ਯਿਸੂ ਦਾ ਸ਼ੈਤਾਨ ਵੱਲੋਂ ਪਰਤਾਇਆ ਜਾਣਾ 
(ਮੱਤੀ 4:1-11; ਮਰਕੁਸ 1:12-13) 
4
1 ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋਕੇ ਯਰਦਨ ਨਦੀ ਤੋਂ ਮੁੜਿਆ ਤਾਂ ਆਤਮਾ ਉਸ ਨੂੰ ਉਜਾੜ ਵਿੱਚ ਲੈ ਗਿਆ। 
2 ਉੱਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰੱਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸ ਨੂੰ ਬੜੀ ਭੁੱਖ ਲੱਗੀ। 
3 ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਵੇ।” 
4 ਯਿਸੂ ਨੇ ਜਵਾਬ ਦਿੱਤਾ, “ਇਹ ਲਿਖਿਆ ਗਿਆ ਹੈ ਕਿ: 
‘ਇਹ ਸਿਰਫ਼ ਰੋਟੀ ਹੀ ਨਹੀਂ ਜੋ ਮਨੁੱਖ ਨੂੰ ਜਿਉਂਦਾ ਰੱਖਦੀ ਹੈ।’” ਬਿਵਸਥਾ 8:3 
5 ਫ਼ਿਰ ਸ਼ੈਤਾਨ ਉਸ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ ਅਤੇ ਇੱਕ ਪਲ ਵਿੱਚ ਦੁਨੀਆਂ ਦੀਆਂ ਤਮਾਮ ਪਾਤਸ਼ਾਹੀਆਂ ਵਿਖਾਈਆਂ। 
6 ਸ਼ੈਤਾਨ ਨੇ ਯਿਸੂ ਨੂੰ ਕਿਹਾ, “ਮੈਂ ਇਹ ਤਮਾਮ ਰਾਜਾਂ ਦਾ ਅਧਿਕਾਰ ਅਤੇ ਮਹਿਮਾ ਤੈਨੂੰ ਦਿੰਦਾ ਹਾਂ। ਕਿਉਂ ਕਿ ਇਹ ਸਭ ਮੈਨੂੰ ਦਿੱਤਾ ਗਿਆ ਹੈ। ਅਤੇ ਮੈਂ ਇਹ ਤਾਕਤ ਜਿਸ ਮਨੁੱਖ ਨੂੰ ਚਾਹਾਂ ਦੇ ਸੱਕਦਾ ਹਾਂ। 
7 ਅਤੇ ਜੇਕਰ ਤੂੰ ਮੇਰੇ ਚਰਨਾਂ ਤੇ ਡਿੱਗ ਮੇਰੀ ਉਪਾਸਨਾ ਕਰੇਂ ਮੈਂ ਇਹ ਸਭ ਰਾਜ ਤੈਨੂੰ ਦਿੰਦਾ ਹਾਂ।” 
8 ਯਿਸੂ ਨੇ ਜਵਾਬ ਦਿੱਤਾ, “ਇਹ ਪਵਿੱਤਰ ਪੋਥੀ ਵਿੱਚ ਲਿਖਿਆ ਹੈ ਕਿ: 
‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ 
ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’” ਬਿਵਸਥਾ 6:13 
9 ਤੱਦ ਸ਼ੈਤਾਨ ਉਸ ਨੂੰ ਯਰੂਸ਼ਲਮ ਵਿੱਚ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਕਰ ਦਿੱਤਾ ਅਤੇ ਆਖਿਆ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਕੁੱਦ ਜਾ। 
10 ਇਹ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੈ ਕਿ: 
‘ਪਰਮੇਸ਼ੁਰ ਤੇਰੇ ਲਈ ਆਪਣੇ ਦੂਤਾਂ ਨੂੰ 
ਧਿਆਨ ਨਾਲ ਤੇਰੀ ਰੱਖਿਆ ਕਰਨ ਦਾ ਹੁਕਮ ਦੇਵੇਗਾ।’ ਜ਼ਬੂਰ 91:11 
11 ਅਤੇ ਇਹ ਵੀ ਲਿਖਿਆ ਹੋਇਆ ਹੈ ਕਿ! 
‘ਉਹ ਤੈਨੂੰ ਆਪਣੇ ਹੱਥਾਂ ਵਿੱਚ ਬੋਚ ਲੈਣਗੇ ਤਾਂ ਜੋ 
ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ।’” ਜ਼ਬੂਰ 91:12 
12 ਯਿਸੂ ਨੇ ਜਵਾਬ ਦਿੱਤਾ, “ਪਰ ਪੋਥੀਆਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ: ‘ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।’”  
13 ਤਾਂ ਸ਼ੈਤਾਨ ਜਦੋਂ ਸਾਰਾ ਪਰਤਾਵਾ ਕਰ ਚੁੱਕਾ ਤਾਂ ਫ਼ੇਰ ਕਿਸੇ ਹੋਰ ਚੰਗੇ ਵਕਤ ਦੀ ਉਡੀਕ ਕਰਦਾ ਉਸ ਕੋਲੋਂ ਦੂਰ ਚੱਲਾ ਗਿਆ। 
ਯਿਸੂ ਦਾ ਲੋਕਾਂ ਨੂੰ ਉਪਦੇਸ਼ ਦੇਣਾ 
(ਮੱਤੀ 4:12-17; ਮਰਕੁਸ 1:14-15) 
14 ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਲੀਲ ਨੂੰ ਵਾਪਸ ਆਇਆ, ਅਤੇ ਉਸ ਇਲਾਕੇ ਦੇ ਹਰ ਪਾਸੇ ਉਸਦੀ ਕੀਰਤੀ ਫ਼ੈਲ ਗਈ। 
15 ਯਿਸੂ ਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਹਰੇਕ ਨੇ ਉਸਦੀ ਉਸਤਤਿ ਕੀਤੀ। 
ਯਿਸੂ ਦਾ ਆਪਣੇ ਨਗਰ ਵਿੱਚ ਜਾਣਾ 
(ਮੱਤੀ 13:53-58; ਮਰਕੁਸ 6:1-6) 
16 ਫ਼ਿਰ ਯਿਸੂ ਨਾਸਰਤ ਸ਼ਹਿਰ ਵਿੱਚ ਆਇਆ, ਜਿੱਥੇ ਉਹ ਵੱਡਾ ਹੋਇਆ ਸੀ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਗਿਆ, ਜਿਵੇਂ ਕਿ ਉਹ ਹਮੇਸ਼ਾ ਕਰਦਾ ਸੀ ਉਵੇ ਹੀ ਉਹ ਉਸ ਦਿਨ ਪੜ੍ਹਨ ਲਈ ਖੜ੍ਹਾ ਹੋ ਗਿਆ। 
17 ਯਸਾਯਾਹ ਨਬੀ ਦੀ ਪੋਥੀ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਇਹ ਪੋਥੀ ਖੋਲ੍ਹਕੇ ਉਹ ਸਫ਼ਾ ਕੱਢਿਆ, ਜਿੱਥੇ ਇਹ ਲਿਖਿਆ ਹੋਇਆ ਸੀ: 
18 “ਪ੍ਰਭੂ ਦਾ ਆਤਮਾ ਮੇਰੇ ਨਾਲ ਹੈ। 
ਉਸ ਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਹ ਕੀਤਾ ਹੈ। 
ਉਸ ਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨ 
ਅਤੇ ਅੰਨ੍ਹਿਆਂ ਨੂੰ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਣਗੇ 
ਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ, 
19 ਅਤੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕਰਨ ਲਈ ਕਿ ਪ੍ਰਭੂ ਦਾ ਆਪਣੀ ਮਿਹਰ ਪ੍ਰਗਟ ਕਰਨ ਦਾ ਨਿਯੁਕਤ ਸਮਾਂ ਨੇੜੇ ਆ ਗਿਆ ਹੈ।” ਯਸਾਯਾਹ 61:1-2; 58:6 
20 ਫ਼ਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਥੱਲੇ ਬੈਠ ਗਿਆ। ਪ੍ਰਾਰਥਨਾ ਸਥਾਨ ਵਿੱਚ ਹਰ ਇੱਕ ਦੀ ਨਜ਼ਰ ਉਸਤੇ ਜੰਮ ਗਈ। 
21 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਆਖਣਾ ਸ਼ੁਰੂ ਕੀਤਾ, ਅਤੇ ਕਿਹਾ, “ਜਿਹੜਾ ਅਗੰਮੀ ਵਾਕ ਹੁਣੇ ਤੁਸੀਂ ਪੋਥੀਆਂ ਵਿੱਚੋਂ ਸੁਣਿਆ ਹੈ, ਹੁਣ ਪੂਰਣ ਹੈ।” 
22 ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸ ਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸੱਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?” 
23 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਤੁਸੀਂ ਇਹ ਕਹਾਵਤ ਜ਼ਰੂਰ ਮੇਰੇ ਉੱਤੇ ਲਾਗੂ ਕਰੋਂਗੇ ਕਿ ‘ਹੇ ਵੈਦ! ਆਪਣੇ-ਆਪ ਨੂੰ ਰਾਜੀ ਕਰ।’ ਜੋ ਕੁਝ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ ‘ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇੱਥੇ ਆਪਣੇ ਨਗਰ ਵਿੱਚ ਵੀ ਕਰ!’” 
24 ਤੱਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਵੀ ਨਬੀ ਕਦੇ ਆਪਣੇ ਨਗਰ ਵਿੱਚ ਪਰਵਾਨ ਨਹੀਂ ਹੁੰਦਾ। 
25 “ਜੋ ਮੈਂ ਆਖ ਰਿਹਾ ਹਾਂ ਉਹ ਸੱਚ ਹੈ ਕਿ ਏਲੀਯਾਹ ਦੇ ਸਮੇਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ। ਇਸਰਾਏਲ ਵਿੱਚ ਅਜਿਹਾ ਕਾਲ ਪਿਆ ਕਿ, ਉਸ ਸਮੇਂ ਉੱਥੇ ਬਹੁਤ ਵਿਧਵਾਵਾਂ ਸਨ। 
26 ਪਰ ਏਲੀਯਾਹ ਨੂੰ ਉਨ੍ਹਾਂ ਵਿੱਚੋਂ ਕਿਸੇ ਵਿਧਵਾ ਕੋਲ ਨਹੀਂ ਭੇਜਿਆ ਗਿਆ। ਉਸ ਨੂੰ ਸੈਦਾ ਇਲਾਕੇ ਦੇ ਨਗਰ ਵਿੱਚ ਸਿਰਫ਼ ਸਰਿਪਥ ਦੀ ਵਿਧਵਾ ਕੋਲ ਭੇਜਿਆ ਗਿਆ ਸੀ। 
27 “ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਉਨ੍ਹਾਂ ਵਿੱਚੋਂ ਸੀਰਿਆ ਦੇਸ਼ ਦੇ ਨਾਮਨ ਤੋਂ ਬਿਨਾ ਕਿਸੇ ਵੀ ਕੋੜ੍ਹੀ ਨੂੰ ਰਾਜੀ ਨਾ ਕੀਤਾ ਗਿਆ।” 
28 ਪ੍ਰਾਰਥਨਾ ਸਥਾਨ ਵਿੱਚ ਬੈਠੇ ਤਮਾਮ ਲੋਕਾਂ ਨੇ ਇਹ ਸਭ ਗੱਲਾਂ ਸੁਣੀਆਂ ਤਾਂ ਉਹ ਬੜੇ ਗੁੱਸੇ ਵਿੱਚ ਆਏ। 
29 ਉਹ ਖੜ੍ਹੇ ਹੋਏ ਅਤੇ ਯਿਸੂ ਨੂੰ ਨਗਰੋਂ ਬਾਹਰ ਕੱਢਿਆ। ਉਨ੍ਹਾਂ ਨੇ ਉਸਦਾ ਪਹਾੜੀ ਦੀ ਟਿਸੀ ਤੱਕ, ਜਿੱਥੇ ਉਨ੍ਹਾਂ ਦਾ ਨਗਰ ਉਸਾਰਿਆ ਸੀ, ਪਿੱਛਾ ਕੀਤਾ ਤਾਂ ਜੋ ਉਹ ਉਸ ਨੂੰ ਖੜ੍ਹੀ ਚੱਟਾਨ ਤੋਂ ਹੇਠਾਂ ਸੁੱਟ ਸੱਕਣ। 
30 ਪਰ ਯਿਸੂ ਉਨ੍ਹਾਂ ਵਿੱਚੋਂ ਦੀ ਲੰਘਕੇ ਆਪਣੇ ਰਾਹ ਚੱਲਿਆ ਗਿਆ। 
ਯਿਸੂ ਦਾ ਇੱਕ ਮਨੁੱਖ ਨੂੰ ਠੀਕ ਕਰਨਾ ਜਿਸ ਅੰਦਰ ਪ੍ਰੇਤ ਆਤਮਾ ਸੀ 
(ਮਰਕੁਸ 1:21-28) 
31 ਜਦੋਂ ਉਹ ਗਲੀਲ ਦੇ ਕਫ਼ਰਨਾਹੂਮ ਵਿੱਚ ਪਹੁੰਚਿਆ ਤਾਂ ਉਸ ਨੇ ਸਬਤ ਦੇ ਦਿਨ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। 
32 ਲੋਕ ਉਸ ਦੇ ਉਪਦੇਸ਼ ਤੇ ਹੈਰਾਨ ਹੋ ਗਏ ਕਿਉਂਕਿ ਉਹ ਅਧਿਕਾਰ ਨਾਲ ਬੋਲਿਆ। 
33 ਪ੍ਰਾਰਥਨਾ ਸਥਾਨ ਤੇ ਇੱਕ ਮਨੁੱਖ ਸੀ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਹ ਆਦਮੀ ਉੱਚੀ ਅਵਾਜ਼ ਵਿੱਚ ਚੀਕਿਆ, 
34 “ਹੇ ਨਾਸਰਤ ਦੇ ਯਿਸੂ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਇੱਥੇ ਸਾਨੂੰ ਤਬਾਹ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਕਿ ਤੂੰ ਕੌਣ ਹੈਂ ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰੱਖ ਹੈਂ।” 
35 ਪਰ ਯਿਸੂ ਨੇ ਉਸ ਨੂੰ ਰੋਕਕੇ ਤਾੜਨਾ ਕੀਤੀ ਅਤੇ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ।” ਭਰਿਸ਼ਟ ਆਤਮਾ ਨੇ ਸਾਰੇ ਲੋਕਾਂ ਦੇ ਸਾਹਮਣੇ ਉਸ ਮਨੁੱਖ ਨੂੰ ਠਾਹ ਜ਼ਮੀਨ ਤੇ ਪਟਕਿਆ ਅਤੇ ਫ਼ੇਰ ਭਰਿਸ਼ਟ ਆਤਮਾ ਬਿਨਾ ਉਸ ਆਦਮੀ ਨੂੰ ਸੱਟ ਪਹੁੰਚਾਏ ਉਸ ਵਿੱਚੋਂ ਨਿਕਲ ਗਿਆ। 
36 ਲੋਕ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਉਪਦੇਸ਼ ਹਨ? ਕਿ ਉਹ ਭਰਿਸ਼ਟ ਆਤਮਿਆਂ ਨੂੰ ਸ਼ਕਤੀ ਅਤੇ ਅਧਿਕਾਰ ਨਾਲ ਹੁਕਮ ਦਿੰਦਾ ਹੈ ਅਤੇ ਉਹ ਬਾਹਰ ਆ ਜਾਂਦੇ ਹਨ।” 
37 ਉਸ ਖੇਤ੍ਰ ਦੇ ਸਾਰੇ ਭਾਗਾਂ ਵਿੱਚ ਯਿਸੂ ਬਾਰੇ ਖਬਰ ਫ਼ੈਲਣੀ ਸ਼ੁਰੂ ਹੋ ਗਿਆ। 
ਯਿਸੂ ਦਾ ਪਤਰਸ ਦੀ ਮਾਤਾ ਨੂੰ ਰਾਜੀ ਕਰਨਾ 
(ਮੱਤੀ 8:14-17; ਮਰਕੁਸ 1:29-34) 
38 ਫ਼ਿਰ ਉਹ ਪ੍ਰਾਰਥਨਾ ਸਥਾਨ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਬੜੀ ਬਿਮਾਰ ਸੀ, ਉਸ ਨੂੰ ਬੜਾ ਤੇਜ ਬੁਖਾਰ ਸੀ। ਉਨ੍ਹਾਂ ਨੇ ਯਿਸੂ ਨੂੰ ਉਸਦੀ ਮਦਦ ਕਰਨ ਲਈ ਕਿਹਾ। 
39 ਯਿਸੂ ਨੇ ਉਸ ਦੇ ਬਿਸਤਰੇ ਦੇ ਨਜ਼ਦੀਕ ਖੜ੍ਹਾ ਹੋਕੇ ਬੁਖਾਰ ਨੂੰ ਝਿੜਕਿਆ। ਬੁਖਾਰ ਨੇ ਉਸ ਨੂੰ ਛੱਡ ਦਿੱਤਾ। ਉਹ ਤੁਰੰਤ ਹੀ ਖੜ੍ਹੀ ਹੋ ਗਈ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗ ਪਈ। 
ਯਿਸੂ ਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਰਾਜੀ ਕਰਨਾ 
40 ਸੂਰਜ ਡੁੱਬਣ ਦੇ ਸਮੇਂ ਜਿਨ੍ਹਾਂ ਦੇ ਘਰ ਬਿਮਾਰ ਲੋਕ, ਭਿੰਨ-ਭਿੰਨ ਬਿਮਾਰੀਆਂ ਤੋਂ ਪੀੜਿਤ ਸਨ, ਉਨ੍ਹਾਂ ਨੂੰ ਉਹ ਯਿਸੂ ਕੋਲ ਲਿਆਏ। ਯਿਸੂ ਨੇ ਹਰ ਇੱਕ ਉੱਪਰ ਆਪਣਾ ਹੱਥ ਰੱਖਕੇ ਉਨ੍ਹਾਂ ਨੂੰ ਨਿਰੋਗ ਕਰ ਦਿੱਤਾ। 
41 ਕਈ ਲੋਕਾਂ ਵਿੱਚੋਂ ਭੂਤ ਰੌਲਾ ਪਾਉਂਦੇ ਹੋਏ ਬਾਹਰ ਨਿਕਲੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ” ਪਰ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਜਾਣਦੇ ਸਨ ਕਿ ਉਹ ਹੀ ਮਸੀਹ ਸੀ। 
ਯਿਸੂ ਦਾ ਹੋਰ ਸ਼ਹਿਰਾਂ ਵਿੱਚ ਜਾਣਾ 
(ਮਰਕੁਸ 1:35-39) 
42 ਜਿਵੇਂ ਦਿਨ ਸ਼ੁਰੂ ਹੋਇਆ, ਯਿਸੂ ਉਹ ਥਾਂ ਛੱਡ ਕੇ ਇੱਕ ਇੱਕਾਂਤ ਥਾਂ ਤੇ ਚੱਲਾ ਗਿਆ ਪਰ ਭੀੜ ਉਸਦੀ ਭਾਲ ਵਿੱਚ ਗਈ ਅਤੇ ਆਖਿਰ ਰਾਤ ਵੇਲੇ ਉਸ ਜਗ੍ਹਾ ਪਹੁੰਚ ਗਈ, ਜਿੱਥੇ ਉਹ ਸੀ। ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਥੋਂ ਨਾ ਜਾਵੇ। 
43 ਪਰ ਉਸ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਹੋਰ ਨਗਰਾਂ ਵਿੱਚ ਵੀ ਜਾਣਾ ਹੈ। ਕਿਉਂਕਿ ਮੈਂ ਇਸੇ ਉਦੇਸ਼ ਲਈ ਭੇਜਿਆ ਗਿਆ ਹਾਂ।” 
44 ਇਸ ਤਰ੍ਹਾਂ ਯਿਸੂ ਨੇ ਯਹੂਦਿਯਾ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਜਾਰੀ ਰੱਖਿਆ।