ਲੰਗੋਟੀ ਦਾ ਨਿਸ਼ਾਨ 
13
1 ਇਹੀ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ ਸੀ, “ਯਿਰਮਿਯਾਹ ਜਾਹ ਜਾਕੇ ਕੱਪੜੇ ਦੀ ਲੰਗੋਟੀ ਖਰੀਦ। ਫ਼ੇਰ ਇਸ ਨੂੰ ਆਪਣੇ ਲੱਕ ਦੁਆਲੇ ਲਪੇਟ। ਲੰਗੋਟੀ ਨੂੰ ਭਿੱਜਣ ਨਾ ਦੇਵੀਂ।” 
2 ਇਸ ਲਈ ਮੈਂ ਕਪੜੇ ਦੀ ਲੰਗੋਟੀ ਖਰੀਦੀ ਜਿਹਾ ਕਿ ਯਹੋਵਾਹ ਨੇ ਮੈਨੂੰ ਖਰੀਦਣ ਲਈ ਆਖਿਆ ਸੀ। ਅਤੇ ਮੈਂ ਇਸ ਨੂੰ ਆਪਣੇ ਲੱਕ ਦੁਆਲੇ ਲਪੇਟ ਲਿਆ। 
3 ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਦੋਬਾਰਾ ਮਿਲਿਆ। 
4 ਸੰਦੇਸ਼ ਇਹ ਸੀ: “ਯਿਰਮਿਯਾਹ ਉਹ ਲੰਗੋਟੀ ਲੈ ਜਾ ਜੋ ਤੂੰ ਖਰੀਦੀ ਅਤੇ ਪਹਿਨੀ ਹੋਈ ਹੈ, ਅਤੇ ਫਰਾਤ ਵੱਲ ਜਾਹ। ਓਥੇ ਚੱਟਾਨਾਂ ਦੀਆਂ ਤ੍ਰੇੜਾਂ ਵਿੱਚ ਲੰਗੋਟੀ ਨੂੰ ਛੁਪਾ ਦੇਵੀਂ।” 
5 ਇਸ ਲਈ ਮੈਂ ਫਰਾਤ ਗਿਆ ਅਤੇ ਜਿਵੇਂ ਯਹੋਵਾਹ ਨੇ ਮੈਨੂੰ ਆਖਿਆ ਸੀ ਮੈਂ ਲੰਗੋਟੀ ਛੁਪਾ ਦਿੱਤੀ। 
6 ਕਈ ਦਿਨਾਂ ਮਗਰੋਂ, ਯਹੋਵਾਹ ਨੇ ਮੈਨੂੰ ਆਖਿਆ, “ਹੁਣ ਯਿਰਮਿਯਾਹ, ਫਰਾਤ ਨੂੰ ਜਾਹ। ਉਸ ਲੰਗੋਟੀ ਨੂੰ ਲੈ ਕੇ ਆ ਜਿਹੜੀ ਮੈਂ ਤੈਨੂੰ ਓਥੇ ਛੁਪਾਉਣ ਲਈ ਆਖਿਆ ਸੀ।” 
7 ਇਸ ਲਈ ਮੈਂ ਫਰਾਤ ਗਿਆ ਅਤੇ ਪੁੱਟ ਕੇ ਲੰਗੋਟੀ ਕੱਢ ਲਈ। ਮੈਂ ਇਸ ਨੂੰ ਚੱਟਾਨਾਂ ਦੀਆਂ ਜਿਨ੍ਹਾਂ ਤ੍ਰੇੜਾਂ ਵਿੱਚ ਛੁਪਾਇਆ ਸੀ ਉੱਥੋਂ ਕੱਢ ਲਿਆ। ਪਰ ਹੁਣ ਮੈਂ ਲੰਗੋਟੀ ਨੂੰ ਪਹਿਨ ਨਹੀਂ ਸੱਕਦਾ ਸਾਂ ਕਿਉਂ ਕਿ ਇਹ ਬਰਬਾਦ ਹੋ ਚੁੱਕੀ ਸੀ। ਇਹ ਕਿਸੇ ਕੰਮ ਦੀ ਨਹੀਂ ਸੀ। 
8 ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 
9 ਯਹੋਵਾਹ ਨੇ ਇਹ ਆਖਿਆ, “ਜਿਵੇਂ ਕਿ ਲੰਗੋਟੀ ਖਰਾਬ ਹੋ ਜਾਂਦੀ ਹੈ ਅਤੇ ਕਿਸੇ ਕੰਮ ਦੀ ਨਹੀਂ ਰਹਿੰਦੀ, ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦਾ ਝੂਠਾ ਘੁਮੰਡ ਬਰਬਾਦ ਕਰ ਦਿਆਂਗਾ। 
10 ਮੈਂ ਯਹੂਦਾਹ ਦੇ ਉਨ੍ਹਾਂ ਗੁਮਾਨੀ ਅਤੇ ਮੰਦੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੇਰੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਜ਼ਿੱਦੀ ਹਨ ਅਤੇ ਸਿਰਫ਼ ਮਨ ਆਈਆਂ ਗੱਲਾਂ ਕਰਦੇ ਹਨ। ਉਹ ਹੋਰਨਾਂ ਦੇਵਤਿਆਂ ਦੇ ਅਨੁਯਾਈ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਯਹੂਦਾਹ ਦੇ ਉਹ ਲੋਕ ਇਸ ਕਪੜੇ ਦੀ ਲੰਗੋਟੀ ਵਰਗੇ ਹੋ ਜਾਣਗੇ। ਉਹ ਤਬਾਹ ਹੋ ਜਾਣਗੇ ਅਤੇ ਕਿਸੇ ਵੀ ਕੰਮ ਦੇ ਨਹੀਂ ਰਹਿਣਗੇ। 
11 ਬੰਦਾ ਲੰਗੋਟੀ ਨੂੰ ਆਪਣੇ ਲੱਕ ਨਾਲ ਕਸੱਕੇ ਬਂਨ੍ਹਦਾ ਹੈ। ਓਸੇ ਤਰ੍ਹਾਂ ਮੈਂ ਇਸਰਾਏਲ ਦੇ ਸਾਰੇ ਪਰਿਵਾਰ ਅਤੇ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਆਪਣੇ ਦੁਆਲੇ ਕਸ ਕੇ ਬੰਨ੍ਹਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਉਹ ਲੋਕ ਮੇਰੇ ਬੰਦੇ ਬਣਨ। ਫ਼ੇਰ ਮੇਰੇ ਬੰਦੇ ਮੇਰੇ ਲਈ ਪ੍ਰਸਿੱਧੀ, ਉਸਤਤ ਅਤੇ ਇੱਜ਼ਤ ਦਾ ਕਾਰਣ ਬਨਣਗੇ। ਪਰ ਮੇਰੇ ਬੰਦਿਆਂ ਨੇ ਮੇਰੀ ਗੱਲ ਨਹੀਂ ਸੁਣੀ।” 
ਯਹੂਦਾਹ ਨੂੰ ਚੇਤਾਵਨੀਆਂ 
12 “ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ: ‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ਸ਼ਰਾਬ ਦੀ ਹਰ ਮਸ਼ਕ ਸ਼ਰਾਬ ਨਾਲ ਭਰੀ ਹੋਣੀ ਚਾਹੀਦੀ ਹੈ।’ ਉਹ ਬੰਦੇ ਹੱਸਣਗੇ ਅਤੇ ਤੈਨੂੰ ਆਖਣਗੇ, ‘ਬੇਸ਼ਕ, ਅਸੀਂ ਜਾਣਦੇ ਹਾਂ ਕਿ ਹਰ ਸ਼ਰਾਬ ਦੀ ਮਸ਼ਕ ਸ਼ਰਾਬ ਨਾਲ ਭਰੀ ਹੋਣੀ ਚਾਹੀਦੀ’ 
13 ਫ਼ੇਰ ਤੂੰ ਉਨ੍ਹਾਂ ਨੂੰ ਆਖੇਂਗਾ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਇਸ ਧਰਤੀ ਤੇ ਰਹਿਣ ਵਾਲੇ ਹਰ ਬੰਦੇ ਨੂੰ ਸ਼ਰਾਬੀ ਬੰਦੇ ਵਾਂਗ ਬਣਾ ਦੇਵਾਂਗਾ। ਮੈਂ ਉਨ੍ਹਾਂ ਰਾਜਿਆਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਦਾਊਦ ਦੇ ਤਖਤ ਉੱਤੇ ਬੈਠੇ ਹਨ। ਮੈਂ ਉਨ੍ਹਾਂ ਜਾਜਕਾਂ, ਜਾਜਕਾਂ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਬਾਰੇ ਵੀ ਆਖ ਰਿਹਾ ਹਾਂ। 
14 ਮੈਂ ਯਹੂਦਾਹ ਦੇ ਲੋਕਾਂ ਨੂੰ ਇੱਕ ਦੂਜੇ ਵਿੱਚ ਵਜ੍ਜ ਕੇ ਡਿੱਗਣ ਲਾ ਦਿਆਂਗਾ। ਪਿਤਾ ਅਤੇ ਪੁੱਤਰ ਇੱਕ ਦੂਜੇ ਨਾਲ ਟਕਰਾ ਕੇ ਡਿਗ ਪੈਣਗੇ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ ‘ਮੈਨੂੰ ਉਨ੍ਹਾਂ ਉੱਤੇ ਕੋਈ ਤਰਸ ਜਾਂ ਅਫ਼ਸੋਸ ਨਹੀਂ ਹੋਵੇਗਾ। ਮੈਂ ਆਪਣੇ ਰਹਿਮ ਕਾਰਣ ਯਹੂਦਾਹ ਦੇ ਲੋਕਾਂ ਨੂੰ ਤਬਾਹ ਕਰਨ ਤੋਂ ਨਹੀਂ ਹਟਾਂਗਾ।’” 
15 ਸੁਣੋ ਅਤੇ ਧਿਆਨ ਕਰੋ। 
ਯਹੋਵਾਹ ਨੇ ਤੁਹਾਨੂੰ ਆਖਿਆ ਹੈ, 
ਗੁਮਾਨੀ ਨਾ ਬਣੋ। 
16 ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰੋ। 
ਉਸਦੀ ਉਸਤਤ ਕਰੋ ਨਹੀਂ ਤਾਂ ਉਹ ਹਨੇਰਾ ਪਾ ਦੇਵੇਗਾ। 
ਇਸਤੋਂ ਪਹਿਲਾਂ ਕਿ ਤੁਸੀਂ ਉਨ੍ਹਾਂ ਪਹਾੜੀਆਂ ਉੱਤੋਂ ਡਿੱਗ ਪਵੋਁ ਜਿੱਥੇ 
ਤੁਸੀਂ ਖਲੋਤੇ ਹੋਏ ਰੌਸ਼ਨੀ ਦਾ ਇੰਤਜ਼ਾਰ ਕਰ ਰਹੇ ਹੋ, ਉਸਦੀ ਉਸਤਤ ਕਰੋ। 
ਪਰ ਯਹੋਵਾਹ ਭਿਆਨਕ ਅੰਧਕਾਰ ਲਿਆਵੇਗਾ। 
ਉਹ ਰੌਸ਼ਨੀ ਨੂੰ ਬਹੁਤ ਗੂੜੇ ਹਨੇਰੇ ਅੰਦਰ ਬਦਲ ਦੇਵੇਗਾ। 
17 ਜੇ ਤੁਸਾਂ ਲੋਕਾਂ ਯਹੋਵਾਹ ਦੀ ਗੱਲ ਨਾ ਸੁਣੀਁ, 
ਤੁਹਾਡਾ ਗੁਮਾਨ ਮੈਨੂੰ ਬਹੁਤ ਉਦਾਸ ਕਰ ਦੇਵੇਗਾ। 
ਮੈਂ ਆਪਣਾ ਮੁਖ ਛੁਪਾ ਲਵਾਂਗਾ ਅਤੇ ਜ਼ਾਰੋ-ਜ਼ਾਰ ਰੋਵਾਂਗਾ। 
ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰਨਗੇ। ਕਿਉਂ? 
ਕਿਉਂ ਕਿ ਯਹੋਵਾਹ ਦਾ ਇੱਜੜ 
ਫ਼ਾਹ ਲਿਆ ਜਾਵੇਗਾ ਅਤੇ ਚੁੱਕ ਕੇ ਦੂਰ ਲਿਜਾਇਆ ਜਾਵੇਗਾ। 
18 ਇਹ ਗੱਲਾਂ ਰਾਜੇ ਅਤੇ ਉਸਦੀ ਰਾਣੀ ਨੂੰ ਦੱਸੋ, 
“ਆਪਣੇ ਤਖਤਾਂ ਉੱਪਰੋਂ ਉਤਰ ਆਵੋ। 
ਤੁਹਾਡੇ ਖੂਬਸੂਰਤ ਤਾਜ਼, ਤੁਹਾਡੇ ਸਿਰਾਂ ਉੱਤੋਂ ਡਿੱਗ ਪਏ ਨੇ।” 
19 ਨਜ਼ੀਬ ਮਾਰੂਬਲ ਦੇ ਸ਼ਹਿਰਾਂ ਦੇ ਦਰਵਾਜ਼ੇ ਬੰਦ ਹਨ, 
ਅਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਖੋਲ੍ਹ ਸੱਕਦਾ। 
ਯਹੂਦਾਹ ਦੇ ਸਾਰੇ ਹੀ ਲੋਕਾਂ ਨੂੰ ਦੇਸ਼-ਨਿਕਾਲਾ ਦਿੱਤਾ ਗਿਆ, 
ਉਨ੍ਹਾਂ ਨੂੰ ਕੈਦੀਆਂ ਵਾਂਗ ਲਿਜਾਇਆ ਗਿਆ ਸੀ। 
20 ਦੇਖ, ਯਰੂਸ਼ਲਮ! 
ਦੁਸ਼ਮਣ ਉੱਤਰ ਵੱਲੋਂ ਆ ਰਿਹਾ ਹੈ! 
ਤੇਰਾ ਇੱਜੜ ਕਿੱਥੋ ਹੈ, 
ਉਹ ਸੁੰਦਰ ਇੱਜੜ ਜਿਹੜਾ ਪਰਮੇਸ਼ੁਰ ਨੇ ਤੈਨੂੰ ਸੌਂਪਿਆ ਸੀ। 
21 ਤੂੰ ਕੀ ਆਖੇਂਗਾ ਜਦੋਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਹੀ 
ਤੇਰੇ ਉੱਪਰ ਆਗੂਆਂ ਵਜੋਂ ਨਿਯੁਕਤ ਕਰੇਗਾ ਜਿਨ੍ਹਾਂ ਨੂੰ ਤੂੰ ਸਿੱਖਿਆ ਦਿੱਤੀ ਹੈ। 
ਇਸ ਲਈ ਬੱਚੇ ਨੂੰ ਜਣਨ ਵਾਲੀ ਔਰਤ ਵਾਂਗ 
ਤੇਰੇ ਉੱਪਰ ਬਹੁਤ ਸਾਰਾ ਦਰਦ ਆਵੇਗਾ। 
22 ਭਾਵੇਂ ਤੂੰ ਆਪਣੇ ਆਪ ਤੋਂ ਪੁੱਛੇਂ, 
“ਮੇਰੇ ਨਾਲ ਇਹ ਮੰਦੀ ਘਟਨਾ ਕਿਉਂ ਵਾਪਰੀ ਹੈ?” 
ਇਹ ਗੱਲਾਂ ਤੇਰੇ ਅਣਗਿਣਤ ਪਾਪਾਂ ਕਾਰਣ ਵਾਪਰੀਆਂ ਸਨ। 
ਤੇਰੇ ਪਾਪਾਂ ਕਾਰਣ ਹੀ ਤੇਰੀ ਘੱਗਰੀ ਪਾਟ ਗਈ ਸੀ 
ਅਤੇ ਤੇਰੀਆਂ ਜੁੱਤੀਆਂ ਖੋਹ ਲਈਆਂ ਗਈਆਂ ਸਨ। 
ਉਨ੍ਹਾਂ ਅਜਿਹਾ ਤੈਨੂੰ ਸ਼ਰਮਿੰਦਾ ਕਰਨ ਲਈ ਕੀਤਾ ਸੀ। 
23 ਕਾਲਾ ਆਦਮੀ ਆਪਣੀ ਚਮੜੀ ਦਾ ਰੰਗ ਨਹੀਂ ਬਦਲ ਸੱਕਦਾ। 
ਅਤੇ ਚੀਤਾ, ਆਪਣੇ ਦਾਗ ਨਹੀਂ ਬਦਲ ਸੱਕਦਾ। 
ਇਸੇ ਤਰ੍ਹਾਂ ਹੀ, ਯਰੂਸ਼ਲਮ, ਤੂੰ ਬਦਲ ਨਹੀਂ ਸੱਕਦਾ ਅਤੇ ਨੇਕੀ ਨਹੀਂ ਕਰ ਸੱਕਦਾ। 
ਤੁਹਾਨੂੰ ਸਿਰਫ਼ ਮੰਦੀਆਂ ਗੱਲਾਂ ਕਰਨੀਆਂ ਹੀ ਸਿੱਖਾਈਆਂ ਗਈਆਂ ਹਨ। 
24 “ਮੈਂ ਤੈਨੂੰ ਆਪਣੇ ਘਰੋ ਬਾਹਰ ਜਾਣ ਲਈ ਮਜ਼ਬੂਰ ਕਰ ਦਿਆਂਗਾ। 
ਤੂੰ ਚਾਰ-ਚੁਫ਼ੇਰੇ ਭੱਜੇਂਗਾ। 
ਤੂੰ ਮਾਰੂਬਲ ਦੀ ਹਵਾ ਦੇ ਉਡਾਏ ਤਿਨਕਿਆਂ ਵਾਂਗ ਹੋਵੇਂਗਾ। 
25 ਇਹੀ ਹੈ ਜਿਹੜਾ ਤੇਰੇ ਨਾਲ ਵਾਪਰੇਗਾ। 
ਮੇਰੀਆਂ ਯੋਜਨਾਵਾਂ ਅੰਦਰ ਇਹੀ ਤੇਰਾ ਹਿੱਸਾ ਹੈ।” 
ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 
“ਇਹ ਕਿਉਂ ਵਾਪਰੇਗਾ? ਕਿਉਂ ਕਿ ਤੂੰ ਮੈਨੂੰ ਭੁੱਲ ਗਿਆ ਸੈਂ। 
ਤੂੰ ਝੂਠੇ ਦੇਵਤਿਆਂ ਉੱਤੇ ਭਰੋਸਾ ਕੀਤਾ। 
26 ਯਰੂਸ਼ਲਮ, ਮੈਂ ਤੇਰੀ ਘੱਗਰੀ ਨੂੰ ਤੇਰੇ ਚਿਹਰੇ ਤੀਕ ਉੱਚੀ ਚੁੱਕ ਦਿਆਂਗਾ। 
ਹਰ ਕੋਈ ਤੈਨੂੰ ਦੇਖੇਗਾ ਅਤੇ ਤੂੰ ਸ਼ਰਮਸਾਰ ਹੋਵੇਂਗੀ। 
27 ਮੈਂ ਤੇਰੇ ਭਿਆਨਕ ਕਾਰੇ ਦੇਖੇ ਸਨ। 
ਮੈਂ ਤੈਨੂੰ ਹੱਸੱਦਿਆਂ ਹੋਇਆਂ ਅਤੇ ਆਪਣੇ ਪ੍ਰੇਮੀਆਂ ਨਾਲ ਸੰਭੋਗ ਕਰਦਿਆਂ ਹੋਇਆਂ ਦੇਖਿਆ ਸੀ। 
ਮੈਂ ਤੇਰੀਆਂ ਵੇਸਵਾ ਬਣਨ ਦੀਆਂ ਵਿਉਂਤਾਂ ਬਾਰੇ ਜਾਣਦਾ ਹਾਂ। 
ਮੈਂ ਤੈਨੂੰ ਪਹਾੜੀਆਂ ਉੱਤੇ ਅਤੇ ਖੇਤਾਂ ਅੰਦਰ ਦੇਖਿਆ ਹੈ। 
ਯਰੂਸ਼ਲਮ, ਇਹ ਤੇਰੇ ਲਈ ਬਹੁਤ ਬੁਰਾ ਹੈ। 
ਮੈਂ ਹੈਰਾਨ ਹਾਂ ਕਿ ਕਿੰਨਾ ਕੁ ਚਿਰ ਤੂੰ ਆਪਣੇ ਨਾਪਾਕ ਪਾਪ ਕਰੀ ਜਾਵੇਂਗੀ।”