ਜ਼ੱਕੀ 
19
1 ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। 
2 ਯਰੀਹੋ ਵਿੱਚ ਜ਼ੱਕੀ ਨਾਂ ਦਾ ਇੱਕ ਆਦਮੀ ਸੀ, ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। 
3 ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ? ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਕਿ ਉਸ ਨੂੰ ਵੇਖਣਾ ਚਾਹੁੰਦੇ ਸਨ। ਕਿਉਂਕਿ ਜ਼ੱਕੀ ਮਧਰਾ ਸੀ, ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸੱਕਿਆ। 
4 ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫ਼ਿਰ ਉਹ ਉਸ ਨੂੰ ਵੇਖਣ ਲਈ ਗੁੱਲਰ ਦੇ ਰੁੱਖ ਤੇ ਚੜ੍ਹ੍ਹ ਗਿਆ। 
5 ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਅਤੇ ਜ਼ੱਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸ ਨੂੰ ਆਖਿਆ, “ਜ਼ੱਕੀ, ਜਲਦੀ ਹੇਠਾਂ ਉੱਤਰ ਆ! ਅੱਜ ਮੈਂ ਤੇਰੇ ਘਰ ਰੁਕਣਾ ਹੈ।” 
6 ਜ਼ੱਕੀ ਫ਼ਟਾਫ਼ਟ ਹੇਠਾਂ ਉੱਤਰਿਆ ਅਤੇ ਉਸ ਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। 
7 ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, “ਵੇਖੋ! ਯਿਸੂ ਇੱਕ ਪਾਪੀ ਦੇ ਘਰ ਠਹਿਰਣ ਗਿਆ ਹੈ।” 
8 ਪਰ ਜ਼ੱਕੀ ਉੱਪਰ ਉੱਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।” 
9 ਯਿਸੂ ਨੇ ਕਿਹਾ, “ਅੱਜ, ਇਸ ਖਾਨਦਾਨ ਲਈ ਮੁਕਤੀ ਆਈ ਹੈ। ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। 
10 ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।” 
ਪਰਮੇਸ਼ੁਰ ਤੁਹਾਨੂੰ ਜੋ ਦੇਵੇ ਸੋ ਵਰਤੋ 
(ਮੱਤੀ 25:14-30) 
11 ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ। 
12 ਯਿਸੂ ਜਾਣਦਾ ਸੀ ਕਿ ਲੋਕ ਇੰਝ ਸੋਚ ਰਹੇ ਹਨ ਤਾਂ ਇਸ ਆਧਾਰ ਤੇ ਉਸ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਜ਼ਾਦਾ ਕਿਸੇ ਦੂਰ ਦੇਸ਼ ਜਾਣ ਲਈ ਤਿਆਰ ਹੋ ਰਿਹਾ ਸੀ, ਜਿੱਥੇ ਉਸ ਨੂੰ ਰਾਜਾ ਬਣਾ ਦਿੱਤਾ ਜਾਣਾ ਸੀ ਅਤੇ ਫ਼ੇਰ ਉਸ ਨੇ ਆਪਣੇ ਦੇਸ਼ ਵਾਪਸ ਆਉਣਾ ਸੀ। 
13 ਇਸ ਲਈ ਉਸ ਨੇ ਆਪਣੇ ਦਸ ਨੋਕਰਾਂ ਨੂੰ ਇਕੱਠਿਆਂ ਕੀਤਾ। ਉਸ ਨੇ ਹਰ ਇੱਕ ਨੂੰ ਦੌਲਤ ਦਾ ਇੱਕ ਥੈਲਾ ਦਿੱਤਾ। ਅਤੇ ਉਨ੍ਹਾਂ ਨੂੰ ਕਿਹਾ, ‘ਜਦ ਤੱਕ ਮੈਂ ਵਾਪਸ ਮੁੜਾਂ ਤੁਸੀਂ ਇਸ ਧਨ ਨਾਲ ਵਪਾਰ ਕਰਨਾ।’ 
14 ਪਰ ਉਸ ਦੇ ਰਾਜ ਵਿੱਚ ਲੋਕਾਂ ਨੇ ਉਸ ਨੂੰ ਨਫ਼ਰਤ ਕੀਤੀ। ਇਸ ਲਈ ਲੋਕਾਂ ਨੇ ਕਾਸਦਾਂ ਦਾ ਇੱਕ ਗੁਟ ਉਸ ਆਦਮੀ ਦੇ ਮਗਰ ਦੂਜੇ ਦੇਸ਼ ਭੇਜਿਆ। ਦੂਜੇ ਦੇਸ਼ ਵਿੱਚ ਜਾਕੇ ਕਾਸਦਾਂ ਦੇ ਹੱਥ ਸੁਨੇਹਾ ਭੇਜਿਆ, ‘ਅਸੀਂ ਉਸ ਨੂੰ ਆਪਣਾ ਰਾਜਾ ਬਨਾਉਣਾ ਨਹੀਂ ਚਾਹੁੰਦੇ।’ 
15 “ਪਰ ਉਹ ਆਦਮੀ ਰਾਜਾ ਬਣ ਗਿਆ। ਜਦੋਂ ਉਹ ਮੁੜ ਆਇਆ, ਉਸ ਨੇ ਆਖਿਆ, ‘ਉਨ੍ਹਾਂ ਨੋਕਰਾਂ ਨੂੰ ਸੱਦੋ ਜਿਨ੍ਹਾਂ ਨੂੰ ਮੈਂ ਧਨ ਦਿੱਤਾ ਸੀ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਧਨ ਨਾਲ ਉਨ੍ਹਾਂ ਨੇ ਕਿੰਨਾ ਨਫ਼ਾ ਕਮਾਇਆ ਹੈ।’ 
16 ਪਹਿਲਾ ਨੋਕਰ ਆਇਆ ਤੇ ਆਖਿਆ, ‘ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸ ਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ।’ 
17 ਬਾਦਸ਼ਾਹ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’ 
18 “ਦੂਜੇ ਨੇ ਆਖਿਆ, ‘ਮਾਲਕ! ਮੈਂ ਤੁਹਾਡੇ ਇੱਕ ਧਨ ਦੇ ਥੈਲੇ ਨਾਲ ਪੰਜ ਗੁਣਾ ਧਨ ਕਮਾਇਆ ਹੈ।’ 
19 ਬਾਦਸ਼ਾਹ ਨੇ ਉਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’ 
20 “ਤਦ ਇੱਕ ਹੋਰ ਨੋਕਰ ਅੰਦਰ ਆਇਆ ਅਤੇ ਉਸ ਨੇ ਆਣਕੇ ਕਿਹਾ, ‘ਸੁਆਮੀ, ਇਹ ਰਿਹਾ ਤੁਹਾਡਾ ਧਨ ਵਾਲਾ ਥੈਲਾ। ਮੈਂ ਇਸ ਨੂੰ ਵੱਡੇ ਕੱਪੜੇ ਵਿੱਚ ਲਪੇਟ ਕੇ ਲੁਕਾ ਦਿੱਤਾ ਸੀ। 
21 ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਸਖਤ ਤਬੀਅਤ ਦੇ ਆਦਮੀ ਹੋ। ਤੁਸੀਂ ਉਹ ਧਨ ਲੈਂਦੇ ਹੋ ਜੋ ਤੁਸੀਂ ਕਮਾਇਆ ਨਹੀਂ ਸੀ ਅਤੇ ਜੋ ਬੀਜਿਆ ਨਹੀਂ ਸੀ ਸੋ ਵਢਦੇ ਹੋ।’ 
22 “ਤਦ ਰਾਜੇ ਨੇ ਨੋਕਰ ਨੂੰ ਆਖਿਆ, ‘ਓ ਦੁਸ਼ਟ ਨੋਕਰ! ਮੈਂ ਤੇਰੇ ਆਪਣੇ ਹੀ ਸ਼ਬਦਾਂ ਨਾਲ ਤੇਰੀ ਨਿਖੇਧੀ ਕਰਾਂਗਾ, ਤੂੰ ਆਖਿਆ ਹੈ ਕਿ ਮੈਂ ਸਖਤ ਦਿਲ ਆਦਮੀ ਹਾਂ ਅਤੇ ਮੈਂ ਉਹ ਧਨ ਲੈਂਦਾ ਹਾਂ ਜੋ ਮੈਂ ਕਮਾਇਆ ਨਹੀਂ ਅਤੇ ਉਹ ਅੰਨ ਲੈ ਲੈਂਦਾ ਹਾਂ ਜੋ ਮੈਂ ਬੀਜਿਆ ਨਹੀਂ। 
23 ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹੱਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।’ 
24 ਤੱਦ ਜਿਹੜੇ ਆਦਮੀ ਖੜ੍ਹੇ ਇਹ ਸਭ ਵੇਖ ਰਹੇ ਸਨ ਉਸ ਨੇ ਉਨ੍ਹਾਂ ਨੂੰ ਕਿਹਾ, ‘ਧਨ ਦਾ ਇਹ ਝੋਲਾ ਇਸ ਨੋਕਰ ਤੋਂ ਲੈ ਲਵੋ ਅਤੇ ਉਸ ਨੋਕਰ ਨੂੰ ਦੇ ਦੇਵੋ ਜਿਸਨੇ ਧਨ ਦੇ ਦਸ ਝੋਲੇ ਕਮਾਏ ਹਨ।’ 
25 “ਉਨ੍ਹਾਂ ਮਨੁੱਖਾਂ ਨੇ ਰਾਜੇ ਨੂੰ ਕਿਹਾ, ‘ਪਰ ਸੁਆਮੀ! ਉਸ ਆਦਮੀ ਕੋਲ ਤਾਂ ਪਹਿਲਾਂ ਹੀ ਧਨ ਦੇ ਦਸ ਝੋਲੇ ਹਨ।’ 
26 “ਫ਼ੇਰ ਰਾਜੇ ਨੇ ਆਖਿਆ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਉਸ ਨੂੰ ਜਿਸ ਕੋਲ ਹੈ, ਜ਼ਿਆਦਾ ਦਿੱਤਾ ਜਾਵੇਗਾ, ਪਰ ਹਰ ਕੋਈ ਜਿਸ ਕੋਲ ਨਹੀਂ ਹੈ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 
27 ਹੁਣ ਕਿੱਥੇ ਹਨ ਮੇਰੇ ਵੈਰੀ? ਕਿੱਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇੱਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’” 
ਯਿਸੂ ਦਾ ਯਰੂਸ਼ਲਮ ਵਿੱਚ ਪ੍ਰਵੇਸ਼ 
(ਮੱਤੀ 21:1-11; ਮਰਕੁਸ 11:1-11; ਯੂਹੰਨਾ 12:12-19) 
28 ਇਹ ਸਭ ਗੱਲਾਂ ਆਖਣ ਤੋਂ ਬਾਦ ਯਿਸੂ ਯਰੂਸ਼ਲਮ ਵੱਲ ਨੂੰ ਗਿਆ। 
29 ਜਦ ਉਹ ਬੈਤਫਗਾ ਅਤੇ ਬੈਤਅਨੀਆ ਪਹੁੰਚਿਆ, ਜੋ ਕਿ ਜ਼ੈਤੂਨ ਦੇ ਪਹਾੜ ਤੇ ਹੈ, ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 
30 “ਉਹ ਸ਼ਹਿਰ, ਜੋ ਤੁਹਾਨੂੰ ਇੱਥੋਂ ਨਜ਼ਰ ਆ ਰਿਹਾ ਹੈ, ਉੱਥੇ ਜਾਵੋ। ਜਦੋਂ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰੋ, ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਲੱਭੇਗਾ ਹਾਲੇ ਤੱਕ ਇਸ ਉੱਤੇ ਕਿਸੇ ਨੇ ਵੀ ਸਵਾਰੀ ਨਹੀਂ ਕੀਤੀ। ਤੁਸੀਂ ਉਸ ਨੂੰ ਖੋਲ੍ਹਕੇ ਮੇਰੇ ਕੋਲ ਲੈ ਆਵੋ। 
31 ਜੇਕਰ ਤੁਹਾਨੂੰ ਕੋਈ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਲਿਜਾ ਰਹੇ ਹੋ?’ ਉਸ ਨੂੰ ਆਖੋ, ‘ਸੁਆਮੀ ਨੂੰ ਇਸਦੀ ਲੋੜ ਹੈ।’” 
32 “ਦੋਨੋ ਚੇਲੇ ਸ਼ਹਿਰ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਥੇ ਇੱਕ ਗਧਾ ਬੰਨ੍ਹਿਆ ਹੋਇਆ ਵੇਖਿਆ ਜਿਵੇਂ ਯਿਸੂ ਨੇ ਦੱਸਿਆ ਸੀ। 
33 ਜਿਵੇਂ ਹੀ ਉਹ ਇਸ ਨੂੰ ਖੋਲ੍ਹ ਰਹੇ ਸਨ, ਮਾਲਕ ਬਾਹਰ ਆਏ ਅਤੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਸਾਡੇ ਗਧੇ ਨੂੰ ਕਿਉਂ ਖੋਲ੍ਹ ਰਹੇ ਹੋ?” 
34 ਚੇਲਿਆਂ ਨੇ ਜਵਾਬ ਦਿੱਤਾ, “ਸੁਆਮੀ ਨੂੰ ਇਸਦੀ ਲੋੜ ਹੈ।” 
35 ਤਾਂ ਉਹ ਚੇਲੇ ਉਸ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਵਸਤਰ ਗਧੇ ਦੇ ਉੱਪਰ ਵਿਛਾਏ ਅਤੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 
36 ਜਿਓ ਹੀ ਯਿਸੂ ਸਵਾਰੀ ਕਰਦਾ ਅੱਗੇ ਵੱਧਿਆ, ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਖਿਲਾਰ ਦਿੱਤੇ। 
37 ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਚੇਲਿਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। 
38 ਉਨ੍ਹਾਂ ਨੇ ਆਖਿਆ, 
“‘ਧੰਨ ਹੈ! ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ।’ ਜ਼ਬੂਰ 118:26 
ਸੁਰਗ ਵਿੱਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਨੂੰ ਮਹਿਮਾ।” 
39 ਭੀੜ ਵਿੱਚੋਂ ਕੁਝ ਫਰੀਸੀਆਂ ਨੇ ਯਿਸੂ ਨੂੰ ਆਖਿਆ, “ਸੁਆਮੀ! ਆਪਣੇ ਚੇਲਿਆਂ ਨੂੰ ਆਖੋ ਕਿ ਇੰਝ ਕਹਿਣ ਤੋਂ ਬਾਜ ਆਉਣ!” 
40 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਚੇਲੇ ਚੁੱਪ ਕਰ ਜਾਣਗੇ ਤਾਂ ਇਹ ਪੱਥਰ ਅਜਿਹਾ ਬੋਲ ਉੱਠਣਗੇ।” 
ਯਿਸੂ ਦੀ ਯਰੂਸ਼ਲਮ ਲਈ ਪੁਕਾਰ 
41 ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ। 
42 ਉਸ ਨੇ ਯਰੂਸ਼ਲਮ ਨੂੰ ਆਖਿਆ, “ਕਾਸ਼ ਕਿ ਤੂੰ ਅੱਜ ਇਹ ਜਾਣਦਾ ਕਿ ਤੇਰੇ ਲਈ ਕਿਹੜੀਆਂ ਗੱਲਾਂ ਸ਼ਾਂਤੀ ਲਿਆਉਣਗੀਆਂ। ਪਰ ਤੂੰ ਇਸ ਨੂੰ ਨਹੀਂ ਜਾਣ ਸੱਕਦਾ ਕਿਉਂਕਿ ਇਹ ਤੈਥੋਂ ਲੁਕੀਆਂ ਹੋਈਆਂ ਹਨ। 
43 ਇੱਕ ਸਮਾਂ ਆਵੇਗਾ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਸਾਰੇ ਪਾਸਿਓ ਘੇਰਾ ਪਾ ਲੈਣਗੇ ਅਤੇ ਦਬਾਉ ਪਾਉਣਗੇ। 
44 ਉਹ ਤੈਨੂੰ ਅਤੇ ਤੇਰੇ ਲੋਕਾਂ ਨੂੰ ਨਸ਼ਟ ਕਰ ਦੇਣਗੇ। ਉਹ ਇੱਕ ਪੱਥਰ ਨੂੰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹਿਣ ਦੇਣਗੇ। ਇਹ ਸਭ ਇਸ ਲਈ ਵਾਪਰੇਗਾ ਕਿਉਂਕਿ ਜਦੋਂ ਪਰਮੇਸ਼ੁਰ ਤੈਨੂੰ ਬਚਾਉਣ ਲਈ ਆਇਆ ਤੂੰ ਉਸ ਨੂੰ ਮਹਿਸੂਸ ਨਾ ਕੀਤਾ।” 
ਯਿਸੂ ਦਾ ਮੰਦਰ ਵਿੱਚ ਜਾਣਾ 
(ਮੱਤੀ 21:12-17; ਮਰਕੁਸ 11:15-19; ਯੂਹੰਨਾ 2:13-22) 
45 ਯਿਸੂ ਮੰਦਰ ਦੇ ਖੇਤਰ ਵਿੱਚ ਗਿਆ। ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ, ਜੋ ਅੰਦਰ ਚੀਜ਼ਾਂ ਵੇਚ ਰਹੇ ਸਨ। 
46 ਯਿਸੂ ਨੇ ਕਿਹਾ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਇੱਕ ਪ੍ਰਾਰਥਨਾ ਦਾ ਘਰ ਹੋਵੇਗਾ’, ਪਰ ਤੁਸੀਂ ਇਸ ਨੂੰ, ‘ਡਾਕੂਆਂ ਦੇ ਲੁਕਣ ਦੀ ਜਗ੍ਹਾ’ ਵਿੱਚ ਬਦਲ ਦਿੱਤਾ ਹੈ।” 
47 ਯਿਸੂ ਨੇ ਹਰ ਰੋਜ਼ ਮੰਦਰ ਵਿੱਚ ਉਪਦੇਸ਼ ਦਿੱਤੇ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਕੁਝ ਲੋਕ ਤੇ ਆਗੂ ਯਿਸੂ ਨੂੰ ਮਾਰਨ ਦਾ ਮੌਕਾ ਤਾੜ ਰਹੇ ਸਨ। 
48 ਪਰ ਉਹ ਉਸ ਨੂੰ ਮਾਰਨ ਦਾ ਰਾਹ ਨਾ ਲੱਭ ਸੱਕੇ ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਯਿਸੂ ਦੇ ਉਪਦੇਸ਼ਾਂ ਨੂੰ ਸੁਣ ਰਹੇ ਸਨ।