ਅੰਮੋਨ ਬਾਰੇ ਇੱਕ ਸੰਦੇਸ਼ 
49
1 ਇਹ ਸੰਦੇਸ਼ ਅੰਮੋਨੀ ਲੋਕਾਂ ਬਾਰੇ ਹੈ। ਯਹੋਵਾਹ ਆਖਦਾ ਹੈ: 
“ਅੰਮੋਨੀ ਲੋਕੋ, ਕੀ ਤੁਸੀਂ ਸੋਚਦੇ ਹੋ ਕਿ 
ਇਸਰਾਏਲ ਦੇ ਲੋਕਾਂ ਦੇ ਬੱਚੇ ਨਹੀਂ ਹਨ? 
ਕੀ ਸੋਚਦੇ ਹੋ ਤੁਸੀਂ ਕਿ ਇੱਥੇ ਬੱਚੇ ਨਹੀਂ ਹਨ ਆਪਣੇ ਮਾਪਿਆਂ ਦੀ 
ਮੌਤ ਮਗਰੋਂ ਧਰਤੀ ਸਾਂਭਣ ਵਾਲੇ? 
ਫ਼ੇਰ ਕਾਤੋਂ ਮਲਕਾਮ ਦੇ ਲੋਕਾਂ ਨੇ ਗਾਦ ਦੀ ਧਰਤੀ ਲਈ ਅਤੇ ਇਸ ਦੇ ਨਗਰਾਂ ਵਿੱਚ ਵਸ ਗਏ?” 
2 ਯਹੋਵਾਹ ਆਖਦਾ ਹੈ, “ਅੰਮੋਨ ਦੇ ਰੱਬਾਹ ਅੰਦਰ ਸਮਾਂ ਆਵੇਗਾ 
ਜਦੋਂ ਲੋਕੀਂ ਜੰਗ ਦੀਆਂ ਅਵਾਜ਼ਾਂ ਸੁਣਨਗੇ। 
ਅੰਮੋਨ ਦਾ ਰੱਬਾਹ ਤਬਾਹ ਹੋ ਜਾਵੇਗਾ। 
ਸਿਰਫ਼ ਤਬਾਹ ਹੋਏ ਮਕਾਨਾਂ ਨਾਲ ਢੱਕੀਆਂ ਹੋਈਆਂ ਨੰਗੀਆਂ ਪਹਾੜੀਆਂ ਹੀ ਬਚਣਗੀਆਂ। 
ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਕਸਬੇ ਸਾੜ ਦਿੱਤੇ ਜਾਣਗੇ। 
ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜ਼ਬੂਰ ਕੀਤਾ ਸੀ। 
ਪਰ ਬਾਦ ਵਿੱਚ ਇਸਰਾਏਲ ਉਨ੍ਹਾਂ ਨੂੰ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
3 “ਹਸ਼ਬੋਨ ਦੇ ਲੋਕੋ ਰੋਵੋ, ਕਿਉਂ ਕਿ ਅਈ ਦਾ ਸ਼ਹਿਰ ਤਬਾਹ ਹੋ ਗਿਆ ਹੈ। 
ਅੰਮੋਨ ਦੇ ਰੱਬਾਹ ਦੀਓ ਔਰਤੋਂ, ਰੋਵੋ! 
ਆਪਣੇ ਸੋਗ ਦੇ ਬਸਤਰ ਪਹਿਨ ਲਵੋ ਅਤੇ ਰੋਵੋ। 
ਸੁਰੱਖਿਆ ਲਈ ਸ਼ਹਿਰ ਵੱਲ ਭੱਜੋ। 
ਕਿਉਂ ਕਿ ਦੁਸ਼ਮਣ ਆ ਰਿਹਾ ਹੈ। 
ਉਹ ਮਲਕਾਮ ਨੂੰ ਉਸ ਦੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਲੈ ਜਾਣਗੇ। 
4 ਤੁਸੀਂ ਆਪਣੀ ਤਾਕਤ ਦੀਆਂ ਫ਼ਢ਼ਾਂ ਮਾਰਦੇ ਹੋ। 
ਪਰ ਤੁਹਾਡੇ ਕੋਲੋਂ, ਤੁਹਾਡੀ ਤਾਕਤ ਖੁੱਸ ਰਹੀ ਹੈ। 
ਤੁਸੀਂ ਆਪਣੀ ਦੌਲਤ ਵਿੱਚ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਬਚਾ ਲਵੇਗੀ। 
ਤੁਸੀਂ ਸੋਚਦੇ ਹੋ ਕਿ ਕੋਈ ਤੁਹਾਡੇ ਉੱਤੇ ਹਮਲਾ ਕਰਨ ਦੀ ਗੱਲ ਵੀ ਨਹੀਂ ਸੋਚੇਗਾ।” 
5 ਪਰ ਸਰਬ-ਸ਼ਕਤੀਮਾਨ ਯਹੋਵਾਹ ਇਹ ਆਖਦਾ ਹੈ: 
“ਮੈਂ ਤੁਹਾਡੇ ਲਈ ਹਰ ਪਾਸਿਓ ਮੁਸੀਬਤਾਂ ਲਿਆਵਾਂਗਾ। 
ਤੁਸੀਂ ਸਾਰੇ ਹੀ ਭੱਜ ਜਾਓਗੇ। 
ਅਤੇ ਕੋਈ ਫ਼ੇਰ ਕਦੇ ਤੁਹਾਨੂੰ ਇਕੱਠਿਆਂ ਨਹੀਂ ਕਰ ਸੱਕੇਗਾ।” 
6 “ਅੰਮੋਨੀ ਲੋਕਾਂ ਨੂੰ ਬੰਦੀ ਬਣਾ ਕੇ ਲੈ ਜਾਇਆ ਜਾਵੇਗਾ। ਪਰ ਸਮਾਂ ਆਵੇਗਾ ਜਦੋਂ ਮੈਂ ਅੰਮੋਨੀ ਲੋਕਾਂ ਨੂੰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 
ਅਦੋਮ ਬਾਰੇ ਇੱਕ ਸੰਦੇਸ਼ 
7 ਇਹ ਸੰਦੇਸ਼ ਅਦੋਮ ਬਾਰੇ ਹੈ। ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: 
“ਕੀ ਤੇਮਾਨ ਅੰਦਰ ਕੋਈ ਸਿਆਣਪ ਨਹੀਂ ਬਚੀ? 
ਕੀ ਅਦੋਮ ਦੇ ਸਿਆਣੇ ਲੋਕ ਸਲਾਹ ਦੇਣ ਦੇ ਕਾਬਲ ਨਹੀਂ ਰਹੇ? 
ਕੀ ਉਹ ਆਪਣੀ ਸਿਆਣਪ ਗੁਆ ਚੁੱਕੇ ਨੇ? 
8 ਦਦਾਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ, ਭੱਜ ਜਾਵੋ! ਛੁਪ ਜਾਵੋ! 
ਕਿਉਂ? ਕਿਉਂ ਕਿ ਮੈਂ ਏਸਾਓ ਨੂੰ ਉਸ ਦੇ ਮੰਦਿਆਂ ਕਾਰਿਆਂ ਲਈ ਸਜ਼ਾ ਦੇਵਾਂਗਾ। 
9 “ਕਾਮੇ ਵੇਲਾਂ ਤੋਂ ਅੰਗੂਰ ਤੋਂੜਦੇ ਨੇ 
ਪਰ ਉਹ ਕੁਝ ਅੰਗੂਰ ਪੌਦਿਆਂ ਉੱਤੇ ਰਹਿਣ ਦਿੰਦੇ ਨੇ। 
ਜੇ ਰਾਤ ਵੇਲੇ ਚੋਰ ਪੈ ਜਾਣ, 
ਤਾਂ ਉਹ ਸਭ ਕੁਝ ਨਹੀਂ ਲਿਜਾ ਸੱਕਦੇ। 
10 ਪਰ ਮੈਂ ਏਸਾਓ ਕੋਲੋਂ ਸਭ ਕੁਝ ਲੈ ਜਾਵਾਂਗਾ। 
ਮੈਂ ਉਸ ਦੇ ਛੁਪਣ ਦੀਆਂ ਸਾਰੀਆਂ ਥਾਵਾਂ ਲੱਭ ਲਵਾਂਗਾ। 
ਉਹ ਮੇਰੇ ਪਾਸੋਂ ਛੁਪ ਨਹੀਂ ਸੱਕੇਗਾ। 
ਉਸ ਦੇ ਬੱਚੇ, ਰਿਸ਼ਤੇਦਾਰ ਅਤੇ ਗੁਆਂਢੀ ਸਾਰੇ ਹੀ ਮਾਰੇ ਜਾਣਗੇ। 
11 ਮੇਰੇ ਲੋਕੋ, ਆਪਣੇ ਯਤੀਮਾਂ ਦੀ ਚਿੰਤਾ ਨਾ ਕਰੋ। 
ਮੈਂ ਉਨ੍ਹਾਂ ਨੂੰ ਜੀਵਤ ਰੱਖਾਂਗਾ। 
ਤੁਹਾਡੀਆਂ ਪਤਨੀਆਂ ਮੇਰੇ ਉੱਤੇ ਭਰੋਸਾ ਕਰ ਸੱਕਦੀਆਂ ਨੇ!” 
12 ਇਹੀ ਹੈ ਜੋ ਯਹੋਵਾਹ ਆਖਦਾ ਹੈ, “ਕੁਝ ਲੋਕ ਸਜ਼ਾ ਦੇ ਅਧਿਕਾਰੀ ਨਹੀਂ ਹੁੰਦੇ-ਪਰ ਉਹ ਦੁੱਖ ਭੋਗਦੇ ਨੇ। ਪਰ ਅਦੋਮ ਤੂੰ ਸਜ਼ਾ ਦਾ ਅਧਿਕਾਰੀ ਹੈਂ-ਇਸ ਲਈ ਤੈਨੂੰ ਸੱਚਮੁੱਚ ਸਜ਼ਾ ਮਿਲੇਗੀ। ਤੂੰ ਉਸ ਸਜ਼ਾ ਤੋਂ ਨਹੀਂ ਬਚ ਸੱਕੇਂਗਾ ਜਿਸਦਾ ਤੂੰ ਅਧਿਕਾਰੀ ਹੈਂ। ਤੈਨੂੰ ਸਜ਼ਾ ਮਿਲੇਗੀ।” 
13 ਯਹੋਵਾਹ ਆਖਦਾ ਹੈ, “ਮੈਂ ਆਪਣੀ ਸ਼ਕਤੀ ਨਾਲ ਮੈਂ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਬਾਸਰਾਹ ਦਾ ਸ਼ਹਿਰ ਤਬਾਹ ਕਰ ਦਿੱਤਾ ਜਾਵੇਗਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਜਾਵੇਗਾ। ਲੋਕੀ ਹੋਰਨਾਂ ਸ਼ਹਿਰਾਂ ਨੂੰ ਬਦ-ਦੁਆ ਦੇਣ ਵੇਲੇ ਉਸਦੀ ਮਿਸਾਲ ਦੇ ਤੌਰ ਤੇ ਵਰਤੋਂ ਕਰਨਗੇ। ਲੋਕ ਉਸ ਸ਼ਹਿਰ ਦੀ ਬੇਇੱਜ਼ਤੀ ਕਰਨਗੇ। ਅਤੇ ਬਾਸਰਾਹ ਦੇ ਆਲੇ-ਦੁਆਲੇ ਦੇ ਸਾਰੇ ਕਸਬੇ ਹਮੇਸ਼ਾ ਲਈ ਬਰਬਾਦ ਹੋ ਜਾਣਗੇ।” 
14 ਮੈਂ ਇਹ ਸੰਦੇਸ਼ ਯਹੋਵਾਹ ਪਾਸੋਂ ਸੁਣਿਆ ਸੀ। 
ਅਤੇ ਉਸ ਨੇ ਇੱਕ ਸੰਦੇਸ਼ਵਾਹਕ ਨੂੰ ਕੌਮਾਂ ਵੱਲ 
ਇਹ ਸੰਦੇਸ਼ ਦੇਕੇ ਘਲਿਆ: 
“ਆੱਪਣੀਆਂ ਫ਼ੋਜਾਂ ਇਕੱਠੀਆਂ ਕਰ ਲਵੋ! 
ਜੰਗ ਲਈ ਤਿਆਰ ਹੋ ਜਾਵੋ! 
ਅਦੋਮ ਦੀ ਕੌਮ ਉੱਤੇ ਧਾਵਾ ਬੋਲ ਦਿਓ! 
15 ਅਦੋਮ, ਮੈਂ ਤੈਨੂੰ ਗ਼ੈਰ ਜ਼ਰੂਰੀ ਬਣਾ ਦਿਆਂਗਾ, 
ਹਰ ਬੰਦਾ ਤੇਰੇ ਨਾਲ ਨਫ਼ਰਤ ਕਰੇਗਾ। 
16 ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ। 
ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ। 
ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ, 
ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ, 
ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ। 
ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ, 
ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
17 “ਅਦੋਮ ਤਬਾਹ ਹੋ ਜਾਵੇਗਾ। 
ਲੋਕਾਂ ਨੂੰ, ਉੱਜੜੇ ਸ਼ਹਿਰਾਂ ਨੂੰ ਦੇਖਕੇ ਧੱਕਾ ਲੱਗੇਗਾ। 
ਲੋਕ ਉੱਜੜੇ ਹੋਏ ਸ਼ਹਿਰ ਲਈ, ਹੈਰਾਨ ਹੋਕੇ ਸੀਟੀਆਂ ਮਾਰਨਗੇ। 
18 ਅਦੋਮ, ਸਦੂਮ ਅਤੇ ਅਮੂਰਾਹ ਵਾਂਗ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕਸਬਿਆਂ ਵਾਂਗ ਤਬਾਹ ਹੋ ਜਾਵੇਗਾ। 
ਓਥੇ ਕੋਈ ਵੀ ਬੰਦਾ ਨਹੀਂ ਰਹਿੰਦਾ।” 
ਯਹੋਵਾਹ ਨੇ ਇਹ ਗੱਲਾਂ ਆਖੀਆਂ। 
19 “ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਨੇੜੇ ਦੀਆਂ ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ। ਅਤੇ ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਚੱਲਾ ਜਾਵੇਗਾ ਜਿੱਥੇ ਲੋਕ ਆਪਣੇ ਪਾਸ਼ੂਆਂ ਅਤੇ ਭੇਡਾਂ ਨੂੰ ਰੱਖਦੇ ਨੇ। ਮੈਂ ਉਸ ਸ਼ੇਰ ਵਰਗਾ ਹਾਂ। ਮੈਂ ਅਦੋਮ ਨੂੰ ਜਾਵਾਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਭਜਾ ਦਿਆਂਗਾ। ਉਨ੍ਹਾਂ ਗੱਭਰੂਆਂ ਵਿੱਚੋਂ ਕੋਈ ਵੀ ਮੈਨੂੰ ਰੋਕ ਨਹੀਂ ਸੱਕੇਗਾ ਕੋਈ ਵੀ ਮੇਰੇ ਜਿਹਾ ਨਹੀਂ ਹੈ। ਕੋਈ ਵੀ ਮੈਨੂੰ ਨਹੀਂ ਵੰਗਾਰ ਸੱਕੇਗਾ। ਉਨ੍ਹਾਂ ਦੇ ਆਜੜੀਆਂ ਵਿੱਚੋਂ ਕੋਈ ਵੀ ਮੇਰੇ ਸਾਹਮਣੇ ਨਹੀਂ ਖਲੋ ਸੱਕੇਗਾ।” 
20 ਉਸ ਬਾਰੇ ਸੁਣੋ, ਜਿਸਦੀ ਵਿਉਂਤ ਯਹੋਵਾਹ ਨੇ ਅਦੋਮ ਦੇ ਲੋਕਾਂ ਨਾਲ ਕਰਨ ਲਈ ਬਣਾਈ ਹੈ। 
ਸੁਣੋ ਕਿ ਯਹੋਵਾਹ ਨੇ ਤੇਮਾਨ ਦੇ ਲੋਕਾਂ ਨਾਲ ਕਰਨ ਵਾਸਤੇ ਕੀ ਨਿਆਂ ਕੀਤਾ ਹੈ। 
ਦੁਸ਼ਮਣ ਅਦੋਮ ਦੇ ਇੱਜੜ (ਲੋਕਾਂ) ਦੇ ਛੋਟੇ ਬੱਚਿਆਂ ਨੂੰ ਘਸੀਟੇਗਾ, 
ਅਦੋਮ ਦੀਆਂ ਚਰਾਂਦਾਂ ਉਨ੍ਹਾਂ ਦੇ ਕੀਤੇ ਕਾਰਿਆਂ ਕਾਰਣ ਸੱਖਣੀਆਂ ਹੋਣਗੀਆਂ। 
21 ਅਦਮੋ ਦੇ ਡਿੱਗਣ ਦੀ ਅਵਾਜ਼ ਉੱਤੇ ਧਰਤੀ ਕੰਬ ਜਾਵੇਗੀ। 
ਲਾਲ ਸਾਗਰ ਤੀਕ ਉਨ੍ਹਾਂ ਦੀਆਂ ਚੀਕਾਂ ਸੁਣੀਆਂ ਜਾਣਗੀਆਂ। 
22 ਯਹੋਵਾਹ ਇੱਕ ਬਾਜ਼ ਵਾਂਗ ਹੋਵੇਗਾ, ਜੋ ਉਸ ਜਾਨਵਰ ਉੱਤੇ ਉਡਦਾ ਹੈ, ਜਿਸ ਉੱਤੇ ਉਹ ਹਮਲਾ ਕਰਦਾ ਹੈ। 
ਯਹੋਵਾਹ, ਬਾਸਰਾਹ ਉੱਤੇ ਆਪਣੇ ਖੰਭ ਫ਼ੈਲਾਏ ਹੋਏ, ਬਾਜ਼ ਵਾਂਗ ਹੋਵੇਗਾ। 
ਉਸ ਸਮੇਂ, ਅਦੋਮ ਦੇ ਬਹੁਤ ਹੀ ਫ਼ੌਜੀ ਭੈਭੀਤ ਹੋ ਜਾਣਗੇ। 
ਉਹ ਡਰ ਨਾਲ ਬੱਚਾ ਜਣਨ ਵਾਲੀ ਔਰਤ ਵਾਂਗਰਾਂ ਹੋਣਗੇ। 
ਦਂਮਿਸ਼ਕ ਲਈ ਇੱਕ ਸੰਦੇਸ਼ 
23 ਇਹ ਸੰਦੇਸ਼ ਦਂਮਿਸ਼ਕ ਦੇ ਸ਼ਹਿਰ ਬਾਰੇ ਹੈ: 
“ਹਮਾਬ ਅਤੇ ਅਰਪਾਦ ਦੇ ਕਸਬੇ ਸ਼ਰਮਸਾਰ ਨੇ। 
ਉਹ ਇਸ ਲਈ ਭੈਭੀਤ ਨੇ ਕਿ ਉਨ੍ਹਾਂ ਬੁਰੀ ਖਬਰ ਸੁਣੀ ਹੈ। 
ਉਹ ਨਿਰ-ਉਤਸਾਹੇ ਨੇ ਅਤੇ ਸਮੁੰਦਰ ਦੀ ਤਰ੍ਹਾਂ ਡਰ ਨਾਲ 
ਹਿਲਦੇ ਨੇ ਜਿਹੜਾ ਅਰਾਮ ਨਹੀਂ ਕਰ ਸੱਕਦਾ। 
24 ਦਂਮਿਸ਼ਕ ਦਾ ਸ਼ਹਿਰ ਕਮਜ਼ੋਰ ਹੋ ਗਿਆ ਹੈ। 
ਲੋਕ ਉੱਥੋਂ ਭੱਜ ਜਾਣਾ ਲੋਚਦੇ ਨੇ। 
ਲੋਕ ਆਤੰਕਿਤ ਹੋਣ ਲਈ ਤਿਆਰ ਨੇ। 
ਲੋਕ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਦਰਦ ਮਹਿਸੂਸ ਕਰਦੇ ਨੇ। 
25 “ਦਂਮਿਸ਼ਕ ਇੱਕ ਪ੍ਰਸੰਨ ਸ਼ਹਿਰ ਹੈ। 
ਲੋਕ ਹਾਲੇ ਉਸ ‘ਰਂਗੀਨ ਸ਼ਹਿਰ’ ਨੂੰ ਛੱਡ ਕੇ ਨਹੀਂ ਗਏ। 
26 ਇਸ ਲਈ ਉਸ ਸ਼ਹਿਰ ਦੇ ਗੱਭਰੂ ਆਮ ਚੌਕਾਂ ਅੰਦਰ ਮਰਨਗੇ। 
ਉਸ ਸਮੇਂ, ਉਸ ਦੇ ਸਾਰੇ ਸਿਪਾਹੀ ਮਾਰੇ ਜਾਣਗੇ।” 
ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ। 
27 “ਮੈਂ ਦਂਮਿਸ਼ਕ ਦੀਆਂ ਕੰਧਾਂ ਨੂੰ ਅੱਗ ਦਿਖਾ ਦੇਵਾਂਗਾ। 
ਉਹ ਅੱਗ ਬਨ-ਹਦਦ ਦੇ ਮਜ਼ਬੂਤ ਕਿਲ੍ਹਿਆਂ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।” 
ਕੇਦਾਰ ਅਤੇ ਹਾਸੋਰ ਬਾਰੇ ਇੱਕ ਸੰਦੇਸ਼ 
28 ਇਹ ਸੰਦੇਸ਼ ਕੇਦਾਰ ਦੇ ਕਬੀਲੇ ਅਤੇ ਹਾਸੋਰ ਦੇ ਹਾਕਮਾਂ ਬਾਰੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਉਨ੍ਹਾਂ ਨੂੰ ਹਰਾਇਆ ਸੀ। ਯਹੋਵਾਹ ਆਖਦਾ ਹੈ: 
“ਜਾਓ ਅਤੇ ਕੇਦਾਰ ਦੇ ਪਰਿਵਾਰ-ਸਮੂਹ ਉੱਤੇ ਹਮਲਾ ਕਰੋ। 
ਪੂਰਬ ਦੇ ਲੋਕਾਂ ਨੂੰ ਤਬਾਹ ਕਰ ਦਿਓ। 
29 ਉਨ੍ਹਾਂ ਦੇ ਤੰਬੂ ਅਤੇ ਇੱਜੜ ਖੋਹ ਲੇ ਜਾਣਗੇ। 
ਉਨ੍ਹਾਂ ਦੇ ਤੰਬੂ ਅਤੇ ਸਾਰੀਆਂ ਦੌਲਤਾਂ ਲੁੱਟ ਲਈਆਂ ਜਾਣਗੀਆਂ। 
ਦੁਸ਼ਮਣ ਉਨ੍ਹਾਂ ਦੇ ਊਠ ਲੁੱਟ ਲਵੇਗਾ। 
ਲੋਕ ਉੱਚੀ ਪੁਕਾਰ ਕੇ ਉਨ੍ਹਾਂ ਨੂੰ ਆਖਣਗੇ: 
‘ਸਾਡੇ ਹਰ ਪਾਸੇ ਭਿਆਨਕ ਗੱਲਾਂ ਵਾਪਰ ਰਹੀਆਂ ਨੇ।’ 
30 ਛੇਤੀ ਭੱਜੋ! 
ਹਾਸੋਰ ਦੇ ਲੋਕੋ, ਛੁਪਣ ਦੀ ਕੋਈ ਚੰਗੀ ਥਾਂ ਲੱਭ ਲਵੋ।” 
ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 
ਨਬੂਕਦਨੱਸਰ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ। 
ਉਸ ਨੇ ਤੁਹਾਨੂੰ ਹਰਾਉਣ ਦੀਆਂ ਚਲਾਕ ਯੋਜਨਾਵਾਂ ਸੋਚੀਆਂ। 
31 ਇੱਥੇ ਇੱਕ ਕੌਮ ਹੈ ਜਿਹੜੀ ਸੁਰੱਖਿਅਤ ਸਮਝਦੀ ਹੈ। 
ਉਹ ਕੌਮ ਆਪਣੇ-ਆਪ ਨੂੰ ਸੁਰੱਖਿਅਤ ਸਮਝਦੀ ਹੈ। 
ਉਸ ਕੋਲ, ਆਪਣੀ ਰਾਖੀ ਲਈ ਦਰਵਾਜ਼ੇ ਜਾਂ ਤਾਲੇ ਲੱਗੇ ਫ਼ਾਟਕ ਨਹੀਂ ਹਨ। 
ਉਨ੍ਹਾਂ ਦਾ ਕੋਈ ਗੁਆਂਢੀ ਨਹੀਂ ਹੈ। 
ਯਹੋਵਾਹ ਆਖਦਾ ਹੈ, “ਉਸ ਕੌਮ ਉੱਤੇ ਹਮਲਾ ਕਰੋ!” 
32 ਦੁਸ਼ਮਣ ਉਨ੍ਹਾਂ ਦੇ ਊਠ ਚੋਰੀ ਕਰ ਲਵੇਗਾ 
ਅਤੇ ਉਨ੍ਹਾਂ ਦੇ ਵੱਡੇ ਵਗ੍ਗ ਚੁੱਕ ਕੇ ਲੈ ਜਾਵੇਗਾ। 
ਉਹ ਲੋਕ ਆਪਣੀਆਂ ਦਾਢ਼ੀਆਂ ਦੇ ਕੋਨੇ ਕਤਰਦੇ ਨੇ। 
ਹਾਂ, ਮੈਂ ਉਨ੍ਹਾਂ ਨੂੰ ਧਰਤੀ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਭਜਾ ਦਿਆਂਗਾ। 
ਮੈਂ ਉਨ੍ਹਾਂ ਲਈ ਹਰ ਪਾਸਿਓ ਭਿਆਨਕ ਮੁਸੀਬਤਾਂ ਲਿਆਵਾਂਗਾ।” 
ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 
33 “ਹਸੋਰ ਦੀ ਧਰਤੀ ਅਜਿਹੀ ਥਾਂ ਬਣ ਜਾਵੇਗੀ, ਜਿੱਥੇ ਅਵਾਰਾ ਕੁੱਤੇ ਹੀ ਰਹਿਣਗੇ। 
ਓਥੇ ਕੋਈ ਵੀ ਬੰਦਾ ਨਹੀਂ ਰਹੇਗਾ। 
ਓਸ ਥਾਂ ਕੋਈ ਵੀ ਬੰਦਾ ਨਹੀਂ ਰਹੇਗਾ। 
ਇਹ ਸਦਾ ਲਈ ਉਜਾੜ ਮਾਰੂਬਲ ਬਣ ਜਾਵੇਗਾ।” 
ਏਲਾਮ ਬਾਰੇ ਇੱਕ ਸੰਦੇਸ਼ 
34 ਜਦੋਂ ਸਿਦਕੀਯਾਹ ਯਹੂਦਾਹ ਦਾ ਰਾਜਾ ਸੀ ਉਸ ਦੇ ਸ਼ੁਰੂ ਦੇ ਸਮੇਂ ਵਿੱਚ, ਨਬੀ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਮਿਲਿਆ। ਇਹ ਸੰਦੇਸ਼ ਏਲਾਮ ਦੀ ਕੌਮ ਬਾਰੇ ਹੈ। 
35 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, 
“ਬਹੁਤ ਛੇਤੀ ਹੀ ਮੈਂ ਏਲਾਮ ਦੀ ਕਮਾਨ ਤੋੜ ਸੁੱਟਾਂਗਾ। 
ਕਮਾਨ ਹੀ ਏਲਾਮ ਦਾ ਸਭ ਤੋਂ ਤਾਕਤਵਰ ਹਬਿਆਰ ਹੈ। 
36 ਮੈਂ ਚਹੁਂਆਂ ਹਵਾਵਾਂ ਨੂੰ ਏਲਾਮ ਦੇ ਵਿਰੁੱਧ ਲਿਆਵਾਂਗਾ। 
ਮੈਂ ਊਨ੍ਹਾਂ ਨੂੰ ਅਕਾਸ਼ ਦੇ ਚਹੁਂਆਂ ਕੋਨਿਆਂ ਤੋਂ ਲਿਆਵਾਂਗਾ। 
ਮੈਂ ਏਲਾਮ ਦੇ ਲੋਕਾਂ ਨੂੰ ਧਰਤੀ ਦੇ ਹਰ ਓਸ ਪਾਸੇ ਭੇਜ ਦਿਆਂਗਾ ਜਿੱਥੇ ਕਿ ਚਾਰੇ ਹਵਾਵਾਂ ਵਗਦੀਆਂ ਨੇ। 
ਏਲਾਮ ਦੇ ਬੰਦੀ ਵੀ ਹਰ ਕੌਮ ਵੱਲ ਲਿਜਾਏ ਜਾਣਗੇ। 
37 ਮੈਂ ਏਲਾਮ ਦੇ ਟੋਟੇ ਕਰ ਦਿਆਂਗਾ, ਜਦੋਂ ਉਨ੍ਹਾਂ ਦੇ ਦੁਸ਼ਮਣ ਦੇਖ ਰਹੇ ਹੋਣਗੇ। 
ਮੈਂ ਏਲਾਮ ਨੂੰ ਉਨ੍ਹਾਂ ਲੋਕਾਂ ਸਾਹਮਣੇ ਤੋੜ ਦਿਆਂਗਾ, ਜਿਹੜੇ ਉਸ ਨੂੰ ਕਤਲ ਕਰਨਾ ਲੋਚਦੇ ਨੇ। 
ਮੈਂ ਉਨ੍ਹਾਂ ਲਈ ਭਿਆਨਕ ਮੁਸੀਬਤਾਂ ਲਿਆਵਾਂਗਾ। 
ਮੈਂ ਉਨ੍ਹਾਂ ਨੂੰ ਦਿਖਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ।” 
ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 
ਏਲਾਮ ਦਾ ਪਿੱਛਾ ਕਰਨ ਲਈ ਮੈਂ ਇੱਕ ਤਲਵਾਰ ਭੇਜਾਂਗਾ। 
ਇਹ ਤਲਵਾਰ ਉਨ੍ਹਾਂ ਨੂੰ ਭਜਾੇਗੀ ਜਦੋਂ ਤੀਕ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਮਾਰ ਨਹੀਂ ਮੁਕਾਉਂਦਾ। 
38 ਮੈਂ ਏਲਾਮ ਨੂੰ ਦਿਖਾ ਦਿਆਂਗਾ ਕਿ ਮੇਰਾ ਕਾਬੂ ਹੈ। 
ਅਤੇ ਮੈਂ ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ। 
ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 
39 “ਪਰ ਭਵਿੱਖ ਵਿੱਚ, ਮੈਂ ਏਲਾਮ ਲਈ ਚੰਗੀਆਂ ਘਟਨਾਵਾਂ ਵਾਪਰਨ ਦਿਆਂਗਾ।” 
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।