51
1 ਯਹੋਵਾਹ ਆਖਦਾ ਹੈ, 
“ਮੈਂ ਇੱਕ ਤਾਕਤਵਰ ਹਵਾ ਨੂੰ ਵਗਣ ਦਾ ਹੁਕਮ ਦੇਵਾਂਗਾ। 
ਮੈਂ ਇਸ ਨੂੰ ਬਾਬਲ ਦੇ ਖਿਲਾਫ਼ ਅਤੇ ਲੇਬ ਕਾਮਾਈ ਦੇ ਆਗੂਆਂ ਦੇ ਖਿਲਾਫ਼ ਵਗਾਵਾਂਗਾ। 
2 ਮੈਂ ਲੋਕਾਂ ਨੂੰ ਬਾਬਲ ਨੂੰ ਫ਼ੜਨ ਲਈ ਭੇਜਾਂਗਾ। 
ਉਹ ਬਾਬਲ ਨੂੰ ਫ਼ੜਨਗੇ। 
ਉਹ ਬਾਬਲ ਦੀ ਹਰ ਸ਼ੈਅ ਖੋਹ ਲੈਣਗੇ। 
ਫ਼ੌਜਾਂ ਸ਼ਹਿਰ ਦਾ ਘੇਰਾ ਪਾ ਲੈਣਗੀਆਂ ਅਤੇ ਫ਼ੇਰ ਭਿਆਨਕ ਤਬਾਹੀ ਹੋਵੇਗੀ। 
3 ਬਾਬਲ ਦੇ ਫ਼ੌਜੀ ਆਪਣੇ ਤੀਰ-ਕਮਾਨਾਂ ਦਾ ਇਸਤੇਮਾਲ ਨਹੀਂ ਕਰਨਗੇ। 
ਉਹ ਫ਼ੌਜੀ, ਆਪਣਾ ਜ਼ਰਾਬਕਤਰ ਵੀ ਨਹੀਂ ਪਾਉਣਗੇ। 
ਬਾਬਲ ਦੇ ਗੱਭਰੂਆਂ ਬਾਰੇ ਗ਼ਮ ਨਾ ਕਰੋ। 
ਉਸਦੀ ਫ਼ੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ। 
4 ਬਾਬਲ ਦੇ ਫ਼ੌਜੀ ਕਸਦੀਆਂ ਦੀ ਧਰਤੀ ਉੱਤੇ ਮਾਰੇ ਜਾਣਗੇ। 
ਉਹ ਬਾਬਲ ਦੀਆਂ ਗਲੀਆਂ ਅੰਦਰ ਬੁਰੀ ਤਰ੍ਹਾਂ ਜ਼ਖਮੀ ਹੋਣਗੇ।” 
5 ਸਰਬ-ਸ਼ਕਤੀਮਾਨ ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਇੱਕਲਿਆਂ ਨਹੀਂ ਛੱਡਿਆ ਜਿਵੇਂ ਕੋਈ ਵਿਧਵਾ ਔਰਤ ਹੁੰਦੀ ਹੈ। 
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਛੱਡਿਆ। ਨਹੀਂ! 
ਉਹ ਲੋਕ ਇਸਰਾਏਲ ਦੇ ਪਵਿੱਤਰ ਪੁਰੱਖ ਨੂੰ ਛੱਡਣ ਦੇ ਦੋਸ਼ੀ ਨੇ। 
ਉਨ੍ਹਾਂ ਉਸ ਨੂੰ ਛੱਡ ਦਿੱਤਾ ਸੀ ਪਰ ਉਸ ਨੇ ਉਨ੍ਹਾਂ ਨੂੰ ਨਹੀਂ ਛੱਡਿਆ। 
6 ਬਾਬਲ ਤੋਂ ਭੱਜ ਜਾਵੋ। 
ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! 
ਇੱਥੇ ਠਹਿਰ ਕੇ ਬਾਬਲ ਦੇ ਪਾਪਾਂ ਕਾਰਣ ਨਾ ਮਾਰੇ ਜਾਓ! 
ਯਹੋਵਾਹ ਦਾ ਬਾਬਲ ਦੇ ਲੋਕਾਂ ਨੂੰ, ਉਨ੍ਹਾਂ ਦੇ ਮੰਦੇ ਕੰਮਾਂ ਲਈ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। 
ਬਾਬਲ ਨੂੰ ਸਜ਼ਾ ਮਿਲੇਗੀ ਜਿਸਦਾ ਉਹ ਅਧਿਕਾਰੀ ਹੈ। 
7 ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲੇ ਵਾਂਗ ਸੀ 
ਅਤੇ ਉਸ ਨੇ ਸਾਰੀ ਦੁਨੀਆਂ ਨੂੰ ਸ਼ਰਾਬੀ ਬਣਾਇਆ ਸੀ। 
ਬਾਬਲ ਦੀ ਕੌਮ ਨੇ ਮੈਅ ਪੀਤੀ। 
ਇਸ ਲਈ ਉਹ ਬਦਮਸਤ ਹੋ ਗਏ। 
8 ਪਰ ਬਾਬਲ ਅਚਾਨਕ ਡਿੱਗ ਪਵੇਗਾ ਅਤੇ ਟੁੱਟ ਜਾਵੇਗਾ। 
ਉਸ ਲਈ ਰੋਵੋ! 
ਉਸ ਦੇ ਦਰਦ ਦੀ ਦਾਰੂ ਕਰੋ! 
ਸ਼ਾਇਦ ਉਹ ਠੀਕ ਹੋ ਸੱਕੇ! 
9 ਅਸੀਂ ਬਾਬਲ ਨੂੰ ਠੀਕ ਕਰਨਾ ਚਾਹਿਆ, 
ਪਰ ਉਹ ਠੀਕ ਨਹੀਂ ਹੋਇਆ। 
ਇਸ ਲਈ ਉਸ ਨੂੰ ਛੱਡ ਦੇਈਏ, 
ਅਤੇ ਸਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਦੇਸ਼ ਨੂੰ ਜਾਵੇ। 
ਅਕਾਸ਼ ਦਾ ਪਰਮੇਸ਼ੁਰ ਹੀ ਬਾਬਲ ਦੀ ਸਜ਼ਾ ਬਾਰੇ ਨਿਆਂ ਕਰੇਗਾ। 
ਉਹੀ ਨਿਆਂ ਕਰੇਗਾ, ਕਿ ਬਾਬਲ ਨਾਲ ਕੀ ਵਾਪਰੇਗਾ। 
10 ਯਹੋਵਾਹ ਨੇ ਆਪਣਾ ਬਦਲਾ ਲੈ ਲਿਆ ਹੈ ਜੋ ਬਾਬਲ ਨੇ ਸਾਡੇ ਨਾਲ ਕੀਤਾ। 
ਆਓ, ਇਸ ਬਾਰੇ ਸੀਯੋਨ ਨੂੰ ਦੱਸੀਏ। 
ਆਓ ਉਨ੍ਹਾਂ ਗੱਲਾਂ ਬਾਰੇ ਦੱਸੀਏ, ਜਿਹੜੀਆਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਕੀਤੀਆਂ ਨੇ। 
11 ਆਪਣੇ ਤੀਰਾਂ ਨੂੰ ਤਿੱਖੇ ਕਰੋ, 
ਅਤੇ ਆਪਣੇ ਤਸ਼ਕਰਾਂ ਨੂੰ ਭਰ ਲਵੋ! 
ਯਹੋਵਾਹ ਨੇ ਮਾਦੀ ਦੇ ਰਾਜਿਆਂ ਨੂੰ ਹਲੂਣਾ ਦੇ ਦਿੱਤਾ ਹੈ। 
ਉਸ ਨੇ ਉਨ੍ਹ ਨੂੰ ਹਲੂਣਾ ਦੇ ਦਿੱਤਾ ਹੈ 
ਕਿਉਂ ਕਿ ਉਹ ਬਾਬਲ ਨੂੰ ਤਬਾਹ ਕਰਨਾ ਲੋਚਦਾ ਹੈ। 
ਯਹੋਵਾਹ ਬਾਬਲ ਦੇ ਲੋਕਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। 
ਬਾਬਲ ਦੀ ਫ਼ੌਜ ਨੇ ਯਰੂਸ਼ਲਮ ਅੰਦਰ ਯਹੋਵਾਹ ਦਾ ਮੰਦਰ ਤਬਾਹ ਕੀਤਾ ਸੀ। 
ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। 
12 ਬਾਬਲ ਦੀਆਂ ਕੰਧਾਂ ਦੇ ਖਿਲਾਫ਼ ਝੰਡਾ ਚੁੱਕੋ। 
ਹੋਰ ਗਾਰਦ ਲਿਆਵੋ। 
ਪਹਿਰੇਦਾਰਾਂ ਨੂੰ ਉਨ੍ਹ ਦੀਆਂ ਥਾਵਾਂ ਉੱਤੇ ਤੈਨਾਤ ਕਰ ਦਿਓ। 
ਗੁਪਤ ਹਮਲੇ ਲਈ ਤਿਆਰ ਹੋ ਜਾਵੋ। 
ਯਹੋਵਾਹ ਓਹੀ ਕਰੇਗਾ, ਜਿਸ ਦੀ ਉਸ ਨੇ ਵਿਉਂਤ ਬਣਾਈ ਹੈ। 
ਉਹ ਉਹੀ ਕਰੇਗਾ, ਜੋ ਉਸ ਨੇ ਆਖਿਆ ਸੀ ਕਿ ਉਹ ਬਾਬਲ ਦੇ ਲੋਕਾਂ ਵਿਰੁੱਧ ਕਰੇਗਾ। 
13 ਬਾਬਲ, ਤੂੰ ਅਬਾਹ ਪਾਣੀ ਨੇੜੇ ਰਹਿੰਦਾ ਹੈਂ। 
ਤੂੰ ਖਜ਼ਾਨਿਆਂ ਨਾਲ ਅਮੀਰ ਹੈਂ। 
ਪਰ ਇੱਕ ਕੌਮ ਵਜੋਂ ਤੇਰਾ ਅੰਤ ਆ ਗਿਆ ਹੈ। ਤੇਰੀ ਬਰਬਾਦੀ ਦਾ ਸਮਾਂ ਆ ਗਿਆ ਹੈ। 
14 ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਇਕਰਾਰ ਕਰਨ ਲਈ ਆਪਣੇ ਨਾਮ ਦਾ ਇਸਤੇਮਾਲ ਕੀਤਾ: 
“ਬਾਬਲ, ਮੈਂ ਤੈਨੂੰ ਬਹੁਤ ਸਾਰੇ ਦੁਸ਼ਮਣ ਫ਼ੌਜੀਆਂ ਨਾਲ ਭਰ ਦਿਆਂਗਾ। 
ਉਹ ਟਿੱਡੀਦਲ ਵਾਂਗ ਹੋਣਗੇ। 
ਉਹ ਤੇਰੇ ਵਿਰੁੱਧ ਜੰਗ ਜਿੱਤ ਜਾਣਗੇ। 
ਅਤੇ ਉਹ ਜਿੱਤ ਦੇ ਨਾਹਰੇ ਲਾਉਂਦੇ ਹੋਏ, ਤੇਰੇ ਉੱਪਰ ਖਲੋ ਜਾਣਗੇ।” 
15 ਯਹੋਵਾਹ ਨੇ ਆਪਣੀ ਮਹਾ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਧਰਤੀ ਨੂੰ ਸਾਜਿਆ ਸੀ। 
ਉਸ ਨੇ ਦੁਨੀਆਂ ਸਾਜਣ ਲਈ ਆਪਣੀ ਸਿਆਣਪ ਦਾ ਇਸਤੇਮਾਲ ਕੀਤਾ ਸੀ। 
ਉਸ ਨੇ ਅਕਾਸ਼ ਨੂੰ ਫ਼ੈਲਾਉਣ ਲਈ ਆਪਣੀ ਸਮਝ ਦਾ ਇਸਤੇਮਾਲ ਕੀਤਾ ਸੀ। 
16 ਜਦੋਂ ਉਹ ਅਕਾਸ਼ਾਂ ਵਿੱਚ ਗੱਜਦਾ ਹੈ, ਪਾਣੀ ਗੜਗੜਾਉਂਦਾ ਹੈ। 
ਉਹ ਬੱਦਲਾਂ ਨੂੰ ਸਾਰੀ ਧਰਤੀ ਉੱਤੇ ਭੇਜਦਾ ਹੈ, 
ਉਹ ਬਿਜਲੀ ਨੂੰ ਮੀਂਹ ਦੇ ਨਾਲ ਭੇਜਦਾ ਹੈ। 
ਉਹ ਹਵਾ ਨੂੰ ਆਪਣੇ ਮਾਲ-ਖਾਨਿਆਂ ਵਿੱਚੋਂ ਲਿਆਉਂਦਾ ਹੈ। 
17 ਪਰ ਆਦਮੀ ਜਾਨਣ ਲਈ ਬਹੁਤ ਬੇਵਕੂਫ਼ ਹੈ। 
ਮਾਹਰ ਕਾਰੀਗਰ ਉਨ੍ਹਾਂ ਦੁਆਰਾ ਬਣਾਈਆਂ ਗਈਆਂ 
ਝੂਠੇ ਦੇਵਤਿਆਂ ਦੀਆਂ ਮੂਰਤੀਆਂ ਕਾਰਣ ਸ਼ਰਮਸਾਰ ਕੀਤੇ ਗਏ ਹਨ। 
ਇਹ ਬੁੱਤ ਝੂਠ ਹਨ। 
ਇਨ੍ਹਾਂ ਵਿੱਚ ਕੋਈ ਜੀਵਨ ਨਹੀਂ। 
18 ਉਹ ਬੁੱਤ ਨਿਕੰਮੇ ਨੇ 
ਲੋਕਾਂ ਨੇ ਉਨ੍ਹਾਂ ਬੁੱਤਾਂ ਨੂੰ ਬਣਾਇਆ, ਅਤੇ ਉਹ ਮਖੌਲ ਤੋਂ ਬਿਨਾ ਕੁਝ ਵੀ ਨਹੀਂ ਹਨ। 
ਉਨ੍ਹਾਂ ਦੇ ਨਿਆਂ ਦਾ ਸਮਾਂ ਆਵੇਗਾ, 
ਅਤੇ ਉਹ ਬੁੱਤ ਤਬਾਹ ਹੋ ਜਾਣਗੇ। 
19 ਪਰ ਯਾਕੂਬ ਦਾ ਉਹ ਹਿੱਸਾ (ਪਰਮੇਸ਼ੁਰ) ਉਨ੍ਹਾਂ ਨਿਕੰਮੇ ਬੁੱਤਾਂ ਵਾਂਗ ਨਹੀਂ ਹੈ, 
ਲੋਕਾਂ ਨੇ ਪਰਮੇਸ਼ੁਰ ਨੂੰ ਨਹੀਂ ਬਣਾਇਆ, 
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਬਣਾਇਆ, 
ਪਰਮੇਸ਼ੁਰ ਨੇ ਹਰ ਸ਼ੈਅ ਸਾਜੀ, 
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। 
20 ਯਹੋਵਾਹ ਆਖਦਾ ਹੈ, “ਬਾਬਲ, ਤੂੰ ਮੇਰੀ ਗਰਜ਼ ਹੈਂ, 
ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਭੰਨਣ ਲਈ ਕੀਤਾ ਹੈ। 
ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਤਬਾਹ ਕਰਨ ਲਈ ਕੀਤਾ ਹੈ। 
21 ਮੈਂ ਤੇਰਾ ਇਸਤੇਮਾਲ ਘੋੜੇ ਅਤੇ ਘੋੜਸਵਾਰ ਨੂੰ ਭੰਨਣ ਲਈ ਕੀਤਾ ਹੈ, 
ਮੈਂ ਤੇਰਾ ਇਸਤੇਮਾਲ ਰੱਥ ਅਤੇ ਰੱਬਵਾਨ ਨੂੰ ਭੰਨਣ ਲਈ ਕੀਤਾ ਹੈ। 
22 ਮੈਂ ਤੇਰਾ ਇਸਤੇਮਾਲ ਆਦਮੀ ਅਤੇ ਔਰਤ ਨੂੰ ਭੰਨਣ ਲਈ ਕੀਤਾ ਹੈ। 
ਮੈਂ ਤੇਰਾ ਇਸਤੇਮਾਲ ਬੁੱਢੇ ਅਤੇ ਜਵਾਨ ਲੋਕਾਂ ਨੂੰ ਭੰਨਣ ਲਈ ਕੀਤਾ ਹੈ। 
ਮੈਂ ਤੇਰਾ ਇਸਤੇਮਾਲ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨਣ ਲਈ ਕੀਤਾ ਹੈ। 
23 ਮੈਂ ਤੇਰਾ ਇਸਤੇਮਾਨ ਅਯਾਲੀਆਂ ਅਤੇ ਇੱਜੜ ਨੂੰ ਭੰਨਣ ਲਈ ਕੀਤਾ ਹੈ। 
ਮੈਂ ਤੇਰਾ ਇਸਤੇਮਾਲ ਕਿਸਾਨਾਂ ਅਤੇ ਗਾਵਾਂ ਨੂੰ ਭੰਨਣ ਲਈ ਕੀਤਾ ਹੈ। 
ਮੈਂ ਤੇਰਾ ਇਸਤੇਮਾਲ ਹਾਕਮਾਂ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਭੰਨਣ ਲਈ ਕੀਤਾ ਹੈ। 
24 ਪਰ ਮੈਂ ਬਾਬਲ ਨੂੰ ਕੀਮਤ ਅਦਾ ਕਰਾਂਗਾ, ਮੈਂ ਬਾਬਲ ਵਾਲਿਆਂ ਨੂੰ ਉਨ੍ਹਾਂ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ ਜਿਹੜੇ ਉਨ੍ਹਾਂ ਸੀਯੋਨ ਨਾਲ ਕੀਤੇ ਸਨ। 
ਯਹੂਦਾਹ, ਮੈਂ ਉਨ੍ਹਾਂ ਨੂੰ ਤੇਰੇ ਸਾਹਮਣੇ ਸਜ਼ਾ ਦੇਵਾਂਗਾ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
25 ਯਹੋਵਾਹ ਆਖਦਾ ਹੈ, 
“ਬਾਬਲ ਤੂੰ ਇੱਕ ਤਬਾਹ ਕਰਨ ਵਾਲਾ ਪਰਬਤ ਹੈਂ, 
ਅਤੇ ਬਾਬਲ, ਮੈਂ ਤੇਰੇ ਵਿਰੁੱਧ ਹਾਂ ਤੂੰ ਸਾਰੇ ਦੇਸ਼ ਨੂੰ ਤਬਾਹ ਕਰ ਦਿੱਤਾ ਸੀ, ਅਤੇ ਮੈਂ ਤੇਰੇ ਵਿਰੁੱਧ ਹਾਂ। 
ਮੈਂ ਆਪਣਾ ਹੱਥ ਤੇਰੇ ਵਿਰੁੱਧ ਰੱਖ ਦੇਵਾਂਗਾ ਮੈਂ ਤੈਨੂੰ ਸਿਖਰਾਂ ਤੋਂ ਧੱਕ ਦੇਵਾਂਗਾ 
ਮੈਂ ਤੈਨੂੰ ਇੱਕ ਸੜਿਆ ਹੋਇਆ ਪਰਬਤ ਬਣਾ ਦੇਵਾਂਗਾ। 
26 ਲੋਕ ਕਿਸੇ ਇਮਾਰਤ ਦੀ ਨੀਂਹ ਰੱਖਣ ਲਈ ਬਾਬਲ ਤੋਂ ਪੱਥਰ ਨਹੀਂ ਲਿਜਾਣਗੇ। 
ਲੋਕਾਂ ਨੂੰ ਇੱਡੇ ਵੱਡੇ ਪੱਥਰ ਨਹੀਂ ਮਿਲਣਗੇ ਜੋ ਕਿਨਾਰਿਆਂ ਲਈ ਵਰਤੇ ਜਾਣ। 
ਕਿਉਂ? ਕਿਉਂ ਕਿ ਤੁਹਾਡਾ ਸ਼ਹਿਰ ਸਦਾ ਲਈ ਟੁੱਟੀਆਂ ਚੱਟਾਨਾਂ ਦਾ ਇੱਕ ਢੇਰ ਹੋਵੇਗਾ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
27 “ਦੇਸ਼ ਅੰਦਰ ਜੰਗ ਦਾ ਝੰਡਾ ਉੱਚਾ ਚੁੱਕੋ! 
ਸਾਰੀਆਂ ਕੌਮਾਂ ਅੰਦਰ ਤੁਰ੍ਹੀ ਵਜਾ ਦਿਓ! 
ਕੌਮਾਂ ਨੂੰ ਬਾਬਲ ਦੇ ਵਿਰੁੱਦ ਜੰਗ ਲਈ ਤਿਆਰ ਕਰੋ! 
ਅਰਾਰਤ, ਮਿਂਨੀ, ਅਸ਼ਕਨਜ਼ ਦੇ ਰਾਜਾਂ ਨੂੰ ਸੱਦਾ ਦਿਓ ਕਿ ਉਹ ਆਉਣ 
ਅਤੇ ਬਾਬਲ ਦੇ ਵਿਰੁੱਦ ਲੜਨ। 
ਉਸ ਦੇ ਵਿਰੁੱਧ ਫ਼ੌਜ ਦੀ ਅਗਵਾਈ ਕਰਨ ਲਈ ਕੋਈ ਕਮਾਂਡਰ ਚੁਣ ਲਵੋ। 
ਇੰਨੇ ਘੋੜੇ ਭੇਜੋ ਕਿ ਉਹ ਜਾਪਣ ਜਿਵੇਂ ਕੋਈ ਟਿੱਡੀਦਲ ਹੋਵੇ। 
28 ਕੌਮਾਂ ਨੂੰ ਉਸ ਦੇ ਖਿਲਾਫ਼ ਲੜਨ ਲਈ ਤਿਆਰ ਕਰੋ, 
ਮਾਦੀ ਦੇ ਰਾਜਿਆਂ ਨੂੰ ਤਿਆਰ ਕਰੋ, 
ਉਨ੍ਹਾਂ ਦੇ ਸਾਰੇ ਹਾਕਮਾਂ ਨੂੰ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਤਿਆਰ ਕਰੋ। 
ਉਨ੍ਹਾਂ ਸਾਰੇ ਦੇਸ਼ਾਂ ਨੂੰ ਤਿਆਰ ਕਰੋ ਜਿੱਥੇ ਉਹ ਰਾਜ ਕਰਦੇ ਨੇ, ਬਾਬਲ ਦੇ ਵਿਰੁੱਧ ਲੜਨ ਲਈ। 
29 ਧਰਤੀ ਕੰਬੇਗੀ ਜਿਵੇਂ ਇਹ ਬਹੁਤ ਤਕਲੀਫ਼ ਵਿੱਚ ਹੋਵੇ, 
ਇਹ ਉਦੋਂ ਹਿੱਲੇਗੀ ਜਦੋਂ ਯਹੋਵਾਹ, ਜੋ ਕੁਝ ਵੀ ਉਸ ਨੇ ਬਾਬਲ ਲਈ ਵਿਉਂਤਿਆ ਕਰੇਗਾ। 
ਯਹੋਵਾਹ ਦੀ ਵਿਉਂਤ ਬਾਬਲ ਨੂੰ ਇੱਕ ਉਜਾੜ ਮਾਰੂਬਲ ਵਿੱਚ ਬਦਲ ਦੇਣ ਦੀ ਵਿਉਂਤ ਹੈ, 
ਓਥੇ ਕੋਈ ਵੀ ਬੰਦਾ ਨਹੀਂ ਰਹੇਗਾ। 
30 ਬਾਬਲ ਦੇ ਫ਼ੌਜੀ ਲੜਨ ਤੋਂ ਰੁਕ ਗਏ ਨੇ 
ਉਹ ਆਪਣੇ ਕਿਲਿਆਂ ਅੰਦਰ ਠਹਿਰੇ ਹੋਏ ਨੇ, 
ਉਨ੍ਹਾਂ ਦੀ ਤਾਕਤ ਚਲੀ ਗਈ ਹੈ 
ਉਹ ਡਰੀਆਂ ਹੋਈਆਂ ਔਰਤਾਂ ਵਾਂਗ ਬਣ ਗਏ ਨੇ। 
ਬਾਬਲ ਦੇ ਘਰ ਸੜ ਰਹੇ ਹਨ। 
ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟੀਆਂ ਹੋਈਆਂ ਹਨ। 
31 ਇੱਕ ਸੰਦੇਸ਼ਵਾਹਕ ਦੇ ਪਿੱਛੇ ਦੂਸਰਾ ਸੰਦੇਸ਼ਵਾਹਕ, 
ਸੰਦੇਸ਼ਵਾਹਕ ਦੇ ਪਿੱਛੇ ਸੰਦੇਸ਼ਵਾਹਕ ਆਉਂਦਾ ਹੈ। 
ਉਹ ਬਾਬਲ ਦੇ ਰਾਜੇ ਨੂੰ, ਖਬਰ ਦਿੰਦੇ ਨੇ ਕਿ 
ਉਸ ਦੇ ਸ਼ਹਿਰ ਉੱਤੇ ਕਬਜ਼ਾ ਹੋ ਗਿਆ ਹੈ। 
32 ਜਿਹੜੀਆਂ ਥਾਵਾਂ ਤੋਂ ਦੀ ਲੋਕ ਨਦੀਆਂ ਪਾਰ ਲੰਘਦੇ ਨੇ, ਉਨ੍ਹਾਂ ਉੱਤੇ ਕਬਜ਼ਾ ਕਰ ਲਿਆ ਗਿਆ ਹੈ। 
ਸਾਰੀਆਂ ਦਲਦਲਾਂ ਸੜ ਰਹੀਆਂ ਨੇ, 
ਬਾਬਲ ਦੇ ਸਾਰੇ ਫ਼ੌਜੀ ਭੈਭੀਤ ਨੇ।” 
33 ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸੁਰ ਆਖਦਾ ਹੈ: 
“ਬਾਬਲ ਇੱਕ ਛੜਨ ਵਾਲਾ ਮੈਦਾਨ ਹੈ, 
ਫ਼ਸਲ ਵੇਲੇ ਲੋਕ ਦਾਣਿਆਂ ਤੋਂ ਤੂੜੀ ਨੂੰ ਵੱਖ ਕਰਨ ਲਈ ਅਨਾਜ ਨੂੰ ਕੁੱਟਦੇ ਨੇ 
ਅਤੇ ਬਾਬਲ ਨੂੰ ਕੁਟ੍ਟਣ ਦਾ ਸਮਾਂ ਵੀ ਛੇਤੀ ਆ ਰਿਹਾ ਹੈ।” 
34 ਸੀਯੋਨ ਦੇ ਲੋਕ ਆਖਣਗੇ, “ਬਾਬਲ ਦੇ ਰਾਜੇ ਨਬੂਕਦਨੱਸਰ ਨੇ ਅਤੀਤ ਵਿੱਚ ਸਾਨੂੰ ਤਬਾਹ ਕੀਤਾ, 
ਅਤੀਤ ਵਿੱਚ ਨਬੂਕਦਨੱਸਰ ਨੇ ਸਾਨੂੰ ਦੁੱਖ ਦਿੱਤਾ, 
ਅਤੀਤ ਵਿੱਚ ਉਹ ਸਾਡੇ ਲੋਕਾਂ ਨੂੰ ਫ਼ਢ਼ ਕੇ ਦੂਰ ਲੈ ਗਿਆ 
ਅਤੇ ਅਸੀਂ ਸੱਖਣੇ ਘੜੇ ਵਾਂਗ ਬਣ ਗਏ। 
ਉਹ, ਜੋ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਗਿਆ ਅਤੇ ਉਹ ਇੱਕ ਵੱਡੇ ਅਜਗਰ ਵਰਗਾ ਸੀ। 
ਜੋ ਓਨੀ ਦੇਰ ਤੱਕ ਖਾਂਦਾ ਰਿਹਾ ਜਦੋਂ ਤੀਕ ਉਹ ਰੱਜ ਨਹੀਂ ਗਿਆ। 
ਉਸ ਨੇ, ਜੋ ਕੁਝ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਲਿਆ 
ਅਤੇ ਸਾਨੂੰ ਪਰ੍ਹਾਂ ਸੁੱਟ ਦਿੱਤਾ। 
35 ਬਾਬਲ ਨੇ ਸਾਨੂੰ ਦੁੱਖ ਦੇਣ ਲਈ ਭਿਆਨਕ ਗੱਲਾਂ ਕੀਤੀਆਂ। 
ਹੁਣ ਮੈਂ ਚਾਹੁੰਦਾ ਹਾਂ ਕਿ ਬਾਬਲ ਨਾਲ ਉਹੀ ਗੱਲਾਂ ਵਾਪਰਨ।” 
ਸੀਯੋਨ ਦੇ ਲੋਕ ਇਹ ਗੱਲਾਂ ਆਖਣਗੇ: 
“ਬਾਬਲ ਦੇ ਲੋਕ ਸਾਡੇ ਲੋਕਾਂ ਨੂੰ ਮਾਰਨ ਦੇ ਦੋਸ਼ੀ ਨੇ। 
ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਮਿਲ ਰਹੀ ਹੈ।” 
ਯਰੂਸ਼ਲਮ ਦੇ ਲੋਕ ਇਹ ਗੱਲਾਂ ਆਖਣਗੇ। 
36 ਇਸ ਲਈ ਯਹੋਵਾਹ ਆਖਦਾ ਹੈ: 
ਯਹੂਦਾਹ, ਮੈਂ ਤੇਰੀ ਰੱਖਿਆ ਕਰਾਂਗਾ। 
ਮੈਂ ਇਸ ਗੱਲ ਨੂੰ ਪੱਕ ਕਰਾਂਗਾ ਕਿ ਬਾਬਲ ਨੂੰ ਸਜ਼ਾ ਮਿਲੇ। 
ਮੈਂ ਬਾਬਲ ਦਾ ਸਮੁੰਦਰ ਸੁਕਾ ਦਿਆਂਗਾ 
ਅਤੇ ਮੈਂ ਉਸ ਦੇ ਪਾਣੀ ਦੇਸ਼ਮਿਆਂ ਨੂੰ ਰੋਕ ਦਿਆਂਗਾ। 
37 ਬਾਬਲ ਬਰਬਾਦ ਇਮਾਰਤਾਂ ਦਾ ਢੇਰ ਬਣ ਜਾਵੇਗਾ। 
ਬਾਬਲ ਅਵਾਰਾ ਕੁਤਿਆਂ ਦੇ ਰਹਿਣ ਦੀ ਥਾਂ ਬਣ ਜਾਵੇਗਾ। 
ਲੋਕ ਮਲਬੇ ਦੇ ਢੇਰਾਂ ਨੂੰ ਦੇਖਣਗੇ ਅਤੇ ਹੈਰਾਨ ਹੋਣਗੇ। 
ਲੋਕੀਂ ਆਪਣੇ ਸਿਰ ਹਿਲਾਉਣਗੇ, ਜਦੋਂ ਉਹ ਬਾਬਲ ਬਾਰੇ ਸੋਚਣਗੇ। 
ਬਾਬਲ ਅਜਿਹੀ ਥਾਂ ਬਣ ਜਾਵੇਗਾ, ਜਿੱਥੇ ਕੋਈ ਵੀ ਬੰਦਾ ਨਹੀਂ ਰਹੇਗਾ। 
38 “ਬਾਬਲ ਦੇ ਲੋਕ ਗਜਦੇ ਹੋਏ ਜਵਾਨ ਸ਼ੇਰਾਂ ਵਰਗੇ ਨੇ। 
ਉਹ ਸ਼ੇਰ ਦੇ ਬੱਚਿਆਂ ਵਾਂਗਰ ਗੁਰਾਂਦੇ ਨੇ। 
39 ਜਦੋਂ ਉਹ ਉਤੇਜਿਤ ਹੋ ਜਾਂਦੇ ਨੇ, 
ਮੈਂ ਉਨ੍ਹਾਂ ਨੂੰ ਦਾਅਵਤ ਦਿਆਂਗਾ 
ਅਤੇ ਮੈਂ ਉਨ੍ਹਾਂ ਨੂੰ ਸ਼ਰਾਬੀ ਬਣਾ ਦਿਆਂਗਾ। 
ਉਹ ਹੱਸਣਗੇ ਅਤੇ ਮੌਜ ਮਨਾਉਣਗੇ। 
ਅਤੇ ਫ਼ੇਰ ਉਹ ਸਦਾ ਲਈ ਸੌਂ ਜਾਣਗੇ। 
ਉਹ ਕਦੇ ਨਹੀਂ ਉੱਠਣਗੇ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
40 “ਬਾਬਲ ਉਨ੍ਹਾਂ ਭੇਡਾਂ, ਦੁਂਬਿਆਂ ਅਤੇ ਬਕਰਿਆਂ ਵਰਗਾ ਹੋਵੇਗਾ, ਜੋ ਮਾਰੇ ਜਾਣ ਦਾ ਇੰਤਜ਼ਾਰ ਕਰਦੇ ਨੇ। 
ਮੈਂ ਉਨ੍ਹਾਂ ਦੀ ਅਗਵਾਈ ਕਤਲਗਾਹ ਵੱਲ ਨੂੰ ਕਰਾਂਗਾ। 
41 “ਸ਼ੇਸ਼ਾਕ ਹਾਰ ਜਾਵੇਗਾ। 
ਸਾਰੀ ਧਰਤੀ ਦਾ ਸਭ ਤੋਂ ਉੱਤਮ ਅਤੇ ਗੁਮਾਨੀ ਦੇਸ਼ ਬੰਦੀਵਾਨ ਬਣਾ ਦਿੱਤਾ ਜਾਵੇਗਾ। 
ਹੋਰਨਾਂ ਕੌਮਾਂ ਦੇ ਲੋਕ ਬਾਬਲ ਨੂੰ ਦੇਖਣਗੇ 
ਅਤੇ ਜਿਹੜੀਆਂ ਗੱਲਾਂ ਉਹ ਦੇਖਣਗੇ, ਉਨ੍ਹਾਂ ਨੂੰ ਭੈਭੀਤ ਕਰ ਦੇਣਗੀਆਂ। 
42 ਸਮੁੰਦਰ ਬਾਬਲ ਉੱਤੇ ਚੜ੍ਹ ਜਾਵੇਗਾ। 
ਉਸ ਦੇ ਗੱਜਦੇ ਹੋਏ ਪਾਣੀ ਉਸ ਨੂੰ ਢੱਕ ਲੈਣਗੇ। 
43 ਬਾਬਲ ਦੇ ਕਸਬੇ ਬਰਬਾਦ ਅਤੇ ਸੱਖਣੇ ਹੋਣਗੇ। 
ਬਾਬਲ ਇੱਕ ਸੁੱਕਾ ਮਾਰੂਬਲ ਬਣ ਜਾਵੇਗਾ। 
ਇਹ ਅਜਿਹੀ ਧਰਤੀ ਬਣ ਜਾਵੇਗਾ, ਜਿੱਥੇ ਕੋਈ ਲੋਕ ਨਹੀਂ ਰਹਿਣਗੇ। 
ਲੋਕ ਬਾਬਲ ਵਿੱਚੋਂ ਲੰਘਣਗੇ ਵੀ ਨਹੀਂ। 
44 ਮੈਂ ਬਾਬਲ ਦੇ ਝੂਠੇ ਦੇਵਤੇ ਬਆਲ ਨੂੰ ਸਜ਼ਾ ਦੇਵਾਂਗਾ। 
ਮੈਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਉਗਲ ਦੇਣ ਦਾ ਹੁਕਮ ਦੇਵਾਂਗਾ, ਜਿਨ੍ਹਾਂ ਨੂੰ ਉਸ ਨੇ ਨਿਗਲਿਆ ਸੀ। 
ਬਾਬਲ ਦੀ ਕੰਧ ਢਹਿ ਢੇਰੀ ਹੋ ਜਾਵੇਗੀ। 
ਅਤੇ ਕੌਮਾਂ ਬਾਬਲ ਨੂੰ ਆਉਣੋ ਰੁਕ ਜਾਣਗੀਆਂ। 
45 ਮੇਰੇ ਲੋਕੋ, ਬਾਬਲ ਸ਼ਹਿਰ ਵਿੱਚੋਂ ਨਿਕਲ ਜਾਵੋ। 
ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਵੋ। 
ਯਹੋਵਾਹ ਦੇ ਮਹਾ ਕਹਿਰ ਤੋਂ ਭੱਜ ਜਾਵੋ। 
46 “ਮੇਰੇ ਬੰਦਿਓ, ਗ਼ਮਗੀਨ ਨਾ ਹੋਵੋ। 
ਅਫ਼ਵਾਹਾਂ ਫ਼ੈਲਣਗੀਆਂ, ਪਰ ਭੈਭੀਤ ਨਾ ਹੋਵੋ। 
ਇਸ ਸਾਲ ਇੱਕ ਅਫ਼ਵਾਹ ਆਵੇਗੀ। 
ਇੱਕ ਹੋਰ ਅਫ਼ਵਾਹ ਅਗਲੇ ਸਾਲ ਆਵੇਗੀ। 
ਅਤੇ ਇੱਥੇ ਦੇਸ਼ ਅੰਦਰ ਜੰਗ ਦੀਆਂ ਭਿਆਨਕ ਅਫ਼ਵਾਹਾਂ ਆਉਣਗੀਆਂ। 
ਇੱਥੇ ਹਾਕਮਾਂ ਦੇ ਇੱਕ ਦੂਜੇ ਨਾਲ ਲੜਨ ਦੀਆਂ ਅਫ਼ਵਾਹਾਂ ਹੋਣਗੀਆਂ। 
47 ਇਹ ਸਮਾਂ ਅਵੱਸ਼ ਆਵੇਗਾ-ਜਦੋਂ ਮੈਂ ਬਾਬਲ ਦੇ ਝੂਠੇ ਦੇਵਤਿਆਂ ਨੂੰ ਸਜ਼ਾ ਦੇਵਾਂਗਾ। 
ਅਤੇ ਬਾਬਲ ਦੀ ਸਾਰੀ ਧਰਤੀ ਸ਼ਰਮਸਾਰ ਕਰ ਦਿੱਤੀ ਜਾਵੇਗੀ। 
ਓਥੇ, ਉਸ ਸ਼ਹਿਰ ਦੀਆਂ ਗਲੀਆਂ ਅੰਦਰ 
ਬਹੁਤ ਸਾਰੇ ਮੁਰਦਾ ਲੋਕ ਪਏ ਹੋਣਗੇ। 
48 ਫ਼ੇਰ ਅਕਾਸ਼ ਅਤੇ ਧਰਤੀ ਅਤੇ ਹਰ ਉਹ ਸ਼ੈਅ ਜਿਹੜੀ ਹੈ, 
ਬਾਬਲ ਬਾਰੇ ਉਨ੍ਹਾਂ ਅੰਦਰ ਖੁਸ਼ੀ ਦੀਆਂ ਕਿਲਕਾਰੀਆਂ ਮਾਰੇਗੀ। 
ਉਹ ਸ਼ੋਰ ਮਚਾਉਣਗੇ ਕਿਉਂ ਕਿ ਉੱਤਰ ਵੱਲੋਂ ਇੱਕ ਫ਼ੌਜ ਆਈ ਸੀ 
ਅਤੇ ਬਾਬਲ ਦੇ ਖਿਲਾਫ਼ ਲੜੀ ਸੀ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
49 “ਬਾਬਲ ਨੇ ਇਸਰਾਏਲ ਦੇ ਲੋਕਾਂ ਨੂੰ ਮਾਰ ਮੁਕਾਇਆ। 
ਬਾਬਲ ਨੇ ਧਰਤੀ ਦੀ ਹਰ ਥਾਂ ਬੰਦਿਆਂ ਨੂੰ ਮਾਰਿਆ। 
ਇਸ ਲਈ ਅਵੱਸ਼ ਬਾਬਲ ਦਾ ਪਤਨ ਹੋਵੇਗਾ! 
50 ਤੁਸੀਂ ਲੋਕੀਂ ਤਲਵਾਰ ਕੋਲੋਂ ਬਚ ਗਏ ਸੀ। 
ਤੁਹਾਨੂੰ ਬਾਬਲ ਨੂੰ ਛੱਡਣ ਦੀ ਛੇਤੀ ਕਰਨੀ ਚਾਹੀਦੀ ਹੈ। 
ਹੁਣ ਇੰਤਜ਼ਾਰ ਨਾ ਕਰੋ! 
ਤੁਸੀਂ ਦੂਰ-ਦੁਰਾਡੇ ਦੇਸ਼ ਅੰਦਰ ਹੋ। 
ਪਰ ਜਿੱਥੇ ਵੀ ਤੁਸੀਂ ਹੋ, ਯਹੋਵਾਹ ਨੂੰ ਚੇਤੇ ਕਰੋ। ਅਤੇ ਯਰੂਸ਼ਲਮ ਨੂੰ ਚੇਤੇ ਰੱਖੋ।” 
51 “ਅਸੀਂ, ਯਹੂਦਾਹ ਦੇ ਲੋਕ ਸ਼ਰਮਸਾਰ ਹਾਂ। 
ਅਸੀਂ ਬੇਇੱਜ਼ਤ ਹੋਏ ਹਾਂ। 
ਕਿਉਂ? ਕਿਉਂ ਕਿ ਅਜਨਬੀ ਯਹੋਵਾਹ ਦੇ ਮੰਦਰ ਦੇ 
ਪਵਿੱਤਰ ਸਬਾਨਾਂ ਉੱਤੇ ਚੱਲੇ ਗਏ ਨੇ।” 
52 ਯਹੋਵਾਹ ਆਖਦਾ ਹੈ, “ਸਮਾਂ ਆ ਰਿਹਾ ਹੈ, 
ਜਦੋਂ ਮੈਂ ਬਾਬਲ ਦੇ ਬੁੱਤਾਂ ਨੂੰ ਸਜ਼ਾ ਦੇਵਾਂਗਾ। 
ਓਸ ਸਮੇਂ, ਉਸ ਮੁਲਕ ਅੰਦਰ ਜ਼ਖਮੀ 
ਲੋਕ ਦਰਦ ਦੇ ਨਾਲ ਰੋਣਗੇ। 
53 ਭਾਵੇਂ ਬਾਬਲ ਇੰਨਾ ਪ੍ਰਫ਼ੁੱਲਤ ਹੋ ਜਾਵੇ ਕਿ ਉਹ ਅਕਾਸ਼ ਨੂੰ ਛੂਹ ਲਵੇ। 
ਭਾਵੇਂ ਬਾਬਲ ਆਪਣੇ ਕਿਲ੍ਹਿਆਂ ਨੂੰ ਮਜ਼ਬੂਤ ਕਰ ਲਵੇ। 
ਪਰ ਮੈਂ ਉਸ ਸ਼ਹਿਰ ਦੇ ਵਿਰੁੱਧ ਲੜਨ ਲਈ ਲੋਕਾਂ ਨੂੰ ਭੇਜਾਂਗਾ। 
ਅਤੇ ਉਹ ਲੋਕ ਉਸ ਨੂੰ ਤਬਾਹ ਕਰ ਦੇਣਗੇ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
54 “ਅਸੀਂ ਬਾਬਲ ਵਿੱਚ ਲੋਕਾਂ ਨੂੰ ਰੋਦਿਆਂ ਸੁਣ ਸੱਕਦੇ ਹਾਂ 
ਅਤੇ ਕਸਦੀਆਂ ਦੀ ਧਰਤੀ ਤੇ ਲੋਕਾਂ ਦੇ ਚੀਜ਼ਾਂ ਤਬਾਹ ਕਰਨ ਦੀਆਂ ਆਵਾਜ਼ਾਂ ਨੂੰ ਸੁਣ ਸੱਕਦੇ ਹਾਂ। 
55 ਯਹੋਵਾਹ ਛੇਤੀ ਹੀ ਬਾਬਲ ਨੂੰ ਤਬਾਹ ਕਰੇਗਾ। 
ਉਹ ਉਸ ਸ਼ਹਿਰ ਦਾ ਉੱਚਾ ਸ਼ੋਰ ਬੰਦ ਕਰ ਦੇਵੇਗਾ। 
ਦੁਸ਼ਮਣ ਸਮੁੰਦਰ ਦੀਆਂ ਲਹਿਰਾਂ ਵਾਂਗ ਗਰਜਦੇ ਹੋਏ ਆਉਣਗੇ। 
ਪਰ ਪਾਸੇ ਦੇ ਲੋਕ ਉਸ ਗਰਜ ਨੂੰ ਸੁਣਨਗੇ। 
56 ਇੱਕ ਫ਼ੌਜ ਆਵੇਗੀ ਅਤੇ ਬਾਬਲ ਨੂੰ ਤਬਾਹ ਕਰ ਦੇਵੇਗੀ। 
ਬਾਬਲ ਦੇ ਫ਼ੌਜੀ ਫ਼ੜੇ ਜਾਣਗੇ। ਉਨ੍ਹਾਂ ਦੀਆਂ ਕਮਾਨਾਂ ਟੁੱਟ ਜਾਣਗੀਆਂ। 
ਕਿਉਂ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਦਿੰਦਾ ਹੈ। 
ਯਹੋਵਾਹ ਉਨ੍ਹਾਂ ਨੂੰ ਪੂਰੀ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ। 
57 ਮੈਂ ਬਾਬਲ ਦੇ ਸਿਆਣੇ ਬੰਦਿਆਂ 
ਅਤੇ ਉੱਚੇ ਅਧਿਕਾਰੀਆਂ ਨੂੰ ਸ਼ਰਾਬੀ ਬਣਾ ਦਿਆਂਗਾ। 
ਮੈਂ ਰਾਜਪਾਲਾਂ, ਅਧਿਕਾਰੀਆਂ, 
ਅਤੇ ਫ਼ੌਜੀਆਂ ਨੂੰ ਵੀ ਸ਼ਰਾਬੀ ਬਣਾ ਦਿਆਂਗਾ, 
ਫ਼ੇਰ ਉਹ ਸਦਾ ਲਈ ਸੌਂ ਜਾਣਗੇ। 
ਉਹ ਕਦੇ ਨਹੀਂ ਉੱਠਣਗੇ।” 
ਰਾਜੇ ਨੇ ਇਹ ਗੱਲਾਂ ਆਖੀਆਂ, 
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। 
58 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: 
“ਬਾਬਲ ਦੀ ਮੋਟੀ ਅਤੇ ਮਜ਼ਬੂਤ ਕੰਧ ਢਾਹ ਦਿੱਤੀ ਜਾਵੇਗੀ। 
ਉਸ ਦੇ ਦਰਵਾਜ਼ੇ ਸਾੜ ਦਿੱਤੇ ਜਾਣਗੇ। 
ਬਾਬਲ ਦੇ ਲੋਕ ਸਖਤ ਮਿਹਨਤ ਕਰਨਗੇ, 
ਪਰ ਇਸ ਨਾਲ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ। 
ਉਹ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਬਕੱ ਜਾਣਗੇ। 
ਪਰ ਉਹ ਸਿਰਫ਼ ਅੱਗ ਦੀਆਂ ਲਾਟਾਂ ਦਾ ਬਾਲਣ ਬਣਨਗੇ।” 
ਯਿਰਮਿਯਾਹ ਦਾ ਬਾਬਲ ਨੂੰ ਇੱਕ ਸੰਦੇਸ਼ ਭੇਜਣਾ 
59 ਇਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੇ ਅਧਿਕਾਰੀ ਸਰਾਯਾਹ ਨੂੰ ਦਿੱਤਾ। ਸਰਾਯਾਹ ਨੇਰੀਯਾਹ ਦਾ ਪੁੱਤਰ ਸੀ। ਨੇਰੀਯਾਹ ਮਹਸੇਯਾਹ ਦਾ ਪੁੱਤਰ ਸੀ। ਸਰਾਯਾਹ ਯਹੂਦਾਹ ਦੇ ਰਾਜੇ ਸਿਦਕੀਯਾਹ ਨਾਲ ਬਾਬਲ ਨੂੰ ਗਿਆ ਸੀ। ਇਹ ਗੱਲ ਉਦੋਂ ਵਾਪਰੀ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦਾ ਚੌਬਾ ਵਰ੍ਹਾ ਸੀ। ਉਸ ਸਮੇਂ ਯਿਰਮਿਯਾਹ ਨੇ ਇਹ ਸੰਦੇਸ਼ ਇੱਕ ਅਧਿਕਾਰੀ ਸਰਾਯਾਹ ਨੂੰ ਦਿੱਤਾ। 
60 ਯਿਰਮਿਯਾਹ ਨੇ ਇੱਕ ਪੱਤਰੀ ਉੱਤੇ ਉਹ ਸਾਰੀਆਂ ਭਿਆਨਕ ਗੱਲਾਂ ਲਿਖੀਆਂ ਹੋਈਆਂ ਸਨ ਜੋ ਬਾਬਲ ਨਾਲ ਵਾਪਰਨਗੀਆਂ। ਉਸ ਨੇ ਬਾਬਲ ਬਾਰੇ ਇਹ ਸਾਰੀਆਂ ਗੱਲਾਂ ਲਿਖੀਆਂ ਸਨ। 
61 ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਸਰਾਯਾਹ ਬਾਬਲ ਨੂੰ ਜਾਹ। ਚੇਤੇ ਰਹੇ ਕਿ ਸਾਰੇ ਲੋਕ ਇਹ ਸੰਦੇਸ਼ ਸੁਣ ਸੱਕਦੇ ਹਨ। 
62 ਫ਼ਿਰ ਆਖੀਂ, ‘ਯਹੋਵਾਹ ਨੂੰ ਆਖਿਆ ਹੈ ਕਿ ਤੂੰ ਇਸ ਸਬਾਨ, ਬਾਬਲ ਨੂੰ ਤਬਾਹ ਕਰ ਦੇਵੇਂਗਾ। ਤੂੰ ਇਸ ਨੂੰ ਇਸ ਤਰ੍ਹਾਂ ਤਬਾਹ ਕਰੇਂਗਾ ਕਿ ਕੋਈ ਵੀ ਆਦਮੀ ਜਾਂ ਜਾਨਵਰ ਇੱਥੇ ਨਹੀਂ ਰਹੇਗਾ। ਇਹ ਥਾਂ ਹਮੇਸ਼ਾ ਸੱਖਣੀ ਤੇ ਉਜਾੜ ਰਹੇਗਾ।’ 
63 ਜਦੋਂ ਤੂੰ ਇਹ ਪੱਤਰੀ ਪਢ਼ ਚੁੱਕੋਁ ਤਾਂ ਇਸ ਨੂੰ ਇੱਕ ਪੱਥਰ ਨਾਲ ਬੰਨ੍ਹ ਦੇਵੀਂ। ਤੇ ਫ਼ਿਰ ਇਸ ਪੱਤਰੀ ਨੂੰ ਫ਼ਰਾਤ ਨਦੀ ਵਿੱਚ ਸੁੱਟ ਦੇਵੀਂ। 
64 ਫ਼ਿਰ ਆਖੀਂ, ‘ਇਸੇ ਤਰ੍ਹਾਂ ਹੀ ਬਾਬਲ ਵੀ ਡੁੱਬ ਜਾਵੇਗਾ। ਬਾਬਲ ਫ਼ੇਰ ਕਦੇ ਨਹੀਂ ਉਭ੍ਭਰੇਗਾ। ਬਾਬਲ ਉਨ੍ਹਾਂ ਭਿਆਨਕ ਗੱਲਾਂ ਕਾਰਣ ਡੁੱਬੇਗਾ ਜਿਹੜੀਆਂ ਮੇਰੇ ਕਾਰਣ ਉੱਥੇ ਵਾਪਰਨਗੀਆਂ।’” 
ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।