20
1 ਮੈਅ ਲੋਕਾਂ ਨੂੰ ਬੇਇੱਜ਼ਤ ਕਰ ਦਿੰਦਾ ਹੈ, ਬੀਅਰ ਉਨ੍ਹਾਂ ਨੂੰ ਮਗਰੂਰ ਬਣਾ ਦਿੰਦੀ ਹੈ, ਉਨ੍ਹਾਂ ਦੁਆਰਾ ਭਟਕਾਇਆ ਹੋਇਆ ਕੋਈ ਵੀ ਸਿਆਣਾ ਨਹੀਂ। 
2 ਰਾਜੇ ਦਾ ਗੁੱਸਾ ਬਬਰ ਸ਼ੇਰ ਵਰਗਾ ਹੈ। ਜੇ ਤੁਸੀਂ ਰਾਜੇ ਨੂੰ ਗੁੱਸੇ ਕਰ ਲਵੋਂਗੇ ਤਾਂ ਤੁਹਾਨੂੰ ਆਪਣੀ ਜਾਨ ਵੀ ਗੁਆਉਣੀ ਪੈ ਸੱਕਦੀ ਹੈ। 
3 ਇਹ ਆਦਮੀ ਦੇ ਮਾਨ ਦੀ ਗੱਲ ਹੈ ਕਿ ਜੇਕਰ ਉਹ ਝਗੜਿਆਂ ਤੋਂ ਦੂਰ ਰਹੇ, ਪਰ ਇੱਕ ਮੂਰਖ ਬੰਦਾ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ। 
4 ਬੀਜਣ ਦੇ ਸਮੇਂ ਦੌਰਾਨ ਸੁਸਤ ਆਦਮੀ ਆਪਣੇ ਖੇਤ ਨਹੀਂ ਵਾਹੁੰਦਾ। ਇਸ ਲਈ ਵਾਢੀ ਵੇਲੇ ਉਹ ਫਸਲਾਂ ਦੀ ਤਲਾਸ਼ ਕਰਦਾ ਹੈ ਪਰ ਉਸ ਨੂੰ ਕੁਝ ਵੀ ਨਹੀਂ ਮਿਲਦਾ। 
5 ਬੰਦੇ ਦੇ ਖਿਆਲ ਡੂੰਘੇ ਪਾਣੀਆਂ ਵਾਂਗ ਹੁੰਦੇ ਹਨ, ਪਰ ਸਮਝਦਾਰ ਆਦਮੀ ਉਨ੍ਹਾਂ ਨੂੰ ਬਾਹਰ ਖਿੱਚ ਲੈਂਦਾ ਹੈ। 
6 ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ “ਵਫ਼ਾਦਾਰ” ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ। 
7 ਇੱਕ ਧਰਮੀ ਬੰਦਾ ਚੰਗਾ ਜੀਵਨ ਜਿਉਂਦਾ ਹੈ, ਅਤੇ ਇਹ ਉਸ ਦੇ ਬੱਚਿਆਂ ਤੇ ਵੀ ਅਸੀਸ ਲਿਆਉਂਦਾ ਹੈ। 
8 ਜਦੋਂ ਕੋਈ ਰਾਜਾ ਲੋਕਾਂ ਦਾ ਨਿਆਂ ਕਰਨ ਲਈ ਬੈਠਦਾ ਹੈ ਤਾਂ ਉਹ ਬਦੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ। 
9 ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ ਉਸ ਨੇ ਸਦਾ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ? ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ, “ਉਸਦਾ ਕੋਈ ਪਾਪ ਨਹੀਂ?” ਨਹੀਂ! 
10 ਯਹੋਵਾਹ ਝੂਠੇ ਤੋਂਲਾਂ ਅਤੇ ਗ਼ਲਤ ਪੈਮਾਨਿਆਂ ਦੋਵਾਂ ਨੂੰ ਨਫ਼ਰਤ ਕਰਦਾ ਹੈ। 
11 ਇੱਕ ਬੱਚਾ ਵੀ ਆਪਣੀਆਂ ਹਰਕਤਾਂ ਤੋਂ ਇਹ ਦਰਸਾ ਦਿੰਦਾ ਹੈ ਕਿ ਉਹ ਚੰਗਾ ਹੈ ਜਾਂ ਮਾੜਾ ਹੈ। ਤੁਸੀਂ ਉਸ ਬੱਚੇ ਦੀ ਨਿਗਰਾਨੀ ਕਰ ਸੱਕਦੇ ਹੋ ਅਤੇ ਜਾਣ ਸੱਕਦੇ ਹੋ ਕਿ ਕੀ ਉਹ ਇਮਾਨਦਾਰ ਤੇ ਨੇਕ ਹੈ ਜਾਂ ਨਹੀਂ। 
12 ਯਹੋਵਾਹ ਨੇ ਸੁਣਨ ਲਈ ਸਾਡੀ ਖਾਤਰ ਦੋਵਾਂ ਕੰਨਾਂ ਨੂੰ, ਅਤੇ ਅੱਖਾਂ ਨੂੰ ਵੇਖਣ ਲਈ ਬਣਾਇਆ! 
13 ਨੀਂਦ ਨੂੰ ਪਿਆਰ ਨਾ ਕਰੋ, ਨਹੀਂ ਤਾਂ ਤੁਸੀਂ ਗਰੀਬ ਹੋ ਜਾਵੋਂਗੇ। ਪਰ ਕੰਮ ਵਿੱਚ ਆਪਣਾ ਸਮਾਂ ਬਿਤਾਓ ਅਤੇ ਤੁਹਾਡੇ ਪਾਸ ਖਾਣ ਲਈ ਬਹੁਤ ਹੋਵੇਗਾ। 
14 ਜਿਹੜਾ ਬੰਦਾ ਤੁਹਾਡੇ ਪਾਸੋਂ ਕੋਈ ਚੀਜ਼ ਖਰੀਦਦਾ ਹੈ, ਹਮੇਸ਼ਾ ਆਖਦਾ ਹੈ, “ਇਹ ਚੰਗੀ ਨਹੀਂ! ਇਹ ਮਹਿੰਗੀ ਬਹੁਤ ਹੈ!” ਫ਼ੇਰ ਉਹ ਬੰਦਾ ਚੱਲਾ ਜਾਂਦਾ ਹੈ ਅਤੇ ਹੋਰਾਂ ਲੋਕਾਂ ਨੂੰ ਦੱਸਦਾ ਹੈ ਕਿ ਉਸ ਨੇ ਚੰਗਾ ਸੌਦਾ ਕੀਤਾ ਹੈ। 
15 ਸੋਨਾ ਤੇ ਹੀਰੇ ਕਿਸੇ ਬੰਦੇ ਨੂੰ ਅਮੀਰ ਬਣਾ ਸੱਕਦੇ ਹਨ। ਪਰ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਉਹ ਉਨਾਂ ਨਾਲੋਂ ਵੀ ਕਿਤੇ ਵੱਧ ਮੁੱਲਵਾਨ ਹੈ। 
16 ਜੇਕਰ ਕੋਈ ਵਿਅਕਤੀ ਕਿਸੇ ਅਣਜਾਣ ਵਿਅਕਤੀ ਦੇ ਕਰਜ਼ ਦੀ ਜਿੰਮੇਵਾਰੀ ਲੈਂਦਾ, ਉਸਦੀ ਜਮੀਨ ਲੈ ਲਵੋ। ਯਕੀਨੀ ਤੋਰ ਤੇ ਕਿ ਤੁਸੀਂ ਉਸ ਵਿਅਕਤੀ ਪਾਸੋਂ ਕੁਝ ਗਿਰਵੀ ਰੱਖ ਲਵੋ ਜੋ ਕਿਸੇ ਅਨਜਾਣ ਔਰਤ ਦੀ ਜਿੰਮੇਵਾਰੀ ਲੈਂਦਾ ਹੈ। 
17 ਜੇ ਤੁਸੀਂ ਧੋਖੇ ਨਾਲ ਕੋਈ ਚੀਜ਼ ਹਾਸਿਲ ਕਰ ਲਵੋਂਗੇ, ਇਹ ਚੰਗੀ ਚੀਜ਼ ਵਾਂਗ ਤਾਂ ਜਾਪੇਗੀ। ਪਰ ਅਖੀਰ ਵਿੱਚ ਉਸਦਾ ਅੰਤ ਪੱਥਰ ਨਾਲ ਭਰੇ ਮੂੰਹ ਨਾਲ ਹੁੰਦਾ ਹੈ। 
18 ਯੋਜਨਾਵਾਂ ਬਨਾਉਣ ਤੋਂ ਪਹਿਲਾਂ ਚੰਗਾ ਮਸ਼ਵਰਾ ਹਾਸਿਲ ਕਰੋ। ਜੇ ਤੁਸੀਂ ਯੁੱਧ ਲਈ ਜਾ ਰਹੇ ਹੋ, ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਲਾਹ ਹੈ। 
19 ਜਿਹੜਾ ਬੰਦਾ ਹੋਰਾਂ ਦੀਆਂ ਚੁਗਲੀਆਂ ਕਰਦਾ ਹੈ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ। ਇਸ ਲਈ ਕਿਸੇ ਵੀ ਬੜਬੋਲੇ ਬੰਦੇ ਨੂੰ ਦੋਸਤ ਨਾ ਬਣਾਓ। 
20 ਜਿਹੜਾ ਵਿਅਕਤੀ ਆਪਣੇ ਹੀ ਮਾਪਿਆਂ ਨੂੰ ਗਾਲ੍ਹਾਂ ਕੱਢੇ, ਉਸਦਾ ਦੀਵਾ ਘੁੱਪ ਹਨੇਰੇ ਦੇ ਵਿੱਚਾਲੇ ਬੁਝਾ ਦਿੱਤਾ ਜਾਵੇਗਾ। 
21 ਆਸਾਨੀ ਨਾਲ ਪ੍ਰਾਪਤ ਕੀਤਾ ਵਿਰਸਾ ਅਖੀਰ ਵਿੱਚ ਅਸੀਸਾਂ ਨਹੀਂ ਲਿਆਵੇਗਾ। 
22 ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸ ਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ। 
23 ਯਾਹੋਵਾਹ ਝੂਠੇ ਤੋਂਲਾਂ ਨੂੰ ਨਫ਼ਰਤ ਕਰਦਾ ਹੈ ਨੁਕਸਾਂ ਵਾਲੇ ਪੈਮਾਨੇ ਚੰਗੇ ਨਹੀਂ। 
24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸੱਕਦਾ ਹੈ? 
25 ਤੁਸੀਂ ਆਪਣੇ-ਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਂ ਅਤੇ ਮਗਰੋਂ ਆਪਣਾ ਮਨ ਬਦਲ ਲਵੋਂ। 
26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ। 
27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ। 
28 ਨਮਕਹਲਾਲੀ ਅਤੇ ਸੱਚ ਇੱਕ ਰਾਜੇ ਦੀ ਰੱਖਿਆ ਕਰਦੇ ਹਨ, ਅਤੇ ਉਹ ਆਪਣੀ ਨਮਕਹਲਾਲੀ ਕਾਰਣ ਆਪਣਾ ਤਖਤ ਰੱਖੀ ਰੱਖਦਾ ਹੈ। 
29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸ ਦੇ ਧੌਲਿਆਂ ਦੇ ਕਾਰਣ ਹੁੰਦੀ ਹੈ। 
30 ਜੇ ਸਾਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਹਟ ਜਾਵਾਂਗੇ। ਦੁੱਖ ਬੰਦੇ ਨੂੰ ਤਬਦੀਲ ਕਰ ਸੱਕਦਾ ਹੈ।