ਧਰਤੀ ਲਈ ਅਰਾਮ ਦਾ ਸਮਾਂ 
25
1 ਯਹੋਵਾਹ ਨੇ ਮੂਸਾ ਨਾਲ ਸੀਨਾ ਪਰਬਤ ਉੱਤੇ ਗੱਲ ਕੀਤੀ। ਯਹੋਵਾਹ ਨੇ ਆਖਿਆ, 
2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ, ਤੁਹਾਨੂੰ ਯਹੋਵਾਹ ਲਈ ਧਰਤੀ ਨੂੰ ਅਰਾਮ ਦਾ ਖਾਸ ਸਮਾਂ ਦੇਣਾ ਚਾਹੀਦਾ ਹੈ। 
3 ਤੁਸੀਂ ਆਪਣੇ ਖੇਤ ਵਿੱਚ ਛੇ ਸਾਲ ਬੀਜ਼ ਬੀਜੋਂਗੇ। ਤੁਸੀਂ ਛੇ ਸਾਲ ਆਪਣੇ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਛਾਂਗੋਂਗੇ ਅਤੇ ਇਨ੍ਹਾਂ ਦਾ ਫ਼ਲ ਘਰੀਂ ਲਿਆਵੋਂਗੇ। 
4 ਪਰ ਸੱਤਵੇਂ ਵਰ੍ਹੇ ਦੌਰਾਨ ਤੁਸੀਂ ਧਰਤੀ ਨੂੰ ਅਰਾਮ ਕਰਨ ਦਿਉਂਗੇ। ਇਹ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਸਮਾਂ ਹੋਵੇਗਾ। ਤੁਹਾਨੂੰ ਆਪਣੇ ਖੇਤ ਵਿੱਚ ਕੋਈ ਬੀਜ ਨਹੀਂ ਬੀਜਣਾ ਚਾਹੀਦਾ ਜਾਂ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਨਹੀਂ ਛਾਗਣਾ ਚਾਹੀਦਾ। 
5 ਤੁਹਾਨੂੰ ਉਹ ਫ਼ਸਲਾਂ ਨਹੀਂ ਵਢਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੀ ਵਾਢੀ ਤੋਂ ਮਗਰੋਂ ਆਪਣੇ-ਆਪ ਉੱਗ ਪੈਂਦੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਵੇਲਾਂ ਤੋਂ ਅੰਗੂਰ ਨਹੀਂ ਤੋਂੜਨੇ ਚਾਹੀਦੇ ਜਿਹੜੀਆਂ ਛਾਂਗੀਆਂ ਨਹੀਂ ਗਈਆਂ। ਧਰਤੀ ਲਈ ਇਹ ਅਰਾਮ ਦਾ ਸਮਾਂ ਹੈ। 
6 “ਉਸ ਸਾਲ ਜੋ ਕੁਝ ਵੀ ਧਰਤੀ ਆਪਣੇ-ਆਪ ਪੈਦਾ ਕਰੇ-ਤੁਸੀਂ ਅਤੇ ਤੁਹਾਡੇ ਦਾਸ ਅਤੇ ਦਾਸੀਆਂ, ਤੁਹਾਡੇ ਭਾੜੇ ਦੇ ਕਾਮੇ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਖਾ ਸੱਕੋਂਗੇ। 
7 ਅਤੇ ਤੁਹਾਡੀਆਂ ਗਾਵਾਂ ਅਤੇ ਹੋਰ ਜਾਨਵਰਾਂ ਲਈ ਖਾਣ ਲਈ ਕਾਫ਼ੀ ਭੋਜਨ ਹੋਵੇਗਾ। 
ਮੁਕਤੀ ਦਾ ਵਰ੍ਹਾ-ਜੁਬਲੀ 
8 “ਤੁਸੀਂ ਸੱਤਾਂ ਵਰ੍ਹਿਆਂ ਦੇ ਸੱਤਾਂ ਸਮੂਹ ਨੂੰ ਵੀ ਗਿਣੋਂਗੇ। ਇਹ 49 ਸਾਲ ਹੋਣਗੇ। 
9 ਪਰਾਸਚਿਤ ਦੇ ਦਿਨ, ਤੁਹਾਨੂੰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ। ਇਹ ਸੱਤਵੇਂ ਮਹੀਨੇ ਦੇ 10ਵੇਂ ਦਿਨ ਹੋਵੇਗਾ। ਤੁਹਾਨੂੰ ਸਾਰੇ ਦੇਸ਼ ਅੰਦਰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ। 
10 ਤੁਸੀਂ 50ਵੇਂ ਵਰ੍ਹੇ ਨੂੰ ਇੱਕ ਖਾਸ ਵਰ੍ਹਾ ਬਣਾਵੋਂਗੇ। ਤੁਸੀਂ ਆਪਣੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਅਜ਼ਾਦੀ ਦਾ ਐਲਾਨ ਕਰੋਂਗੇ। ਇਹ ਸਮਾਂ ‘ਜੁਬਲੀ’ ਅਖਵਾਏਗਾ। ਤੁਹਾਡੇ ਵਿੱਚੋਂ ਹਰ ਕੋਈ ਆਪਣੀ ਜ਼ਾਇਦਾਦ ਅਤੇ ਪਰਿਵਾਰ ਕੋਲ ਵਾਪਸ ਜਾਵੇਗਾ। 
11 ਪੰਜਾਹਵਾਂ ਵਰ੍ਹਾ ਤੁਹਾਡੇ ਲਈ ਜੁਬਲੀ ਹੋਵੇਗਾ। ਕੋਈ ਬੀਜ ਨਹੀਂ ਬੀਜਣੇ। ਆਪਣੇ-ਆਪ ਉੱਗੀਆਂ ਫ਼ਸਲਾਂ ਦੀ ਵਾਢੀ ਨਹੀਂ ਕਰਨੀ। ਅਣਛਾਂਗੀਆਂ ਵੇਲਾਂ ਦੇ ਅੰਗੂਰ ਨਹੀਂ ਤੋਂੜਨੇ। 
12 ਜੁਬਲੀ ਦਾ ਵਰ੍ਹਾ ਤੁਹਾਡੇ ਲਈ ਪਵਿੱਤਰ ਵਰ੍ਹਾ ਹੋਵੇਗਾ। ਇਸ ਲਈ ਇਸ ਸਾਲ ਵਿੱਚ ਤੁਸੀਂ ਸਿਧੀਆਂ ਖੇਤਾਂ ਵਿੱਚੋਂ ਲਈਆਂ ਹੋਈਆਂ ਫ਼ਸਲਾਂ ਹੀ ਖਾਵੋਂਗੇ। 
13 ਜੁਬਲੀ ਵਰ੍ਹੇ ਵਿੱਚ ਹਰ ਬੰਦਾ ਆਪਣੀ ਜ਼ਾਇਦਾਦ ਉੱਤੇ ਵਾਪਸ ਜਾਵੇਗਾ। 
14 “ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਆਪਣੀ ਜ਼ਮੀਨ ਵੇਚੋਂ ਤਾਂ ਉਸ ਨਾਲ ਧੋਖਾ ਨਾ ਕਰੋ। ਅਤੇ ਜਦੋਂ ਉਸ ਕੋਲੋਂ ਜ਼ਮੀਨ ਖਰੀਦੋ ਤਾਂ ਉਸ ਨੂੰ ਧੋਖਾ ਨਾ ਕਰਨ ਦਿਉ। 
15 ਜੇ ਤੁਸੀਂ ਆਪਣੇ ਗੁਆਂਢੀ ਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਪਿੱਛਲੇ ਜੁਬਲੀ ਵਰ੍ਹੇ ਤੋਂ ਸਾਲਾਂ ਦੀ ਗਿਣਤੀ ਕਰੋ, ਇਸ ਅੰਕ ਦੀ ਵਰਤੋਂ ਸਹੀ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਉਹ ਤੁਹਾਨੂੰ ਅਸਲ ਵਿੱਚ ਅਗਲੇ ਜੁਬਲੀ ਵਰ੍ਹੇ ਤੱਕ ਫ਼ਸਲਾਂ ਵਢਣ ਦੇ ਅਧਿਕਾਰ ਵੇਚ ਰਿਹਾ ਹੈ। 
16 ਜੇਕਰ ਅਗਲੇ ਜੁਬਲੀ ਵਰ੍ਹੇ ਤੋਂ ਪਹਿਲਾਂ ਬਹੁਤ ਸਾਲ ਰਹਿੰਦੇ ਹਨ, ਤਾਂ ਕੀਮਤ ਜ਼ਿਆਦਾ ਹੋਵੇਗੀ। ਜੇਕਰ ਵਰ੍ਹੇ ਘੱਟ ਹਨ, ਤਾਂ ਕੀਮਤ ਘੱਟ ਹੋਵੇਗੀ। ਕਿਉਂਕਿ ਸੱਚਮੁੱਚ, ਤੁਹਾਡਾ ਗੁਆਂਢੀ ਤੁਹਾਨੂੰ ਗਿਣਤੀ ਦੀਆਂ ਫ਼ਸਲਾਂ ਵੇਚ ਰਿਹਾ ਹੈ। 
17 ਤੁਹਾਨੂੰ ਇੱਕ ਦੂਸਰੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 
18 “ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਚੇਤੇ ਰੱਖੋ। ਉਨ੍ਹਾਂ ਨੂੰ ਮੰਨੋ। ਤਾਂ ਤੁਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਰਹੋਂਗੇ। 
19 ਅਤੇ ਜ਼ਮੀਨ ਤੁਹਾਡੇ ਲਈ ਚੰਗੀਆਂ ਫ਼ਸਲਾਂ ਪੈਦਾ ਕਰੇਗੀ। ਫ਼ੇਰ ਤੁਹਾਡੇ ਕੋਲ ਕਾਫ਼ੀ ਭੋਜਨ ਹੋਵੇਗਾ ਅਤੇ ਤੁਸੀਂ ਧਰਤੀ ਉੱਤੇ ਸੁਰੱਖਿਅਤ ਹੋਕੇ ਰਹੋਂਗੇ। 
20 “ਪਰ ਸ਼ਾਇਦ ਤੁਸੀਂ ਆਖੋ, ‘ਜੇ ਅਸੀਂ ਬੀਜ ਨਹੀਂ ਬੀਜਾਂਗੇ ਜਾਂ ਫ਼ਸਲਾਂ ਇਕੱਠੀਆਂ ਨਹੀਂ ਕਰਾਂਗੇ। ਤਾਂ ਸੱਤਵੇਂ ਸਾਲ ਦੌਰਾਨ ਅਸੀਂ ਕੀ ਖਾਵਾਂਗੇ।’ 
21 ਫ਼ਿਕਰ ਨਾ ਕਰੋ। ਮੈਂ ਛੇਵੇਂ ਵਰ੍ਹੇ ਵਿੱਚ ਤੁਹਾਡੇ ਲਈ ਆਪਣੀਆਂ ਅਸੀਸਾਂ ਭੇਜਾਂਗਾ। ਉਸ ਵਰ੍ਹੇ, ਧਰਤੀ ਇੰਨੀ ਫ਼ਸਲ ਉਗਾਵੇਗੀ ਜੋ ਕਿ ਤਿੰਨਾਂ ਸਾਲਾਂ ਲਈ ਕਾਫ਼ੀ ਹੋਵੇਗੀ। 
22 ਜਦੋਂ ਤੁਸੀਂ ਅੱਠਵੇਂ ਵਰ੍ਹੇ ਬੀਜ ਬੀਜੋਂਗੇ, ਤੁਸੀਂ ਹਾਲੇ ਵੀ ਪਿੱਛਲੀ ਫ਼ਸਲ ਦੀਆਂ ਚੀਜ਼ਾਂ ਖਾ ਰਹੇ ਹੋਵੋਂਗੇ। ਤੁਸੀਂ ਪੁਰਾਣੀ ਫ਼ਸਲ 9ਵੇਂ ਸਾਲ ਤੱਕ ਖਾਂਦੇ ਰਹੋਂਗੇ, ਜਦੋਂ ਕਿ ਤੁਸੀਂ 8ਵੇਂ ਸਾਲ ਵਿੱਚ ਬੀਜੀ ਫ਼ਸਲ ਦੀ ਵਾਢੀ ਕਰੋਂਗੇ। 
ਜਾਇਦਾਦ ਦੀਆਂ ਬਿਧੀਆਂ 
23 “ਜ਼ਮੀਨ ਅਸਲ ਵਿੱਚ ਮੇਰੀ ਹੈ। ਇਸ ਲਈ ਤੁਸੀਂ ਇਸ ਨੂੰ ਪੱਕੇ ਤੌਰ ਤੇ ਨਹੀਂ ਵੇਚ ਸੱਕਦੇ। ਤੁਸੀਂ ਤਾਂ ਮੇਰੀ ਜ਼ਮੀਨ ਉੱਤੇ ਮੇਰੇ ਨਾਲ ਰਹਿਣ ਵਾਲੇ ਪਰਦੇਸੀ ਮੁਸਾਫ਼ਰ ਹੋ। 
24 ਸਾਰੇ ਦੇਸ਼ ਵਿੱਚ, ਜ਼ਮੀਨ ਉਸ ਆਦਮੀ ਦੁਆਰਾ ਵਾਪਸ ਖਰੀਦੀ ਜਾਣ ਦੇਣੀ ਚਾਹੀਦੀ ਹੈ ਜਿਸਨੇ ਇਸ ਨੂੰ ਵੇਚਿਆ ਸੀ। 
25 ਜੇਕਰ ਤੁਹਾਡੇ ਦੇਸ਼ ਦਾ ਕੋਈ ਵੀ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਆਪਣੀ ਜ਼ਮੀਨ ਵੇਚ ਦੇਵੇ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਕੇ ਉਸ ਲਈ ਜ਼ਮੀਨ ਵਾਪਸ ਖਰੀਦਣੀ ਚਾਹੀਦੀ ਹੈ। 
26 ਹੋ ਸੱਕਦਾ ਹੈ ਕਿ ਉਸ ਦੇ ਲਈ ਜ਼ਮੀਨ ਖਰੀਦਣ ਵਾਲਾ ਉਸਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ। ਪਰ ਹੋ ਸੱਕਦਾ ਹੈ ਕਿ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕੱਠਾ ਕਰ ਲਵੇ। 
27 ਫ਼ੇਰ ਉਸ ਨੂੰ ਜ਼ਮੀਨ ਵੇਚਣ ਤੋਂ ਬਾਦ ਦੇ ਵਰ੍ਹੇ ਗਿਨਣੇ ਚਾਹੀਦੇ ਹਨ। ਉਸ ਨੂੰ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਫ਼ੇਰ ਉਸ ਨੂੰ ਜ਼ਮੀਨ ਵਾਪਸ ਖਰੀਦਕੇ ਇਸਤੇ ਵਾਪਸ ਆ ਜਾਣਾ ਚਾਹੀਦਾ ਹੈ। 
28 ਪਰ ਜੇਕਰ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕੱਠਾ ਨਹੀਂ ਕਰ ਸੱਕਦਾ, ਜੋ ਉਸ ਨੇ ਵੇਚਿਆ ਸੀ, ਉਹ ਖਰੀਦਦਾਰ ਦੇ ਹੱਥਾਂ ਵਿੱਚ ਜੁਬਲੀ ਵਰ੍ਹੇ ਤੀਕ ਰਹੇਗਾ। ਜੁਬਲੀ ਵਰ੍ਹੇ ਵਿੱਚ ਉਸ ਨੂੰ ਆਪਣੀ ਜ਼ਮੀਨ ਤੇ ਵਾਪਸ ਜਾਣਾ ਚਾਹੀਦਾ ਅਤੇ ਇਸਤੇ ਕਬਜ਼ਾ ਲੈ ਲੈਣਾ ਚਾਹੀਦਾ ਹੈ। 
29 “ਜੇਕਰ ਕੋਈ ਬੰਦਾ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚ ਮਕਾਨ ਵੇਚਦਾ, ਉਸ ਨੂੰ ਇੱਕ ਸਾਲ ਤਾਈਂ ਜਦੋਂ ਤੋਂ ਉਸ ਨੇ ਘਰ ਵੇਚਿਆ ਸੀ, ਘਰ ਖਰੀਦਣ ਦਾ ਹੱਕ ਹੈ। 
30 ਪਰ ਜੇਕਰ ਉਹ ਪੂਰਾ ਸਾਲ ਬੀਤਣ ਤੋਂ ਪਹਿਲਾਂ ਮਕਾਨ ਨੂੰ ਵਾਪਸ ਨਹੀਂ ਖਰੀਦਦਾ, ਤਾਂ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚਲਾ ਇਹ ਮਕਾਨ, ਹਮੇਸ਼ਾ ਲਈ ਉਸਦਾ ਅਤੇ ਉਸ ਦੇ ਉੱਤਰਾਧਿਕਾਰੀਆਂ ਦਾ ਹੋ ਜਾਵੇਗਾ ਜਿਸਨੇ ਇਸ ਨੂੰ ਖਰੀਦਿਆ ਸੀ। 
31 ਚਾਰਦੀਵਾਰੀ ਤੋਂ ਬਿਨਾ ਨਗਰਾਂ ਨੂੰ ਖੁਲ੍ਹੇ ਖੇਤ ਮੰਨਿਆ ਜਾਵੇਗਾ। ਇਸ ਲਈ ਇਨ੍ਹਾਂ ਛੋਟਿਆਂ ਨਗਰਾਂ ਵਿੱਚ ਵੇਚੇ ਗਏ ਘਰ ਕਿਸੇ ਵੀ ਵਕਤ ਵਾਪਸ ਖਰੀਦੇ ਜਾ ਸੱਕਣਗੇ ਅਤੇ ਜੁਬਲੀ ਵਰ੍ਹੇ ਦੇ ਸਮੇਂ ਆਪਣੇ ਪਹਿਲੇ ਮਾਲਕਾਂ ਕੋਲ ਵਾਪਸ ਚੱਲੇ ਜਾਣਗੇ। 
32 “ਪਰ ਲੇਵੀਆਂ ਦੇ ਸ਼ਹਿਰਾਂ ਬਾਰੇ; ਲੇਵੀ ਆਪਣੇ ਘਰਾਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰਾਂ ਵਿੱਚਲੇ ਮਕਾਨਾਂ ਨੂੰ ਕਿਸੇ ਵੇਲੇ ਵੀ ਵਾਪਸ ਖਰੀਦ ਸੱਕਦੇ ਹਨ। 
33 ਜੇ ਕੋਈ ਬੰਦਾ ਕਿਸੇ ਲੇਵੀ ਤੋਂ ਮਕਾਨ ਖਰੀਦਦਾ ਹੈ, ਲੇਵੀਆਂ ਦੇ ਸ਼ਹਿਰ ਵਿੱਚਲਾ ਉਹ ਮਕਾਨ ਜੁਬਲੀ ਦੇ ਮੌਕੇ ਤੇ ਇੱਕ ਵਾਰ ਫ਼ੇਰ ਲੇਵੀਆਂ ਕੋਲ ਚੱਲਾ ਜਾਵੇਗਾ, ਕਿਉਂਕਿ ਇਸਰਾਏਲ ਵਿੱਚ ਲੇਵੀਆਂ ਦੇ ਸ਼ਹਿਰਾਂ ਵਿੱਚਲੇ ਮਕਾਨ ਸਥਾਈ ਤੌਰ ਤੇ ਲੇਵੀਆਂ ਦੇ ਹਨ। 
34 ਇਸਤੋਂ ਇਲਾਵਾ, ਲੇਵੀਆਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਵੇਚਿਆ ਨਹੀਂ ਜਾ ਸੱਕਦਾ। ਇਹ ਖੇਤ ਹਮੇਸ਼ਾ ਵਾਸਤੇ ਲੇਵੀਆਂ ਦੇ ਹਨ। 
ਗੁਲਾਮਾਂ ਦੇ ਮਾਲਕਾਂ ਲਈ ਬਿਧੀਆਂ 
35 “ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਸੱਕਦਾ ਕਿ ਉਹ ਆਪਣਾ ਹੀ ਗੁਜ਼ਾਰਾ ਨਾ ਕਰ ਸੱਕੇ। ਤੁਹਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਉਹ ਵਿਦੇਸ਼ੀ ਵਸਨੀਕ ਹੋਵੇ ਜਾਂ ਕੋਈ ਨਾਗਰਿਕ ਤਾਂ ਜੋ ਉਹ ਤੁਹਾਡੇ ਦਰਮਿਆਨ ਰਹਿਣਾ ਜਾਰੀ ਰੱਖ ਸੱਕੇ। 
36 ਉਸ ਨੂੰ ਦਿੱਤੇ ਹੋਏ ਪੈਸੇ ਤੇ ਕੋਈ ਸੂਦ ਨਾ ਵਸੂਲੋ। ਪਰ ਇਸਦੀ ਬਜਾਇ ਆਪਣੇ ਪਰਮੇਸ਼ੁਰ ਤੋਂ ਡਰੋ ਤਾਂ ਜੋ ਤੁਹਾਡਾ ਸਹ-ਦੇਸ਼ਵਾਸੀ ਤੁਹਾਡੇ ਨਾਲ ਰਹਿ ਸੱਕੇ। 
37 ਉਸ ਨੂੰ ਵੇਚੇ ਭੋਜਨ ਤੋਂ ਕੋਈ ਨਫ਼ਾ ਕਮਾਉਣ ਦੀ ਕੋਸ਼ਿਸ਼ ਨਾ ਕਰੋ। 
38 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ, ਤੁਹਾਨੂੰ ਕਨਾਨ ਦੀ ਧਰਤੀ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ। 
39 “ਹੋ ਸੱਕਦਾ ਹੈ ਕਿ ਤੁਹਾਡੇ ਆਪਣੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਤੁਹਾਨੂੰ ਆਪਣੇ-ਆਪ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ। ਤੁਹਾਨੂੰ ਉਸ ਕੋਲੋਂ ਗੁਲਾਮ ਵਰਗਾ ਕੰਮ ਨਹੀਂ ਲੈਣਾ ਚਾਹੀਦਾ। 
40 ਉਹ ਤੁਹਾਡੇ ਨਾਲ ਰਹਿੰਦੇ ਇੱਕ ਭਾੜੇ ਦੇ ਕਾਮੇ ਜਾਂ ਇੱਕ ਵਿਦੇਸ਼ੀ ਵਾਂਗ ਹੋਵੇਗਾ। ਉਹ ਜੁਬਲੀ ਵਰ੍ਹੇ ਤੀਕ ਤੁਹਾਡੇ ਸੇਵਾ ਕਰੇਗਾ। 
41 ਫ਼ੇਰ ਉਹ ਤੁਹਾਡੇ ਕੋਲੋਂ ਜਾ ਸੱਕਦਾ ਹੈ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਕੋਲ ਵਾਪਸ ਜਾ ਸੱਕਦਾ ਹੈ। ਉਹ ਆਪਣੇ ਪੁਰਖਿਆਂ ਦੀ ਜ਼ਮੀਨ ਉੱਤੇ ਵਾਪਸ ਜਾ ਸੱਕਦਾ ਹੈ। 
42 ਕਿਉਂ? ਕਿਉਂਕਿ ਉਹ ਮੇਰੇ ਸੇਵਕ ਹਨ। ਮੈਂ ਉਨ੍ਹਾਂ ਨੂੰ ਮਿਸਰ ਵਿੱਚਲੀ ਗੁਲਾਮੀ ਤੋਂ ਬਾਹਰ ਲਿਆਂਦਾ ਉਨ੍ਹਾਂ ਨੂੰ ਫ਼ੇਰ ਤੋਂ ਗੁਲਾਮ ਨਹੀਂ ਬਣਨਾ ਚਾਹੀਦਾ। 
43 ਤੁਹਾਨੂੰ ਉਸਤੇ ਕਠੋਰ ਢੰਗ ਨਾਲ ਸ਼ਾਸਨ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਡਰਨਾ ਚਾਹੀਦਾ ਹੈ। 
44 “ਤੁਹਾਡੇ ਦਾਸ ਅਤੇ ਦਾਸੀਆਂ ਬਾਰੇ; ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਆਦਮੀਆਂ ਅਤੇ ਔਰਤਾਂ ਨੂੰ ਤੁਹਾਡੇ ਗੁਲਾਮ ਹੋਣ ਲਈ ਖਰੀਦ ਸੱਕਦੇ ਹੋਂ। 
45 ਇਸਤੋਂ ਇਲਾਵਾ, ਤੁਸੀਂ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਤੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਗੁਲਾਮ ਖਰੀਦ ਸੱਕਦੇ ਹੋ, ਜੋ ਤੁਹਾਡੀ ਧਰਤੀ ਵਿੱਚ ਜਨਮੇ ਸਨ। ਉਹ ਗੁਲਾਮ ਤੁਹਾਡੀ ਜੈਦਾਦ ਬਣ ਜਾਣਗੇ। 
46 ਤੁਸੀਂ ਇਨ੍ਹਾਂ ਪਰਦੇਸੀ ਗੁਲਾਮਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੇ ਸੱਕਦੇ ਹੋ ਜੋ ਤੁਹਾਡੇ ਮਰਨ ਤੋਂ ਬਾਦ ਤੁਹਾਡੇ ਬੱਚਿਆਂ ਦੇ ਹੋ ਜਾਣਗੇ। ਉਹ ਹਮੇਸ਼ਾ ਵਾਸਤੇ ਤੁਹਾਡੇ ਗੁਲਾਮ ਰਹਿਣਗੇ। ਤੁਸੀਂ ਇਨ੍ਹਾਂ ਪਰਦੇਸੀਆਂ ਨੂੰ ਗੁਲਾਮ ਬਣਾ ਸੱਕਦੇ ਹੋ। ਪਰ ਤੁਹਾਨੂੰ ਆਪਣੇ ਭਰਾਵਾਂ, ਇਸਰਾਏਲ ਦੇ ਲੋਕਾਂ ਲਈ ਜ਼ਾਲਮ ਸੁਆਮੀ ਨਹੀਂ ਬਨਣਾ ਚਾਹੀਦਾ। 
47 “ਹੋ ਸੱਕਦਾ ਕੋਈ ਵਿਦੇਸ਼ੀ ਜੋ ਤੁਹਾਡੇ ਦਰਮਿਆਨ ਰਹਿੰਦਾ ਅਮੀਰ ਬਣ ਸੱਕਦਾ ਅਤੇ ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਬਣ ਸੱਕਦਾ ਕਿ ਉਹ ਆਪਣੇ-ਆਪ ਨੂੰ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਸਦੱਸ ਨੂੰ ਗੁਲਾਮ ਵਜੋਂ ਵੇਚ ਦੇਵੇ। 
48 ਉਸ ਬੰਦੇ ਨੂੰ ਇਹ ਅਧਿਕਾਰ ਹੋਵੇਗਾ ਕਿ ਉਸ ਨੂੰ ਵਾਪਸ ਖਰੀਦੇ ਜਾਣ ਅਤੇ ਅਜ਼ਾਦ ਹੋਣ ਦਾ ਅਧਿਕਾਰ ਹੋਵੇਗਾ। ਉਸਦਾ ਕੋਈ ਭਰਾ ਉਸ ਨੂੰ ਵਾਪਸ ਖਰੀਦ ਸੱਕਦਾ ਹੈ। 
49 ਜਾਂ ਉਸਦਾ ਚਾਚਾ ਜਾਂ ਉਸਦਾ ਚਚੇਰਾ ਭਰਾ ਉਸ ਨੂੰ ਵਾਪਸ ਖਰੀਦ ਸੱਕਦਾ ਹੈ। ਉਸ ਦੇ ਪਰਿਵਾਰ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਵਾਪਸ ਖਰੀਦ ਸੱਕਦਾ ਹੈ। ਜਾਂ ਜੇ ਉਹ ਬੰਦਾ ਲੋੜੀਂਦਾ ਪੈਸਾ ਜਮ੍ਹਾ ਕਰ ਸੱਕਦਾ ਹੈ ਤਾਂ ਉਹ ਆਪਣੇ-ਆਪ ਲਈ ਪੈਸਾ ਤਾਰ ਸੱਕਦਾ ਹੈ ਅਤੇ ਮੁੜਕੇ ਆਜ਼ਾਦ ਹੋ ਸੱਕਦਾ ਹੈ। 
50 “ਤੁਸੀਂ ਕੀਮਤ ਦਾ ਨਿਆਂ ਕਿਵੇਂ ਕਰੋਂਗੇ? ਤੁਹਾਨੂੰ ਜਦੋਂ ਤੋਂ ਉਸ ਨੇ ਆਪਣੇ-ਆਪ ਨੂੰ ਵੇਚਿਆ ਸੀ ਜੁਬਲੀ ਵਰ੍ਹੇ ਤੀਕ ਸਾਲ ਗਿਨਣੇ ਚਾਹੀਦੇ ਹਨ। ਇਸ ਗਿਣਤੀ ਦੀ ਵਰਤੋਂ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਅਸਲ ਵਿੱਚ ਉਸ ਬੰਦੇ ਨੇ ਉਸ ਨੂੰ ਕੁਝ ਸਾਲਾਂ ਲਈ ਹੀ ਭਾੜੇ ਤੇ ਰੱਖਿਆ ਸੀ। 
51 ਜੇਕਰ ਹਾਲੇ ਵੀ ਜੁਬਲੀ ਵਰ੍ਹੇ ਤੀਕ ਬਹੁਤ ਸਾਲ ਰਹਿੰਦੇ ਹਨ, ਉਸ ਨੂੰ ਲਗਭੱਗ ਉਹੀ ਕੀਮਤ ਅਦਾ ਕਰਨੀ ਚਾਹੀਦੀ ਹੈ ਜਿੰਨੀ ਉਸ ਨੂੰ ਆਪਣੇ-ਆਪ ਨੂੰ ਵੇਚਦਿਆਂ ਸਮੇਂ ਮਿਲੀ ਸੀ। 
52 ਜੇ ਜੁਬਲੀ ਵਰ੍ਹੇ ਤੱਕ ਸਿਰਫ਼ ਥੋੜੇ ਜਿਹੇ ਵਰ੍ਹੇ ਹੀ ਰਹਿੰਦੇ ਹਨ, ਤਾਂ ਉਸ ਬੰਦੇ ਨੂੰ ਮੁਢਲੀ ਕੀਮਤ ਦਾ ਥੋੜਾ ਜਿਹਾ ਹਿੱਸਾ ਹੀ ਅਦਾ ਕਰਨਾ ਚਾਹੀਦਾ ਹੈ। 
53 ਪਰ ਉਹ ਬੰਦਾ ਵਿਦੇਸ਼ੀ ਦੇ ਨਾਲ ਇੱਕ ਭਾੜੇ ਦੇ ਕਾਮੇ ਵਾਂਗ ਰਹੇਗਾ। ਉਸ ਵਿਦੇਸ਼ੀ ਨੂੰ ਇੱਕ ਜ਼ਾਲਮ ਮਾਲਕ ਨਾ ਬਨਣ ਦਿਉ। 
54 “ਉਹ ਬੰਦਾ ਅਜ਼ਾਦ ਹੋ ਜਾਵੇਗਾ, ਭਾਵੇਂ ਉਸ ਨੂੰ ਕੋਈ ਵੀ ਵਾਪਸ ਨਾ ਖਰੀਦੇ। ਜੁਬਲੀ ਵਰ੍ਹੇ ਤੇ ਉਹ ਅਤੇ ਉਸ ਦੇ ਬੱਚੇ ਆਜ਼ਾਦ ਹੋ ਜਾਣਗੇ। 
55 ਕਿਉਂਕਿ ਇਸਰਾਏਲ ਦੇ ਲੋਕ ਮੇਰੇ ਨੌਕਰ ਹਨ। ਉਹ ਮੇਰੇ ਨੌਕਰ ਹਨ ਅਤੇ ਮੈਂ ਉਨ੍ਹਾਂ ਨੂੰ ਮਿਸਰ ਚੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।