ਲੋਕਾਂ ਦੀ ਬਦੀ ਕਾਰਣ ਮੀਕਾਹ ਦੀ ਬੇਚੈਨੀ 
7
1 ਮੈਂ ਪੀੜਿਤ ਹਾਂ, ਕਿਉਂ ਕਿ ਮੈਂ ਉਸ ਵਿਅਕਤੀ ਵਰਗਾ ਹਾਂ 
ਜਿਸ ਨੂੰ ਖਾਣ ਲਈ ਕੁਝ ਨਹੀਂ ਮਿਲ ਸੱਕਦਾ ਕਿਉਂ ਕਿ ਫ਼ਲ ਪਹਿਲਾਂ ਹੀ ਵੱਢਿਆ ਜਾ ਚੁੱਕਿਆ 
ਅਤੇ ਬੱਚਿਆਂ ਹੋਇਆ ਚੁੱਕ ਲਿਆ ਗਿਆ ਹੈ। 
ਪਹਿਲੇ ਅੰਜੀਰਾਂ ਵਿੱਚੋਂ ਕੋਈ ਨਹੀਂ ਬੱਚਿਆਂ, ਜਿਨ੍ਹਾਂ ਨੂੰ ਪਿਆਰ ਕਰਦਾ ਸਾਂ। 
2 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਈਮਾਨਦਾਰ ਮਨੁੱਖ ਸਾਰੇ ਖਤਮ ਹੋ ਗਏ ਹਨ 
ਅਤੇ ਇਸ ਦੇਸ ਵਿੱਚ ਕੋਈ ਨੇਕ ਮਨੁੱਖ ਨਹੀਂ ਬਚਿਆ। 
ਹਰ ਮਨੁੱਖ ਦੂਜੇ ਦੀ ਹਤਿਆ ਕਰਨ ਬਾਰੇ ਸੋਚਦਾ ਹੈ 
ਹਰ ਭਾਈ ਆਪਣੇ ਭਾਈ ਨੂੰ ਜਾਲ ’ਚ ਫ਼ਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 
3 ਲੋਕ ਦੋਨਾਂ ਹੱਥਾਂ ਨਾਲ ਬੁਰਿਆਈਆਂ ਕਰਨ ’ਚ ਲੱਗੇ ਹੋਏ ਹਨ। 
ਸਰਦਾਰ ਵੱਢੀ ਮੰਗਦੇ ਹਨ, 
ਨਿਆਂਕਾਰ ਅਦਾਲਤ ਵਿੱਚ ਆਪਣਾ ਫੈਸਲਾ ਬਦਲਣ ਲਈ ਧਨ ਖਾਂਦੇ ਹਨ। 
“ਪ੍ਰਮੁੱਖ ਆਗੂ” ਦਿਆਨਤਕਦਾਰ ਫ਼ੈਸਲੇ ਨਹੀਂ ਦਿੰਦੇ ਸਗੋਂ ਆਪਣੀ ਮਨਮਰਜ਼ੀ ਕਰਦੇ ਹਨ। 
4 ਉਨ੍ਹਾਂ ਵਿੱਚੋਂ ਵੱਧੀਆ ਮਨੁੱਖ ਵੀ ਬੋਹਰ ਵਰਗੇ ਹਨ। 
ਸਗੋਂ ਜਿੰਨੇ ਵੱਧੀਆ ਓਨੇ ਖੋਟੇ ਹਨ, ਉਹ ਜੰਗਲੀ ਕੰਡਿਆਂ ਤੋਂ ਵੀ ਨਖਿੱਧ ਹਨ। 
ਸਜ਼ਾ ਦਾ ਦਿਨ ਆ ਰਿਹਾ ਹੈ 
ਤੇਰੇ ਨਬੀਆਂ ਦਾ ਕਹਿਣਾ ਹੈ ਕਿ ਉਹ ਦਿਨ ਆਵੇਗਾ। 
ਤੇਰੇ ਰਾਖਿਆਂ ਦਾ ਦਿਨ, 
ਤੇਰੇ ਦਰਬਾਨਾਂ ਦਾ ਦਿਨ ਆ ਗਿਆ ਹੈ। 
ਹੁਣ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਤੁਸੀਂ ਘਬਰਾ ਜਾਵੋਂਗੇ। 
5 ਗੁਆਂਢੀ ਉੱਤੇ ਭਰੋਸਾ ਨਾ ਕਰੋ ਤੇ ਨਾ ਹੀ ਮਿੱਤਰ ਤੇ । 
ਇੱਥੋਂ ਤੀਕ ਕਿ ਆਪਣੀ ਪਤਨੀ ਨਾਲ ਵੀ ਖੁਲ੍ਹਕੇ ਗੱਲ ਨਾ ਕਰੋ। 
6 ਮਨੁੱਖ ਦਾ ਵੈਰੀ ਉਸ ਦੇ ਆਪਣੇ ਹੀ 
ਘਰ ’ਚ ਲੁਕਿਆ ਬੈਠਾ ਹੈ। 
ਪੁੱਤਰ ਪਿਤਾ ਦਾ ਦੁਸ਼ਮਨ, 
ਮਾਂ ਧੀ ਦੇ ਖਿਲਾਫ਼ ਅਤੇ ਨੂੰਹ ਸੱਸ ਦੇ ਖਿਲਾਫ਼ ਉੱਠੇਗੀ । 
ਯਹੋਵਾਹ ਹੀ ਮੁਕਤੀਦਾਤਾ ਹੈ 
7 ਸੋ ਮੈਂ ਯਹੋਵਾਹ ਵੱਲ ਮਦਦ ਲਈ ਤੱਕਾਂਗਾ ਤੇ 
ਮੈਂ ਆਪਣੇ ਬਚਾਓ ਲਈ ਪਰਮੇਸ਼ੁਰ ਦੀ ਉਡੀਕ ਕਰਾਂਗਾ। 
ਮੇਰਾ ਪਰਮੇਸ਼ੁਰ ਮੇਰੀ ਦੁਹਾਈ ਸੁਣੇਗਾ। 
8 ਭਾਵੇਂ ਮੈਂ ਡਿੱਗ ਪਿਆ ਹਾਂ, 
ਪਰ ਮੇਰੇ ਵੈਰੀ, ਮੇਰੀ ਹਸੀਁ ਨਾ ਕਰਨਾ! 
ਮੈਂ ਮੁੜ ਉੱਠ ਖੜੋਵਾਂਗਾ ਹੁਣ ਮੈਂ ਹਨੇਰੇ ’ਚ ਬੈਠਿਆ ਹਾਂ 
ਪਰ ਯਹੋਵਾਹ ਮੇਰੇ ਲਈ ਰੋਸ਼ਨੀ ਹੋਵੇਗਾ। 
ਯਹੋਵਾਹ ਦਾ ਖਿਮਾ ਕਰਨਾ 
9 ਮੈਂ ਯਹੋਵਾਹ ਨਾਲ ਧਰੋਹ ਕਮਾਇਆ 
ਇਸ ਲਈ ਉਸ ਮੇਰੇ ਤੇ ਕਰੋਧ ਕੀਤਾ। 
ਪਰ ਉਹ ਮੇਰਾ ਮੁਕੱਦਮਾ ਅਦਾਲਤ ਵਿੱਚ ਮੇਰੇ ਲਈ ਲੜੇਗਾ 
ਅਤੇ ਜੋ ਮੇਰੇ ਲਈ ਠੀਕ ਹੋਵੇਗਾ, ਉਹੀ ਕਰੇਗਾ। 
ਫ਼ਿਰ ਉਹ ਮੈਨੂੰ ਹਨੇਰੇ ਚੋ ਕੱਢ ਲਵੇਗਾ 
ਅਤੇ ਮੈਂ ਮੁੜ ਰੋਸ਼ਨੀ ਵੇਖ ਸੱਕਾਂਗਾ। 
10 ਮੇਰੇ ਦੁਸ਼ਮਣ ਨੇ ਮੈਨੂੰ ਆਖਿਆ, 
“ਕਿੱਥੋ ਹੈ ਯਹੋਵਾਹ ਤੇਰਾ ਪਰਮੇਸ਼ੁਰ?” 
ਪਰ ਮੇਰੀ ਵੈਰਨ ਆਪਣੀ ਅੱਖੀਂ ਇਹ ਵੇਖੇਗੀ 
ਅਤੇ ਸ਼ਰਮਸਾਰ ਹੋਵੇਗੀ ਉਸ ਵਕਤ, 
ਮੈਂ ਵੇਖਾਂਗਾ ਕਿ ਉਸ ਨਾਲ ਕੀ ਵਾਪਰਦਾ। 
ਲੋਕੀਂ ਗਲੀਆਂ ਵਿੱਚ ਮਿੱਧਦੇ ਚਿਕੱੜ ਵਾਂਗ ਉਸ ਨੂੰ ਮਧੋਲ ਕੇ ਲੰਘਣਗੇ। 
ਯਹੂਦੀਆਂ ਦੀ ਵਾਪਸੀ 
11 ਉਹ ਵੀ ਵਕਤ ਆਵੇਗਾ ਜਦੋਂ ਤੁਹਾਡੀਆਂ ਕੰਧਾਂ ਮੁੜ ਉਸਰਣਗੀਆਂ। 
ਉਸ ਵੇਲੇ ਤੇਰਾ ਦੇਸ਼ ਵੱਡਾ ਹੋ ਜਾਵੇਗਾ। 
12 ਤੇਰੀ ਉੱਮਤ ਤੇਰੀ ਧਰਤੀ ਤੇ ਵਾਪਸ ਆਵੇਗੀ ਉਹ ਅੱਸ਼ੂਰ 
ਅਤੇ ਮਿਸਰ ਦੇ ਸ਼ਹਿਰਾਂ ਤੋਂ ਵਾਪਸ ਪਰਤਨਗੇ। 
ਤੇਰੀ ਉੱਮਤ ਮਿਸਰ ਤੋਂ ਅਤੇ ਦਰਿਆ ਦੇ ਦੂਜੇ ਪਾਰ ਤੋਂ ਆਵੇਗੀ, 
ਉਹ ਪੱਛਮੀ ਸਮੁੰਦਰ ਤੋਂ ਵੀ ਆਵੇਗੀ 
ਅਤੇ ਪੂਰਬੀ ਪਹਾੜਾਂ ਤੋਂ ਵੀ ਪਰਤੇਗੀ। 
13 ਧਰਤੀ ਉੱਥੋਂ ਦੇ ਲੋਕਾਂ ਦੇ ਬੁਰੇ ਕੰਮਾਂ ਕਾਰਣ, 
ਜਿਹੜੇ ਉੱਥੇ ਵਸਦੇ ਸਨ, ਤਬਾਹ ਹੋਈ। 
14 ਇਸੇ ਲਈ, ਆਪਣੀ ਛੜ ਨਾਲ ਆਪਣੇ ਲੋਕਾਂ ਉੱਤੇ ਸ਼ਾਸਨ ਕਰ। 
ਆਪਣੇ ਇੱਜੜ ਉੱਤੇ ਸ਼ਾਸਨ ਕਰ, ਜੋ ਇੱਕਲਾ, ਕਰਮਲ ਪਰਬਤ ਅਤੇ ਲੱਕੜਾਂ ਵਿੱਚ ਵਸਦਾ ਹੈ। 
ਉਹ ਬਾਸ਼ਾਨ ਅਤੇ ਗਿਲਆਦ ਵਿੱਚ ਰਹਿੰਦੇ ਹਨ ਜਿਵੇਂ 
ਕਿ ਉਹਨਾਂ ਨੇ ਪੁਰਾਣੇ ਸਮਿਆਂ ਵਿੱਚ ਕੀਤਾ ਸੀ। 
ਇਸਰਾਏਲ ਆਪਣੇ ਵੈਰੀਆਂ ਨੂੰ ਹਰਾਏਗਾ 
15 ਜਦੋਂ ਮੈਂ ਤੁਹਾਨੂੰ ਮਿਸਰ ਦੇਸ ਤੋਂ ਕੱਢਿਆ, ਮੈਂ ਤੁਹਾਡੇ ਨਾਲ ਕਈ ਚਮਤਕਾਰ ਕੀਤੇ। 
ਮੈਂ ਤੁਹਾਨੂੰ ਹੋਰ ਵੀ ਚਮਤਕਾਰ ਵਿਖਾਵਾਂਗਾ। 
16 ਕੌਮਾਂ ਇਹ ਚਮਤਕਾਰ ਵੇਖਣਗੀਆਂ ਅਤੇ ਸ਼ਰਮਸਾਰ ਹੋਣਗੀਆਂ। 
ਉਹ ਵੇਖਣਗੀਆਂ ਕਿ ਉਨ੍ਹਾਂ ਦੀ ਸ਼ਕਤੀ ਮੇਰੇ ਅੱਗੇ ਤੁੱਛ ਹੈ। 
ਉਹ ਹੈਰਾਨ ਹੋ ਕੇ ਆਪਣੇ ਹੱਥ ਮੂੰਹਾਂ ਤੇ ਰੱਖਣਗੇ। 
ਉਹ ਸੁਣਨ ਤੋਂ ਇਨਕਾਰੀ ਹੋਕੇ ਆਪਣੇ ਕੰਨਾਂ ਹੱਥਾਂ ਨਾਲ ਢੱਕੱ ਲੈਣਗੇ। 
17 ਉਹ ਧੂੜ ਵਿੱਚ ਸੱਪ ਵਾਂਗ ਸਰਕਣਗੇ, 
ਧਰਤੀ ’ਚ ਵਰਮੀ ’ਚ ਲੁਕੇ ਭੈਅ ਨਾਲ ਕੰਬਣਗੇ 
ਅਤੇ ਸਾਡੇ ਯਹੋਵਾਹ ਪਰਮੇਸ਼ੁਰ ਵੱਲ ਆਉਂਦੇ ਹੋਏ ਹੇ ਪਰਮੇਸ਼ੁਰ! 
ਡਰਣਗੇ ਅਤੇ ਤੇਰਾ ਮਾਨ ਕਰਣਗੇ। 
ਯਹੋਵਾਹ ਦੀ ਉਸਤਤ 
18 ਤੇਰੇ ਜਿਹਾ ਹੋਰ ਕੋਈ ਪਰਮੇਸ਼ੁਰ ਨਹੀਂ ਜੋ ਸਭ ਦੇ ਦੋਖ ਬਖਸ਼ ਦੇਵੇ। 
ਪਰਮੇਸ਼ੁਰ ਆਪਣੇ ਬਚੇ ਲੋਕਾਂ ਦੀ ਬਦੀ ਖਿਮਾ ਕਰਦਾ ਹੈ 
ਬਹੁਤੀ ਦੇਰ ਉਹ ਕਰੋਧ ਨੂੰ ਚਿਤ੍ਤ ’ਚ ਨਹੀਂ ਧਰਦਾ। 
ਕਿਉਂ ਕਿ ਉਸਦਾ ਸੁਭਾਅ ਕਿਰਪਾਲੂ ਹੈ। 
19 ਉਹ ਵਾਪਸ ਆਕੇ ਸਾਨੂੰ ਸੁਖੀ ਕਰੇਗਾ। 
ਉਹ ਸਾਡੇ ਦੋਸ਼ਾਂ ਨੂੰ ਕੁਚਲ ਕੇ ਉਨ੍ਹਾਂ ਨੂੰ ਗਹਿਰੇ ਸਾਗਰ ’ਚ ਸੁੱਟ ਦੇਵੇਗਾ। 
20 ਹੇ ਪਰਮੇਸ਼ੁਰ, ਯਾਕੂਬ ਨਾਲ ਸੱਚਾ ਰਹੀਁ 
ਅਤੇ ਅਬਰਾਹਾਮ ਨੂੰ ਮਿਹਰ ਦਰਸਾਈਁ ਜਿਵੇਂ ਤੂੰ ਸਾਡੇ ਪੁਰਖਿਆਂ ਨਾਲ ਬਹੁਤ ਪਹਿਲਾਂ ਇਕਰਾਰ ਕੀਤਾ ਸੀ।