ਯੋਏਲ 
 
ਟਿੱਡੀਦਲ ਨਾਲ ਫ਼ਸਲਾਂ ਦਾ ਨਾਸ 
1
1 ਪਬੂਏਲ ਦੇ ਪੁੱਤਰ ਯੋਏਲ ਨੂੰ ਯਹੋਵਾਹ ਵੱਲੋਂ ਇਹ ਸੰਦੇਸ ਮਿਲਿਆ: 
2 ਆਗੂਓ! ਇਹ ਬਾਣੀ ਸੁਣੋ! 
ਦੇਸ ਦੇ ਸਾਰੇ ਆਗੂਓ! 
ਮੇਰੀ ਗੱਲ ਸੁਣੋ! ਕੀ ਅਜਿਹਾ ਕਦੇ ਤੁਹਾਡੇ ਜੀਵਨ ਵਿੱਚ ਪਹਿਲਾਂ ਵਾਪਰਿਆ ਹੈ? 
ਨਹੀਂ! ਕੀ ਤੁਹਾਡੇ ਪੁਰਖਿਆਂ ਵੇਲੇ ਕਦੇ ਇਉਂ ਹੋਇਆ? ਨਹੀਂ! 
3 ਇਸ ਬਾਰੇ ਤੁਸੀਂ ਆਪਣੇ ਪੁੱਤਰਾਂ ਨੂੰ 
ਤੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ 
ਅਤੇ ਤੁਹਾਡੇ ਪੋਤਰੇ ਅੱਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਗੱਲਾਂ ਦੱਸਣਗੇ। 
4 ਜੋ ਟਿੱਡੀ ਦਲ ਤੋਂ ਬੱਚਿਆਂ 
ਉਸ ਨੂੰ ਸਲਾ ਖਾ ਗਈ 
ਅਤੇ ਜੋ ਸਲਾ ਤੋਂ ਬੱਚਿਆਂ 
ਉਸ ਨੂੰ ਟੱਪਣੀ ਟਿੱਡੀ ਖਾ ਗਈ 
ਅਤੇ ਜੋ ਉਸਦੀ ਮਾਰ ਤੋਂ ਬੱਚਿਆਂ 
ਉਸ ਨੂੰ ਨਾਸ਼ਮਾਨ ਟਿੱਡੀ ਖਾ ਗਈ। 
ਟਿੱਡੀਦਲ ਦਾ ਆਉਣਾ 
5 ਤੁਸੀਂ ਲੋਕੀਂ ਜੋ ਸ਼ਰਾਬੀ ਹੋ, ਉੱਠੋ ਅਤੇ ਰੋਵੋ! 
ਤੁਸੀਂ ਸਾਰੇ ਜੋ ਪੀਂਦੇ ਹੋ, ਰੋਵੋ। 
ਕਿਉਂ ਕਿ ਤੁਹਾਡੀ ਮਿੱਠੀ ਮੈਅ ਖਤਮ ਹੋ ਚੁੱਕੀ ਹੈ 
ਹੁਣ ਤਹਾਨੂੰ ਉਸ ਮੈਅਦਾ ਸੁਆਦ ਨਹੀਂ ਮਿਲੇਗਾ। 
6 ਇੱਕ ਤਕੜੀ ਕੌਮ ਨੇ ਅਣਗਿਣਤ ਸਿਪਾਹੀਆਂ 
ਨਾਲ ਮੇਰੇ ਦੇਸ ਉੱਤੇ ਹਮਲਾ ਕਰ ਦਿੱਤਾ ਹੈ। 
ਉਨ੍ਹਾਂ ਦੇ ਦੰਦ ਸ਼ੇਰ ਦੇ ਦੰਦਾਂ ਜਿੰਨੇ ਤਿੱਖੇ ਹਨ 
ਅਤੇ ਜਬਾੜੇ ਸ਼ੇਰਨੀ ਦੇ ਜਬਾੜੇ ਜਿੰਨਾ ਮਜ਼ਬੂਤ ਹੈ। 
7 ਉਨ੍ਹਾਂ ਨੇ ਮੇਰੀ ਅੰਗੂਰੀ ਵੇਲ ਨੂੰ ਤਬਾਹ ਕਰ ਦਿੱਤਾ 
ਅਤੇ ਮੇਰੇ ਅੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿੱਤਾ ਹੈ। 
ਉਨ੍ਹਾਂ ਨੇ ਅੰਜ਼ੀਰ ਦੇ ਰੁੱਖਾਂ ਦੇ ਸਾਰੇ 
ਛਿੱਲੜ ਛਿਲ ਕੇ ਸੁੱਟ ਦਿੱਤੇ ਹਨ। 
ਲੋਕਾਂ ਦੇ ਵੈਣ 
8 ਉਸ ਡੋਲੇ ਪੈਣ ਵਾਲੀ ਕੁਆਰੀ ਕੁੜੀ ਵਾਂਗ 
ਤੂੰ ਰੋ ਜਿਸਦਾ ਹੋਣ ਵਾਲਾ ਪਤੀ ਮਾਰਿਆ ਗਿਆ ਹੋਵੇ। 
9 ਯਹੋਵਾਹ ਦੇ ਸੇਵਕ, ਜਾਜਕ ਰੋਦੇ ਹਨ 
ਕਿਉਂ ਕਿ ਯਹੋਵਾਹ ਦੇ ਮੰਦਰ ਵਿੱਚ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਨਹੀਂ ਰਹੇ। 
10 ਸਾਰੇ ਖੇਤ ਉੱਜੜ ਗਏ ਹਨ 
ਅਤੇ ਧਰਤੀ ਵੀ ਰੋ ਰਹੀ ਹੈ 
ਕਿਉਂ ਕਿ ਫ਼ਸਲਾਂ ਨਸ਼ਟ ਹੋ ਗਈਆਂ ਹਨ। 
ਨਵੀਂ ਮੈਅ ਮੁੱਕ ਚੁੱਕੀ ਹੈ 
ਤੇ ਜੈਤੂਨ ਦਾ ਤੇਲ ਖਤਮ ਹੋ ਗਿਆ ਹੈ। 
11 ਹੇ ਕਿਸਾਨੋ! ਦੁੱਖ ਮਨਾਓ! 
ਅੰਗੂਰੀ ਬਾਗ਼ਾਂ ਦੇ ਕਿਸਾਨੋ ਜ਼ੋਰ-ਜ਼ੋਰ ਦੀ ਪਿੱਟੋ ਕਣਕ 
ਅਤੇ ਜੌਁ ਲਈ ਰੋਵੋ 
ਕਿਉਂ ਕਿ ਖੇਤਾਂ ਵਿੱਚ ਫ਼ਸਲ ਨਾਸ ਹੋ ਗਈ ਹੈ। 
12 ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ 
ਅੰਜੀਰ ਦੇ ਦ੍ਰੱਖਤ ਸੁੱਕ ਰਹੇ ਹਨ ਖੇਤ ਦੇ ਸਾਰੇ ਦ੍ਰੱਖਤ 
ਅਨਾਰ, ਖਜੂਰ ਅਤੇ ਸੇਬ ਸੁੱਕ ਗਏ ਹਨ। 
ਅਤੇ ਲੋਕਾਂ ਚੋ ਖੁਸ਼ੀ ਨਾਂ ਦੀ ਚੀਜ਼ ਮਰ ਗਈ ਹੈ। 
13 ਹੇ ਜਾਜਕੋ, ਆਪਣੇ ਸੋਗੀ ਕੱਪੜੇ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ। 
ਤੁਸੀਂ ਜੋ ਜਗਵੇਦੀ ਦੀ ਸੇਵਾ ਕਰਦੇ ਹੋ, ਉੱਚੀ-ਉੱਚੀ ਰੋਵੋ, 
ਮੇਰੇ ਪਰਮੇਸ਼ੁਰ ਦੇ ਸੇਵਕੋ, ਤੁਸੀਂ ਸੋਗੀ ਕੱਪੜਿਆਂ ਵਿੱਚ ਸੌਵੋਂਗੇ 
ਕਿਉਂ ਕਿ ਪਰਮੇਸ਼ੁਰ ਦੇ ਮੰਦਰ ਵਿੱਚ ਚੜ੍ਹਾਉਣ ਲਈ ਅਨਾਜ ਅਤੇ ਪੀਣ ਦੀਆਂ ਭੇਟਾਵਾਂ ਹੋਰ ਨਹੀਂ ਰਹੀਆਂ। 
ਟਿੱਡੀਦਲ ਦਾ ਭਿਆਨਕ ਨਾਸ 
14 ਲੋਕਾਂ ਨੂੰ ਜਾਕੇ ਦੱਸੋ ਕਿ ਅੰਨ ਨਾ ਖਾਣ ਦਾ ਖਾਸ ਸਮਾਂ ਆਵੇਗਾ। ਲੋਕਾਂ ਨੂੰ ਵਿਸ਼ੇਸ਼ ਸਭਾ ਲਈ ਇੱਕਤਰ ਕਰੋ। ਜਿਹੜੇ ਵੀ ਆਗੂ ਅਤੇ ਮਨੁੱਖ ਇਸ ਧਰਤੀ ਤੇ ਰਹਿੰਦੇ ਹਨ, ਉਨ੍ਹਾਂ ਨੂੰ ਇਕੱਠਿਆਂ ਕਰੋ। ਉਨ੍ਹਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰੋ। 
15 ਉਦਾਸ ਹੋਵੋ, ਕਿਉਂ ਕਿ ਯਹੋਵਾਹ ਦਾ ਖਾਸ ਦਿਨ ਨੇੜੇ ਹੈ। ਉਸ ਵੇਲੇ, ਸਜ਼ਾ ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਹਮਲੇ ਵਾਂਗ ਆਵੇਗੀ। 
16 ਸਾਡਾ ਅੰਨ ਮੁੱਕ ਚੁੱਕਿਆ ਹੈ। ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਆਨੰਦ ਅਤੇ ਜਸ਼ਨ ਗਾਇਬ ਹੋ ਚੁੱਕੇ ਹਨ। 
17 ਅਸੀਂ ਬੀਜ ਬੋੇ ਪਰ ਉਹ ਜ਼ਮੀਨ ਵਿੱਚ ਹੀ ਸੁੱਕ ਗਏ। ਸਾਡੇ ਪੌਧੇ ਵੀ ਸੁੱਕ ਕੇ ਖਤਮ ਹੋ ਗਏ ਹਨ ਅਤੇ ਸਾਡੇ ਖਲਿਆਨ ਖਾਲੀ ਪਏ ਹਨ। 
18 ਪਸ਼ੂ ਭੁੱਖੇ ਅੜਾਉਂਦੇ ਪਏ ਹਨ। ਪਸ਼ੂਆਂ ਦੇ ਵਗ੍ਗ ਬਿਹਬਲ ਇੱਧਰ ਉੱਧਰ ਘੁੰਮ ਰਹੇ ਹਨ, ਉਨ੍ਹਾਂ ਦੇ ਖਾਣ ਨੂੰ ਕਿਤੇ ਘਾਹ ਨਹੀਂ। ਭੇਡਾਂ ਮਰ ਗਈਆਂ ਹਨ। 
19 ਹੇ ਯੋਹਵਾਹ ਮੈਂ ਤੈਨੂੰ ਮਦਦ ਲਈ ਪੁਕਾਰ ਰਿਹਾਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ’ਚ ਬਦਲ ਦਿੱਤਾ ਹੈ। ਅਤੇ ਉਸ ਦੀਆਂ ਲਾਟਾਂ ਨੇ ਸਾਰੇ ਦ੍ਰੱਖਤਾਂ ਨੂੰ ਲੂਹ ਲਿਆ ਹੈ। 
20 ਜੰਗਲੀ ਜਨੌਰ ਵੀ ਤੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਹਨ। ਨਦੀਆਂ ਸੁੱਕ ਗਈਆਂ ਹਨ-ਕਿਤੇ ਪਾਣੀ ਦਾ ਨਾਂ ਨਿਸ਼ਾਨ ਨਹੀਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ਬਣਾ ਦਿੱਤਾ ਹੈ।