ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ 
(ਲੂਕਾ 7:18-35) 
11
1 ਆਪਣੇ ਬਾਰ੍ਹਾਂ ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ, ਯਿਸੂ ਨੇ ਉਹ ਥਾਂ ਛੱਡ ਦਿੱਤੀ ਅਤੇ ਗਲੀਲੀ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚੱਲਿਆ ਗਿਆ। 
2 ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਕੇ ਆਪਣੇ ਕੁਝ ਚੇਲਿਆਂ ਨੂੰ ਉਸ ਵੱਲ ਭੇਜਿਆ। 
3 ਯੂਹੰਨਾ ਦੇ ਚੇਲਿਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਉਹੀ ਵਿਅਕਤੀ ਹੈਂ ਜਿਸ ਬਾਰੇ ਯੂਹੰਨਾ ਨੇ ਕਿਹਾ ਸੀ ਕਿ ਆਉਣ ਵਾਲਾ ਹੈ, ਜਾਂ ਫ਼ਿਰ ਸਾਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?” 
4 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾਕੇ ਯੂਹੰਨਾ ਨੂੰ ਆਖ ਦੇਣਾ, 
5 ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਗੜ੍ਹੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 
6 ਜਿਹੜਾ ਵਿਅਕਤੀ ਮੈਨੂੰ ਕਬੂਲਦਾ ਹੈ ਉਹ ਧੰਨ ਹੈ।” 
7 ਯਿਸੂ ਨੇ ਯੂਹੰਨਾ ਬਾਰੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, “ਤੁਸੀਂ ਬਾਹਰ ਉਜਾੜ ਵਿੱਚ ਕੀ ਵੇਖਣ ਨਿਕਲੇ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? ਨਹੀਂ! 
8 ਸੱਚਮੁੱਚ ਤੁਸੀਂ ਕੀ ਵੇਖਣ ਲਈ ਬਾਹਰ ਨਿਕਲੇ ਸੀ? ਕੀ ਮਹੀਨ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖਣ? ਨਹੀਂ! ਉਹ ਜਿਹੜੇ ਮਹੀਨ ਵਸਤਰ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਹਨ। 
9 ਫ਼ੇਰ ਤੁਸੀਂ ਬਾਹਰ ਕੀ ਵੇਖਣ ਲਈ ਨਿਕਲੇ ਸੀ? ਇੱਕ ਨਬੀ ਨੂੰ? ਹਾਂ ਮੈਂ ਤੁਹਾਨੂੰ ਦੱਸਦਾ ਹਾਂ, ਯੂਹੰਨਾ ਨਬੀ ਨਾਲੋਂ ਵੀ ਵੱਧੇਰੇ ਹੈ। 
10 ਇਹ ਓਹੋ ਹੈ ਜਿਸਦੇ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ: 
‘ਸੁਣੋ! ਮੈਂ ਤੁਹਾਡੇ ਅੱਗੇ ਆਪਣਾ ਦੂਤ ਘੱਲ ਰਿਹਾ ਹਾਂ ਜਿਹੜਾ ਕਿ 
ਤੁਹਾਡੇ ਲਈ ਤੁਹਾਡਾ ਰਾਹ ਤਿਆਰ ਕਰੇਗਾ।’ ਮਲਾਕੀ 3:1 
11 “ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਸਾਰੇ ਆਦਮੀਆਂ ਵਿੱਚੋਂ, ਜਿਹੜੇ ਔਰਤਾਂ ਤੋਂ ਜੰਮੇ ਹਨ, ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ। ਪਰ ਹਾਲੇ ਵੀ, ਜੋ ਸਵਰਗ ਦੇ ਰਾਜ ਵਿੱਚ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ। 
12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੀਕ ਸਵਰਗ ਦੇ ਰਾਜ ਉੱਤੇ ਜੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦਾ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 
13 ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਦੇ ਆਉਣ ਤੀਕ ਬੋਲੇ। 
14 ਜੇਕਰ ਤੁਸੀਂ ਉਹ ਗੱਲਾਂ ਜੋ ਸ਼ਰ੍ਹਾ ਅਤੇ ਨਬੀਆਂ ਨੇ ਆਖੀਆਂ ਹਨ, ਮੰਨੋ ਤਾਂ ਤੁਸੀਂ ਵਿਸ਼ਵਾਸ ਕਰੋਂਗੇ ਕਿ ਯੂਹੰਨਾ ਉਹੀ ਏਲੀਯਾਹ ਹੈ ਜੋ ਆਉਣ ਵਾਲਾ ਸੀ। 
15 ਜੇਕਰ ਤੁਸੀਂ ਮੈਨੂੰ ਸੁਣ ਸੱਕਦੇ ਹੋ, ਤਾਂ ਸੁਣੋ। 
16 “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਅੱਜ ਦੇ ਲੋਕ ਉਨ੍ਹਾਂ ਬੱਚਿਆਂ ਵਰਗੇ ਹਨ ਜੋ ਕਿ ਬੱਚਿਆਂ ਦਾ ਇੱਕ ਧੜਾ ਬਣਾਕੇ ਬਾਜ਼ਾਰ ਵਿੱਚ ਬੈਠੇ ਦੂਜੇ ਬਾਲਕਾਂ ਦੇ ਧੜੇ ਨੂੰ ਆਵਾਜ਼ ਮਾਰਕੇ ਆਖਦੇ ਹਨ, 
17 ‘ਅਸੀਂ ਤੁਹਾਡੇ ਲਈ ਬੰਸਰੀ 
ਵਜਾਈ ਪਰ ਤੁਸੀਂ ਨਾ ਨੱਚੇ। 
ਅਸੀਂ ਉਦਾਸ ਗੀਤ ਗਾਇਆ 
ਪਰ ਤੁਸੀਂ ਨਾ ਪਿੱਟਿਆ।’ 
18 ਮੈਂ ਕਿਉਂ ਕਹਿੰਦਾ ਹਾਂ ਕਿ ਲੋਕ ਇਹੋ ਜਿਹੇ ਹਨ? ਕਿਉਂਕਿ ਯੂਹੰਨਾ ਆਇਆ ਪਰ ਉਸ ਨੇ ਦੂਜੇ ਲੋਕਾਂ ਵਾਂਗ ਨਾ ਖਾਧਾ ਨਾ ਪੀਤਾ, ‘ਅਤੇ ਲੋਕਾਂ ਨੇ ਆਖਿਆ ਕਿ ਉਸ ਦੇ ਅੰਦਰ ਭੂਤ ਹੈ।’ 
19 ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਲੋਕ ਆਖਦੇ ਹਨ ਕਿ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਹੈ! ਪਰ ਗਿਆਨ ਖੁਦ ਦੀਆਂ ਕਰਨੀਆਂ ਤੋਂ ਧਰਮੀ ਦਿਖਾਇਆ ਜਾਂਦਾ ਹੈ।” 
ਯਿਸੂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਜੋ ਵਿਸ਼ਵਾਸ ਨਹੀਂ ਕਰਦੇ 
(ਲੂਕਾ 10:13-15) 
20 ਯਿਸੂ ਨੇ ਉਨ੍ਹਾਂ ਸ਼ਹਿਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਵਿੱਚ ਉਸ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ। ਉੱਥੋਂ ਦੇ ਸ਼ਹਿਰਾਂ ਦੇ ਲੋਕਾਂ ਨੇ ਆਪਣੇ ਜੀਵਨ ਢੰਗ ਨਹੀਂ ਬਦਲੇ ਅਤੇ ਨਾਹੀ ਪਾਪ ਕਰਨੇ ਬੰਦ ਕੀਤੇ। 
21 ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ। 
22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਪੁੱਛਣ ਜੋਗ ਹੋਵੇਗਾ। 
23 “ਹੇ ਕਫ਼ਰਨਾਹੂਮ! ਕੀ ਤੂੰ ਸਵਰਗ ਤੀਕ ਉੱਚਾ ਚੁੱਕਿਆ ਜਾਵੇਂਗਾ? ਨਹੀਂ! ਤੈਨੂੰ ਥੱਲੇ ਮੌਤ ਦੀ ਥਾਵੇਂ ਸੁੱਟਿਆ ਜਾਵੇਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇਕਰ ਉਹੀ ਕਰਾਮਾਤਾਂ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤੀਕ ਬਣਿਆ ਰਹਿੰਦਾ। 
24 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡਾ ਹਾਲ ਸਦੂਮ ਦੇਸ਼ ਨਾਲੋਂ ਮਾੜਾ ਹੋਵੇਗਾ।” 
ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ 
(ਲੂਕਾ 10:21-22) 
25 ਤੱਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ। 
26 ਹਾਂ, ਪਿਤਾ! ਤੂੰ ਅਜਿਹਾ ਕੀਤਾ, ਕਿਉਂਕਿ ਸੱਚਮੁੱਚ ਤੂੰ ਇਹੀ ਕਰਨਾ ਚਾਹੁੰਦਾ ਸੀ। 
27 “ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ। ਪਿਤਾ ਤੋਂ ਬਿਨਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਬਿਨਾ ਪਿਤਾ ਨੂੰ ਕੋਈ ਜਾਣਦਾ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਗਟ ਕਰਨ ਲਈ ਚੁਣੇਗਾ, ਸਿਰਫ਼ ਉਹੀ ਲੋਕ ਪਿਤਾ ਨੂੰ ਜਾਨਣਗੇ। 
28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। 
29 ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ। 
30 ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ।”