇਗੀ ਜੋ ਮਿੱਠੀਆਂ ਗੱਲਾਂ ਕਰਦੀ ਹੈ। 
6 ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਂ ਬਾਹਰ ਝਾਕਿਆ। 
7 ਮੈਂ ਗਭਰੂਆਂ ਵਿੱਚੋਂ ਇੱਕ ਨੌਜਵਾਨ ਨੂੰ ਵੇਖਿਆ ਜਿਸ ਨੂੰ ਕੋਈ ਸਮਝ ਨਹੀਂ ਸੀ। 
8 ਉਹ ਹੇਠਾਂ ਰਾਹ ਤੇ ਤੁਰਦਾ ਹੋਇਆ, ਇੱਕ ਮੰਦੀ ਔਰਤ ਦੇ ਘਰ ਵੱਲ ਜਾ ਰਿਹਾ ਸੀ, ਜਿੱਥੇ ਉਹ ਰਹਿੰਦੀ ਸੀ। 
9 ਹਨੇਰਾ ਹੋਣ ਵਾਲਾ ਸੀ-ਸੂਰਜ ਛੁਪ ਰਿਹਾ ਸੀ। ਰਾਤ ਪੈਣ ਵਾਲੀ ਸੀ। 
10 ਔਰਤ ਉਸ ਨੂੰ ਮਿਲਣ ਲਈ ਘਰੋ ਬਾਹਰ ਆਈ। ਉਸ ਨੇ ਵੇਸਵਾ ਵਰਗੇ ਕੱਪੜੇ ਪਾਏ ਹੋਏ ਸਨ। ਉਸਦੀਆਂ ਨੌਜਵਾਨ ਬਾਰੇ ਵਿਉਤਾਂ ਸਨ। 
11 ਉਹ ਖਰੂਦੀ ਅਤੇ ਵਿਦਰੋਹੀ ਸੀ, ਉਹ ਘਰ ਠਹਿਰਣ ਵਾਲੀ ਨਹੀਂ ਸੀ! 
12 ਹੁਣ ਉਹ ਸੜਕ ਉੱਤੇ ਹੈ, ਹੁਣ ਉਹ ਚੌਰਾਹੇ ਤੇ ਹੈ, ਉਹ ਹਰ ਨੁਕਰ ਤੇ ਇੰਤਜ਼ਾਰ ਵਿੱਚ ਰਹਿੰਦੀ ਹੈ। 
13 ਉਸ ਨੇ ਨੌਜਵਾਨ ਨੂੰ ਖਿੱਚ ਲਿਆ ਅਤੇ ਉਸ ਨੂੰ ਚੁੰਮ ਲਿਆ। ਉਸ ਨੇ ਬੇਸ਼ਰਮੀ ਨਾਲ ਉਸ ਨੂੰ ਆਖਿਆ, 
14 “ਮੈਂ ਅੱਜ ਸੁੱਖ ਸਾਂਦ ਦੀ ਬਲੀ ਹਾਜਰ ਕੀਤੀ। ਅਤੇ ਅੱਜ ਮੈਂ ਕੀਤੇ ਹੋਏ ਇਕਰਾਰ ਨੂੰ ਪੂਰਿਆਂ ਕੀਤਾ। 
15 ਅਤੇ ਇਸ ਲਈ ਮੈਂ ਤੁਹਾਨੂੰ ਆਪਣੇ ਨਾਲ ਭੋਜਨ ਲਈ ਸੱਦਾ ਦੇਣ ਬਾਹਰ ਆਈ ਹਾਂ। ਮੈਂ ਤੇਰੀ ਬਹੁਤ ਭਾਲ ਕਰਦੀ ਰਹੀ ਹਾਂ। ਤੇ ਹੁਣ ਮੈਂ ਤੈਨੂੰ ਲੱਭ ਲਿਆ ਹੈ! 
16 ਮੈਂ ਆਪਣੇ ਬਿਸਤਰੇ ਉੱਤੇ ਸਾਫ਼ ਚਾਦਰਾਂ ਵਿਛਾਈਆਂ ਹਨ। ਇਹ ਮਿਸਰ ਦੇਸ ਦੀਆਂ ਬੜੀਆਂ ਖੂਬਸੂਰਤ ਚਾਦਰਾਂ ਹਨ। 
17 ਮੈਂ ਆਪਣੇ ਬਿਸਤਰੇ ਉੱਤੇ ਅਤਰ ਛਿੜਕਿਆ ਹੈ। ਭਾਂਤ-ਭਾਂਤ ਦੀ ਗੰਧਰਸ ਬਹੁਤ ਕਮਾਲ ਦੀਆਂ ਹਨ। 
18 ਹੁਣ ਆਓ, ਆਪਾਂ ਖੁਦ ਹੀ ਸਵੇਰ ਤਕ ਆਨੰਦ ਮਾਣੀਏ, ਆਪਾਂ ਪਿਆਰ ਨਾਲ ਸ਼ਰਾਬੀ ਹੋ ਜਾਈਏ। 
19 ਮੇਰਾ ਪਤੀ ਘਰੇ ਨਹੀਂ ਹੈ ਉਹ ਇੱਕ ਲੰਮੇਂ ਸਫ਼ਰ ਤੇ ਬਾਹਰ ਚੱਲਿਆ ਗਿਆ ਹੈ। 
20 ਉਸ ਨੇ ਲੰਮੀ ਯਾਤਰਾ ਲਈ ਕਾਫ਼ੀ ਪੈਸੇ ਨਾਲ ਰੱਖੇ ਹੋਏ ਹਨ। ਉਹ ਦੋ ਹਫ਼ਤਿਆਂ ਤੋਂ ਪਹਿਲਾਂ ਘਰ ਨਹੀਂ ਆਵੇਗਾ।” 
21 ਔਰਤ ਨੇ ਉਸ ਨੌਜਵਾਨ ਨੂੰ ਆਪਣੀ ਚੰਚਲਤਾ ਨਾਲ ਭਰਮਾਇਆ, ਉਸ ਨੇ ਉਸ ਨੂੰ ਆਪਣੇ ਕੂਲੇ ਸ਼ਬਦਾਂ ਨਾਲ ਬਹਿਕਾਇਆ। 
22 ਅਤੇ ਉਹ ਨੌਜਵਾਨ ਉਸ ਦੇ ਪਿੱਛੇ ਲੱਗ ਕੇ ਜਾਲ ਵਿੱਚ ਫ਼ਸਣ ਆ ਗਿਆ। ਉਹ ਉਸ ਬਲਦ ਵਰਗਾ ਸੀ ਜਿਸਦੀ ਬਲੀ ਚੜ੍ਹਾਈ ਜਾਣ ਵਾਲੀ ਸੀ। ਉਹ ਜਾਲ ਵਿੱਚ ਫ਼ਸਣ ਜਾ ਰਹੇ ਹਿਰਣ ਵਰਗਾ ਸੀ, 
23 ਜਦੋਂ ਤੱਕ ਉਸ ਦੇ ਦਿਲ ਵਿੱਚ ਤੀਰ ਨਾਂ ਵੱਜੇ, ਇੱਕ ਪੰਛੀ ਵਾਂਗ ਜੋ ਸਿੱਧਾ ਕੁੜਿੱਕੀ ਵੱਲ ਉੱਡ ਪਿਆ, ਅਤੇ ਉਸ ਨੂੰ ਕੋਈ ਕਲਪਨਾ ਨਹੀਂ ਉਹ ਆਪਣੀ ਜ਼ਿੰਦਗੀ ਗੁਆਉਣ ਹੀ ਵਾਲਾ ਹੈ। 
24 ਇਸ ਲਈ ਹੁਣ ਪੁੱਤਰੋ, ਸੁਣੋ ਮੇਰੀ ਗੱਲ ਧਿਆਨ ਨਾਲ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ। 
25 ਆਪਣੇ ਦਿਲ ਨੂੰ ਉਸ ਦੇ ਰਾਹਾਂ ਵੱਲ ਭਟਕਣ ਨਾ ਦਿਓ, ਉਸ ਦੇ ਰਾਹਾਂ ਤੇ ਨਾ ਠਹਿਰੋ। 
26 ਉਸ ਨੇ ਕਿੰਨੇ ਹੀ ਲੋਕਾਂ ਨੂੰ ਤਬਾਹ ਕੀਤਾ। ਜਿਨ੍ਹਾਂ ਲੋਕਾਂ ਨੂੰ ਉਸ ਨੇ ਤਬਾਹ ਕੀਤਾ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ। 
27 ਉਸ ਦਾ ਘਰ ਮੌਤ ਵੱਲ ਅਗਵਾਈ ਕਰਦਾ, ਇਹ ਤੁਹਾਨੂੰ ਮੌਤ ਦੇ ਕੋਠੜੀਆਂ ਵੱਲ ਲੈ ਜਾਂਦਾ ਹੈ।