ਪਰਮੇਸ਼ੁਰ ਦੇ ਨੇਮ ਅਤੇ ਲੋਕਾਂ ਦੀਆਂ ਰੀਤਾਂ 
(ਮਰਕੁਸ 7:1-23) 
15
1 ਤੱਦ ਕੁਝ ਫ਼ਰੀਸੀ ਤੇ ਨੇਮ ਦੇ ਉਪਦੇਸ਼ਕ ਯਿਸੂ ਕੋਲ ਆਏ। ਉਹ ਯਰੂਸ਼ਲਮ ਤੋਂ ਉਸ ਕੋਲ ਆਏ ਤੇ ਕਿਹਾ। 
2 “ਤੇਰੇ ਚੇਲੇ ਸਾਡੇ ਵਡੇਰਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਤੇਰੇ ਚੇਲੇ ਭੋਜਨ ਖਾਣ ਤੋਂ ਪਹਿਲਾਂ ਹੱਥ ਕਿਉਂ ਨਹੀਂ ਧੋਂਦੇ?” 
3 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਨਾ ਕਿਉਂ ਕਰਦੇ ਹੋ? 
4 ਪਰਮੇਸ਼ੁਰ ਨੇ ਫ਼ੁਰਮਾਇਆ ਹੈ ਕਿ, ‘ਤੁਸੀਂ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ, ਅਤੇ ਪਰਮੇਸ਼ੁਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਜਿਹੜਾ ਵੀ ਮਨੁੱਖ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋ ਮਾਰਿਆ ਜਾਵੇ।’ 
5 ਪਰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਜਿਹੜਾ ਵਿਅਕਤੀ ਆਪਣੇ ਪਿਤਾ ਜਾਂ ਮਾਤਾ ਨੂੰ ਆਖ ਸੱਕਦਾ ਹੈ, ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਡੀ ਸਹਾਇਤਾ ਲਈ ਇਸਤੇਮਾਲ ਕਰ ਸੱਕਦਾ ਹਾਂ ਪਰ ਇਹ ਮੈਂ ਤੁਹਾਡੀ ਸਹਾਇਤਾ ਕਰਨ ਲਈ ਇਸਤੇਮਾਲ ਨਹੀਂ ਕਰਾਂਗਾ। ਮੈਂ ਇਹ ਪਰਮੇਸ਼ੁਰ ਨੂੰ ਦੇਵਾਂਗਾ। 
6 ਤੁਸੀਂ ਉਸ ਬੰਦੇ ਨੂੰ ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੀ ਪਰੰਪਰਾ ਕਾਰਣ ਪਰਮੇਸ਼ੁਰ ਦੇ ਹੁਕਮਾਂ ਨੂੰ ਵਿਅਰਥ ਕਰ ਦਿੱਤਾ ਹੈ। 
7 ਹੇ ਕਪਟੀਓ; ਯਸਾਯਾਹ ਨੇ ਤੁਹਾਡੇ ਬਾਰੇ ਠੀਕ ਅਗੰਮ ਵਾਕ ਕੀਤਾ ਹੈ ਕਿ: 
8 ‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, 
ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। 
9 ਉਹ ਕਿਸੇ ਚੀਜ਼ ਵਾਸਤੇ ਮੇਰੀ ਉਪਾਸਨਾ ਨਹੀਂ 
ਕਰਦੇ ਕਿਉਂਕਿ ਉਹ ਮਨੁੱਖ ਦੀਆਂ ਬਣਾਈਆਂ ਰੀਤਾਂ ਦਾ ਉਪਦੇਸ਼ ਦਿੰਦੇ ਹਨ।’” ਯਸਾਯਾਹ 29:13 
10 ਉਸ ਨੇ ਲੋਕਾਂ ਨੂੰ ਕੋਲ ਸੱਦਕੇ ਉਨ੍ਹਾਂ ਨੂੰ ਆਖਿਆ, “ਸੁਣੋ ਅਤੇ ਸਮਝੋ! 
11 ਜੋ ਕੁਝ ਵੀ ਮਨੁੱਖ ਦੇ ਮੂੰਹ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁਧ ਨਹੀਂ ਬਣਾਉਂਦਾ, ਸਗੋਂ ਜੋ ਕੁਝ ਵੀ ਉਸ ਵਿਅਕਤੀ ਦੇ ਮੂਹੋਂ ਨਿਕਲਦਾ ਹੈ ਉਹ ਉਸ ਨੂੰ ਅਸ਼ੁਧ ਬਣਾਉਂਦਾ ਹੈ।” 
12 ਤੱਦ ਚੇਲੇ ਯਿਸੂ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਨੂੰ ਪਤਾ ਹੈ ਕਿ ਜੋ ਕੁਝ ਤੁਸੀਂ ਆਖਿਆ ਸੀ, ਫ਼ਰੀਸੀ ਉਸ ਨੂੰ ਸੁਣਕੇ ਨਰਾਜ਼ ਹੋ ਗਏ ਸਨ।” 
13 ਯਿਸੂ ਨੇ ਕਿਹਾ, “ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁਟਿਆ ਜਾਵੇਗਾ। 
14 ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।” 
15 ਪਤਰਸ ਨੇ ਪੁੱਛਿਆ, “ਜੋ ਕੁਝ ਤੁਸੀਂ ਲੋਕਾਂ ਨੂੰ ਕਿਹਾ ਸਾਨੂੰ ਉਸਦਾ ਅਰਥ ਦੱਸੋ।” 
16 ਉਸ ਨੇ ਕਿਹਾ, “ਦੂਜੇ ਲੋਕਾਂ ਦੀ ਤਰ੍ਹਾਂ ਕੀ ਹਾਲੇ ਵੀ ਤੁਹਾਨੂੰ ਸਮਝਣਾ ਮੁਸ਼ਕਿਲ ਹੈ। 
17 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜੋ ਕੁਝ ਮੂੰਹ ਵਿੱਚ ਪੈਂਦਾ ਹੈ ਉਹ ਢਿੱਡ ਵਿੱਚ ਜਾਂਦਾ ਹੈ, ਅਤੇ ਫ਼ੇਰ ਬਾਹਰ ਆਉਂਦਾ ਹੈ ਅਤੇ ਪੱਖਾਨੇ ਵਿੱਚ ਜਾਂਦਾ ਹੈ? 
18 ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਉਹ ਦਿਲੋਂ ਆਉਂਦੀਆਂ ਹਨ, ਅਤੇ ਇਹੋ ਗੱਲਾਂ ਮਨੁੱਖ ਨੂੰ ਅਸ਼ੁਧ ਬਣਾ ਦਿੰਦੀਆਂ ਹਨ। 
19 ਕਿਉਂਕਿ ਸਾਰੀਆਂ ਬੁਰੀਆਂ ਗੱਲਾਂ, ਜਿਵੇਂ, ਦੁਸ਼ਟ ਵਿੱਚਾਰ, ਕਤਲ, ਬਦਕਾਰੀ, ਜਿਨਸੀ ਗੁਨਾਹ, ਚੋਰੀ ਕਰਨਾ, ਝੂਠ ਬੋਲਣਾ ਅਤੇ ਭੰਡੀ ਕਰਨੀ, ਵਿਅਕਤੀ ਦੇ ਦਿਲੋਂ ਹੀ ਆਉਂਦੀਆਂ ਹਨ। 
20 ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁਧ ਬਣਾਉਂਦੀਆਂ ਹਨ, ਪਰ ਬਿਨਾ ਹੱਥ ਧੋਇਆਂ ਰੋਟੀ ਖਾਣੀ, ਮਨੁੱਖ ਨੂੰ ਅਸ਼ੁਧ ਨਹੀਂ ਬਣਾਉਂਦੀ।” 
ਯਿਸੂ ਦਾ ਇੱਕ ਗ਼ੈਰ-ਯਹੂਦੀ ਔਰਤ ਨੂੰ ਬਚਾਉਣਾ 
(ਮਰਕੁਸ 7:24-30) 
21 ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ। 
22 ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ ਅਵਾਜ਼ ਵਿੱਚ ਬੋਲੀ, “ਹੇ ਪ੍ਰਭੂ, ਦਾਊਦ ਦੇ ਪੁੱਤਰ! ਮੇਰੇ ਉੱਤੇ ਦਯਾ ਕਰੋ ਮੇਰੀ ਧੀ ਦਾ ਭੂਤ ਦੇ ਸਾਏ ਨਾਲ ਬੁਰਾ ਹਾਲ ਹੈ।” 
23 ਪਰ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਇੱਕ ਸ਼ਬਦ ਨਾ ਆਖਿਆ। ਉਸ ਦੇ ਚੇਲੇ ਉਸ ਕੋਲ ਆਏ ਅਤੇ ਉਸ ਨੂੰ ਬੇਨਤੀ ਕੀਤੀ, “ਐਰਤ ਨੂੰ ਕਹੋ ਕਿ ਉਹ ਚਲੀ ਜਾਵੇ। ਉਹ ਸਾਡਾ ਪਿੱਛਾ ਕਰਦੀ ਹੋਈ ਰੌਲਾ ਪਾ ਰਹੀ ਹੈ।” 
24 ਤੱਦ ਯਿਸੂ ਨੇ ਆਖਿਆ, “ਮੈਨੂੰ ਸਿਰਫ਼ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਲਈ ਘੱਲਿਆ ਗਿਆ ਹੈ।” 
25 ਪਰ ਉਹ ਯਿਸੂ ਕੋਲ ਆਈ ਅਤੇ ਉਸ ਦੇ ਅੱਗੇ ਮੱਥਾ ਟੇਕ ਕੇ ਬੋਲੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।” 
26 ਤਾਂ ਯਿਸੂ ਨੇ ਉੱਤਰ ਦਿੱਤਾ, “ਬਾਲਕਾਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ।” 
27 ਉਸ ਨੇ ਆਖਿਆ, “ਹਾਂ ਪ੍ਰਭੂ ਜੀ, ਪਰ ਕੁੱਤੇ ਵੀ ਆਪਣੇ ਮਾਲਕ ਦੀ ਮੇਜ਼ ਤੋਂ ਡਿੱਗੇ ਰੋਟੀ ਦੇ ਟੁਕੜੇ ਖਾਂਦੇ ਹਨ।” 
28 ਤੱਦ ਯਿਸੂ ਨੇ ਉੱਤਰ ਦਿੱਤਾ, “ਹੇ ਬੀਬੀ ਤੇਰੀ ਵਿਸ਼ਵਾਸ ਵੱਡੀ ਹੈ। ਜਿਵੇਂ ਤੂੰ ਚਾਹੇਂ ਉਵੇਂ ਹੀ ਹੋਵੇ।” ਇਉਂ ਉਸਦੀ ਧੀ ਉਸੇ ਵੇਲੇ ਹੀ ਚੰਗੀ ਹੋ ਗਈ। 
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਠੀਕ ਕਰਨਾ 
29 ਯਿਸੂ ਉੱਥੋਂ ਤੁਰਕੇ ਗਲੀਲੀ ਝੀਲ ਦੇ ਨੇੜੇ ਆਇਆ, ਅਤੇ ਪਹਾੜ ਉੱਤੇ ਚੜ੍ਹ੍ਹਕੇ ਉੱਥੇ ਬਹਿ ਗਿਆ। 
30 ਬਹੁਤ ਸਾਰੇ ਲੋਕ ਉਸ ਕੋਲ ਆਏ। ਉਹ ਆਪਣੇ ਨਾਲ ਲੰਗੜੀਆਂ, ਅੰਨ੍ਹਿਆਂ, ਟੁੰਡਿਆਂ, ਗੂੰਗਿਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਲੈ ਕੇ ਆਏ। ਅਤੇ ਉਨ੍ਹਾਂ ਨੂੰ ਯਿਸੂ ਦੇ ਚਰਨੀਂ ਲਾਇਆ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 
31 ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲ ਰਹੇ ਹਨ, ਟੁੰਡੇ ਚੰਗੇ ਹੁੰਦੇ ਹਨ, ਲੰਗੜ੍ਹੇ ਤੁਰਦੇ ਹਨ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। 
ਯਿਸੂ ਦਾ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਕਰਾਉਣਾ 
(ਮਰਕੁਸ 8:1-10) 
32 ਤੱਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ, ਅਤੇ ਇਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਕਿ ਇਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ, ਕਿਤੇ ਉਹ ਰਸਤੇ ਵਿੱਚ ਹੀ ਭੁੱਖ ਦੇ ਮਾਰੇ ਬੇਹੋਸ਼ ਨਾ ਹੋ ਜਾਣ।” 
33 ਚੇਲਿਆਂ ਨੇ ਯਿਸੂ ਨੂੰ ਜਵਾਬ ਦਿੱਤਾ, “ਅਸੀਂ ਇਨ੍ਹਾਂ ਸਾਰੇ ਲੋਕਾਂ ਦੇ ਖਾਣ ਲਈ ਕਾਫ਼ੀ ਭੋਜਨ ਇਸ ਬੀਆਬਾਨ ਜਗ੍ਹਾ ਵਿੱਚ ਕਿੱਥੋਂ ਪ੍ਰਾਪਤ ਕਰ ਸੱਕਦੇ ਹਾਂ?” 
34 ਤੱਦ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” 
ਉਹ ਬੋਲੇ, “ਸੱਤ ਰੋਟੀਆਂ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।” 
35 ਤੱਦ ਯਿਸੂ ਨੇ ਭੀੜ ਨੂੰ ਹੇਠਾਂ ਜ਼ਮੀਨ ਤੇ ਬੈਠਣ ਨੂੰ ਕਿਹਾ। 
36 ਤੱਦ ਉਸ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ੁਰ ਦਾ ਸ਼ੁਕਰ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਵਿੱਚ ਵੰਡਿਆਂ। 
37 ਸਭ ਲੋਕਾਂ ਨੇ ਰੱਜਕੇ ਖਾਧਾ, ਅਤੇ ਉਸ ਦੇ ਚੇਲਿਆਂ ਨੇ ਬਚੇ ਹੋਏ ਭੋਜਨ ਨਾਲ ਸੱਤ ਟੋਕਰੀਆਂ ਭਰੀਆਂ। 
38 ਔਰਤਾਂ ਅਤੇ ਬੱਚਿਆਂ ਦੇ ਖਾਣ ਤੋਂ ਛੁੱਟ ਉੱਥੇ ਘੱਟ ਤੋਂ ਘੱਟ ਚਾਰ ਹਜ਼ਾਰ ਆਦਮੀ ਸਨ। 
39 ਫ਼ਿਰ ਲੋਕਾਂ ਨੂੰ ਵਿਦਾ ਕਰਕੇ ਉਹ ਬੇੜੀ ਉੱਤੇ ਚੜ੍ਹ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।