29
1 ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸੱਕਦਾ। 
2 ਜਦੋਂ ਧਰਮੀ ਲੋਕ ਤਰੱਕੀ ਕਰਦੇ ਹਨ, ਲੋਕ ਖੁਸ਼ ਹੁੰਦੇ ਹਨ, ਪਰ ਉਦੋਂ ਹੌਂਕੇ ਭਰਦੇ ਹਨ ਜਦੋਂ ਕੋਈ ਦੁਸ਼ਟ ਆਦਮੀ ਰਾਜਾ ਬਣ ਜਾਂਦਾ ਹੈ। 
3 ਜਿਹੜਾ ਵਿਅਕਤੀ ਸਿਆਣਪ ਨੂੰ ਪਿਆਰ ਕਰਦਾ, ਉਹ ਆਪਣੇ ਪਿਤਾ ਨੂੰ ਖੁਸ਼ ਕਰਦਾ ਹੈ, ਪਰ ਜਿਹੜਾ ਵਿਅਕਤੀ ਵੇਸਵਾਵਾਂ ਦਾ ਸੰਗ ਕਰਦਾ ਹੈ, ਉਹ ਆਪਣੀ ਦੌਲਤ ਗੁਆ ਲੈਂਦਾ ਹੈ। 
4 ਜਿਹੜਾ ਰਾਜਾ ਨਿਆਂਈ ਹੋਕੇ ਸ਼ਾਸਨ ਕਰਦਾ ਹੈ ਉਹ ਆਪਣੇ ਦੇਸ ਨੂੰ ਮਜ਼ਬੂਤ ਬਣਾ ਲੈਂਦਾ ਹੈ, ਪਰ ਜਿਹੜਾ ਕੋਈ ਰਿਸ਼ਵਤ ਲੈਂਦਾ ਹੈ ਇਸ ਨੂੰ ਢਾਹ ਦਿੰਦਾ। 
5 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਆਪਣੇ ਹੀ ਪੈਰਾਂ ਲਈ ਜਾਲ ਫ਼ੈਲਾਉਂਦਾ ਹੈ। 
6 ਇੱਕ ਬਦ ਇਨਸਾਨ ਆਪਣੇ ਖੁਦ ਦੇ ਪਾਪ ਵਿੱਚ ਹੀ ਫ਼ਸ ਜਾਂਦਾ ਹੈ ਪਰ ਇੱਕ ਨੇਕ ਇਨਸਾਨ ਗਾਉਂਦਾ ਅਤੇ ਖੁਸ਼ ਰਹਿੰਦਾ ਹੈ। 
7 ਧਰਮੀ ਵਿਅਕਤੀ ਜਾਣਦਾ ਹੈ ਕਿ ਗਰੀਬ ਲਈ ਨਿਆਂ ਨੂੰ ਕਿਵੇਂ ਸਿਰੇ ਚੜ੍ਹਾਉਣਾ, ਪਰ ਦੁਸ਼ਟ ਇਨਸਾਨ ਅਗਿਆਨੀ ਹੁੰਦੇ ਹਨ। 
8 ਮਖੌਲੀ ਨਗਰ ਵਿੱਚ ਦੰਗਾ-ਫ਼ਸਾਦ ਕਰਦੇ ਹਨ, ਪਰ ਸਿਆਣਾ ਵਿਅਕਤੀ ਸ਼ਾਂਤੀ ਨੂੰ ਪੁਨਰ ਸਥਾਪਿਤ ਕਰਦਾ ਹੈ। 
9 ਸਿਆਣਾ ਆਦਮੀ ਮੂਰਖ ਨੂੰ ਕਚਿਹਰੀ ’ਚ ਲੈ ਜਾਂਦਾ ਹੈ, ਪਰ ਮੂਰਖ ਤੈਸ਼ ’ਚ ਆ ਜਾਂਦਾ ਅਤੇ ਮਜ਼ਾਕ ਉਡਾਉਂਦਾ ਅਤੇ ਸਿਆਣੇ ਆਦਮੀ ਨੂੰ ਸੰਤੁਸ਼ਟੀ ਨਹੀਂ ਮਿਲਦੀ। 
10 ਕਾਤਲ ਨਿਰਦੋਸ਼ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੋ ਇਮਾਨਦਾਰ ਹੁੰਦੇ ਹਨ। 
11 ਇੱਕ ਮੂਰਖ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ ਅਤੇ ਆਪਣੇ-ਆਪ ਤੇ ਕਾਬੂ ਰੱਖਦਾ ਹੈ। 
12 ਜੇ ਕੋਈ ਹਾਕਮ ਝੂਠ ਸੁਣਦਾ ਹੈ, ਤਾਂ ਉਸ ਦੇ ਸਾਰੇ ਅਧਿਕਾਰੀ ਬੁਰੇ ਹੋਣਗੇ। 
13 ਗਰੀਬ ਵਿਅਕਤੀ ਅਤੇ ਸਤਾਉਣ ਵਾਲਾ ਵਿਅਕਤੀ ਦੋਵਾਂ ਵਿੱਚ ਇੱਕ ਗੱਲ ਸਾਂਝੀ ਹੈ: ਯਹੋਵਾਹ ਦੋਹਾਂ ਨੂੰ ਜੀਵਨ ਦਿੰਦਾ ਹੈ। 
14 ਜੇ ਕੋਈ ਰਾਜਾ ਗਰੀਬਾਂ ਨਾਲ ਨਿਆਂ ਕਰਦਾ ਹੈ ਤਾਂ ਉਹ ਦੇਰ ਤੱਕ ਰਾਜ ਕਰੇਗਾ। 
15 ਬੈਤ ਅਤੇ ਝਿੜਕ ਸਿਆਣਪ ਪ੍ਰਦਾਨ ਕਰਦੇ ਹਨ, ਪਰ ਆਪ ਮੁਹਾਰਾ ਛੱਡਿਆ ਬੱਚਾ ਆਪਣੀ ਮਾਂ ਲਈ ਸ਼ਰਮਸਾਰੀ ਲਿਆਉਂਦਾ ਹੈ । 
16 ਜਦੋਂ ਦੁਸ਼ਟ ਲੋਕ ਉੱਨਤੀ ਕਰਦੇ ਹਨ, ਪਾਪ ਵੱਧ ਜਾਂਦਾ ਹੈ ਪਰ ਧਰਮੀ ਲੋਕ ਉਨ੍ਹਾਂ ਦਾ ਪਤਨ ਹੁੰਦਾ ਵੇਖਣਗੇ। 
17 ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ, ਅਤੇ ਉਹ ਤੁਹਾਡੇ ਲਈ ਸ਼ਾਂਤੀ ਲਿਆਵੇਗਾ ਉਹ ਤੁਹਾਡੇ ਲਈ ਪ੍ਰਸੰਨਤਾ ਦਾ ਸਰੋਤ ਹੋਵੇਗਾ। 
18 ਜਦੋਂ ਕੋਈ ਦਿਸਾ ਦਿਸਦੀ ਨਹੀਂ ਹੁੰਦੀ, ਲੋਕ ਜੰਗਲੀਆਂ ਵਾਂਗ ਭੱਜਦੇ ਹਨ, ਪਰ ਉਹ ਜਿਹੜੇ ਬਿਵਸਥਾ ਰੱਖਦੇ ਹਨ ਧੰਨ ਹੋਣਗੇ। 
19 ਜੇ ਤੁਸੀਂ ਉਸ ਨਾਲ ਸਿਰਫ਼ ਗੱਲਾਂ ਹੀ ਕਰੋਂਗੇ ਤਾਂ ਨੌਕਰ ਕਦੇ ਸਬਕ ਨਹੀਂ ਸਿਖੇਗਾ। ਉਹ ਤੁਹਾਡੇ ਸ਼ਬਦਾਂ ਨੂੰ ਸਮਝ ਸੱਕਦਾ ਹੈ ਪਰ ਉਹ ਮੰਨੇਗਾ ਨਹੀਂ। 
20 ਕੀ ਤੁਸੀਂ ਕਿਸੇ ਨੂੰ, ਜਾਣਦੇ ਹੋ ਕਿ ਜਿਹੜਾ ਬਿਨਾਂ ਸੋਚਿਆਂ ਬੋਲਦਾ ਹੈ? ਉਸ ਨਾਲੋਂ ਇੱਕ ਮੂਰਖ ਲਈ ਵੱਧੇਰੇ ਉਮੀਦ ਹੁੰਦੀ ਹੈ। 
21 ਜੇਕਰ ਤੁਸੀਂ ਬਚਪਨ ਤੋਂ ਹੀ ਆਪਣੇ ਨੌਕਰ ਨੂੰ ਬਹੁਤ ਲਾਡ-ਪਿਆਰ ਕਰਦੇ ਹੋ, ਤਾਂ ਅਖੀਰ ਵਿੱਚ ਉਹ ਜਿੱਦੀ ਬਣ ਜਾਵੇਗਾ। 
22 ਇੱਕ ਜਲਦੀ ਗੁੱਸੇ ਹੋਣ ਵਾਲਾ ਵਿਅਕਤੀ ਦਲੀਲਬਾਜ਼ੀ ਸ਼ੁਰੂ ਕਰਦਾ ਹੈ। ਅਤੇ ਉਹ ਬੰਦਾ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਕਈ ਪਾਪ ਕਰ ਲੈਂਦਾ ਹੈ। 
23 ਘਮੰਡ ਵਿਅਕਤੀ ਨੂੰ ਉਸ ਦੀ ਬੁਨਿਆਦ ਤੋਂ ਹੇਠਾਂ ਲੈ ਆਉਂਦਾ, ਪਰ ਇੱਕ ਨਿਮਾਣਾ ਵਿਅਕਤੀ ਇੱਜ਼ਤ ਹਾਸਲ ਕਰਦਾ ਹੈ। 
24 ਦੋ ਚਾਰ ਜਿਹੜੇ ਮਿਲਕੇ ਚੱਲਦੇ ਹਨ ਉਹ ਇੱਕ ਦੂਸਰੇ ਦੇ ਦੁਸ਼ਮਣ ਹੁੰਦੇ ਹਨ। ਇੱਕ ਚੋਰ ਦੂਜੇ ਚੋਰ ਨੂੰ ਧਮਕਾਏਗਾ, ਇਸ ਲਈ ਜੇ ਉਸ ਨੂੰ ਕਚਿਹਰੀ ਵਿੱਚ ਸੱਚ ਬੋਲਣ ਲਈ ਮਜ਼ਬੂਰ ਕੀਤਾ ਜਾਵੇਗਾ ਤਾਂ ਉਹ ਡਰ ਦਾ ਮਾਰਿਆ ਬੋਲ ਨਹੀਂ ਸੱਕੇਗਾ। 
25 ਡਰ ਇਨਸਾਨ ਲਈ ਇੱਕ ਫ਼ੰਧੇ ਵਾਂਗ ਬਣ ਸੱਕਦਾ ਹੈ। ਪਰ ਜਿਹੜਾ ਇਨਸਾਨ ਯਹੋਵਾਹ ਵਿੱਚ ਭਰੋਸਾ ਰੱਖਦਾ ਸੁਰੱਖਿਅਤ ਰਹੇਗਾ। 
26 ਬਹੁਤ ਸਾਰੇ ਲੋਕ ਸ਼ਾਸਕ ਤੋਂ ਨਿਆਂ ਲੋਚਦੇ ਹਨ। ਪਰ ਆਦਮੀ ਯਹੋਵਾਹ ਤੋਂ ਹੀ ਨਿਆਂ ਪ੍ਰਾਪਤ ਕਰ ਸੱਕਦਾ ਹੈ। 
27 ਧਰਮੀ ਲੋਕ ਝੂਠਿਆਂ ਨੂੰ ਨਫ਼ਰਤ ਕਰਦੇ ਹਨ, ਅਤੇ ਦੁਸ਼ਟ ਇਨਸਾਨ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਜਿਹੜੇ ਇਮਾਨਦਾਰ ਹੋਕੇ ਜਿਉਂਦੇ ਹਨ।