ਫ਼ਿਲਿਸਤੀ ਲੋਕਾਂ ਬਾਰੇ ਇੱਕ ਸੰਦੇਸ਼ 
47
1 ਇਹ ਯਹੋਵਾਹ ਵੱਲੋਂ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨਬੀ ਨੂੰ ਮਿਲਿਆ। ਇਹ ਸੰਦੇਸ਼ ਫ਼ਿਲਿਸਤੀ ਲੋਕਾਂ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਦੇ ਅੱਜ਼ਾਹ੍ਹ ਸ਼ਹਿਰ ਉੱਤੇ ਹਮਲੇ ਤੋਂ ਪਹਿਲਾਂ ਮਿਲਿਆ। 
2 ਯਹੋਵਾਹ ਆਖਦਾ ਹੈ: 
“ਦੇਖੋ, ਦੁਸ਼ਮਣ ਦੇ ਫ਼ੌਜੀ, ਉੱਤਰ ਵੱਲ ਇਕੱਠੇ ਹੋ ਰਹੇ ਨੇ। 
ਉਹ ਕੰਢਿਆਂ ਤੋਂ ਵਗਦੇ ਹੋਏ, ਤੂਫ਼ਾਨੀ ਨਦੀ ਦੇ ਪਾਣੀ ਵਾਂਗ ਆਉਣਗੇ। 
ਉਹ ਸਾਰੀ ਧਰਤੀ ਨੂੰ ਹੜ੍ਹ ਵਾਂਗ ਢੱਕ ਲੈਣਗੇ। 
ਉਹ ਕਸਬਿਆਂ ਅੰਦਰ ਅਤੇ ਉਨ੍ਹਾਂ ਵਿੱਚ ਵਸਦੇ ਲੋਕਾਂ ਉੱਪਰ ਫ਼ੈਲ ਜਾਣਗੇ। 
ਉਸ ਦੇਸ਼ ਦਾ ਹਰ ਕੋਈ ਰਹਿਣ ਵਾਲਾ 
ਸਹਾਇਤਾ ਲਈ ਰੋਵੇਗਾ। 
3 ਉਹ ਲੋਕ ਦੌੜਦੇ ਘੋੜਿਆਂ ਦੀਆਂ ਅਵਾਜ਼ਾਂ ਸੁਣਨਗੇ। 
ਉਨ੍ਹਾਂ ਨੂੰ ਸ਼ੋਰੀਲੇ ਰੱਥ ਸੁਣਾਈ ਦੇਣਗੇ। 
ਉਹ ਧੜਕਦੇ ਪਹੀਆਂ ਨੂੰ ਸੁਣਨਗੇ। 
ਪਿਤਾ ਆਪਣੇ ਬੱਚਿਆਂ ਨੂੰ ਬਚਾ ਨਹੀਂ ਸੱਕਣਗੇ। 
ਉਹ ਸਹਾਇਤਾ ਕਰਨ ਲਈ ਬਹੁਤ ਕਮਜ਼ੋਰ ਹੋਣਗੇ। 
4 ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ। 
ਸੂਰ ਅਤੇ ਸੈਦਾ ਦੇ ਬਚੇ ਹੋਏ ਸਹਾਇਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ। 
ਬਹੁਤ ਛੇਤੀ ਹੀ ਯਹੋਵਾਹ ਫ਼ਲਿਸਤੀ ਲੋਕਾਂ ਨੂੰ ਤਬਾਹ ਕਰ ਦੇਵੇਗਾ, 
ਉਹ ਜਿਹੜੇ ਕਫ਼ਤੋਂਰ ਟਾਪੂ ਤੋਂ ਬਚੇ ਹੋਏ ਹਨ। 
5 ਅੱਜ਼ਾਹ੍ਹ ਦੇ ਲੋਕ ਗ਼ਮਗੀਨ ਹੋਣਗੇ ਅਤੇ ਆਪਣੇ ਸਿਰ ਮਨਾਉਣਗੇ। 
ਅਸ਼ਕਲੋਨ ਦੇ ਲੋਕ ਖਾਮੋਸ਼ ਕਰ ਦਿੱਤੇ ਜਾਣਗੇ। 
ਵਾਦੀ ਦੇ ਬਚੇ ਹੋਏ ਲੋਕ, ਕਿੰਨਾ ਕੁ ਚਿਰ ਹੋਰ ਤੁਸੀਂ ਆਪਣੇ-ਆਪ ਨੂੰ ਵਢ੍ਢੋਁ-ਟੁਕੱੋਁਗੇ? 
6 “ਯਹੋਵਾਹ ਦੀਏ ਤਲਵਾਰੇ, ਤੂੰ ਰੁਕੀ ਨਹੀਂ ਹਁੈ। 
ਤੂੰ ਕਿੰਨਾ ਕੁ ਚਿਰ ਲੜਦੀ ਰਹੇਂਗੀ? 
ਆਪਣੇ ਮਿਆਨ ਅੰਦਰ ਚਲੀ ਜਾਵੇਗੀ! 
ਰੁਕ ਜਾ! ਖਾਮੋਸ਼ ਹੋ ਜਾ! 
7 ਪਰ ਯਹੋਵਾਹ ਦੀ ਤਲਵਾਰ ਅਰਾਮ ਕਿਵੇਂ ਕਰ ਸੱਕਦੀ ਹੈ? 
ਯਹੋਵਾਹ ਨੇ ਇਸ ਨੂੰ ਆਦੇਸ਼ ਦਿੱਤਾ ਸੀ। 
ਯਹੋਵਾਹ ਨੇ ਇਸ ਨੂੰ ਅਸ਼ਕਲੋਨ ਸ਼ਹਿਰ 
ਅਤੇ ਸਮੁੰਦਰ ਕੰਢੇ ਉੱਤੇ ਹਮਲਾ ਕਰਨ ਦਾ ਆਦੇਸ਼ ਦਿੱਤਾ ਸੀ।”