5
1 ਹੁਣ, ਹੇ ਤਕੜੇ ਸ਼ਹਿਰ, ਆਪਣੇ ਸਿਪਾਹੀ ਇਕੱਠੇ ਕਰ। 
ਉਹ ਹਮਲੇ ਲਈ ਸਾਨੂੰ ਘੇਰੀ ਬੈਠੇ ਹਨ। 
ਉਹ ਇਸਰਾਏਲ ਦੇ ਨਿਆਂਕਾਰ ਨੂੰ 
ਆਪਣੀ ਛੜੀ ਨਾਲ ਉਸਦੀ ਗੱਲ ਤੇ ਠਕੋਰਣਗੇ। 
ਮਸੀਹਾ ਬੈਤਲਹਮ ਵਿੱਚ ਜਨਮੇਗਾ 
2 ਪਰ ਬੈਤਲਹਮ ਅਫ਼ਰਾਬਾਹ, 
ਤੂੰ ਯਹੂਦਾਹ ਦਾ ਸਭ ਤੋਂ ਛੋਟਾ ਨਗਰ ਹੈਂ। 
ਤੇਰਾ ਪਰਿਵਾਰ ਬਹੁਤ ਛੋਟਾ ਹੈ ਅਤੇ ਉਂਗਲੀਆਂ ਤੇ ਗਿਣਿਆ ਜਾ ਸੱਕਦੇ। 
ਪਰ “ਇਸਰਾਏਲ ਦਾ ਹਾਕਮ” ਤੇਰੇ ਵਿੱਚੋਂ ਮੇਰੇ ਲਈ ਨਿਕਲੇਗਾ। 
ਉਸਦੀਆਂ ਸ਼ੁਰੂਆਤਾਂ ਬਹੁਤ ਸਮੇਂ ਪਹਿਲਾਂ, 
ਪ੍ਰਾਚੀਨ ਸਮਿਆਂ ਤੋਂ ਹਨ। 
3 ਤਾਂ ਯਹੋਵਾਹ ਆਪਣੇ ਲੋਕਾਂ ਨੂੰ ਛੱਡ ਦੇਵੇਗਾ, 
ਜਦ ਤੀਕ ਔਰਤ ਆਪਣੇ ਬੱਚੇ ਇਕਰਾਰ ਕੀਤੇ ਪਾਤਸ਼ਾਹ ਨੂੰ ਨਾ ਜਣੇ। 
ਫ਼ੇਰ ਉਸ ਦੇ ਬਾਕੀ ਦੇ ਭਰਾ ਇਸਰਾਏਲ ਦੇ ਲੋਕਾਂ 
ਕੋਲ ਵਾਪਸ ਮੁੜਨਗੇ। 
4 ਯਹੋਵਾਹ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਵਿੱਚ, 
ਉਹ ਸ਼ਾਸਕ ਆਪਣੀਆਂ ਭੇਡਾਂ ਦੀ ਰਾਖੀ ਕਰੇਗਾ। 
ਉਹ ਸ਼ਾਂਤੀ ਵਿੱਚ ਵਸਣਗੇ ਕਿਉਂ ਕਿ ਉਸ ਵੇਲੇ, 
ਉਸਦਾ ਨਾਮ ਅਤੇ ਮਹਿਮਾ ਧਰਤੀ ਦੇ ਕੋਨੇ-ਕੋਨੇ ਵਿੱਚ ਹੋਵੇਗੀ। 
5 ਸਭ ਪਾਸੇ ਸ਼ਾਂਤੀ ਹੋਵੇਗੀ। 
ਅੱਸ਼ੂਰੀ ਸੈਨਾ ਸਾਡੇ ਦੇਸ ਵਿੱਚ ਆਵੇਗੀ 
ਅਤੇ ਸਾਡੀਆਂ ਵੱਡੀਆਂ ਇਮਾਰਤਾਂ ਨੂੰ ਮਿੱਧ ਜਾਵੇਗੀ। 
ਪਰ ਇਸਰਾਏਲ ਦੇ ਹਾਕਮ ਉਨ੍ਹਾਂ ਨੂੰ ਸਤਾਉਣ ਲਈ 
ਸੱਤ ਆਜੜੀ ਅਤੇ ਅੱਠ ਆਗੂ ਚੁਨਣਗੇ। 
6 ਉਹ ਅੱਸ਼ੂਰ ਉੱਤੇ ਤਲਵਾਰਾਂ ਨਾਲ ਸਾਸਨ ਕਰਨਗੇ 
ਅਤੇ ਨਿਰਮੋਦ ਦੇ ਦੇਸ ਉੱਤੇ ਨੰਗੀਆਂ ਤਲਵਾਰਾਂ ਨਾਲ ਰਾਜ ਕਰਨਗੇ। 
ਪਰ ਫ਼ੇਰ ਇਸਰਾਏਲ ਦਾ ਹਾਕਮ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ 
ਜਦੋਂ ਉਹ ਸਾਡੀ ਧਰਤੀ ਉੱਤੇ ਆਕੇ ਸਾਡੀ ਸਲਤਨਤ ਨੂੰ ਲਿਤਾੜਣਗੇ। 
7 ਪਰ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਬਹੁਤੀਆਂ ਕੌਮਾਂ ਵਿੱਚ 
ਇਉਂ ਖਿੱਲਰਣਗੇ ਜਿਵੇਂ ਯਹੋਵਾਹ ਵੱਲੋਂ ਭੇਜੀ ਤ੍ਰੇਲ, 
ਉਹ ਕਿਸੇ ਮਨੁੱਖ ਤੇ ਨਿਰਭਰ ਨਾ ਹੋਣਗੇ ਉਹ ਘਾਹ ਤੇ ਪੈਂਦੇ ਮੀਂਹ ਵਾਂਗ ਹੋਣਗੇ 
ਜਿਹੜੀ ਕਿ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ। 
8 ਯਾਕੂਬ ਦੇ ਬਚੇ ਮਨੁੱਖ ਕੌਮਾਂ ਵਿੱਚਕਾਰ ਬਹੁਤੇ ਰਾਜਾਂ ਵਿੱਚ, 
ਜੰਗਲੀ ਜਾਨਵਰਾਂ ਵਿੱਚਕਾਰ ਬੱਬਰ-ਸ਼ੇਰ ਵਰਗੇ ਹੋਣਗੇ 
ਉਹ ਭੇਡਾਂ ਦੇ ਇੱਜੜਾਂ ਵਿੱਚ ਜੁਆਨ ਸ਼ੇਰ ਵਰਗੇ ਹੋਣਗੇ 
ਜਿਵੇਂ ਜੰਗਲ ’ਚ ਸ਼ੇਰ ਜਿੱਥੇ ਜਾਣਾ ਚਾਹੇ ਨਿਡਰ ਜਾਂਦਾ ਹੈ 
ਤੇ ਜੇਕਰ ਉਹ ਕਿਸੇ ਜਾਨਵਰ ਤੇ ਹਮਲਾ ਕਰੇ ਉਸਦਾ ਬਚਣਾ ਨਾਮੁਮਕਿਨ ਹੁੰਦਾ ਹੈ 
ਉਹ ਬਚੇ ਹੋਏ ਵੀ ਉਸ ਸ਼ੇਰ ਵਰਗੇ ਹੀ ਹੋਣਗੇ। 
9 ਜਦੋਂ ਤੂੰ ਆਪਣੇ ਦੁਸ਼ਮਣਾਂ ਨਾਲ ਲੜੇਂਗਾ, 
ਤੂੰ ਉਨ੍ਹਾਂ ਨੂੰ ਤਬਾਹ ਕਰ ਦੇਵੇਂਗਾ। 
ਲੋਕ ਪਰਮੇਸ਼ੁਰ ਤੇ ਨਿਰਭਰ ਹੋਣਗੇ 
10 ਯਹੋਵਾਹ ਆਖਦਾ ਹੈ: 
“ਉਸ ਵੇਲੇ ਮੈਂ ਤੁਹਾਡੇ ਘੋੜੇ ਖੋਹ ਲਵਾਂਗਾ 
ਅਤੇ ਤੁਹਾਡੇ ਰੱਥ ਬਰਬਾਦ ਕਰ ਦੇਵਾਂਗਾ। 
11 ਮੈਂ ਤੁਹਾਡੇ ਦੇਸ ਦੇ ਸਾਰੇ ਸ਼ਹਿਰ ਤਬਾਹ ਕਰ ਸੁੱਟਾਂਗਾ 
ਮੈਂ ਤੁਹਾਡੇ ਸਾਰੇ ਕਿਲੇ ਢਹਿ-ਢੇਰੀ ਕਰ ਦਿਆਂਗਾ। 
12 ਬਹੁਤੀ ਦੇਰ ਤੁਹਾਡਾ ਜਾਦੂ ਨਾ ਚੱਲੇਗਾ ਤੁਹਾਡੀ 
ਭਵਿੱਖਬਾਣੀ ਕਰਨ ਵਾਲੇ ਮਨੁੱਖ ਖਤਮ ਹੋ ਜਾਣਗੇ। 
13 ਮੈਂ ਤੇਰੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਵਾਂਗਾ। 
ਮੈਂ ਤੇਰੇ ਯਾਦਗਾਰੀ ਥੰਮਾਂ ਨੂੰ ਤਬਾਹ ਕਰ ਦੇਵਾਂਗਾ। 
ਤੂੰ ਆਪਣੇ ਹੱਥੀਂ ਬਣਾਈਆਂ ਮੂਰਤੀਆਂ ਦੀ ਹੋਰ ਉਪਾਸਨਾ ਨਹੀਂ ਕਰੇਂਗਾ। 
14 ਮੈਂ ਤੇਰੇ ਅਸ਼ੇਰਾਹ ਦੇ ਥੰਮਾਂ ਨੂੰ ਵੱਢ ਸੁੱਟਾਂਗਾ 
ਅਤੇ ਤੇਰੇ ਸ਼ਹਿਰਾਂ ਨੂੰ ਤਬਾਹ ਕਰ ਦੇਵਾਂਗਾ। 
15 ਕੁਝ ਲੋਕ ਮੇਰੀ ਗੱਲ ਨਾ ਸੁਣਨਗੇ 
ਪਰ ਮੈਂ ਕ੍ਰੋਧ ਅਤੇ ਗੁੱਸੇ ਉਨ੍ਹਾਂ ਕੌਮਾਂ ਦਾ ਬਦਲਾ ਲਵਾਂਗਾ।”