ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ 
(ਮਰਕੁਸ 1:1-8; ਲੂਕਾ 3:1-9, 15-17; ਯੂਹੰਨਾ 1:19-28) 
3
1 ਉਨ੍ਹਾਂ ਦਿਨਾਂ ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। 
2 ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨ ਬਦਲੋ, ਕਿਉਂਕਿ ਸੁਰਗ ਦਾ ਰਾਜ ਜਲਦੀ ਹੀ ਆ ਰਿਹਾ ਹੈ।” 
3 ਯੂਹੰਨਾ ਬਪਤਿਸਮਾ ਦੇਣ ਵਾਲਾ ਉਹੀ ਹੈ ਜਿਸਦੇ ਬਾਰੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ। ਯਸਾਯਾਹ ਨੇ ਕਿਹਾ: 
“ਉਜਾੜ ਵਿੱਚ ਇੱਕ ਮਨੁੱਖ ਹੋਕਾ ਦੇ ਰਿਹਾ ਹੈ: 
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ; 
ਉਸ ਦੇ ਰਾਹਾਂ ਨੂੰ ਸਿਧਿਆਂ ਕਰੋ।’” ਯਸਾਯਾਹ 40:3 
4 ਯੂਹੰਨਾ ਦੇ ਕੱਪੜੇ ਊਂਠ ਦੇ ਵਾਲਾਂ ਤੋਂ ਬਣੇ ਸਨ ਅਤੇ ਚੰਮ ਦੀ ਪੇਟੀ ਉਸ ਦੇ ਲੱਕ ਦੇ ਦੁਆਲੇ ਸੀ। ਅਤੇ ਉਸਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਤ ਸੀ। 
5 ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਯਰਦਨ ਨਦੀ ਦੇ ਆਸੇ-ਪਾਸੇ ਦੀਆਂ ਥਾਵਾਂ ਦੇ ਸਭ ਲੋਕ ਉਸਦਾ ਪ੍ਰਚਾਰ ਸੁਣਨ ਲਈ ਆਏ। 
6 ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ। 
7 ਪਰ ਜਦੋਂ ਉਸ ਨੇ ਵੇਖਿਆ ਕਿ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਉਸ ਕੋਲੋਂ ਬਪਤਿਸਮਾ ਲੈਣ ਆਏ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸਾਰੇ ਸੱਪ ਹੋ! ਤੁਹਾਨੂੰ ਪਰਮੇਸ਼ੁਰ ਦੇ ਆਉਣ ਵਾਲੇ ਕਰੋਪ ਤੋਂ ਭੱਜਣਾ ਕਿਸਨੇ ਦੱਸਿਆ ਹੈ? 
8 ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਇਹ ਦਰਸ਼ਾ ਸੱਕੋਂ ਕਿ ਤੁਸੀਂ ਆਪਣੇ ਜੀਵਨ ਅਤੇ ਮਨ ਬਦਲ ਲਏ ਹਨ। 
9 ਆਪਣੇ ਮਨ ਵਿੱਚ ਇਸ ਗੱਲ ਤੇ ਮਾਣ ਕਰਨ ਦੀ ਨਾ ਸੋਚੋ, ‘ਅਸੀਂ ਅਬਰਾਹਾਮ ਦੇ ਬੱਚੇ ਹਾਂ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਲਈ ਇਨ੍ਹਾਂ ਪੱਥਰਾਂ ਵਿੱਚੋਂ ਬੱਚੇ ਪੈਦਾ ਕਰ ਸੱਕਦਾ ਹੈ। 
10 ਰੁੱਖਾਂ ਨੂੰ ਡੇਗਣ ਲਈ ਕੁਹਾੜਾ ਤਿਆਰ ਹੈ, ਹਰ ਉਹ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ। 
11 “ਮੈਂ ਤਾਂ ਤੁਹਾਨੂੰ ਤੁਹਾਡੇ ਮਨ ਅਤੇ ਜੀਵਨ ਬਦਲਣ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਮਹਾਨ ਹੈ ਅਤੇ ਮੈਂ ਤਾਂ ਉਸਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 
12 ਉਸਦੀ ਤੰਗਲੀ ਉਸ ਦੇ ਹੱਥ ਵਿੱਚ ਹੈ। ਉਹ ਕਣਕ ਨੂੰ ਤੂੜੀ ਤੋਂ ਅਲੱਗ ਕਰੇਗਾ। ਉਹ ਕਣਕ ਨੂੰ ਕੋਠੇ ਵਿੱਚ ਜਮਾ ਕਰੇਗਾ। ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਬੁਝਾਈ ਨਹੀਂ ਜਾ ਸੱਕਦੀ।” 
ਯਿਸੂ ਨੂੰ ਯੂਹੰਨਾ ਨੇ ਬਪਤਿਸਮਾ ਦਿੱਤਾ 
(ਮਰਕੁਸ 1:9-11; ਲੂਕਾ 3:21-22) 
13 ਫੇਰ ਯਿਸੂ ਯੂਹੰਨਾ ਤੋਂ ਯਰਦਨ ਨਦੀ ਵਿੱਚ ਬਪਤਿਸਮਾ ਲੈਣ ਲਈ ਗਲੀਲ ਤੋਂ ਆਇਆ। 
14 ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ। ਅਤੇ ਤੂੰ ਮੇਰੇ ਕੋਲ ਕਿਉਂ ਆਇਆ ਹੈਂ?” 
15 ਯਿਸੂ ਨੇ ਉਸ ਨੂੰ ਜਵਾਬ ਦਿੱਤਾ, “ਹੁਣ ਤੂੰ ਇਸ ਨੂੰ ਇੰਝ ਹੀ ਹੋਣ ਦੇ। ਜਿਹੜੀਆਂ ਗੱਲਾਂ ਪਰਮੇਸ਼ੁਰ ਕਰਾਉਦਾ ਹੈ ਸਾਨੂੰ ਉਵੇਂ ਹੀ ਕਰਨੀਆਂ ਚਾਹੀਦੀਆਂ ਹਨ।” ਇਉਂ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਣ ਲਈ ਮੰਨ ਗਿਆ। 
16 ਜਿਵੇਂ ਹੀ ਯਿਸੂ ਨੇ ਬਪਤਿਸਮਾ ਲਿਆ ਤਾਂ ਉਹ ਪਾਣੀ ਤੋਂ ਬਾਹਰ ਆ ਗਿਆ। ਉਸ ਲਈ ਅਕਾਸ਼ ਖੁਲ੍ਹ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਆਤਮਾ ਨੂੰ ਘੁੱਗੀ ਵਾਂਗ ਆਪਣੇ ਉੱਪਰ ਉੱਤਰਦਿਆਂ ਵੇਖਿਆ। 
17 ਸਵਰਗ ਤੋਂ ਇੱਕ ਬਾਣੀ ਆਈ, ਤੇ ਇਹ ਆਖਿਆ, “ਇਹ ਮੇਰਾ ਪਿਆਰਾ ਪੁੱਤਰ ਹੈ। ਜਿਸਤੋਂ ਮੈਂ ਬਹੁਤ ਪ੍ਰਸੰਨ ਹਾਂ।”